ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਚੜ੍ਹਿਆ ਸੋਧਣਿ ਧਰਤਿ ਲੁਕਾਈ


ਸ੍ਰੀ ਗੁਰੂ ਨਾਨਕ ਦੇਵ ਜੀ ਕਲਿਯੁੱਗ ਵਿਚ ਸ੍ਰਿਸ਼ਟੀ ਨੂੰ ਤਾਰਣ ਲਈ ਪੰਦਰ੍ਹਵੀਂ ਸਦੀ ਵਿਚ ਧਰਤੀ 'ਤੇ ਆਏ। ਉਸ ਸਮੇਂ ਸਮਾਜ ਦੀ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਦਸ਼ਾ 'ਤੇ ਪੰਛੀ ਝਾਤ ਮਾਰਿਆਂ ਸਪਸ਼ਟ ਹੈ ਕਿ ਰਾਜਨੀਤਿਕ ਅਸਥਿਰਤਾ ਅਤੇ ਆਰਥਿਕ ਮੰਦਹਾਲੀ ਤੋਂ ਛੁੱਟ ਸਮਾਜਿਕ ਦਸ਼ਾ ਦਾ ਨਿਘਾਰ ਅੰਤਾਂ 'ਤੇ ਸੀ। ਧਰਮ ਅਤੇ ਨਿਆਂ ਨਾਂ ਦੀ ਕੋਈ ਚੀਜ਼ ਨਹੀਂ ਸੀ ਜਿਸ ਬਾਰੇ ਆਪ ਨੇ ਬਾਣੀ ਵਿਚ ਉਚਾਰਿਆ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ£
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ£ (ਪੰਨਾ 145)
ਲੋਕਾਂ ਦੇ ਮਨਾਂ ਵਿਚ ਬੇਚੈਨੀ ਅਤੇ ਅਵਿਸ਼ਵਾਸ ਦੀ ਭਾਵਨਾ ਘਰ ਕਰ ਚੁੱਕੀ ਸੀ। ਲੋਕਾਂ ਦੀ ਰੱਖਿਆ ਕਰਨ ਵਾਲੇ ਹਾਕਮ ਉਲਟਾ ਉਨ੍ਹਾਂ 'ਤੇ ਹੀ ਜ਼ੁਲਮ ਕਰ ਰਹੇ ਸਨ। ਸਭ ਪਾਸੇ ਲੁੱਟ-ਘਸੁੱਟ ਅਤੇ ਕੂੜ ਦਾ ਬੋਲਬਾਲਾ ਸੀ। ਖੇਤ ਦੇ ਰਾਖੇ ਹੀ ਖੇਤੀ ਨੂੰ ਖਾ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬਾਰੇ ਵਰਣਨ ਕੀਤਾ ਹੈ:-
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ£
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ£ (ਪੰਨਾ 722)
ਆਪ ਨੇ ਸਮਾਜ ਵਿਚ ਪ੍ਰਚਲਿਤ ਇਸ ਕੋਹੜ ਨੂੰ ਦੂਰ ਕਰਨ ਦਾ ਬੀੜਾ ਚੁੱਕਿਆ ਅਤੇ ਅਮਲੀ ਤੌਰ 'ਤੇ ਲੋਕਾਈ ਸਾਹਮਣੇ ਪਾਖੰਡਾਂ, ਵਿਅਰਥ ਦੇ ਰਸਮੋਂ-ਰਿਵਾਜ ਅਤੇ ਝੂਠ ਦੇ ਪਾਜ ਨੂੰ ਉਘਾੜਿਆ। ਸਮਾਜਿਕ ਫਜ਼ੂਲ ਦੀਆਂ ਰਹੁ-ਰੀਤਾਂ ਨੂੰ ਤਿਲਾਂਜਲੀ ਦਿੱਤੀ।
ਪੰਦਰ੍ਹਵੀਂ ਸਦੀ ਵਿਚ ਵਿਦੇਸ਼ੀ ਹਮਲਾਵਰਾਂ ਦੀ ਭਾਰਤ ਉੱਤੇ ਲੁੱਟ-ਘਸੁੱਟ ਜਾਰੀ ਸੀ। ਧੀਆਂ-ਭੈਣਾਂ ਦੀ ਸ਼ਰ੍ਹੇਆਮ ਬੇਪੱਤੀ ਹੋ ਰਹੀ ਸੀ। ਹਰ ਕੋਈ ਭੈਅ ਵਿਚ ਹੀ ਜੀਵਨ ਗੁਜ਼ਾਰ ਰਿਹਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਗੈਰ ਕਿਸੇ ਡਰ ਦੇ ਜ਼ਾਲਮਾਂ ਵਿਰੁੱਧ ਅਵਾਜ਼ ਉਠਾਈ ਤੇ ਕਿਹਾ :
ਰਤਨ ਵਿਗਾੜਿ ਵਿਗੋਏ ਕੁਤਂÎੀ ਮੁਇਆ ਸਾਰ ਨ ਕਾਈ£ (ਪੰਨਾ 360)
(ਇਨ੍ਹਾਂ ਲੋਧੀ ਕੁੱਤਿਆਂ ਨੇ ਰਤਨ ਜਿਹੇ ਹਿੰਦੁਸਤਾਨ ਨੂੰ ਘੱਟੇ-ਕੌਡੀ ਵਿਚ ਰੁਲਾ ਦਿੱਤਾ ਹੈ। ਇਨ੍ਹਾਂ ਦੇ ਮਰ ਜਾਣ 'ਤੇ ਕਿਸੇ ਨੇ ਇਨ੍ਹਾਂ ਦੀ ਬਾਤ ਨਹੀਂ ਪੁੱਛਣੀ)।
ਆਪ ਨੇ ਪਰਮਾਤਮਾ ਨੂੰ ਵੀ ਸਪਸ਼ਟ ਸ਼ਬਦਾਂ ਵਿਚ ਜ਼ਾਲਮਾਂ ਬਾਰੇ ਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਤਕੜਾ ਆਦਮੀ ਤਕੜੇ ਨੂੰ ਮਾਰੇ ਤਾਂ ਕੋਈ ਰੋਸਾ ਨਹੀਂ। ਪਰੰਤੂ ਮਜ਼ਲੂਮਾਂ 'ਤੇ ਜ਼ੁਲਮ ਕਰਨਾ ਕਿੱਥੋਂ ਦਾ ਨਿਆਂ ਹੈ? ਆਪ ਨੇ ਉਚਾਰਿਆ :
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ£ (ਪੰਨਾ 360)
ਆਪ ਨੇ ਨਿਧੜਕ ਹੋ ਕੇ ਸੱਚ ਦਾ ਪੱਖ ਉਜਾਗਰ ਕੀਤਾ। ਆਪਣੀ ਬਾਣੀ ਵਿਚ ਉਸ ਸਮੇਂ ਦੀ ਤਸਵੀਰ ਉਲੀਕ ਕੇ ਸਭ ਦੇ ਸਾਹਮਣੇ ਰੱਖੀ ਅਤੇ ਨਿਰਭੈ ਹੋ ਕੇ ਬਿਆਨ ਕੀਤਾ :
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ£ (ਪੰਨਾ 723)
ਆਪਣੇ ਉਦੇਸ਼ ਦੀ ਪੂਰਤੀ ਲਈ ਆਪ ਨੇ ਘਰ-ਬਾਰ ਤਿਆਗ ਕੇ ਚਾਰ ਉਦਾਸੀਆਂ ਕੀਤੀਆਂ। ਪਹਿਲੀ ਉਦਾਸੀ 1497 ਈ: ਵਿਚ ਸ਼ੁਰੂ ਕਰ ਕੇ 1509 ਈ: ਖਤਮ ਕੀਤੀ। ਇਹ 12 ਸਾਲ ਦਾ ਲੰਮੇਰਾ ਸਮਾਂ ਸੀ। ਇਹ ਉਦਾਸੀ ਸੁਲਤਾਨਪੁਰ ਲੋਧੀ ਤੋਂ ਅਰੰਭ ਕੀਤੀ। ਇਸ ਉਦਾਸੀ ਦੇ ਮੁੱਖ ਪੜਾਅ ਕੁਰੂਕਸ਼ੇਤਰ, ਪਹੇਵਾ, ਹਰਿਦੁਆਰ, ਦਿੱਲੀ, ਮਥਰਾ, ਬਿੰਦਰਾਬਨ, ਅਯੁੱਧਿਆ, ਪ੍ਰਯਾਗ, ਬਨਾਰਸ, ਪਟਨਾ, ਗਯਾ, ਢਾਕਾ, ਧੋਬੜੀ, ਗੁਹਾਟੀ, ਚਿਟਗਾਂਗ, ਮਨੀਪੁਰ, ਕਲਕੱਤਾ, ਜਗਨਨਾਥ ਪੁਰੀ ਆਦਿ ਸਨ। ਪੂਰੇ 12 ਸਾਲ ਭ੍ਰਮਣ ਕਰਨ ਉਪਰੰਤ ਆਪ ਵਾਪਸ ਤਲਵੰਡੀ ਪੁੱਜੇ।
ਪਹਿਲੀ ਉਦਾਸੀ ਤੋਂ ਇਕ ਸਾਲ ਪਿੱਛੋਂ 1510 ਈ: ਵਿਚ ਆਪ ਦੀ ਦੂਸਰੀ ਉਦਾਸੀ ਸ਼ੁਰੂ ਹੁੰਦੀ ਹੈ ਜਿਸ ਦਾ ਸਮਾਂ 1515 ਈ: ਤਕ ਪੰਜ ਸਾਲ ਦਾ ਹੈ। ਇਸ ਨੂੰ ਦੱਖਣ ਦੀ ਯਾਤਰਾ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਹ ਯਾਤਰਾ ਕਰਤਾਰਪੁਰ ਤੋਂ ਅਰੰਭ ਕੀਤੀ। ਇਸ ਯਾਤਰਾ ਵਿਚ ਆਪ ਭਟਨੇਰ, ਸਿਰਸਾ, ਬੀਕਾਨੇਰ, ਅਜਮੇਰ, ਕੋਹ-ਆਬੂ, ਇੰਦੋਰ, ਉਜੈਨ ਤੋਂ ਹੁੰਦੇ ਹੋਏ ਬਿਦਰ, ਹੈਦਰਾਬਾਦ, ਗੋਲਕੰਡਾ, ਮਦਰਾਸ, ਪਾਂਡੀਚਾਰੀ, ਰਾਮੇਸ਼ਵਰਮ ਤੇ ਲੰਕਾ ਆਦਿ ਸਥਾਨਾਂ 'ਤੇ ਗਏ। ਇਸ ਉਦਾਸੀ ਵਿਚ ਆਪ ਨੇ ਜੈਨੀ ਸਾਧੂਆਂ ਅਤੇ ਬੁੱਧ ਅਚਾਰੀਆਂ ਨਾਲ ਵੀ ਚਰਚਾ ਕੀਤੀ। ਇਸ ਦੱਖਣ-ਭਾਰਤ ਦੀ ਪ੍ਰਚਾਰ ਯਾਤਰਾ ਸਮੇਂ ਗੁਰੂ ਸਾਹਿਬ ਨੰਦੇੜ, ਅਬਚਲ ਨਗਰ ਸਾਹਿਬ (ਮਹਾਰਾਸ਼ਟਰ) ਦੀ ਧਰਤੀ 'ਤੇ ਪੁੱਜੇ। ਬਿਦਰ ਜੋ ਅਬਚਲ ਨਗਰ, ਨੰਦੇੜ ਸਾਹਿਬ ਤੋਂ ਦੱਖਣ ਵੱਲ ਹੈ। ਉਸ ਸਮੇਂ ਇੱਥੇ ਪਾਣੀ ਦੀ ਘਾਟ ਸੀ ਅਤੇ ਪ੍ਰਾਪਤ ਪਾਣੀ ਵੀ ਖਾਰਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਥੇ ਪੁੱਜਣ 'ਤੇ ਸੰਗਤਾਂ ਨੇ ਪਾਣੀ ਦੀ ਔਕੜ ਬਾਰੇ ਦੱਸਿਆ। ਸੰਗਤਾਂ ਦੀ ਬੇਨਤੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਜਲ ਪ੍ਰਗਟ ਕੀਤਾ ਜੋ ਨਾਨਕ ਝੀਰਾ ਦੇ ਨਾਂ ਨਾਲ ਪ੍ਰਸਿੱਧ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ 19 ਰਾਗਾਂ ਵਿਚ ਸ੍ਰੀ ਗੁਰੂਗ੍ਰੰਥ ਸਾਹਿਬ ਵਿਚ ਉਪਲਬਧ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਜਿਹੇ ਪਹਾੜੀ ਝਰਨੇ ਵਾਂਗ ਹੈ ਜੋ ਵਗਦੀ-ਵਗਦੀ ਲਿਸ਼ਕਦੀ ਵੀ ਹੈ ਤੇ ਹਿਰਦੇ ਠੰਢ ਵੀ ਪਾਉਂਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਧਨਾ ਦਾ ਮੁੱਖ ਵਿਸ਼ਾ ਨਿਸ਼ਕਾਮ ਭਗਤੀ ਹੈ। ਇਸ ਲਈ ਆਪ ਦੀ ਸਾਧਨਾ ਪੱਧਤੀ ਨੂੰ ਸਮਝਣ ਦੀ ਲੋੜ ਹੈ। ਸਾਧਨਾ ਪੱਧਤੀ ਵਿਚ ਸਹਾਇਕ ਸ਼ਕਤੀਆਂ ਉਹ ਹਨ ਜੋ ਈਸ਼ਵਰ ਵਿਚ ਅਨੁਰਕਤੀ ਨੂੰ ਬਲ ਦਿੰਦੀਆਂ ਹਨ ਅਤੇ ਅਵਰੋਧਕ ਸ਼ਕਤੀਆਂ ਉਹ ਹਨ ਜੋ ਈਸ਼ਵਰ ਵੱਲੋਂ ਧਿਆਨ ਨੂੰ ਹਟਾ ਕੇ ਮੋਹ-ਮਾਇਆ ਆਦਿ ਵੱਲ ਮਨ ਨੂੰ ਮੋੜਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਨਵਵਾਦ ਦਾ ਮੁੱਖ ਆਧਾਰ ਉਨ੍ਹਾਂ ਦਾ 'ਮਨੁੱਖ' ਬਾਰੇ ਸੰਕਲਪ ਹੈ ਜੋ ਦ੍ਰਿਸ਼ਟੀਮਾਨ ਜਗਤ ਦੇ ਅਧਿਆਤਮਿਕ ਤੱਤ ਦਾ ਧਾਰਨੀ ਹੈ। ਡਾ. ਗੋਕਲ ਚੰਦ ਨਾਰੰਗ ਨੇ ਆਪਣੀ ਖੋਜ ਪੁਸਤਕ 'ਟਰਾਂਸਫਾਰਮੇਸ਼ਨ ਆਫ ਸਿੱਖਇਜ਼ਮ' ਵਿਚ ਇਸ ਪ੍ਰਕਾਰ ਲਿਖਿਆ ਹੈ : '9t was the 6irst 8indu reformer of modern times who tried to emancipate the 8indu mind completely from the fehters of mythology.'
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਪ੍ਰਚਲਿਤ ਗਲਤ ਨੀਤੀਆਂ ਨੂੰ ਦੂਰ ਕਰ ਕੇ ਲੋਕਾਂ ਨੂੰ ਸੱਚ ਦੇ ਨੇੜੇ ਲਿਆਂਦਾ। ਆਪ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਹੀ 'ਪਰਮ ਸੱਚ' ਨਾਲ ਇਕਮਿਕ ਹੋਣ ਬਾਰੇ ਹੈ। 'ਜਪੁ ਜੀ' ਸਾਹਿਬ ਬਾਣੀ ਵਿਚ ਉਸ ਇੱਕੋ ਕਰਤਾ ਪੁਰਖ ਦੇ ਬਾਰੇ ਵਿਚ ਚਾਨਣਾ ਪਾਇਆ ਹੈ ਜੋ ਸਦੀਵੀ ਹੈ ਅਤੇ ਕਾਲ ਰਹਿਤ ਹੈ। ਸਮੁੱਚੀ ਨਾਨਕ ਬਾਣੀ 'ਸੱਚ' ਦਾ ਪ੍ਰਕਾਸ਼ ਕਰ ਕੇ ਉਸ ਦੀ ਲੋਅ ਵਿਚ ਅਤੇ ਸਤਿਗੁਰੂ ਦੀ ਅਗਵਾਈ ਹੇਠ ਮਨੁੱਖੀ ਆਚਰਨ ਉਸਾਰੀ ਦਾ ਅਜਿਹਾ ਰਸਤਾ ਉਲੀਕਦੀ ਹੈ ਜਿਸ ਮਾਰਗ ਨੂੰ ਅਪਣਾ ਕੇ ਮਨੁੱਖ ਸਮਾਜ ਦਾ ਲਾਹੇਵੰਦ ਅੰਗ ਬਣ ਨਿਤਰ ਸਕਦਾ ਹੈ। ਆਪ ਨੇ 'ਸੱਚ' ਨੂੰ ਉੱਚਾ ਰੁਤਬਾ ਹੀ ਨਹੀਂ ਦਿੱਤਾ ਸਗੋਂ 'ਸੱਚ' ਬੋਲਣ ਅਤੇ ਇਸ 'ਤੇ ਅਮਲ ਕਰਨ ਵਾਲਿਆਂ ਤੋਂ ਵੀ ਸਦਵਾਰਨੇ ਜਾਂਦੇ ਹਨ। ਗੁਰਬਾਣੀ ਅਨੁਸਾਰ :-
ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ£ (ਪੰਨਾ 312)
ਇਹ ਸੰਸਾਰ ਸਮੁੰਦਰ ਜੋ ਅਥਾਹ ਹੈ ਅਤੇ ਬਿਖੁ ਨਾਲ ਲਿਪਤ ਹੈ ਇਸ ਵਿੱਚੋਂ 'ਸੱਚ' ਦਾ ਪੱਲਾ ਫੜ ਕੇ ਹੀ ਪਾਰ ਉਤਾਰਾ ਹੋ ਸਕਦਾ ਹੈ। ਗੁਰਬਾਣੀ ਦਾ ਕਥਨ ਹੈ :
ਸਚ ਬਿਨੁ ਭਵਜਲੁ ਜਾਇ ਨ ਤਰਿਆ£
ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ£ (ਪੰਨਾ 1041)
ਸੱਚ ਦੀ ਹੋਂਦ ਉਸ ਵੇਲੇ ਹੋ ਸਕਦੀ ਹੈ, ਜਦੋਂ ਹਉਮੈ ਦਾ ਅਹਿਸਾਸ ਅਥਵਾ 'ਸੱਚ' ਤੋਂ ਵੱਖਰੀ ਕਿਸੇ ਹੋਰ ਹੋਂਦ ਦਾ ਅਹਿਸਾਸ ਖਤਮ ਹੋ ਜਾਵੇ। ਇਹ ਸੰਸਾਰ ਉਸ ਕਰਤੇ ਦੀ ਰਚਨਾ ਹੈ। ਮਨੁੱਖ ਹਉਮੈ ਵਿਚ ਉਸ ਨੂੰ ਵਿਸਾਰ ਦਿੰਦਾ ਹੈ, ਜਿਸ ਬਾਰੇ ਬਾਣੀ ਵਿਚ ਸਪਸ਼ਟ ਕਿਹਾ ਗਿਆ ਹੈ :
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ£
(ਪੰਨਾ 946)
'ਹਉਮੈ' ਨੂੰ ਬਾਣੀ ਵਿਚ ਦੀਰਘ ਰੋਗ ਕਿਹਾ ਗਿਆ ਹੈ। ਮਨੁੱਖੀ ਮਨ ਜੋ ਅਹੰਕਾਰੀ ਹੈ ਉਹ ਸਮਝਦਾ ਹੈ ਕਿ ਮੇਰੇ ਵਰਗਾ ਹੋਰ ਦੂਸਰਾ ਜੰਮਿਆ ਹੀ ਨਹੀਂ। ਉਸ ਇੱਕੋ ਨਾਲੋਂ ਨਿਖੇੜਣ ਲਈ ਹਉਮੈ ਤੇ ਕੂੜ ਦੀਆਂ ਆਸੁਰੀ ਸ਼ਕਤੀਆਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦਵੈਤ, ਸੁਆਰਥ ਆਦਿ ਦਾ ਇਕ ਵੱਡਾ ਲਸ਼ਕਰ ਹਰ ਵੇਲੇ ਘਾਤ ਲਾਈ ਰੱਖਦਾ ਹੈ ਅਤੇ ਇਸ ਨੂੰ ਏਕੇ ਤੋਂ ਦੂਰ ਕਰ ਕੇ ਆਪੇ ਦੀ ਸੋਝੀ ਨਹੀਂ ਪੈਣ ਦਿੰਦਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਗੁਣ ਸੰਪੰਨ ਹੋਣ 'ਤੇ ਵੀ ਆਪਣੇ ਆਪ ਨੂੰ ਨਿਮਰ ਭਾਵਨਾ ਵਿਚ ਰੱਖ ਕੇ ਉਸ ਕਰਤਾ ਪੁਰਖ ਦਾ ਗੁਣਗਾਣ ਕੀਤਾ ਅਤੇ ਆਪਣੇ ਆਪ ਨੂੰ 'ਢਾਡੀ' ਜਾਂ 'ਸ਼ਾਇਰ' ਹੀ ਕਹਿ ਕੇ ਉਸ ਦੀ ਵਡਿਆਈ ਕਰਦਿਆਂ ਉਚਾਰਿਆ :
- ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ£ (ਪੰਨਾ 660)
- ਹਉ ਢਾਢੀ ਵੇਕਾਰੁ ਕਾਰੈ ਲਾਇਆ£ (ਪੰਨਾ 150)
ਉਸ ਕਰਤੇ ਦੀ ਸਿਫਤ-ਸਲਾਹ ਵਿਚ ਆਪਣੇ ਮਨਪਸੰਦ ਦਾ ਵਿਸ਼ੇਸ਼ਣ ਵਰਤ ਕੇ ਆਪਣੇ ਆਪ ਨੂੰ ਉਸ ਦਾ ਲਾਲਾ ਗੋਲਾ, ਸਾਂਗੀ ਅਤੇ ਇੱਥੋਂ ਤਕ ਕਿ 'ਬਾਣੀਆ' ਵੀ ਕਿਹਾ :
ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ£ (ਪੰਨਾ 557)
ਭੱਟ ਬਾਣੀਕਾਰ ਕਲ੍ਹਸਹਾਰ ਜੀ ਜਿਨ੍ਹਾਂ ਦੇ 10 ਸਵੱਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਇਸ ਪ੍ਰਕਾਰ ਕੀਤੀ ਹੈ :
ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ£
ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ£ (ਪੰਨਾ 1390)
ਗੁਰੂ ਸਾਹਿਬਾਨ ਦੁਆਰਾ ਅਜਿਹੇ ਦਰਸਾਏ ਮਾਰਗ 'ਤੇ ਅਮਲ ਕਰ ਕੇ ਹੀ ਆਪਣਾ ਜੀਵਨ ਉੱਚਾ ਤੇ ਸੁੱਚਾ ਬਣਾਇਆ ਜਾ ਸਕਦਾ ਹੈ।  

ਡਾ. ਸਾਹਿਬ ਸਿੰਘ ਅਰਸ਼ੀ