ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪ੍ਰਭਾਤ ਫੇਰੀਆਂ ਨੂੰ ਜਾਗਰੂਕਤਾ ਲਹਿਰ 'ਚ ਬਦਲੀਏ...


ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਸਿੱਖ ਧਰਮ ਦੀ ਨੀਂਹ ਰੱਖੀ ਸੀ, ਜਿਸ ਕਾਰਣ ਉਨ੍ਹਾਂ ਦਾ ਆਗਮਨ ਪੁਰਬ ਸਿੱਖ ਧਰਮ ਦਾ ਸਿਰਜਣਾ ਦਿਵਸ ਬਣ ਗਿਆ ਹੈ। ਕੌਮ ਨੂੰ ਆਪਣੇ ਸਿਰਜਣਾ ਦਿਹਾੜੇ ਸਮੇਂ, ਆਪਣੀ ਹੋਂਦ ਅਤੇ ਦੁਨੀਆਂ 'ਚ ਆਪਣੀ ਔਕਾਤ ਸਬੰਧੀ ਅਤੇ ਉਸ ਮਿਸ਼ਨ ਬਾਰੇ, ਜਿਹੜਾ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਗੂੜ੍ਹੀ ਹੋਈ ਝੂਠ, ਪਾਖੰਡ, ਜ਼ੁਲਮ, ਬੇਇਨਸਾਫੀ ਦੀ ਧੁੰਦ ਨੂੰ ਹਟਾਉਣ ਲਈ ਆਰੰਭਿਆ ਸੀ, ਉਸ ਬਾਰੇ ਵਿਚਾਰ ਕਰਨਾ ਬਣਦਾ ਹੈ। ਅੱਜ ਸਿੱਖ ਸੰਗਤਾਂ ਵੱਲੋਂ ਹਰ ਸ਼ਹਿਰ, ਕਸਬੇ 'ਚ ਗੁਰੂ ਸਾਹਿਬ ਦੇ ਆਗਮਨ ਪੁਰਬ ਨੂੰ ਲੈ ਕੇ ਪ੍ਰਭਾਤ ਫੇਰੀਆਂ ਸ਼ੁਰੂ ਹੋ ਚੁੱਕੀਆਂ ਹਨ। ਆਪਣੇ ਮਹਾਨ ਰਹਿਬਰ ਦੇ ਇਸ ਦੁਨੀਆ 'ਚ ਆਗਮਨ ਬਾਰੇ ਸਮੁੱਚੀ ਦੁਨੀਆ ਨੂੰ ਜਾਣੂ ਕਰਵਾਉਣਾ ਅਤੇ ਇਸ ਮਹਾਨ ਪਵਿੱਤਰ ਦਿਹਾੜੇ ਨੂੰ ਦਿਲ ਦੀਆਂ ਡੂੰਘਾਈਆਂ 'ਚ ਉਪਜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣਾ ਹਰ ਸਿੱਖ ਦਾ ਫਰਜ਼ ਹੈ। ਪ੍ਰੰਤੂ ਇਸ ਦੇ ਨਾਲ-ਨਾਲ ਉਸ ਮਹਾਨ ਇਨਕਲਾਬੀ ਗੁਰੂ ਨੇ ਜਿਹੜਾ ਫ਼ਲਸਫ਼ਾ, ਜਿਹੜੀ ਜੀਵਨ ਜਾਂਚ ਸਾਨੂੰ ਅਤੇ ਸਮੁੱਚੀ ਮਾਨਵਤਾ ਨੂੰ ਦੱਸੀ ਸੀ, ਉਸ ਤੋਂ ਅਸੀਂ ਦੂਰ ਕਿਉਂ ਚਲੇ ਗਏ ਹਾਂ? ਇਸ ਬਾਰੇ ਵੀ ਆਪਣੇ ਮਨਾਂ 'ਚ ਝਾਤੀ ਮਾਰਦੇ ਹੋਏ, ਜਗਤ ਬਾਬੇ ਦੀਆਂ ਪਾਈਆਂ ਇਤਿਹਾਸਕ ਪੈੜਾਂ ਨੂੰ ਥੋੜ੍ਹਾ-ਬਹੁਤ ਲੱਭਣ ਦਾ ਯਤਨ ਕਰਨ ਲਈ ਵੀ ਸਮੁੱਚੀ ਮਾਨਵਤਾ ਅਤੇ ਖ਼ਾਸ ਕਰਕੇ ਆਪਣੀ ਕੌਮ ਨੂੰ ਜਗਾਈਏ। ਗੁਰਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ 'ਚ ਇਹ ਜਾਗਰੂਕਤਾ ਲਹਿਰ ਵੀ ਆਰੰਭਣੀ ਜ਼ਰੂਰੀ ਹੈ, ਤਾਂ ਹੀ ਪ੍ਰਭਾਤ ਫੇਰੀਆਂ ਦਾ ਸਹੀ ਮੰਤਵ ਅਸੀਂ ਪੂਰਾ ਕਰ ਰਹੇ ਹੋਵਾਂਗੇ। ਸਿੱਖ ਅੱਜ ਕੌਮ ਵਜੋਂ ਕਿਥੇ ਖੜ੍ਹੇ ਹਨ ਅਤੇ ਸੰਸਾਰ, ਸਿੱਖਾਂ ਬਾਰੇ ਕੀ ਨਜ਼ਰੀਆ ਰੱਖਦਾ ਹੈ? ਉਸ ਦਾ ਗਿਆਨ ਹੋਣਾ ਵੀ ਹਰ ਸਿੱਖ ਲਈ ਜ਼ਰੂਰੀ ਹੈ। ਅਸੀਂ ਜੇ ਕੌਮ ਦੇ ਕੌਮਵਾਦੀ ਚੇਤਨਾ ਦੇ ਵੱਡੇ ਸੰਦਰਭ 'ਚ ਸਿੱਖਾਂ ਦੀ ਵਰਤਮਾਨ ਦਸ਼ਾ ਦਾ ਜ਼ਿਕਰ ਨਾਂ ਵੀ ਕਰੀਏ ਤਾਂ ਵੀ ਸਿੱਖਾਂ ਦੀ ਵਰਤਮਾਨ ਧਾਰਮਿਕ, ਆਰਥਿਕ ਤੇ ਸਮਾਜਿਕ ਹਾਲਤ ਵੱਲ ਤਾਂ ਮੋਟੀ ਮੋਟੀ ਝਾਤ-ਮਾਰ ਲੈਣੀ ਚਾਹੀਦੀ ਹੀ ਹੈ, ਤਾਂ ਕਿ ਗੁਰਪੁਰਬ ਮਨਾਉਂਦੇ ਹੋਏ, ਅਸੀਂ ਇੱਕ-ਅੱਧ ਮਿੰਟ ਕੌਮੀ ਮੁੱਦਿਆਂ ਪ੍ਰਤੀ ਵੀ ਗੰਭੀਰ ਹੋ ਸਕੀਏ। ਅੱਜ ਸਿੱਖ ਨੌਜਵਾਨੀ ਨਸ਼ਿਆਂ ਵਿੱਚ ਗਰਕ ਹੋ ਕੇ, ਪਤਿਤਪੁਣੇ ਦੀ ਕਾਲੀ ਡੂੰਘੀ ਖੱਡ 'ਚ ਤੇਜ਼ੀ ਨਾਲ ਛਾਲਾਂ ਮਾਰ ਰਹੀ ਹੈ। ਆਰਥਿਕ ਪੱਖੋਂ ਮਰ ਰਹੇ ਗਰੀਬ ਸਿੱਖਾਂ ਨੂੰ ਦੇਹਧਾਰੀ ਗੁਰੂਆਂ ਤੇ ਸਾਧਾਂ ਦੇ ਝੁੰਡ ਗਿਰਝਾਂ ਵਾਗੂੰ ਨੋਚ ਰਹੇ ਹਨ, ਇਨ੍ਹਾਂ ਸਾਧਾਂ ਵਿੱਚੋਂ ਕੁਝ ਵੱਲੋਂ ਸਿੱਖ ਸਿਧਾਤਾਂ ਅਤੇ ਵਿਸ਼ਵਾਸਾਂ ਤੇ ਖੁੱਲ੍ਹੇਆਮ ਹਮਲੇ ਕੀਤੇ ਜਾ ਰਹੇ ਹਨ। ਸੌਦਾ ਸਾਧ, ਨੂਰਮਹਿਲੀਏ ਤੇ ਭਨਿਆਰੇ ਵਰਗੇ ਇਸ ਵਰਤਾਰੇ ਦੇ ਮੁੱਖ ਗਵਾਹ ਹਨ। ਦੁਨੀਆ ਅੰਦਰ ਖੁੱਲ੍ਹੇ ਵਪਾਰ ਅਤੇ ਖੁੱਲ੍ਹੀ ਸੰਸਾਰ ਮੰਡੀ ਦੇ ਵਰਤ ਰਹੇ ਵਰਤਾਰਿਆਂ ਤੋਂ ਮਿਲ ਰਹੇ ਲਾਭਾਂ ਨੂੰ ਪ੍ਰਾਪਤ ਕਰਨ 'ਚ ਸਿੱਖ ਬੁਰੀ ਤਰ੍ਹਾਂ ਮਾਰ ਖਾ ਗਏ ਹਨ, ਪੱਛਮੀ ਦੇਸ਼ਾਂ ਦੀਆਂ ਸਰਹੱਦਾਂ ਤੇ ਜੇਲ੍ਹਾਂ 'ਚ ਰੁੱਲ ਰਹੇ ਅਤੇ ਸਮੁੰਦਰਾਂ 'ਚ ਡੁੱਬ ਰਹੇ ਨੌਜਵਾਨ ਸਿੱਖ ਕੌਮ ਅਤੇ ਪੰਜਾਬ ਦੀ ਅੰਦਰੂਨੀ ਆਰਥਿਕ ਹਾਲਤ ਦੀ ਮੂੰਹ ਬੋਲਦੀ ਤਸਵੀਰ ਹਨ। ਤਕਨੀਕ, ਵਿਗਿਆਨ ਅਤੇ ਸੰਚਾਰ ਕ੍ਰਾਂਤੀ ਦੀ ਸਹਾਇਤਾ ਨਾਲ ਕਈ ਕੌਮਾਂ ਨੇ ਅਥਾਹ ਤਰੱਕੀ ਕੀਤੀ ਹੈ, ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇੱਕਵੀਂ ਸਦੀ 'ਚ ਕਿਸੇ ਦੇਸ਼ ਜਾਂ ਕੌਮ ਦੀ ਤਰੱਕੀ, ਉਸ ਦੇ ਲੋਕਾਂ ਦੀ ਗਿਣਤੀ ਤੇ ਨਿਰਭਰ ਨਾ ਹੋ ਕੇ ਬੌਧਿਕ ਮਿਆਰ ਉੱਤੇ ਅਧਾਰਿਤ ਹੋਵੇਗੀ, ਪ੍ਰੰਤੂ ਸਿੱਖ ਕੌਮ ਜਿਸ ਦੇ ਬਾਨੀ ਨੇ ਗਿਆਨ ਦੇ ਚਾਨਣ ਤੇ ਕਲਮ ਦੀ ਸ਼ਕਤੀ ਤੇ ਸੱਭ ਤੋਂ ਵਧੇਰੇ ਜ਼ੋਰ ਦਿੱਤਾ ਸੀ, ਉਸ ਕੌਮ ਦੀ ਮਾਤ-ਭੂਮੀ ਦੇ ਪ੍ਰਾਇਮਰੀ, ਸੈਕੰਡਰੀ ਤੇ ਕਾਲਜ ਪੱਧਰ ਦੀ ਵਿੱਦਿਆ 'ਚ ਆਇਆ ਨਿਘਾਰ, ਕੌਮ ਦੇ ਪੱਲੇ ਅਨਪੜ੍ਹਤਾ ਤੇ ਜਾਹਲ ਪੁਣਾ ਹੀ ਪਾ ਸਕਦਾ ਹੈ, ਅਗਲੀਆਂ ਪੀੜ੍ਹੀਆਂ ਵਿਕਸਤ ਕੌਮਾਂ ਦਾ ਮੁਕਾਬਲੇ ਕਿਵੇਂ ਕਰਨਗੀਆਂ? ਜਿਸ ਕੌਮ ਦੀ ਝੋਲੀ ਸੱਚ ਦੇ ਖਜ਼ਾਨੇ ਨਾਲ ਭਰਪੂਰ ਚਾਹੀਦੀ ਸੀ, ਉਸਦੇ ਪੱਲੇ ਝੂਠ ਤੇ ਬੇਵੱਸੀ ਪੈ ਗਈ ਹੈ। ਸਿੱਖਾਂ ਦਾ ਆਰਥਿਕ ਤੇ ਰਾਜਨੀਤਿਕ ਢਾਂਚਿਆਂ ਤੇ ਕੋਈ ਕੰਟਰੋਲ ਨਾ ਹੋਣ ਕਾਰਣ, ਪੇਂਡੂ ਖੇਤੀਬਾੜੀ ਆਧੁਨਿਕ ਸਮੇਂ ਦੀ ਤਕਨੀਕ ਦੀ ਹਾਣੀ ਨਹੀਂ ਬਣ ਸਕੀ ਅਤੇ ਨਾਂ ਹੀ ਸਿੱਖ ਖੇਤੀ ਅਧਾਰਿਤ ਸੱਨਅਤ ਵੱਲ ਤੁਰ ਸਕੇ ਹਨ, ਜਿਸ ਕਾਰਣ ਕੌਮ ਆਰਥਿਕ ਤੌਰ ਤੇ ਵੀ ਉਸੇ ਤਰ੍ਹਾਂ ਪਛੜ ਗਈ, ਜਿਵੇਂ ਸਿੱਖੀ ਸਿਧਾਤਾਂ ਤੋਂ ਧਿੜਕਣ ਕਾਰਣ ਧਾਰਮਿਕ ਤੌਰ ਤੇ ਨਿੱਘਰ ਗਈ ਹੈ। ਪ੍ਰੰਤੂ ਜਦੋਂ ਤੱਕ ਕੌਮ ਇਹ ਮਹਿਸੂਸ ਨਹੀਂ ਕਰਦੀ ਕਿ ਇਸ ਸਾਰੇ ਨਿਘਾਰ ਦਾ ਕਾਰਣ ਸਿੱਖਾਂ ਦਾ ਆਪਣੇ ਸਮਾਜਕ, ਆਰਥਕ ਤੇ ਰਾਜਨੀਤਕ ਢਾਂਚਿਆਂ ਦੇ ਕੰਮ-ਕਾਰ ਤੇ ਕੰਟਰੋਲ ਨਾ ਹੋਣਾ ਹੈ, ਉਦੋਂ ਤੱਕ ਉਹ ਵਿਦਿਅਕ ਤਕਨੀਕੀ ਵਿਗਿਆਨਕ, ਨੈਤਿਕ ਸੱਭਿਆਚਾਰਕ ਤੇ ਭਾਸ਼ਾਈ ਤਰੱਕੀ ਵੀ ਨਹੀਂ ਕਰ ਸਕਦੇ। ਗੁਰੂ ਸਾਹਿਬਾਨ ਵੱਲੋਂ ਦਿੱਤੇ ਰਾਜ ਬਿਨਾਂ ਧਰਮ ਦੇ ਨਾ ਚੱਲਣ ਅਤੇ ਮੀਰੀ ਤੇ ਪੀਰੀ ਦੇ ਸੁਮੇਲ ਦੇ ਅਰਥ ਨੂੰ ਜੀਵਤ ਕਰਨ ਨਾਲ ਹੀ ਕੌਮ ਦੀ ਹੋਂਦ ਜੁੜੀ ਹੋਈ ਹੈ। ਅੱਜ ਕੌਮ ਨੂੰ ਸੱਭ ਤੋਂ ਪਹਿਲਾਂ ਆਪਣੀ ਹੋਂਦ ਦੀ, ਫ਼ਿਰ ਉਨ੍ਹਾਂ ਸਿਧਾਤਾਂ ਦੀ, ਜਿਹੜੇ ਸਿੱਖੀ ਦੀ ਬੁਨਿਆਦ ਹਨ, ਦੀ ਰਾਖੀ ਲਈ ਲੜਾਈ ਲੜਨੀ ਹੋਵੇਗੀ, ਉਸਤੋਂ ਬਾਅਦ ਹੀ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ 'ਚ ਸਿੱਖੀ ਦੀ ਕੋਈ ਪੁੱਛ-ਦਸ ਬਣਨੀ ਸ਼ੁਰੂ ਹੋ ਸਕਦੀ ਹੈ, ਪ੍ਰੰਤੂ ਇਸ ਲਈ ਜ਼ਰੂਰੀ ਹੈ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਧਰਮ, ਰਾਜਨੀਤੀ, ਆਰਥਿਕ ਤੇ ਵਿਰਸੇ ਪ੍ਰਤੀ ਸਮਰਪਿਤ ਭਾਵਨਾ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਵੱਲ ਤੁਰੀਏ, ਉਸਤੋਂ ਬਾਅਦ ਸਿੱਖੀ ਦੀ ਪਛਾਣ, ਵਿਸ਼ਵ ਭਰ 'ਚ ਗੂੜੀ ਹੋਵੇਗੀ, ਕਿਉਂਕਿ ਇਸ 'ਚ ਸ਼ੱਕ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਧਾਰਮਿਕ ਗ੍ਰੰਥ, ਵਿਸ਼ਵ ਨੂੰ ਰੋਸ਼ਨੀ ਵਿਖਾਉਣ ਅਤੇ ਅਗਵਾਈ ਦੇਣ ਦੇ ਸਮਰੱਥ ਨਹੀਂ, ਲੋੜ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਤੁਰਨ ਦੀ ਹੈ। ਗੁਰਪੁਰਬ ਦੀਆਂ ਤਿਆਰੀਆਂ ਸਮੇਂ ਉਕਤ ਮੁੱਦਿਆਂ ਅਤੇ ਖ਼ਾਸ ਕਰਕੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਸਬੰਧੀ ਵੀ ਪ੍ਰਭਾਤ ਫੇਰੀਆਂ ਵਾਂਗੂੰ ਚੇਤੰਨਤਾ ਲਹਿਰ ਜ਼ਰੂਰ ਚੱਲਣੀ ਚਾਹੀਦੀ ਹੈ ਤਦ ਹੀ ਅਸੀਂ ਸਹੀ ਅਰਥਾਂ 'ਚ ਉਸ ਮਹਾਨ ਰਹਿਬਰ ਦੇ ਸਿੱਖ ਅਖਵਾਉਣ ਦੇ ਹੱਕਦਾਰ ਹੋ ਸਕਾਂਗੇ।

ਜਸਪਾਲ ਸਿੰਘ ਹੇਰਾਂ