ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਦੁਆਰਾ ਗੁਰੂ ਨਾਨਕ ਲਾਮਾ ਸਾਹਿਬ


ਚੁੰਗ ਥਾਂਗ ਸਿੱਕਮ ਵਿਚ ਇਤਿਹਾਸਕ ਅਸਥਾਨ
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ 'ਬਾਬੇ ਤਾਰੇ ਚਾਰ ਚਕ, ਨੌ ਖੰਡ ਪ੍ਰਿਥਮੀ ਸਚਾ ਢੋਆ'। ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਨੂੰ ਤਾਰਨ ਲਈ ਸਾਰੇ ਸੰਸਾਰ ਦਾ ਚੱਕਰ ਲਗਾਇਆ। ਹਿੰਦੁਸਤਾਨ ਦੇ ਸਭ ਕੋਨਿਆਂ ਵਿਚ ਪਹੁੰਚ ਕੇ ਤੀਰਥਾਂ ਉੱਪਰ ਜਾ ਕੇ ਲੋਕਾਂ ਨੂੰ ਭਰਮਾਂ ਤੋਂ ਰਹਿਤ ਹੋਣ ਦਾ ਹੋਕਾ ਦਿੱਤਾ। ਹਿੰਦੁਸਤਾਨ ਤੋਂ ਬਾਹਰ ਆਪ ਮੁਸਲਮਾਨ ਤੀਰਥਾਂ ਮੱਕਾ, ਮਦੀਨਾ, ਬਗਦਾਦ ਆਦਿ ਵਿਚ ਵੀ ਗਏ। ਤਿੱਬਤ, ਚੀਨ ਅਤੇ ਰੂਸ ਦੇਸ਼ਾਂ ਵਿਚ ਵੀ ਗੁਰੂ ਸਾਹਿਬ ਦੀ ਫੇਰੀ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ।
ਸੁਮੇਰ ਪਰਬਤ, ਕਸ਼ਮੀਰ ਦੀਆਂ ਬਰਫਾਨੀ ਚੋਟੀਆਂ, ਹੁਣ ਦੇ ਬੰਗਲਾਦੇਸ਼, ਲੰਕਾ ਅਤੇ ਸਿੱਕਮ ਵਿਚ ਚੀਨ ਐਨ ਸਰਹੱਦ 'ਤੇ ਵੀ ਗੁਰੂ ਮਹਾਰਾਜ ਗਏ। ਜਿਥੇ-ਜਿਥੇ ਬਾਬਾ ਜੀ ਗਏ, 'ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ' ਅਨੁਸਾਰ ਸ਼ਰਧਾਲੂਆਂ ਨੇ ਯਾਦਗਾਰ ਵਜੋਂ ਗੁਰਦੁਆਰੇ ਉਸਾਰੇ ਹਨ। ਪੰਜਾਬ ਦੀ ਕੁਝ ਸੰਗਤ ਪਿੱਛੇ ਜਿਹੇ ਸਿੱਕਮ ਦੇ ਗੁਰੂ ਅਸਥਾਨਾਂ ਦੀ ਯਾਤਰਾ ਕਰਕੇ ਆਈ ਹੈ। ਇਥੇ ਅਸੀਂ 'ਗੁਰਦੁਆਰਾ ਗੁਰੂ ਨਾਨਕ ਲਾਮਾ ਸਾਹਿਬ' ਚੁੰਗ ਥਾਂਗ ਬਾਰੇ ਜਾਣਕਾਰੀ ਦੇ ਰਹੇ ਹਾਂ।
ਗੁਰੂ ਜੀ ਦੇ ਖੜਾਵਾਂ ਦੇ ਨਿਸ਼ਾਨ
ਚੁੰਗ ਥਾਂਗ ਇਕ ਇਤਿਹਾਸਕ ਨਗਰ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਹਨ। ਇਥੇ ਗੁਰੂ ਜੀ ਦੀਆਂ ਕੁਝ ਨਿਸ਼ਾਨੀਆਂ ਵੀ ਮੌਜੂਦ ਹਨ। ਇਹ ਸਥਾਨ ਉੱਤਰੀ ਸਿੱਕਮ ਵਿਚ ਵਾਕਿਆ ਹੈ। ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਇਹ ਅਸਥਾਨ 100 ਕਿਲੋਮੀਟਰ ਦੀ ਦੂਰੀ 'ਤੇ ਹੈ। ਗੁਰੂ ਮਹਾਰਾਜ, ਭਾਈ ਮਰਦਾਨੇ ਸੰਗ ਆਪਣੀ ਤਿੱਬਤ-ਚੀਨ ਯਾਤਰਾ ਦੇ ਸਮੇਂ ਇਥੇ ਪਧਾਰੇ ਸਨ। ਉਨ੍ਹਾਂ ਨੇ ਇਸ ਰਮਣੀਕ ਥਾਂ ਨੂੰ ਦੇਖ ਕੇ ਕਿਹਾ ਕਿ ਇਹ ਚੰਗਾ ਥਾਂ ਹੈ। ਤਿੱਬਤੀ ਭਾਸ਼ਾ ਵਿਚ ਇਸ ਨੂੰ ਚੁੰਗ ਥਾਂਗ ਕਿਹਾ ਜਾਣ ਲੱਗਾ। ਗੁਰੂ ਜੀ ਜਦ ਇਥੇ ਆਏ ਤਾਂ ਇਕ ਰਾਖਸ਼ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਅਤੇ ਈਰਖਾ ਵੱਸ ਇਕ ਵੱਡਾ ਸਾਰਾ ਪੱਥਰ ਪਹਾੜ ਉੱਪਰੋਂ ਗੁਰੂ ਜੀ ਵੱਲ ਸੁੱਟਿਆ। ਗੁਰੂ ਜੀ ਨੇ ਖੂੰਡੀ ਨਾਲ ਇਸ ਪੱਥਰ ਨੂੰ ਰੋਕਿਆ ਤੇ ਇਹ ਪੱਥਰ ਉਥੇ ਹੀ ਰੁਕ ਗਿਆ। ਗੁਰੂ ਜੀ ਤੇ ਮਰਦਾਨਾ ਇਸ ਪੱਥਰ 'ਤੇ ਬੈਠ ਕੇ ਗੁਰਬਾਣੀ ਕੀਰਤਨ ਕਰਨ ਲੱਗੇ। ਜਿਉਂ ਹੀ ਰਾਖਸ਼ ਦੇ ਕੰਨਾਂ ਵਿਚ ਗੁਰਬਾਣੀ ਦੇ ਸ਼ਬਦ ਪਏ, ਉਹ ਸ਼ਰਮਸਾਰ ਹੋ ਕੇ ਗੁਰੂ ਜੀ ਦੇ ਚਰਨਾਂ 'ਤੇ ਡਿਗ ਪਿਆ ਅਤੇ ਮੁਆਫੀ ਮੰਗੀ। ਇਸ ਪੱਥਰ 'ਤੇ ਗੁਰੂ ਜੀ ਦੇ ਬੈਠਣ ਦੇ ਅਤੇ ਖੜਾਵਾਂ ਦੇ ਨਿਸ਼ਾਨ ਅੱਜ ਵੀ ਦਿਖਾਈ ਦਿੰਦੇ ਹਨ। ਇਸ ਇਲਾਕੇ ਵਿਚ ਚੌਲ ਨਹੀਂ ਸੀ ਹੁੰਦੇ। ਗੁਰੂ ਜੀ ਨੇ ਇਲਾਕਾ ਨਿਵਾਸੀਆਂ ਦੀ ਬੇਨਤੀ ਸੁਣ ਕੇ ਆਪਣੀ ਥਾਲੀ ਤੋਂ ਕੁਝ ਚੌਲ ਧਰਤੀ 'ਤੇ ਖਿਲਾਰ ਦਿੱਤੇ ਅਤੇ ਫ਼ਰਮਾਇਆ ਕਿ ਇਥੇ ਚੌਲਾਂ ਦੀ ਭਰਪੂਰ ਫਸਲ ਹੋਇਆ ਕਰੇਗੀ। ਅੱਜ ਵੀ ਚੁੰਗ ਥਾਂਗ ਦੇ ਆਸ-ਪਾਸ ਚੌਲਾਂ ਦੀ ਭਰਪੂਰ ਫਸਲ ਹੁੰਦੀ ਹੈ।
ਇਥੋਂ ਦੇ ਲਾਮਾ ਗੁਰੂ ਜੀ ਦੇ ਉਪਾਸ਼ਕ ਹਨ। ਉਨ੍ਹਾਂ ਨੇ ਗੁਰੂ ਜੀ ਦੀ ਯਾਦ ਵਿਚ ਇਹ ਅਸਥਾਨ ਸਦੀਆਂ ਤੋਂ ਬਣਾਇਆ ਹੋਇਆ ਹੈ। ਇਥੇ ਵਿਸ਼ਾਲ ਪੱਥਰ ਦੇ ਛੋਟੇ ਜਿਹੇ ਚਸ਼ਮੇ ਵਿਚੋਂ ਨਾ ਜਲ ਘਟਦਾ ਹੈ, ਨਾ ਹੀ ਬਾਹਰ ਵਗਦਾ ਹੈ। ਸ਼ਰਧਾਲੂ ਇਸ ਨੂੰ ਅੰਮ੍ਰਿਤ ਵਜੋਂ ਛਕਦੇ ਹਨ। ਕਿਹਾ ਜਾਂਦਾ ਹੈ ਕਿ ਗੁਰੂ ਜੀ ਦੀਆਂ ਕੁਝ ਨਿਸ਼ਾਨੀਆਂ ਜੋ ਪੱਥਰ ਥੱਲੇ ਦੱਬ ਗਈਆਂ ਸਨ, ਉਹ ਅੱਜ ਵੀ ਮੌਜੂਦ ਹਨ। ਇਸ ਪੱਥਰ ਤੋਂ ਕਰੀਬ 50 ਗਜ਼ ਦੀ ਦੂਰੀ 'ਤੇ ਮਹਾਰਾਜ ਨੇ ਆਪਣੀ ਖੂੰਡੀ ਗੱਡ ਦਿੱਤੀ ਸੀ, ਜੋ ਅੱਜ ਵਿਸ਼ਾਲ ਰੁੱਖ ਦੇ ਰੂਪ ਵਿਚ ਸੁਭਾਇਮਾਨ ਹੈ। ਇਸ ਰੁੱਖ ਦੀਆਂ ਟਾਹਣੀਆਂ ਛੜੀ (ਖੂੰਡੀ) ਦੇ ਆਕਾਰ ਦੀਆਂ ਹਨ। ਇਸ ਅਸਥਾਨ ਨੂੰ ਖੂੰਡੀ ਸਾਹਿਬ ਵੀ ਆਖਦੇ ਹਨ।
ਡਾਂਗ ਸਪਰਸ਼ ਗੁਰੂ ਡਾਂਗਮਾਰ ਝੀਲ
ਗੁਰੂ ਜੀ ਇਥੋਂ 14500 ਫੁੱਟ ਦੀ ਉਚਾਈ 'ਤੇ ਯੁਮ ਥਾਂਗ ਪਹੁੰਚੇ। ਉਥੇ ਅੱਜ ਵੀ ਗੁਰੂ ਜੀ ਦੇ ਅਸ਼ੀਰਵਾਦ ਸਦਕਾ ਗਰਮ ਪਾਣੀ ਦਾ ਚਸ਼ਮਾ ਵਗਦਾ ਹੈ। ਇਥੋਂ ਗੁਰੂ ਜੀ 17120 ਫੁੱਟ ਦੀ ਉਚਾਈ 'ਤੇ ਵਾਕਿਆ ਗੁਰਦੁਆਰਾ (ਗੁਰੂ ਡਾਂਗ ਮਾਰ) ਝੀਲ ਵਾਲੇ ਅਸਥਾਨ 'ਤੇ ਗਏ। ਇਥੇ ਇਲਾਕੇ ਦੇ ਲੋਕ ਗੁਰੂ ਜੀ ਕੋਲ ਇਕੱਠੇ ਹੋ ਕੇ ਆਏ ਤੇ ਇਥੇ ਪਾਣੀ ਦੀ ਕਿੱਲਤ ਬਾਰੇ ਬੇਨਤੀ ਕੀਤੀ। ਏਨੀ ਉਚਾਈ ਕਾਰਨ ਝੀਲ ਦਾ ਪਾਣੀ ਠੰਢ ਕਾਰਨ ਜੰਮਿਆ ਰਹਿੰਦਾ ਸੀ ਅਤੇ ਲੋਕਾਂ ਨੂੰ ਪੀਣ ਲਈ ਪਾਣੀ ਪ੍ਰਾਪਤ ਕਰਨ ਲਈ ਬਰਫ ਨੂੰ ਪਿਘਲਾਉਣਾ ਪੈਂਦਾ ਸੀ। ਗੁਰੂ ਜੀ ਨੇ ਉਨ੍ਹਾਂ ਦੀ ਬੇਨਤੀ ਸੁਣ ਕੇ, ਪਹਾੜੀ ਸਫਰ ਲਈ ਜੋ ਛੜੀ (ਡਾਂਗ) ਉਨ੍ਹਾਂ ਪਾਸ ਸੀ, ਉਸ ਨੂੰ ਬਰਫ-ਜੰਮੇ ਪਾਣੀ ਨਾਲ ਛੁਹਾਇਆ। ਬਰਫ ਪਿਘਲ ਗਈ ਅਤੇ ਉਸ ਅਸਥਾਨ ਦੇ ਆਸ-ਪਾਸ ਦੁਬਾਰਾ ਕਦੇ ਨਹੀਂ ਜੰਮੀ। ਇਸ ਅਲੌਕਿਕ ਘਟਨਾ ਤੋਂ ਬਾਅਦ ਝੀਲ ਦਾ ਨਾਂਅ ਹੀ 'ਗੁਰੂ ਡਾਂਗ ਮਾਰ ਝੀਲ' ਪ੍ਰਚਲਿਤ ਹੋ ਗਿਆ। ਇਥੇ ਗੁਰਦੁਆਰਾ ਡਾਂਗ ਮਾਰ ਸਾਹਿਬ ਬਣਿਆ ਹੋਇਆ ਹੈ। ਸਿੱਕਮ ਦੇ ਸਰਕਾਰੀ ਰਿਕਾਰਡ ਵਿਚ ਅਤੇ ਨਕਸ਼ੇ ਵਿਚ ਭਾਰਤ-ਤਿੱਬਤ ਸਰਹੱਦ 'ਤੇ ਇਸੇ ਨਾਂਅ ਨਾਲ ਦੇਖਿਆ ਜਾ ਸਕਦਾ ਹੈ।
ਚੁੰਗ ਥਾਂਗ ਜਾਣ ਲਈ ਪਹਿਲਾਂ ਰੇਲ ਦੁਆਰਾ ਨਿਊ ਜਲਪਾਇਗੁੜੀ ਜਾਂ ਹਵਾਈ ਜਹਾਜ਼ ਰਾਹੀਂ ਬਾਗਡੋਗਰਾ ਹਵਾਈ ਅੱਡੇ ਪੁੱਜਣਾ ਪੈਂਦਾ ਹੈ ਜੋ ਕਿ ਸਿਲੀਗੁੜੀ ਤੋਂ 14 ਕਿਲੋਮੀਟਰ ਦੂਰੀ 'ਤੇ ਹੈ। ਗੰਗਟੋਕ 115 ਕਿਲੋਮੀਟਰ ਉੱਤਰ ਵਿਚ ਵਾਕਿਆ ਹੈ। ਉਥੋਂ ਫਿਰ ਅੱਗੇ 100 ਕਿਲੋਮੀਟਰ 'ਤੇ ਚੁੰਗ ਥਾਂਗ ਹੈ। ਚੁੰਗ ਥਾਂਗ ਤੋਂ 105 ਕਿਲੋਮੀਟਰ ਦੀ ਦੂਰੀ 'ਤੇ ਗੁਰੂ ਡਾਂਗ ਮਾਰ ਝੀਲ ਦੇ ਕਿਨਾਰੇ 'ਤੇ ਗੁਰਦੁਆਰਾ ਸੁਸ਼ੋਭਿਤ ਹੈ ਪਰ ਗੰਗਟੋਕ ਤੋਂ ਅੱਗੇ ਜਾਣ ਲਈ ਸਿੱਕਮ ਸਰਕਾਰ ਤੋਂ ਪਰਮਿਟ ਲੈਣਾ ਪੈਂਦਾ ਹੈ। ਇਸ ਲਈ ਯਾਤਰੀ ਕੋਲ ਦੋ ਫੋਟੋ ਅਤੇ ਫੋਟੋ ਪਛਾਣ ਪੱਤਰ ਹੋਣਾ ਜ਼ਰੂਰੀ ਹੈ। ਗੁਰੂ ਡਾਂਗ ਮਾਰ ਸਾਹਿਬ ਗੁਰਦੁਆਰਾ ਅਤੇ ਚੁੰਗ ਥਾਂਗ ਜਾਣ ਲਈ ਰਸਤੇ ਵਿਚ ਯਾਤਰੂਆਂ ਦੇ ਠਹਿਰਨ ਅਤੇ ਲੰਗਰ ਲਈ ਗੁ: ਚੁੰਗ ਥਾਂਗ ਵਿਚ ਸਾਧ-ਸੰਗਤ ਅਤੇ ਇਲਾਕਾ ਨਿਵਾਸੀਆਂ ਦੁਆਰਾ ਪ੍ਰਬੰਧ ਕੀਤੇ ਜਾ ਰਹੇ ਹਨ। ਗੁਰਦੁਆਰਾ ਚੁੰਗ ਥਾਂਗ ਵਿਖੇ ਗੁਰਦੁਆਰਾ ਗੁਰੂ ਨਾਨਕ ਲਾਮਾ ਸਾਹਿਬ ਵਿਚ ਸਿੱਖ ਸੰਗਤਾਂ ਅਤੇ ਇਲਾਕੇ ਦੇ ਸ਼ਰਧਾਲੂਆਂ ਦੁਆਰਾ ਕਾਰ ਸੇਵਾ ਜਾਰੀ ਹੈ। ਵਰਤਮਾਨ ਵਿਚ ਗੁਰੂ ਘਰ ਦੀ ਸੇਵਾ ਸਥਾਨਕ ਗ੍ਰਾਮ ਪੰਚਾਇਤ ਦੇ ਪ੍ਰਧਾਨ, ਸੀਮਾ ਸੜਕ ਸੰਗਠਨ ਅਤੇ ਇਥੇ ਡਿਊਟੀ 'ਤੇ ਆਏ ਸਿੱਖ ਫੌਜੀ ਸ਼ਰਧਾਲੂਆਂ ਦੁਆਰਾ ਕੀਤੀ ਜਾ ਰਹੀ ਹੈ।

ਬੇਅੰਤ ਸਿੰਘ ਸਰਹੱਦੀ
98156-90153