ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਨਾ ਆਸਾ ਦੀ ਵਾਰ ਦਾ ਭਾਵ


ਪਉੜੀ-ਵਾਰ ਭਾਵ :
(1) ਕੁਦਰਤਿ ਸਾਜ ਕੇ ਇਸ ਵਿਚ ਆਪ ਹੀ ਬੈਠਾ ਪ੍ਰਭੂ ਜਗਤ-ਤਮਾਸ਼ਾ ਵੇਖ ਰਿਹਾ ਹੈ ।
(2) ਜਗਤ ਵਿਚ ਪ੍ਰਭੂ ਨੇ ਜੀਵ ਨੂੰ ਘੱਲਿਆ ਹੈ ਕਿ ਇਹ 'ਸਚ' ਨੂੰ ਗ੍ਰਹਣ ਕਰੇ; 'ਨਾਮ-ਸਿਮਰਨ' ਮਨੁੱਖ ਦੇ ਜੀਵਨ ਦਾ ਮਨੋਰਥ ਹੈ । ਹਰੇਕ ਜੀਵ ਨੂੰ ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਨਿੱਬੜਨਾ ਪੈਂਦਾ ਹੈ ।
(3) ਜੋ ਜੀਵ ਸਿਰਫ਼ ਭੋਗਾਂ ਵਿਚ ਹੀ ਜੀਵਨ ਬਿਤਾ ਜਾਂਦੇ ਹਨ, ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ।
(4) ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ 'ਗੁਰੂ' ਮਿਲਾਉਂਦਾ ਹੈ, ਉਸ ਨੂੰ ਜਨਮ ਮਰਨ ਦੇ ਗੇੜ ਵਿਚੋਂ ਕੱਢ ਲੈਂਦਾ ਹੈ ਕਿਉਂਕਿ ਉਹ ਜੀਵ ਹਉਮੈ ਤਿਆਗ ਕੇ 'ਨਾਮ' ਜਪਦਾ ਹੈ ।
(5) ਪ੍ਰਭੂ ਦਾ 'ਨਾਮ' ਹੀ ਦੁੱਖਾਂ ਨਰਕਾਂ ਤੋਂ ਬਚਾਉਂਦਾ ਹੈ। ਜੇ ਜੀਵ ਆਪਣਾ ਭਲਾ ਲੋੜਦਾ ਹੈ ਤਾਂ ਇਸ ਨੂੰ ਇਹੀ ਭਲੀ ਕਮਾਈ ਕਰਨੀ ਚਾਹੀਦੀ ਹੈ। ਜਗਤ ਵਿਚ ਸਦਾ ਨਹੀਂ ਬੈਠ ਰਹਿਣਾ।
(6) ਪਰ ਇਹ ਨਿਸਚੇ ਜਾਣੋ ਕਿ 'ਨਾਮ' ਦੀ ਦਾਤਿ 'ਗੁਰੂ' ਤੋਂ ਬਿਨਾ ਕਿਸੇ ਹੋਰ ਥਾਂ ਤੋਂ ਨਹੀਂ ਮਿਲਦੀ।
ਗੁਰੂ ਵਿਚ ਹੀ ਨਿਰੰਕਾਰ ਨੇ ਆਪਣਾ ਆਪ ਪਰਗਟ ਕੀਤਾ ਹੈ।
(7) 'ਨਾਮ' ਉਹੀ ਮਨੁੱਖ ਸਿਮਰ ਸਕਦਾ ਹੈ ਜੋ ਸੰਤੋਖੀ ਹੈ ਤੇ ਮੰਦੇ ਪਾਸੇ ਪੈਰ ਨਹੀਂ ਧਰਦਾ, ਜੋ ਦੁਨੀਆ ਦੇ ਬੰਧਨਾਂ ਵਿਚ ਨਹੀਂ ਫਸਦਾ ਤੇ ਚਸਕਿਆਂ ਤੋਂ ਬਚਿਆ ਰਹਿੰਦਾ ਹੈ।
(8) ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਦੇ ਹਿਰਦੇ ਵਿਚ 'ਨਾਮ' ਵੱਸਦਾ ਹੈ। ਪਰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਬੰਦੇ ਜੀਵਨ ਅਜਾਈਂ ਗਵਾਉਂਦੇ ਹਨ।
(9) ਜੋ ਮਨੁੱਖ ਗਰੀਬ-ਸੁਭਾਉ ਰਹਿ ਕੇ ਪ੍ਰਭੂ ਦੇ ਦਰ ਤੇ ਸਿਫ਼ਤਿ-ਸਾਲਾਹ ਕਰਦੇ ਹਨ, ਉਹ ਹਨ ਪ੍ਰਭੂ ਦੇ ਭਗਤ; ਤੇ ਉਹ ਭਗਤ ਉਸ ਨੂੰ ਪਿਆਰੇ ਲੱਗਦੇ ਹਨ।
(10) ਤਾਂ ਤੇ, ਜੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਮਿਲੇ ਉਹ ਆਪਣੇ ਮੱਥੇ ਉਤੇ ਲਾਈਏ, ਭਾਵ, ਗੁਰਮੁਖਾਂ ਦੇ ਦਰ ਤੇ ਨਿੰਮ੍ਰਤਾ-ਭਾਵ ਨਾਲ ਆਵੀਏ। ਇਸ ਤਰ੍ਹਾਂ ਮਾਇਆ ਦੇ ਮੋਹ ਦਾ ਤਿਆਗ ਕੀਤਾ ਜਾ ਸਕਦਾ ਹੈ।
(11) ਫਿਰ ਭੀ, ਨਿਰਾ ਕਿਸੇ ਆਪਣੇ ਉੱਦਮ ਦੀ ਟੇਕ ਰੱਖਣਾ ਭੁੱਲ ਹੈ। ਧੁਰੋਂ ਜਿਨ੍ਹਾਂ ਉਤੇ ਮਿਹਰ ਹੈ ਉਹੀ
'ਨਾਮ' ਸਿਮਰਦੇ ਹਨ। ਹਰ ਵੇਲੇ ਬਖ਼ਸ਼ਸ਼ ਦੀ ਆਸ ਰੱਖੋ।
(12) ਪ੍ਰਭੂ ਦੀ ਹਜ਼ੂਰੀ ਵਿਚ ਪੜ੍ਹੇ ਅਨਪੜ੍ਹੇ ਦੀ ਵਿਚਾਰ ਨਹੀਂ; ਹਰੇਕ ਦੀ ਆਪੋ ਆਪਣੀ ਕਮਾਈ ਉਤੇ ਨਿਬੇੜਾ ਹੁੰਦਾ ਹੈ। ਜੋ ਵੀ ਮਨੁੱਖ ਮੂੰਹ-ਜ਼ੋਰ ਹੈ, ਉਹ ਅੰਤ ਦੁੱਖੀ ਹੁੰਦਾ ਹੈ।
(13) ਇਸ ਜਗਤ ਨੂੰ ਇਕ ਸਮੁੰਦਰ ਸਮਾਨ ਜਾਣੋ ਜਿਸ ਵਿਚ ਵਿਕਾਰਾਂ ਦੀਆਂ ਲਹਰਾਂ ਉਠ ਰਹੀਆਂ ਹਨ; ਇਸ ਵਿਚੋਂ ਪਾਰ ਲੰਘਣ ਲਈ ਗੁਰੂ, ਮਾਨੋ, ਜਹਾਜ਼ ਹੈ। ਪਰ, ਇਹ ਸਮਝ ਕਿਸੇ ਵਿਰਲੇ ਨੂੰ ਆਉਂਦੀ ਹੈ ਜਿਸ
ਉਤੇ ਮਾਲਕ ਦੀ ਮਿਹਰ ਹੋਵੇ।
(14) ਰੂਪ (ਭਾਵ, ਵਿਖਾਵਾ) ਨਾਲ ਨਹੀਂ ਨਿਭਦਾ, ਚੰਗੀ ਮੰਦੀ ਕਮਾਈ ਹੀ ਨਾਲ ਜਾਂਦੀ ਹੈ। ਜਿਨ੍ਹਾਂ ਇਥੇ ਹੁਕਮ ਕੀਤੇ, ਉਹਨਾਂ ਦੀਆਂ ਵਧੀਕੀਆਂ ਉਹਨਾਂ ਦੇ ਸਾਹਮਣੇ ਜਮ-ਰੂਪ ਦਿੱਸਦੀਆਂ ਹਨ।
(15) ਜਿਸ ਜੀਵ ਉਤੇ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਆਪਣੇ 'ਹੁਕਮ' ਵਿਚ ਤੋਰਦਾ ਹੈ, ਜਿਸ ਕਰ ਕੇ ਉਹ ਜੀਵ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।
(16) ਹਰੇਕ ਦੀ ਸੰਭਾਲ ਆਪ ਹੀ ਕਰਦਾ ਹੈ, ਮਾਣ ਵਡਿਆਈ ਦੇਣ ਵਾਲਾ ਆਪ ਹੀ ਹੈ, ਪਰ, ਇਹਨਾਂ
ਵਡਿਆਈਆਂ ਦਾ ਮਾਣ ਕੂੜਾ ਹੈ, ਉਹ ਕਦੇ ਬਾਦਸ਼ਾਹ ਨੂੰ ਭੀ ਭਿਖਾਰੀ ਬਣਾ ਕੇ ਦਰ ਦਰ ਰੁਲਾਉਂਦਾ ਹੈ।
(17) ਸੋਹਣੇ ਘੋੜੇ, ਮਹਲ ਮਾੜੀਆਂ, ਹਕੂਮਤਇਹਨਾਂ ਵਿਚ ਮਸਤ ਹੋ ਕੇ ਮੌਤ ਨੂੰ ਭੁਲਾ ਦੇਣਾ ਭੁੱਲ ਹੈ,ਉਮਰ ਅਜਾਈਂ ਚਲੀ ਜਾਂਦੀ ਹੈ।
(18) ਅਸਲ ਵਡਿਆਈਆਂ ਹਨ ਉੱਚੇ ਆਤਮਕ ਗੁਣ ਜੋ ਗੁਰੂ ਪਾਸੋਂ ਹੀ ਮਿਲ ਸਕਦੇ ਹਨ। ਜਿਸ ਉਤੇ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਉਂਦਾ ਹੈ; ਗੁਰੂ ਮਿਲਿਆਂ ਅਉਗਣ ਦੂਰ ਹੁੰਦੇ ਹਨ ਤੇ ਗੁਣ ਪਰਗਟਦੇ ਹਨ।
(19) ਹਰੇਕ ਜੀਵ 'ਅਪਣੱਤ' ਵਿਚ ਫਸਿਆ ਪਿਆ ਹੈ; ਪਰ ਇਸ ਜਗਤ ਦੀ ਖ਼ਾਤਰ ਮਾਣ ਕਰਨਾ ਭੁੱਲ ਹੈ, ਕਿਉਂਕਿ ਇਹ ਨਾਲ ਨਹੀਂ ਨਿਭਣਾ।
(20) ਇਸ ਜੀਵ ਨੂੰ ਗਿਣੇ-ਮਿਥੇ ਦਿਨ ਮਿਲੇ ਹਨ; ਜੀਵ ਨੂੰ ਚਾਹੀਦਾ ਹੈ ਕਿ ਪ੍ਰਭੂ ਦਾ ਸਿਮਰਨ ਕਰ ਕੇ
ਆਪਣਾ ਜੀਵਨ ਸਵਾਰੇ, ਉਹ ਪ੍ਰਭੂ ਹਰੇਕ ਨੂੰ ਜੀਵਨ-ਸੱਤਾ ਦੇ ਰਿਹਾ ਹੈ।
(21) ਆਪਣਾ ਬੀਜਿਆ ਹੀ ਵੱਢਣਾ ਪੈਂਦਾ ਹੈ। ਬੁਰਾਈ ਵਲੋਂ ਬਚੋ, ਉਹ ਬਾਜ਼ੀ ਖੇਡੋ ਜਿਸ ਕਰਕੇ ਮਾਲਕ ਨਾਲ ਬਣ ਆਵੇ।
(22) ਜੋ ਮਨੁੱਖ 'ਚਾਕਰ' ਬਣਦਾ ਹੈ ਤੇ 'ਰਜ਼ਾ' ਵਿਚ ਤੁਰਦਾ ਹੈ, ਉਹ ਮਾਣ ਪਾਉਂਦਾ ਹੈ; ਮਾਲਕ ਨਾਲ ਸ਼ਰੀਕਾ ਕੀਤਿਆਂ ਸ਼ਰਮਿੰਦਗੀ ਮਿਲਦੀ ਹੈ।
(23) ਪੈਦਾ ਕਰਨ ਵਾਲਾ ਤੇ ਮਾਰਨ ਵਾਲਾ ਪ੍ਰਭੂ ਆਪ ਹੀ ਹੈ, ਕਿਸੇ ਨੂੰ ਸੁਖ ਤੇ ਕਿਸੇ ਨੂੰ ਦੁੱਖ ਆਪ ਹੀ ਦੇਣਹਾਰ ਹੈ, ਉਹੀ ਹਰੇਕ ਦੀ ਸੰਭਾਲ ਕਰਨ ਵਾਲਾ ਹੈ।
(24) ਸਿਰਜਣਹਾਰ ਆਪ ਹੀ ਰਿਜ਼ਕ ਦੇਣ ਦੇ ਸਮਰੱਥ ਹੈ। ਉਸ ਤੋਂ ਬਿਨਾ ਜੀਵ ਦਾ ਹੋਰ ਕੋਈ ਆਸਰਾ
ਨਹੀਂ ਹੈ।
ਸਮੁੱਚਾ ਭਾਵ :
1. (ਪਉੜੀ ੧, ੨, ੩) ਪਰਮਾਤਮਾ ਨੇ ਆਪਣੇ ਆਪ ਤੋਂ ਜਗਤ ਰਚਿਆ ਹੈ, ਇਸ ਵਿਚ ਹਰ ਥਾਂ ਬੈਠ ਕੇ ਜਗਤ-ਤਮਾਸ਼ਾ ਵੇਖ ਰਿਹਾ ਹੈ। ਜਗਤ ਵਿਚ ਮਨੁੱਖ ਪੈਦਾ ਕੀਤਾ ਹੈ ਕਿ 'ਸਚ' ਨੂੰ ਗ੍ਰਹਣ ਕਰੇ, 'ਸੱਚੇ' ਪ੍ਰਭੂ ਦੀ ਬੰਦਗੀ ਕਰੇ, ਪਰ ਦੁਨੀਆ ਵਿਚ ਲੱਗ ਕੇ ਬੰਦਾ ਬਾਜ਼ੀ ਹਾਰ ਰਿਹਾ ਹੈ।
2. (ਨੰ: ੪, ੫, ੬) ਪ੍ਰਭੂ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲਦਾ ਹੈ ਉਹ 'ਆਪਾ-ਭਾਵ' ਗਵਾ ਕੇ ਗੁਰੂ ਦਾ ਉਪਦੇਸ਼ ਸੁਣਦਾ ਹੈ ਤੇ 'ਨਾਮ' ਸਿਮਰਦਾ ਹੈ ਜਿਸ ਕਰ ਕੇ ਉਸ ਦੇ ਦੁੱਖ-ਕਲੇਸ਼ ਨਿਵਰਦੇ ਹਨ। ਗੁਰੂ ਤੋਂ ਬਿਨਾ ਇਹ ਦਾਤਿ ਨਹੀਂ ਮਿਲਦੀ, ਗੁਰੂ ਦੀ ਅੱਖ ਹੀ ਪ੍ਰਭੂ ਦਾ ਹਰ ਥਾਂ ਦੀਦਾਰ ਕਰਨ ਦੇ ਸਮਰੱਥ ਹੈ।
3. 'ਨਾਮ' ਦੀ ਕਮਾਈ ਕੀਹ ਹੈ? (੭ ਤੋਂ ੧੦) ਸੰਤੋਖ ਦਾ ਜੀਵਨ, ਆਪਣੇ ਅੰਦਰ ਹਰ ਵੇਲੇ ਪ੍ਰਭੂ ਨੂੰ ਦ੍ਰਿੜ ਕਰਨਾ, ਗੁਰਮੁਖਾਂ ਦੀ ਸੰਗਤਿ, ਨਿਰੀ ਆਪਣੀ ਨਿੱਕੀ ਜਿਹੀ ਮੱਤ ਤੇ ਟੇਕ ਰੱਖਣੀ; ਸਗੋਂ (੧੧ ਤੋਂ ੧੫)
ਪਰਮਾਤਮਾ ਦੀ ਬਖ਼ਸ਼ਸ਼ ਤੇ ਆਸ ਰੱਖ ਕੇ ਉੱਦਮ ਕਰਨਾ, ਕਿਸੇ ਵਿੱਦਿਆ ਦੇ ਮਾਣ ਤੇ ਮੂੰਹ-ਜ਼ੋਰ ਨਾਹ ਹੋ ਜਾਣਾ, ਸਗੋਂ 'ਆਪਾ' ਗੁਰੂ ਤੋਂ ਵਾਰ ਦੇਣਾ, ਨੇਕ ਕਮਾਈ, ਨੇਕ ਅਮਲ ਅਤੇ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ।
4. ਦੁਨੀਆ ਦੀਆਂ ਵਡਿਆਈਆਂ ਦਾ ਮਾਣ ਕੂੜਾ ਹੈ; (੧੬) ਪ੍ਰਭੂ ਆਪ ਹੀ ਵਡਿਆਈਆਂ ਦਿੰਦਾ ਹੈ ਪਰ ਜੇ ਖੋਹਣ ਲੱਗੇ ਤਾਂ ਰਾਜੇ ਤੋਂ ਕੰਗਾਲ ਬਣਾ ਦਿੰਦਾ ਹੈ। (੧੭) ਰਾਜ ਮਿਲਖ ਤਖ਼ਤ ਮਹਲ ਵੇਖ ਕੇ ਮਨ-ਮੰਨੀਆਂ ਮੌਜਾਂ ਵਿਚ ਜੀਵਨ ਗਵਾ ਲੈਣਾ ਭਾਰੀ ਭੁੱਲ ਹੈ। (੧੮) ਆਤਮਕ ਰੱਬੀ ਗੁਣ ਸਭ ਤੋਂ ਉੱਚਾ ਧਨ ਹੈ, ਇਹ
ਗੁਣ ਗੁਰੂ ਤੋਂ ਮਿਲਦਾ ਹੈ। (੧੯) ਮਮਤਾ ਵਿਚ ਫਸ ਕੇ ਕਿਸੇ ਅਹੰਕਾਰ ਵਿਚ ਆ ਕੇ ਮੰਦੇ ਪਾਸੇ ਨਾ ਤੁਰੀਏ, ਕਿਸੇ ਦਾ ਦਿਲ ਨਾਹ ਦੁਖਾਈਏ। (੨੦) ਜੀਵਨ ਸੁਆਰੀਏ ਤੇ ਪ੍ਰਭੂ ਨੂੰ ਚੇਤੇ ਰੱਖੀਏ, ਇਥੇ ਸਦਾ ਨਹੀਂ ਰਹਿਣਾ। (੨੧) ਆਪਣੇ ਕੀਤੇ ਅਨੁਸਾਰ ਸੁਖ ਦੁੱਖ ਮਿਲਦਾ ਹੈ, ਤਾਂ ਫਿਰ ਬੁਰੇ ਰਾਹ ਕਿਉਂ ਤੁਰੀਏ? (੨੨) ਦੁਨੀਆ ਦੇ ਕੂੜੇ ਮਾਣ ਤੇ ਮਾਲਕ ਨਾਲ ਸ਼ਰੀਕਾ ਕੀਤਿਆਂ ਸ਼ਰਮਿੰਦਗੀ ਮਿਲਦੀ ਹੈ। (੨੩) ਕਿਸੇ ਨੂੰ ਸੁਖ ਤੇ ਕਿਸੇ ਨੂੰ ਦੁੱਖ ਪ੍ਰਭੂ ਆਪ ਹੀ ਦੇ ਰਿਹਾ ਹੈ। (੨੪) ਪਰਮਾਤਮਾ ਆਪ ਹੀ ਰਾਜ਼ਕ ਹੈ, ਉਸ ਤੋਂ ਬਿਨਾ ਜੀਵ ਦਾ ਹੋਰ ਕੋਈ ਆਸਰਾ ਨਹੀਂ ਹੈ ।
ਮੁੱਖ ਭਾਵ :
ਕਰਤਾਰ ਨੇ ਜੀਵ ਨੂੰ 'ਸਚੁ' ਗ੍ਰਹਣ ਕਰਨ ਲਈ 'ਨਾਮ' ਸਿਮਰਨ ਲਈ ਪੈਦਾ ਕੀਤਾ ਹੈ, ਪਰ ਇਹ ਮਾਇਕ ਭੋਗਾਂ ਵਿਚ ਰੁੱਝ ਕੇ ਜੀਵਨ ਵਿਅਰਥ ਗਵਾ ਲੈਂਦਾ ਹੈ। ਜਿਸ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਾਉਂਦਾ ਹੈ, ਗੁਰੂ ਤੋਂ ਹੀ 'ਨਾਮ' ਪ੍ਰਾਪਤ ਹੁੰਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦਾ ਜੀਵਨ ਉੱਚਾ ਹੋ ਜਾਂਦਾ ਹੈ। ਉਸ ਨੂੰ ਸਮਝ ਆ ਜਾਂਦੀ ਹੈ ਕਿ ਦੁਨੀਆ ਦੀਆਂ ਵਡਿਆਈਆਂ ਦਾ ਮਾਣ ਕੂੜਾ ਹੈ, ਉਹ ਇਕ ਪ੍ਰਭੂ ਨੂੰ ਹੀ ਆਪਣਾ ਆਸਰਾ ਜਾਣਦਾ ਹੈ।
ਬਣਤਰ
ਇਸ 'ਵਾਰ' ਦੀਆਂ ੨੪ ਪਉੜੀਆਂ ਹਨ, ਤੇ ਇਹਨਾਂ ਨਾਲ ੫੯ ਸਲੋਕ ਹਨ।