ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਸਾਹਿਬ ਦੇ ਸੱਚ ਦਾ ਵਾਰਸ ਕਿਵੇਂ ਬਣਿਆ ਜਾਵੇ?


ਕੋਈ ਦੋ ਰਾਵਾਂ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ 'ਸਚੁ ਸੁਣਾਇਸੀ ਸਚ ਕੀ ਬੇਲਾ' ਦਾ ਹੋਕਾ ਦਿੱਤਾ ਸੀ ਤਾਂ ਇਸ ਦਾ ਕਾਰਨ ਉਹ ਕੂੜ ਦੀ ਅਮਾਵਸ ਸੀ, ਜਿੱਥੇ ਆਪਣੀ ਨਿੱਜੀ ਲਾਭ-ਹਾਨੀ ਵੇਖ ਕੇ ਸੱਚ ਤੇ ਕੂੜ ਵਿਚੋਂ ਚੋਣ ਕਰਨ ਦੀ ਕਰੁਚੀ ਭਾਰੀ ਸੀ। ਗੁਰੂ ਨਾਨਕ ਸਾਹਿਬ ਨੇ ਸੱਚ ਨੂੰ ਏਨਾ ਮਹਾਨ ਰੁਤਬਾ ਪ੍ਰਦਾਨ ਕੀਤਾ ਕਿ ਉਹਨਾਂ ਨੇ ਅਕਾਲ ਪੁਰਖ ਨੂੰ ਵੀ 'ਸਚੁ' ਕਹਿ ਕੇ ਸੰਬੋਧਨ ਕੀਤਾ।
ਆਦਿ ਸਚੁ ਜੁਗਾਦਿ ਸਚੁ£
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ
ਇਹੀ ਕਾਰਨ ਸੀ ਕਿ ਉਹਨਾਂ ਨੇ ਆਪਣੇ ਧੜੱਲੇਦਾਰ ਸੱਚ ਨੂੰ ਵੀ 'ਸਚ ਕੀ ਬਾਣੀ' ਆਖਿਆ। 'ਸਚ ਕੀ ਬਾਣੀ' ਹੀ 'ਸਚ ਕੀ ਬੇਲਾ' ਵਿਚ ਬਿਨਾਂ ਕਿਸੇ ਭੈ ਦੇ 'ਸਚੁ ਸੁਣਾਇਸੀ' ਦਾ ਫਰਜ਼ ਬੇਖੌਫ਼ ਹੋ ਕੇ ਨਿਭਾਅ ਸਕਦੀ ਹੈ। 'ਸੱਚ ਕੀ ਬਾਣੀ' ਉਸ ਸੱਚ ਨਾਲ ਇਕ-ਮਿਕ ਹੋਈ ਉਹ ਅਵਾਜ਼ ਹੈ ਜੋ ਸਰੀਰਕ ਮੌਤ ਤੋਂ ਡਰ ਕੇ ਸੱਚ ਤੋਂ ਨਹੀਂ ਥਿੜਕਦੀ। ਸੱਚ ਦਾ ਇਕ ਕਿਣਕਾ ਹਰ ਇਕ ਮਨੁੱਖ ਦੇ ਅੰਦਰ ਮੌਜੂਦ ਹੁੰਦਾ ਹੈ, ਫਰਕ ਹੈ ਤਾਂ ਕੇਵਲ ਏਨਾ ਕਿ ਕਈਆਂ ਅੰਦਰ ਇਹ ਕਿਣਕਾ ਵਿਕਾਰਾਂ ਦੀ ਮੈਲ, ਕੂੜ ਸਵਾਰਥਾਂ ਦੀ ਲਾਲਸਾ ਅਧੀਨ ਦੱਬ ਜਾਂਦਾ ਹੈ ਤੇ ਕਈਆਂ ਅੰਦਰ ਸੱਚ ਨਾਲ ਜੁੜ ਕੇ ਆਪਣੀ ਸਾਰੀ ਸ਼ਖਸੀਅਤ ਨੂੰ ਹੀ ਸੱਚ ਨਾਲ ਪ੍ਰਕਾਸ਼ਵਾਨ ਕਰ ਦਿੰਦਾ ਹੈ। ਜਿਸ ਸ਼ਖਸੀਅਤ ਅੰਦਰ ਇਹ ਸੱਚ ਦਾ ਪ੍ਰਕਾਸ਼ ਹੋਵੇ, ਉਹ ਸ਼ਖਸੀਅਤ ਕੂੜੇ ਹਨੇਰੇ ਦੇ ਸਿਰਜੇ ਕਿਸੇ ਵੀ ਚੱਕਰਵਿਊ ਦੀ ਪਰਵਾਹ ਨਹੀਂ ਕਰਦੀ, ਬਿਨਾਂ ਸ਼ੱਕ ਉਹ ਸ਼ਖਸੀਅਤ 'ਸਚੁ ਸੁਣਾਇਸੀ ਸਚ ਕੀ ਬੇਲਾ' ਦਾ ਇਕ ਜਿਊਂਦਾ ਜਾਗਦਾ ਨਮੂਨਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੀ ਅਵਾਜ਼ ਪੂਰਨ 'ਸੱਚ' ਨਾਲ ਇਕ ਮਿਕ ਹੋਈ ਅਵਾਜ਼ ਸੀ, ਇਹੀ ਕਾਰਨ ਸੀ ਕਿ ਉਸ ਅਵਾਜ਼ 'ਧਰੁ ਕੀ ਬਾਣੀ' ਕਿਹਾ ਗਿਆ। ਉਹ ਦੌਰ, ਜਦੋਂ ਕਲਮਾਂ ਹਾਕਮਾਂ ਦੀ ਉਸਤਤ ਲਿਖਣ ਲਈ ਘੜੀਆਂ ਜਾਂਦੀਆਂ ਸਨ, ਜਦੋਂ ਸਿਆਹੀ ਬੇਲੋੜੀਆਂ ਇਸ਼ਕੀ ਕਹਾਣੀਆਂ ਨਾਲ ਕਾਗਜ਼ ਕਾਲੇ ਕਰਨ ਲਈ ਬਣਾਈ ਜਾਂਦੀ ਸੀ, ਉਸ ਦੌਰ ਵਿਚ ਉਹ ਕਲਮ ਤੇ ਉਹ ਸਿਆਹੀ ਬਹੁਤ ਵਡਭਾਗੀ ਹੋਵੇਗੀ ਜਿਸ ਨਾਲ 'ਧੁਰ ਕੀ ਬਾਣੀ' ਲਿਖੀ ਗਈ, ਜਿਸ ਨਾਲ ਜ਼ਾਲਮ ਹਾਕਮਾਂ ਨੂੰ ਲਲਕਾਰਨ ਵਾਲੀ 'ਸੱਚ ਕੀ ਬਾਣੀ' ਕਾਗਜ਼ਾਂ 'ਤੇ ਉਕਰ ਕੇ ਆਮ ਜਨ-ਮਾਨਸ ਤੱਕ ਪੁੱਜੀ ਤੇਲੋਕਾਂ ਦੇ ਦਿਲਾਂ ਵਿਚ ਹਕੂਮਤੀ ਖੌਫ਼ ਅਤੇ ਗੁਲਾਮੀ ਦੀ ਮੈਲ ਧੋ ਕੇ ਪ੍ਰਕਾਸ਼ਵਾਨ ਹੋਈ। ਇਹ ਸਮੁੱਚੇ ਕਿਰਤੀ ਵਰਗ ਲਈ ਵੀ ਇਕ ਸਦੀਵੀ ਸੇਧ ਸੀ। ਗੁਰੂ ਨਾਨਕ ਪਾਤਸ਼ਾਹ ਨੇ ਇਲਾਹੀ ਬਾਣੀ ਦੇ ਪ੍ਰਕਾਸ਼ ਨਾਲ ਆਮ ਲਿਖਾਰੀਆਂ ਨੂੰ ਵੀ ਝੂਠੀ ਉਸਤਤ ਅਤੇ ਇਸ਼ਕੀਆਂ ਕਹਾਣੀਆਂ ਲਈ ਸਾਧਨ ਬਣ ਚੁੱਕੀ ਕਲਮ ਦੀ ਨੋਕ ਨਾਲ ਤਲਵਾਰਾਂ ਤੇ ਤੋਪਾਂ ਨੂੰ ਲਲਕਾਰਨ ਦੀ ਜਾਂਚ ਸਿਖਾਈ, ਲਿਖਾਰੀਆਂ ਨੂੰ ਲਕਮ ਦੀ ਤਾਕਤ ਦਾ ਅਹਿਸਾਸ ਕਰਵਾਇਆ। ਹਾਂ, ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਮੁੱਚਾ ਲਿਖਾਰੀ ਵਰਗ ਗੁਰੂ ਨਾਨਕ ਸਾਹਿਬ ਦੀ ਦਿੱਤੀ ਸੇਧ ਨੂੰ ਗ੍ਰਹਿਣ ਕਰਨ ਲਈ ਜੁਰਅਤ ਕਦੀ ਵੀ ਨਹੀਂ ਕਰ ਸਕਿਆ, ਪਰ ਜਿਊਂਦੀ ਜਮੀਰ ਤੇ ਪ੍ਰਚੰਡ ਅਣਕ ਵਾਲੇ ਲਿਖਾਰੀਆਂ ਨੂੰ ਇਹ ਨਿਵੇਕਲਾ ਰਾਹ ਆਪਣੇ ਵੱਲ ਮੱਲੋ-ਮੱਲੀ ਖਿੱਚਦਾ ਰਿਹਾ ਹੈ। ਲਿਖਾਰੀਆਂ ਦੀਆਂ ਇਹ ਦੋ ਸ਼੍ਰੇਣੀਆਂ ਸਦਾ ਹੀ ਰਹੀਆਂ ਹਨ। ਅਸਲ ਮੁੱਦਿਆਂ ਜਾਂ ਸਮੇਂ ਦੇ ਸੱਚ ਦੀ ਬਜਾਏ ਕੱਚੀਆਂ ਗੱਲਾਂ ਲਿਖਣ ਵਾਲੇ ਕਈ ਕੱਚ-ਘਰੜ ਲਿਖਾਰੀਆਂ ਨੇ ਤਾਂ ਆਪਣੀਆਂ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਸ਼ਾਮਲ ਕਰਵਾਉਣ ਦੇ ਯਤਨ ਕੀਤੇ ਸਨ, ਪਰ ਸੱਚੇ ਰਹਿਬਰ ਗੁਰੂ ਅਰਜਨ ਸਾਹਿਬ ਨੇ ਉਹ ਰਚਨਾਵਾਂ ਰੱਦ ਕਰ ਦਿੱਤੀਆਂ ਭਾਵੇਂ ਕਿ ਉਹਨਾਂ ਲਿਖਾਰੀਆਂ ਵਿਚ ਜ਼ੁਲਮੀ ਹਕੂਮਤ ਵਿਰੁੱਧ ਕੁਝ ਲਿਖਣ ਦੀ ਜੁਰਅਤ ਨਹੀਂ ਸੀ, ਪਰ ਇਸ ਕਾਰਨ ਉਹ ਲਿਖਾਰੀ ਗੁਰੂ ਸਾਹਿਬ ਦੇ ਦੁਸ਼ਮਣ ਬਣ ਗਏ। ਬਿਲਕੁਲ ਉਸੇ ਤਰ੍ਹਾਂ ਜਿਵੇਂ ਜੰਗ ਵਿਚ ਹਮਾਯੂੰ ਦਾ ਸ਼ਸਤਰਧਾਰੀ ਦੁਸ਼ਮਣ 'ਤੇ ਤਾਂ ਜ਼ੋਰ ਚੱਲਿਆ ਨਹੀਂ ਤੇ ਗੁਰੂ ਅੰਗਦ ਸਾਹਿਬ ਨੂੰ ਨਿਹੱਥੇ ਸੰਤ ਸਮਝ ਕੇ ਤਲਵਾਰ ਖਿੱਚਣ ਲੱਗਾ ਸੀ। ਲਿਖਾਰੀਆਂ ਵਿਚ ਵੀ ਐਸੇ ਸੂਰਮਿਆਂ ਦੀ ਘਾਟ ਨਹੀਂ ਹੁੰਦੀ। ਜਿਹੜੇ ਬੇਦੋਸ਼ੇ ਲੋਕਾਂ ਨੂੰ ਖੂਨ ਪੀਣ ਵਾਲੀ ਹਕੂਮਤ ਵਿਰੁੱਧ ਕਲਮ ਸਿੱਧੀ ਕਰਨ ਦੀ ਜੁਰਅਤ ਨਹੀਂ ਕਰਦੇ, ਪਰ ਲੋਕਾਂ ਦੇ ਪਸੀਨੇ 'ਤੇ ਪਲਣ ਵਾਲੇ ਵਿਹਲੜ (ਅਖੌਤੀ) ਸਾਧਾਂ-ਸੰਤਾਂ ਦੇ ਦੁਆਰੇ ਭਲਵਾਨੀ ਗੇੜੇ ਕੱਢਦੇ ਹੀ ਆਪਣੇ ਆਪ ਨੂੰ ਤੱਤ ਗੁਰਮਤਿ ਦੇ ਸੱਚੇ ਲਿਖਾਰੀ ਸਮਝੀ ਬੈਠੇ ਹਨ। ਭਾਵੇਂ ਕਿ ਵਿਹਲੜ ਸਾਧਾਂ ਦੇ ਵੱਗਾਂ ਦਾ ਵਿਰੋਧ ਕਰਨਾ ਵੀ ਗੁਰਮਤਿ ਵਿਚਾਰਧਾਰਾ ਦਾ ਇਕ ਫਰਜ਼ ਹੈ, ਪਰ ਸਭ ਤੋਂ ਮੁੱਖ ਫਰਜ਼ ਲੋਕਾਂ ਦਾ ਲਹੂ ਪੀਣ ਵਾਲੇ ਹਾਕਮਾਂ ਨੂੰ ਲਲਕਾਰਨਾ ਤੇ ਲੋਕਾਂ ਨੂੰ ਉਹਨਾਂ ਵਿਰੁੱਧ ਖੜ੍ਹੇ ਕਰਨਾ ਹੈ। ਇਸ ਮੁੱਢਲੀ ਜ਼ਿੰਮੇਵਾਰੀ ਤੋਂ ਟਾਲਾ ਵੱਟਣ ਵਾਲੇ ਲਿਖਾਰੀ ਤਾਂ ਗੁਰਮਤਿ ਦੇ ਵਿਦਿਆਰਥੀ ਅਖਵਾਉਣ ਦੇ ਵੀ ਹੱਕਦਾਰ ਨਹੀਂ, ਤੱਤ ਗੁਰਮਤਿ ਦੇ ਪਹਿਰੇਦਾਰ ਅਖਵਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਗੁਰਮਤਿ ਵਿਚਾਰਧਾਰਾ ਤੋਂ ਸੇਧ ਲਈਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਫਜ਼ੂਲ ਦੇ ਮੁੱਦਿਆਂ ਉਪਰ ਐਵੇਂ ਇਕ-ਇਕ ਦਿਨ 'ਚ ਹਜ਼ਾਰਾਂ ਹੀ ਘੁਣਤਰਾਂ ਕੱਢੀ ਜਾਣ ਵਾਲੇ ਅਖੌਤੀ ਤੱਤ-ਗੁਰਮਤੀਆਂ ਨਾਲੋਂ ਗੁਰੂ ਸਾਹਿਬ ਉਹਨਾਂ ਲੇਖਕਾਂ ਤੋਂ ਵਧੇਰੇ ਖੁਸ਼ ਹੋਣਗੇ, ਜੋ ਭਾਵੇਂ ਸਿੱਖ ਨਾ ਵੀ ਹੋਣ, ਪਰ ਜਬਰ ਜ਼ੁਲਮ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਦੀ ਸੇਧ ਅਨੁਸਾਰ ਹੀ ਜੂਝ ਰਹੇ ਹੋਣ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਕਾਗਜ਼ਾਂ ਦੀ ਹਿੱਕ 'ਤੇ ਉਕਰਿਆ ਸੱਚ, ਕੂੜ ਦੇ ਵਣਜਾਰਿਆਂ ਦੀਆਂ ਛਾਤੀਆਂ ਅੰਦਰਲੀ ਧੜਕਣ ਨੂੰ ਤੇਜ਼ ਕਰ ਦਿੰਦਾ ਹੈ ਤੇ ਉਹ ਸੱਚ ਦੇ ਲਿਖਾਰੀ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੇ ਯਤਨ ਕਰਦੇ ਹਨ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਕੁਝ ਸਵਾਰਥੀਆਂ ਨੇ ਗੁਰੂ ਨਾਨਕ ਸਾਹਿਬ ਦੇ ਲਿਖੇ 'ਸੱਚ' ਨੂੰ ਬ੍ਰਾਹਮਣ ਵਰਗ ਹੀ 'ਹੱਤਕ' ਕਹਿ ਕੇ ਇਸ ਦੀ ਬਾਦਸ਼ਾਹ ਅਕਬਰ ਸਾਹਵੇਂ ਸ਼ਿਕਾਇਤ ਕੀਤੀ ਸੀ, ਪਰ ਅਕਬਰ ਦਾ ਸਮਦਰਸ਼ੀ ਦ੍ਰਿਸ਼ਟੀਕੋਣ ਕੂੜ ਦੇ ਵਣਜਾਰਿਆਂ ਦਾ ਥੋਥਾਪਣ ਬੜੀ ਛੇਤੀ ਹੀ ਤਾੜ ਗਿਆ, ਜਿਸ ਕਾਰਨ ਕੁਫ਼ਰ ਦੇ ਪੈਰੋਕਾਰਾਂ ਨੂੰ ਆਪਣੇ ਮਕਸਦ ਲਈ ਇਕ ਲੰਮੀ ਉਡੀਕ ਕਰਨੀ ਪਈ। ਇਹ ਉਡੀਕ ਅਕਬਰ ਦੀ ਮੌਤ ਨਾਲ ਖਤਮ ਹੋਈ। ਗੁਰੂ ਗ੍ਰੰਥ ਸਾਹਿਬ ਦੀ ਸੁਰ ਨੂੰ ਇਸਲਾਮੀ ਦ੍ਰਿਸ਼ਟੀਕੋਣ ਜਾਂ ਇਸਲਾਮ ਦੇ ਪਰਦੇ ਹੇਠ ਚੱਲ ਰਹੇ ਜਾਬਰ ਹਕੂਮਤ ਦੇ ਦ੍ਰਿਸ਼ਟੀਕੋਣ ਅਨੁਸਾਰ ਢਾਲਣ ਦਾ ਹੁਕਮ ਦੇਣ ਦਾ ਮੰਤਵ ਸਫ਼ਲ ਸੀ ਕਿ ਕਲਮ ਦੀ ਨੋਕ ਨਾਲ ਸੱਚ ਦੀ ਬਾਣੀ ਰਾਹੀਂ ਜਾਬਰ ਤਾਕਤਾਂ ਨੂੰ ਲਲਕਾਰਨ ਵਾਲੀ ਸ਼ਖਸੀਅਤ ਨੂੰ ਆਪਣੇ ਸਟੈਂਡ ਤੋਂ ਥਿੜਕ ਕੇ ਜ਼ੁਲਮ ਨੂੰ ਸਲਾਮ ਕਰਦਿਆਂ ਪੂਰੀ ਅਵਾਮ ਆਪਣੀਆਂ ਅੱਖਾਂ ਨਾਲ ਤੱਕ ਲਵੇ, ਪਰ ਸੱਚ ਦੇ ਢੰਡੋਰਚੀ ਨੇ ਮੁਸਕਰਾ ਕੇ ਤੱਤੀਆਂ ਲੋਹਾਂ 'ਤੇ ਬੈਠਣਾ ਤਾਂ ਪ੍ਰਵਾਨ ਕਰ ਲਿਆ, ਪਰ ਕਾਗਜ਼ਾਂ ਦੀ ਹਿੱਕ 'ਤੇ ਉਕਰੇ ਜਾ ਚੁੱਕੇ ਸੱਚ ਵਿਚ ਅਦਲਾ-ਬਦਲੀ ਕਰਨ ਦਾ ਹਕੂਮਤੀ ਫਰਮਾਨ ਨਾ ਮੰਨਿਆ। ਇਕ ਸ਼ਾਇਰ ਦੇ ਅਨੁਸਾਰ
ਤਿੱਖੀ ਧਾਰ ਉਤੇ ਆਸ਼ਕ ਜਾਣ ਤੁਰਦੇ,
ਇਹ ਤੀਰਾਂ ਤਲਵਾਰਾਂ ਨੂੰ ਦੱਸਣਾ ਏ।
ਕਰ ਲਓ ਜ਼ੁਲਮ ਜਬਰ ਦੀ ਅੱਤ ਬੇਸ਼ੱਕ,
ਹੁੰਦੇ ਅੱਤਿਆਚਾਰਾਂ ਨੂੰ ਦੱਸਣਾ ਏ।
ਸੱਚ ਦੇ ਇਸ ਸਿਦਕ ਨੂੰ ਵੇਖ ਕੇ ਹਕੂਮਤੀ ਜਬਰ ਵੀ ਕੰਬ ਉਠਿਆ। ਉਸ ਨੇ ਮਹਿਸੂਸ ਕਰ ਲਿਆ ਕਿ ਸੱਚ ਨੂੰ ਇਸ ਢੰਗ ਨਾਲ ਸਾੜ ਸੁੱਟਣ ਦਾ ਯਤਨ ਇਸ ਸੱਚ ਦੀ ਆਵਾਜ਼ ਨੂੰ ਇਕ ਪ੍ਰਚੰਡ ਭਾਂਬੜ ਦਾ ਰੂਪ ਦੇ ਸਕਦਾ ਹੈ। ਇਸ ਲਈ ਉਸ ਨੇ ਆਪਣੇ ਜਾਬਰ ਕਦਮ ਪਿਛਾਂਹ ਮੋੜ ਕੇ ਦੋਸਤੀ ਦਾ ਹੱਕ ਅੱਗੇ ਵਧਾਇਆ ਤੇ ਆਪਣੀ ਹਕੂਮਤ ਨੀਤੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸੱਚ ਅਨੁਸਾਰ ਢਾਲਣ ਦਾ ਵਾਅਦਾ ਕੀਤਾ। ਕੁਫ਼ਰ ਦੇ ਸੌਦਾਗਰਾਂ ਨੂੰ ਇਸ ਮੁਕਾਮ 'ਤੇ ਵੀ ਸ਼ਰਮਨਾਕ ਹਾਰ ਹੋਈ ਤੇ ਉਹ ਕਿਸੇ ਅਗਲੇ ਮੌਕੇ ਦੀ ਉਡੀਕ ਕਰਨ ਲੱਗ ਪਏ। ਅਗਲਾ ਮੌਕਾ ਇਨ੍ਹਾਂ ਤਾਕਤਾਂ ਨੂੰ ਔਰੰਗਜੇਬ ਦੇ ਸਮੇਂ ਮਿਲਿਆ, ਜਦੋਂ ਗੁਰੂ ਘਰ ਦੇ ਸੱਚ ਦੇ ਪ੍ਰਤੀਨਿਧ ਬਣ ਕੇ ਔਰੰਗਜ਼ੇਬ ਦੇ ਦਰਬਾਰ ਵਿਚ ਗਏ ਰਾਮ ਰਾਇ ਤੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਲੀ ਇਕ ਤੁਕ ਦਾ ਸਪੱਸ਼ਟੀਕਰਨ ਮੰਗਿਆ ਗਿਆ। ਰਾਮ ਰਾਇ ਡੋਲ ਗਿਆ ਤੇਉਸ ਨੇ ਤੁਕ ਨੂੰ ਬਦਲ ਦਿੱਤਾ। ਇਹ ਅਜਿਹਾ ਮੌਕਾ ਸੀ ਜਦੋਂ ਸੱਚ ਦੇ ਸੂਰਮੇ ਗੁਰੂ ਸਾਹਿਬ ਰਾਮ ਰਾਇ ਦੀ ਇਸ ਬੱਜਰ ਗਲਤੀ ਨੂੰ ਚੁੱਪਚਾਪ ਪ੍ਰਵਾਨ ਕਰਕੇ 'ਸਿਧਾਂਤ' ਦੀ ਬਲੀ ਦੇ ਕੇ ਸਰੀਰਕ ਕੁਰਬਾਨੀ ਦੇ ਖਦਸ਼ੇ ਤੋਂ ਮੁਕਤ ਹੋ ਜਾਣ ਜਾਂ ਫਿਰ ਇਸ ਬੱਜਰ ਗਲਤੀ ਨੂੰ ਨਾ-ਮਨਜ਼ੂਰ ਕਰਕੇ ਸਰੀਰਕ ਬਲੀ ਲਈ ਖੁਦ ਨੂੰ ਪੇਸ਼ ਕਰਕੇ 'ਸਿਧਾਂਤ' ਨੂੰ ਸੁਰੱਖਿਅਤ ਰੱਖਣ, ਦੋਹਾਂ ਵਿਚੋਂ ਇਕ ਚੋਣ ਕਰਨੀ ਸੀ। ਗੁਰੂ ਸਾਹਿਬ ਨੇ ਸਿਧਾਂਤ ਦੀ ਰਾਖੀ ਨੂੰ ਚੁਣਿਆ ਤੇ ਰਾਮ ਰਾਇ ਨੂੰ ਇਸ ਬੱਜਰ ਗਲਤੀ ਦੇ ਬਦਲੇ ਫਿਟਕਾਰ ਕੇ ਸੱਚਾਈ ਦੇ ਆਸ਼ਕਾਂ ਦੇ ਕਾਫਲੇ ਵਿਚੋਂ ਹੀ ਛੇਕ ਦਿੱਤਾ। ਇਹ ਕੁਫ਼ਰ ਦੇ ਪੈਰੋਕਾਰਾਂ ਦੇ ਮੂੰਹ 'ਤੇ ਇਕ ਹੋਰ ਚਪੇੜ ਸੀ। ਔਰੰਗਜ਼ੇਬ ਨੇ ਇਸ ਮੌਕੇ ਜਹਾਂਗੀਰ ਵਾਲੀ ਗਲਤੀ ਤਾਂ ਨਾ ਦੁਹਰਾਈ ਪਰ ਗੁਰੂ ਨਾਨਕ ਸਾਹਿਬ ਦੇ ਸੱਚ ਕਥਨ ਨੂੰ ਕਰਨੀ ਦੀ ਕਸਵੱਟੀ 'ਤੇ ਪੂਰੇ ਉਤਰਦਿਆਂ ਸਮੁੱਚੀ ਦੁਨੀਆਂ ਨੇ ਵੇਖ ਲਿਆ। ਸੱਚਾਈ ਦੇ ਆਸ਼ਕਾਂ ਦੇ ਕਾਫਲੇ ਵਿਚ ਵਾਧੇ ਦਾ ਇਹ ਇਕ ਵੱਡਾ ਕਾਰਨ ਸੀ। ਜਦੋਂ ਸੱਚ ਦੇ ਪ੍ਰਕਾਸ਼ ਤੋਂ ਖੌਫ਼ਜ਼ਦਾ ਤਾਕਤਾਂ ਇਸ ਪ੍ਰਕਾਸ਼ ਦੀਆਂ ਕਿਰਨਾਂ ਦੇ ਕਾਫਲੇ ਵਿਰੁੱਧ ਔਰੰਗਜ਼ੇਬ ਦੀ ਤਲਵਾਰ ਨੂੰ ਮਿਆਨ ਵਿਚੋਂ ਕਢਵਾਉਣ ਵਿਚ ਵੀ ਸਫਲ ਹੋ ਗਈਆਂ ਤਾਂ ਖਾਲਸੇ ਦੀ ਕਿਰਪਾਨ ਦਾ ਲੋਹਾ ਵੀ ਪੂਰੀ ਦ੍ਰਿੜਤਾ ਨਾਲ ਇਸ ਖੂਨੀ ਤਲਵਾਰ ਨਾਲ ਟਕਰਾਉਂਦਾ ਰਿਹਾ। ਅਖੀਰ ਇਸ ਜੰਗ ਵਿਚ ਗੁਰੂ ਜੀ ਨੇ ਜਦੋਂ ਕਲਮ ਦੀ ਨੋਕ ਨਾਲ 'ਜ਼ਫਰਨਾਮਾ' ਲਿਖ ਕੇ ਔਰੰਗਜ਼ੇਬ ਵੱਲ ਘੱਲਿਆ ਤਾਂ ਉਸ ਦੀ ਤਾਬ ਨਾ ਝੱਲ ਸਕਿਆ। ਇਹ ਗੁਰੂ ਨਾਨਕ ਸਾਹਿਬ ਦੇ ਸੱਚ ਦੀ ਬੇਮਿਸਾਲ ਫ਼ਤਹਿ ਸੀ, ਜਿਸ ਨੇ ਕਲਮਾਂ ਦੇ ਧਨੀਆਂ ਲਈ ਨਵੀਆਂ ਵਾਟਾਂ ਰੁਸ਼ਨਾਈਆਂ। ਬੜੇ ਫਖ਼ਰ ਦੀ ਗੱਲ ਹੈ ਕਿ ਅੱਗ ਗੁਰੂ ਨਾਨਕ ਸਾਹਿਬ ਦੇ ਸੱਚ ਨਾਲ ਸਬੰਧ ਰੱਖਣ ਵਾਲੇ ਕਲਮਾਂ ਦੇ ਧਨੀਆਂ ਦਾ ਇਕ ਵੱਡਾ ਕਾਫਲਾ ਬਣ ਚੁੱਕਾ ਹੈ, ਪਰ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਇਸ ਕਾਫਲੇ ਵਿਚੋਂ ਵੀ ਲਿਖਣ ਲੱਗੇ ਜਿਹੜਾ ਸਿੱਖ ਲੇਖਕ ਇਹ ਗਿਣਤੀਆਂ-ਮਿਣਤੀਆਂ ਕਰਦਿਆਂ ਕਿ ਫਲਾਣਾ ਸੱਚ ਲਿਖਣ ਨਾਲ ਮੇਰੇ ਨਾਲ ਵਧੇਰੇ ਲੋਕ ਨਰਾਜ਼ ਹੋ ਸਕਦੇ ਹਨ, ਸੱਚ ਲਿਖਣੋਂ ਉਕ ਜਾਂਦਾ ਹੈ, ਤਾਂ ਉਸ ਨੂੰ ਗੁਰੂ ਨਾਨਕ ਸਾਹਿਬ ਦੇ ਸੱਚ ਦਾ ਪੈਰੋਕਾਰ ਅਖਵਾਉਣ ਦਾ ਕੋਈ ਹੱਕ ਨਹੀਂ। ਲਿਹਾਜਦਾਰੀਆਂ ਪਾਲਣ ਵਾਲੇ ਲੇਖਕ ਸਿਧਾਂਤ ਦੀ ਪਾਲਣਾ ਨਹੀਂ ਕਰ ਸਕਦੇ, ਤੇ ਜਿਹੜੇ ਸਿਧਾਂਤ ਦੀ ਪਾਲਣਾ ਕਰਨੋਂ ਅਸਮਰੱਥ ਹਨ, ਉਹ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੇ ਪਾਂਧੀ ਨਹੀਂ ਕਹਾ ਸਕਦੇ। ਇਸ ਤੋਂ ਇਲਾਵਾ ਇਕ ਤੱਥ ਹੋਰ ਵੀ ਹੈ। ਕੇਵਲ ਇਤਿਹਾਸ ਦੀਆਂ ਡੂੰਘੀਆਂ ਤਹਿਆਂ ਨੂੰ ਫਰੋਲਦੇ ਹੋਏ ਹੀ ਗੁਰੂ ਨਾਨਕ ਪਾਤਸ਼ਾਹ ਦੇ ਸੱਚ ਦੇ ਵਾਰਸ ਨਹੀਂ ਬਣਿਆ ਜਾ ਸਕਦਾ, ਬਲਕਿ ਵਰਤਮਾਨ ਦੀਆਂ ਜ਼ੁਲਮੀ ਹਨੇਰੀਆਂ ਵਿਚ ਗੁਰੂ ਨਾਨਕ ਸਾਹਿਬ ਦੇ ਸੱਚ ਦਾ ਝੰਡਾ ਬੁਲੰਦ ਕਰਦਿਆਂ ਹੋਇਆਂ ਹੀ ਉਸ ਮਹਾਨ ਸੱਚ ਦੇ ਵਾਰਸ ਬਣਿਆ ਜਾ ਸਕਦਾ ਹੈ।