ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਰਦਿ ਕਾਮਿਲ-ਗੁਰੂ ਨਾਨਕ ਸਾਹਿਬ


ਵਿਸ਼ਵ ਦੇ ਬਹੁਤ ਸਾਰੇ ਸੂਝਵਾਨ ਵਿਦਵਾਨਾਂ ਨੇ ਸਿੱਖ ਧਰਮ ਅਤੇ ਇਸ ਦੇ ਆਦਿ ਗੁਰੂ ਨਾਨਕ ਸਾਹਿਬ ਬਾਰੇ ਪ੍ਰਸ਼ੰਸਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਨੂੰ ਪੜ੍ਹ-ਸੁਣ ਕੇ ਸਾਨੂੰ ਆਪਣੇ ਬੇਸ਼ਕੀਮਤੀ ਵਿਰਸੇ ਦੀ ਸ਼ਾਨ ਉੱਤੇ ਮਾਣ ਮਹਿਸੂਸ ਹੋਣਾ ਸੁਭਾਵਿਕ ਹੈ। ਮੁਗ਼ਲ-ਪਠਾਣ, ਹੁਕਮਰਾਨਾਂ ਹੱਥੋਂ ਗੁਰੂਆਂ ਅਤੇ ਗੁਰੂ ਕਿਆਂ ਸਿੱਖਾਂ ਨੇ ਅਸਹਿ ਤੇ ਅਕਹਿ ਤਸੀਹੇ ਝੱਲੇ, ਸ਼ਹੀਦੀਆਂ ਪਾਈਆਂ, 'ਜਿੱਥੇ ਵੇਖੋ, ਕਤਲ ਕਰ ਦੇਵੋ' ਵਰਗੇ ਸ਼ਾਹੀ-ਹੁਕਮ ਜਾਰੀ ਹੋਣ ਤੇ ਸਿੱਖੀ ਸਰੂਪ ਵਾਲੇ ਸਿਰਾਂ ਦੇ ਮੁੱਲ ਪਾਏ ਜਾਂਦੇ ਰਹੇ, ਪਰ ਜ਼ੁਲਮ ਦਾ ਟਾਕਰਾ ਬਾ-ਦਸਤੂਰ ਚਲਦਾ ਰਿਹਾ ਹੈ। ਸੰਨ 1947 ਦੀ ਦੇਸ਼-ਵੰਡ ਵੇਲੇ ਵੀ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ। ਕਿੰਨੀ ਅਜਬ ਦੀ ਗੱਲ ਏ ਕਿ ਜਿਸ ਮੁਸਲਮਾਨ ਆਲਮ-ਫਾਜ਼ਲ ਮੁਹੰਮਦ ਇਕਬਾਲ ਦੀ ਗੰਭੀਰ ਸੋਚ ਨੇ ਵੱਖਰੇ ਪਾਕਿਸਤਾਨ ਦੇ ਸੰਕਲਪ ਦੀ ਨੀਂਹ ਰੱਖੀ, ਉਸੇ ਨੇ ਜਗਤ-ਗੁਰੂ ਬਾਬਾ ਬਾਰੇ ਆਪਣੇ ਚੋਣਵੇਂ ਕਲਾਮ ਵਿਚ ਭਾਰਤੀ ਸੰਸਕ੍ਰਿਤੀ, ਧਰਮ-ਦਰਸ਼ਨ ਸੱਭਿਆਚਾਰ ਤੇ ਤਹਿਜ਼ੀਬ ਬਾਰੇ ਤੱਤ-ਸਾਰ ਇਉਂ ਬਿਆਨਿਆ ਹੈ :
ਫਿਰ ਉਠੀ ਆਖ਼ਿਰ ਸਦਾ
ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦਿ-ਕਾਮਿਲ ਨੇ
ਜਗਾਯਾ ਖ੍ਵਾਬ ਸੇ।
ਜਿੰਨੀ ਵਾਰ ਵੀ ਇਹ ਅਲਫਾਜ਼ ਸੁਣੇ, ਖੁਸ਼ੀ ਬੜੀ ਹੋਈ ਪਰ ਇਨ੍ਹਾਂ ਦੋ ਲਾਈਨਾਂ ਵਿਚ ਵਰਤੇ ਗਏ 'ਫਿਰ', 'ਆਖਿਰ', 'ਖ੍ਵਾਬ' ਤੇ 'ਮਰਦਿ ਕਾਮਿਲ' ਅੱਖਰਾਂ ਪਿੱਛੇ ਲੁਕੀਆਂ ਫ਼ਲਸਫ਼ਾਨਾ ਉੱਚੀਆਂ-ਪਰਵਾਜ਼ਾਂ ਤੇ ਗਹਿਰ-ਗੰਭੀਰ ਡੂੰਘੀਆਂ-ਵੀਚਾਰਾਂ ਨੂੰ ਜਾਣਨ ਸੰਬੰਧੀ ਖਾਹਿਸ਼ ਵਧਦੀ ਹੀ ਗਈ। ਮਰਦਿ-ਕਾਮਿਲ ਤੋਂ ਮੁਰਾਦ ਹੈ¸ਕਮਾਲ ਦੀ ਸ਼ਖਸੀਅਤ, ਸੰਪੂਰਨ ਯੋਗਤਾ ਵਾਲਾ ਜਾਂ ਪਰਮ-ਪੁਰਖੁ, ਪਰ 'ਫਿਰ' (1gain), 'ਆਖਿਰ' (at last) ਅਤੇ 'ਖ੍ਵਾਬ' (dreaming while asleep) ਸ਼ਬਦਾਂ ਪਿੱਛੇ ਕਿਸ ਭੇਦ, ਰਹੱਸ ਜਾਂ ਦ੍ਰਿਸ਼ਟੀ ਦਾ ਉਲੇਖ ਕੀਤਾ ਗਿਆ ਹੈ? ਕੀ ਪਹਿਲੋਂ ਵੀ ਕਿਸੇ ਵਲੋਂ ਹਿੰਦੁਸਤਾਨ ਵਿਚ ਤੌਹੀਦ, ਭਾਵ ਇਕ ਈਸ਼ਵਰਵਾਦ (monotheism) ਦੀਆਂ ਅਵਾਜ਼ਾਂ ਗੂੰਜੀਆਂ ਸਨ? ਕੀ ਮਨੁੱਖਤਾ ਦੀ ਬੇਹਤਰੀ ਵਿਚ ਬਹੁਤੇ ਦੇਵੀ-ਦੇਵਤੇ ਜਾਂ ਭਗਵਾਨਾਂ ਦੀ ਭਰਮਾਰ ਕੋਈ ਅੜਿੱਕਾ ਬਣਦੀ ਰਹੀ ਹੈ?
ਵੇਦਾਂਤ ਨੂੰ ਮੰਨਣ ਵਾਲੇ ਤਾਂ ਇਕ ਪਾਰਬ੍ਰਹਮ ਤੋਂ ਸਿਵਾ ਹੋਰ ਕਿਸੇ ਸ਼ੈਅ ਦੀ ਹੋਂਦ ਹੀ ਨਹੀਂ ਮੰਨਦੇ, ਇਹ ਵਿਚਾਰਧਾਰਾ ਵੀ ਸ਼ਾਂਤੀ, ਖੁਸ਼ਹਾਲੀ ਤੇ ਪਰਸਪਰ ਪ੍ਰੇਮ-ਭਾਵ ਨੂੰ ਕਿਉਂ ਨਾਪ੍ਰਫੁੱਲਤ ਕਰ ਸਕੀ? ਮਾਨਵ ਕਲਿਆਣ ਲਈ, ਕੀ ਪਹਿਲੋਂ ਹੋਏ ਰਿਸ਼ੀਆਂ-ਮੁਨੀਆਂ, ਅਵਤਾਰਾਂ ਜਾਂ ਰਹਿਬਰਾਂ ਦੇ ਉਪਦੇਸ਼ਾਂ ਵਿਚ ਕੁਝ ਤਰੁੱਟੀਆਂ ਸਨ? ਜਾਂ ਲੋਕ-ਚੇਤਨਾ ਨੂੰ ਪੱਕੇ ਤੌਰ 'ਪਰ ਗ੍ਰਹਿਣ ਲੱਗ ਚੁੱਕਾ ਸੀ? ਅਜਿਹੀਆਂ ਸਾਰੀਆਂ ਜਗਿਆਸੂ ਪੁੱਛਾਂ ਦਾ ਜਵਾਬ ਢੂੰਡਣ ਲਈ ਡਾ: ਇਕਬਾਲ ਲਿਖਤ 'ਬਾਂਗਿਦਰਾਂ' ਕਿਤਾਬ ਵਿਚਲੀ 'ਨਾਨਕ' ਅਨੁਵਾਨ ਥੱਲੇ ਆਈ ਰਚਨਾ ਦਾ ਪਾਠਕਾਂ ਨਾਲ ਸਾਂਝਾ ਕੀਤੇ ਜਾਣਾ ਜ਼ਰੂਰੀ ਬਣ ਜਾਂਦਾ ਹੈ।
ਕੌਮ ਨੇ ਪੈਗ਼ਾਮਿ-ਗੌਤਮ ਕੀ
ਜ਼ਰਾ ਪਰਵਾਹ ਨਾ ਕੀ।
ਕਦਰ ਪਹਚਾਨੀ ਨਾ ਅਪਨੇ
ਗੋਹਰੇ-ਯਕ ਦਾਨਾ ਕੀ।
ਆਹ! ਬਦਕਿਸਮਤ ਰਹੇ,
ਅਵਾਜ਼ਿ-ਹੱਕ ਸੇ ਬੇਖਬਰ।
ਗਾਫ਼ਿਲ ਅਪਨੇ ਫ਼ਲ ਕੀ ਸ਼ਰੀਨੀ
ਸੇ ਹੋਤਾ ਹੈ ਸ਼ਜਰ।
ਆਸਕਾਰ, ਉਸਨੇ ਕੀਆ
ਜੋ ਜ਼ਿੰਦਗੀ ਕਾ ਰਾਜ਼ ਥਾ।
ਹਿੰਦ ਕੋ ਲੇਕਿਨ ਖਿਆਲੀ
ਫ਼ਲਸਫ਼ੇ ਪੇ ਨਾਜ਼ ਥਾ।
ਸ਼ਮਇ-ਹੱਕ ਸੇ ਜੋ ਮੁਨੱਵਰ ਹੋ,
ਯਿਹ ਵੁਹ ਮਹਿਫ਼ਿਲ ਨਾ ਥੀ।
ਬਾਰਸ਼ੇ-ਰਹਮਤ ਹੁਈ,
ਲੇਕਿਨ ਜ਼ਮੀਂ ਕਾਬਿਲ ਨਾ ਥੀ।
ਆਹ! ਸ਼ੂਦਰ ਕੇ ਲਿਏ,
ਹਿੰਦੁਸਤਾਂ ਗਮਖਾਨਾ ਹੈ।
ਦਰਦਿ-ਇਨਸਾਨੀ ਸੇ
ਇਸ ਬਸਤੀ ਕਾ ਦਿਲ ਬੇਗਾਨਾ ਹੈ।
ਬਰਹਮਨ ਸਰਸ਼ਾਰ ਹੈ
ਅਬ ਤੱਕ ਮਏ-ਪਿੰਦਾਰ ਮੇਂ।
ਸ਼ਮਏ-ਗੌਤਮ ਜਲ ਰਹੀ ਹੈ,
ਮਹਫਿਲੇ-ਅਗਯਾਰ ਮੇਂ।
ਬੁਤਕਦਾ ਫਿਰ ਬਾਅਦ ਮੁੱਦਤ ਕੇ
ਮਗਰ ਰੌਸ਼ਨ ਹੁਆ।
ਨੂਰਿ-ਇਬਰਾਹੀਮ ਸੇ
ਆਜ਼ਰ ਕਾ ਘਰ ਰੌਸ਼ਨ ਹੁਆ।
ਫਿਰ ਉਠੀ ਆਖਿਰ ਸਦਾ
ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦਿ-ਕਾਮਲਿ ਨੇ
ਜਗਾਯਾ ਖ੍ਵਾਬ ਸੇ।
ਉਪਰੋਕਤ ਸਤਰਾਂ ਪੜ੍ਹ ਕੇ ਸਾਡੀ ਜਿਗਿਆਸਾ ਦਾ ਪੂਰਾ ਮੁਹਾਂਦਰਾ ਹੀ ਬਦਲ ਗਿਆ ਹੈ। ਪ੍ਰਸ਼ਨਾਂ ਦੇ ਨੈਣ-ਨਕਸ਼ ਤਿੱਖੇ ਹੋ ਕੇ ਵਿਚਾਰਾਂ, ਸੱਭਿਆਚਾਰਕ ਤੇ ਸਮਾਜਿਕ-ਸਰੋਕਾਰਾਂ ਦੇ ਅੰਤਰ-ਭੇਦਾਂ ਦਾ ਰਹੱਸ ਦ੍ਰਿਸ਼ਟਮਾਨ ਹੋ ਰਿਹਾ ਹੈ। ਡਾ: ਇਕਬਾਲ ਨੇ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਤੇ ਉਹਨਾਂ ਵਲੋਂ ਪ੍ਰਚਾਰੇ ਉਪਦੇਸ਼ਾਂ ਸਬੰਧੀ ਆਪਣਾ ਬਿਆਨ ਦਰਜ ਕਰਨ ਤੋਂ ਪਹਿਲਾਂ, ਪਿਛਲੇ ਸਮਿਆਂ ਵਿਚ ਸਥਾਪਿਤ ਤੇ ਸਮੂਹਿਕ ਜਨ-ਮਾਨਸਿਕਤਾ ਵਲੋਂ ਸਵੀਕਾਰੇ ਧਰਮ ਫਲਸਫਿਆਂ, ਮੱਤ-ਮਤਾਂਤਰਾਂ, ਮਨੌਤਾਂ ਤੇ ਵਿਸ਼ਵਾਸਾਂ ਨੂੰ ਇਤਿਹਾਸ ਦੇ ਬੂਹੇ-ਬਾਰੀਆਂ ਖੋਲ੍ਹ ਕੇ ਚੰਗੀ ਤਰ੍ਹਾਂ ਘੋਖ-ਪਰਖ ਲਿਆ ਸੀ। ਉਸ ਦੀ ਬਾਰੀਕਬੀਨੀ (ਸੂਖਮ ਦ੍ਰਿਸ਼ਟੀ) ਨੇ ਧਰਮ-ਦਰਸ਼ਨ ਦੇ ਸੂਖਮ ਤੱਤਾਂ, ਗੁਣਾਂ, ਲੱਛਣਾਂ ਤੋਂ ਘੜੀਆਂ ਜਾ ਰਹੀਆਂ ਸਮਾਜਿਕ ਪ੍ਰਕਿਰਤੀਆਂ ਦੇ ਰੰਗਾਂ-ਢੰਗਾਂ ਦਾ ਵਿਵੇਚਨ ਕਰਦਿਆਂ ਸੰਸਾਰ ਦੇ ਇਸ ਭੂ-ਖੰਡ ਦੀ ਬੌਧਿਕ, ਮਾਨਸਿਕ ਤੇ ਰਾਜਨੀਤਿਕ ਤ੍ਰਾਸਦੀ ਦੇ ਕਾਰਨਾਂ ਦੀ ਬਾ-ਖ਼ੂਬੀ ਨਿਸ਼ਾਨਦੇਹੀ ਕੀਤੀ ਹੈ। ਕੁਝ ਮਹੱਤਵਪੂਰਨ ਦ੍ਰਿਸ਼ਟੀਕੋਣ ਉਘੜ ਕੇ ਸਾਫ਼ ਦਿਖਾਈ ਦਿੰਦੇ ਹਨ।
(À) ਪੁਰਾਤਨ ਭਾਰਤੀ ਸਾਹਿਤ ਦੇ ਦਰਸ਼ਨ ਦੀਆਂ ਅਨੇਕਾਂ ਸੂਖਮ ਵੀਚਾਰਧਾਰਾਵਾਂ, ਇਸ ਵੱਡੇ ਦੇਸ਼ ਦੀ ਜਨ-ਮਾਨਸਿਕਤਾ ਵਿਚ 'ਦਰਦਿ-ਇਨਸਾਨੀ' ਭਾਵ ਮਨੁੱਖਤਾ ਵਿਚ ਆਪਸੀ ਸੁਹਿਰਦਤਾ, ਲੋੜਵੰਦਾਂ ਦੀ ਮਦਦ ਤੇ ਮਿਲਵਰਤਨ ਦਾ ਮੁਢਲਾ ਅਹਿਸਾਸ ਜਗਾਉਣ ਵਿਚ ਨਾ-ਕਾਮਯਾਬ ਰਹੀਆਂ।
(ਅ) ਗੌਤਮ ਬੁੱਧ ਦੀਆਂ ਸਿੱਖਿਆਵਾਂ ਵੀ ਭਾਰਤ ਵਾਸੀਆਂ ਨੂੰ ਚਿਰਸਥਾਈ ਸ਼ਾਂਤੀ ਨਾ ਪ੍ਰਦਾਨ ਕਰ ਸਕੀਆਂ ਕਿਉਂਕਿ ਜਨ-ਚੇਤਨਾ ਸਮੂਹਿਕ ਪੱਧਰ 'ਤੇ ਫੋਕਟ ਤੇ ਸੰਕੀਰਨ ਸਿਧਾਂਤਾਂ ਅਨੁਸਾਰ, ਜਾਤ-ਪਾਤੀ, ਵਰਣ-ਵੰਡ, ਵਿੱਥਾਂ-ਵਿਤਕਰਿਆਂ ਰੂਪੀ ਪੱਕੀਆਂ-ਪੀਡੀਆਂ ਗੋਲ-ਗੰਢਾਂ ਵਿਚ ਬੰਨ੍ਹੀ ਪਈ ਸੀ। ਡਾ: ਇਕਬਾਲ ਨੇ ਮਾਨਵ-ਤ੍ਰਾਸਦੀ ਦੀ ਐਸੀ ਦਸ਼ਾ ਕਾਰਨ ਹੀ ਹਿੰਦੁਸਤਾਨ ਨੂੰ ਪਥਰੀਲੀਆਂ ਮੂਰਤੀਆਂ ਦਾ ਦੇਸ਼ ਆਖਿਆ ਹੈ¸'ਬੁੱਤ-ਕੱਦਹਿ'।
(Â) ਗੌਤਮ ਬੁੱਧ ਦੇ ਨਿਰਵਾਣ-ਪ੍ਰਾਪਤੀ ਮਗਰੋਂ, ਬੋਧੀ-ਸੰਘ ਬਹੁਤ ਚਿਰ ਟਿਕੇ ਨਹੀਂ ਰਹਿ ਸਕੇ ਅਤੇ ਅਨੁਯਾਈਆਂ ਵਾਸਤੇ ਦੇਸ਼ ਛੱਡ ਜਾਣ ਜਾਂ ਹਿੰਦੁਤਵੀ-ਭਵਸਾਗਰ ਵਿਚ ਸਮਾਉਣ ਤੋਂ ਬਗੈਰ ਕੋਈ ਵਿਕਲਪ ਨਹੀਂ ਸੀ ਰਿਹਾ।
(ਸ) ਗੌਤਮ ਬੁੱਧ-ਕਾਲ ਮਗਰੋਂ ਗੁਰੂ ਨਾਨਕ ਸਾਹਿਬ ਤੱਕ ਅੱਪੜਦਿਆਂ-ਅੱਪੜਦਿਆਂ ਦੇਸ਼ਵਾਸੀਆਂ ਨੂੰ ਬਾਬਾ ਫਰੀਦ, ਕਬੀਰ ਤੇ ਚੈਤਨਯ ਵਰਗੇ ਆਤਮ-ਦਰਸ਼ੀ ਮਹਾਂਪੁਰਸ਼ਾਂ ਨੇ ਗਿਆਨ, ਮਿਠਾਸ, ਅਨੇਕਤਾ ਵਿਚ ਏਕਤਾ ਅਤੇ ਮਾਨਵੀ-ਸਾਂਝੀਵਾਲਤਾ ਦੀਆਂ ਬਰਕਤਾਂ ਬਖਸ਼ੀਆਂ ਸਨ, ਪਰ ਉਹ ਭਾਰਤੀ-ਸੱਭਿਅਤਾ ਦੀ ਰੇਤਲੀ-ਪਥਰੀਲੀ ਧਰਤੀ ਨੂੰ ਹਰਿਆਵਲੀ ਨਾ ਬਣਾ ਸਕੀਆਂ। ਡਾ: ਇਕਬਾਲ ਦੇ ਆਂਕਲਣ ਅਨੁਸਾਰ ਇਹਨਾਂ ਸਾਰੇ ਸਤਿਕਾਰਯੋਗ ਮਹਾਂਪੁਰਸ਼ਾਂ ਵਲੋਂ ਹੋਈ 'ਬਾਰਿਸ਼ਿ-ਰਹਿਮਤ' ਬਿਰਥਾ ਹੀ ਚਲੀ ਗਈ ਜਾਪਦੀ ਹੈ।
(ਹ) ਮਰਦਿ-ਕਾਮਿਲ ਨੇ ਇਸ 'ਬੁਤ-ਕਦਹਿ' ਨੂੰ 'ਤੋਹ੍ਹੀਦ' ਭਾਵ ਬੁਨਿਆਦੀ-ਅਧਿਆਤਮਕਤਾ ਏਕ ਮਹਿ ਸਰਬ, ਸਰਬ ਮਹਿ ਏਕਾ, ਏਹ ਸਤਿਗੁਰਿ ਦੇਖਿ ਦਿਖਾਈ£ (੯੦੭) ਦੇ ਪ੍ਰੇਮ-ਸੁਨੇਹੜਿਆਂ ਰਾਹੀਂ ਮਨੁੱਖਤਾ ਨੂੰ ਸਰਸ਼ਾਰ ਕੀਤਾ।
ਭਾਰਤਵਾਸੀਆਂ ਦੀ ਸ਼ੁਰੂ ਤੋਂ ਹੀ ਅ-ਪ੍ਰਕਿਰਤਕ ਕਰਾਮਾਤਾਂ ਜਾਂ ਅੰਧ-ਵਿਸ਼ਵਾਸਪੂਰਨ ਘਟਨਾਵਾਂ ਪ੍ਰਤੀ ਧਾਰਮਿਕ ਆਸਥਾ ਬਣੀ ਰਹੀ ਹੈ। ਉਹ ਕਿਸੇ ਵੀ ਸੁਘੜ-ਸੁਜਾਣ ਸ਼ਖਸੀਅਤ ਦੀਆਂ ਗੱਲਾਂ ਮੰਨਣ ਨੂੰ ਤਿਆਰ ਨਹੀਂ ਹੁੰਦੇ, ਜਦ ਤੱਕ ਕਿ ਉਸ ਨਾਲ ਚਮਤਕਾਰੀ ਵਹਿਮਾਂ-ਭਰਮਾਂ ਦਾ ਕੂੜ-ਕਬਾੜ ਨਾ ਜੁੜ ਜਾਵੇ, ਭਾਵੇਂ ਉਹ ਮਹਾਂਪੁਰਖ ਸਾਰੀ ਜ਼ਿੰਦਗੀ ਐਸੀਆਂ ਕਲਪਿਤ-ਕਹਾਣੀਆਂ ਦਾ ਤਾਰਕਿਕ ਖੰਡਨ ਹੀ ਕਰਦਾ ਰਿਹਾ ਹੋਵੇ। ਬਹੁਤੀ ਵਾਰੀ ਲੋਕਾਂ ਦਾ ਐਸਾ ਵਤੀਰਾ ਉਹਨਾਂ ਮਹਾਂਪੁਰਖਾਂ ਦੀਆਂ ਮੌਲਿਕ-ਸੱਚਾਈਆਂ ਦੇ ਹੀ ਉਲਟ ਬਣ ਜਾਂਦਾ ਹੈ।
ਅਸ਼ਟ ਮਾਰਗ ਇਹ ਹੈ : ਸਹੀ ਵਿਚਾਰ, ਸਹੀ ਨੀਤੀ, ਸਹੀ ਬੋਲ, ਸਹੀ ਕਾਰਜ, ਸਹੀ ਰੋਜ਼ੀ-ਰੋਟੀ, ਸਹੀ ਨੀਅਤ, ਸਹੀ ਮਾਨਸਿਕਤਾ, ਸਹੀ ਧਿਆਨ। ਮਨੁੱਖਾ ਜੀਵਨ ਦੀ ਸੁਖਾਵੀਂ-ਖੁਸ਼ਹਾਲੀ ਵਾਸਤੇ ਇਹਨਾਂ ਸਿੱਧੇ-ਸਪਾਟ ਨੁਸਖਿਆਂ ਨੂੰ ਹੀ 'ਜ਼ਿੰਦਗੀ ਦਾ ਰਾਜ਼' ਆਖਿਆ ਗਿਆ ਹੈ। (ਸੁਚੇਤ ਪਾਠਕ ਉਪਰੋਕਤ ਸਿਧਾਂਤਾਂ ਨੂੰ ਗੁਰਮਤਿ ਵਿਚਾਰਧਾਰਾ ਦੇ ਦ੍ਰਿਸ਼ਟੀਕੋਣ ਤੋਂ ਆਪਣੇ ਤੁਲਨਾਤਮਕ ਨਤੀਜੇ ਕੱਢ ਸਕਦੇ ਹਨ) ਪਰ ਭਾਰਤਵਾਸੀ ਤਾਂ ਔਖੇ ਵੇਦ-ਮੰਤਰਾਂ, ਕਠਿਨ ਵਿਧੀਵੱਤ ਹਵਨਾਂ, ਖਰਚੀਲੇ ਯੱਗਾਂ ਦੇ ਜਟਿਲ ਅਨੁਸ਼ਠਾਨਾਂ ਅਤੇ ਜੀਵਨ-ਜਾਚ ਵਿਚ ਨਾ-ਅਪਣਾਏ ਜਾ ਸਕਣ ਯੋਗ ਸਿਧਾਂਤਾਂ ਦੇ ਹਵਾਈ ਕਿਲ੍ਹਿਆਂ ਨੂੰ ਹੀ ਧਰਮ-ਕਰਮ ਸਮਝੀ ਬੈਠੇ ਸਨ। ਐਸੀ ਸੱਭਿਅਤਾ ਵਿਚ ਸੱਚ-ਹੱਕ ਦਾ ਚਾਨਣ ਨਾ ਰੁਸ਼ਨਾਇਆ, ਰੇਤਲੀ-ਪਥਰੀਲੀ ਜ਼ਮੀਨ ਵਿਚ ਮੇਹਰਾਂ ਦੀਆਂ ਛਹਿਬਰਾਂ ਵੀ ਕੁਝ ਨਾ ਕਰ ਸਕੀਆਂ।  ਵੱਡਾ ਦੁਖਾਂਤ ਹੈ ਕਿ ਅਖੌਤੀ ਨੀਵੀਆਂ ਜਾਤਾਂ ਵਾਸਤੇ ਹਿੰਦੁਸਤਾਨ ਇਕ ਮਾਤਮੀ ਥਾਂ ਬਣ ਚੁੱਕਾ ਹੈ ਕਿਉਂਕਿ ਉੱਚੇ ਅਖਵਾਉਂਦੇ ਰਾਜੇ-ਹੁਕਮਰਾਨ ਤੇ ਧਰਮੀ-ਬ੍ਰਾਹਮਣ, ਅਹੰਕਾਰ ਦੇ ਨਸ਼ੇ ਵਿਚ ਲੋੜਵੰਦ ਗਰੀਬਾਂ-ਕਮਜ਼ੋਰਾਂ ਤੇ ਦੱਬੇ-ਕੁਚਲੇ ਪਿਛੜੇ ਵਰਗਾਂ ਪ੍ਰਤੀ ਮਦਦਗਾਰ ਰਹਿਮ-ਦਿਲੀ ਤੋਂ ਸੱਖਣੇ ਹੋ ਚੁੱਕੇ ਹਨ।
ਮੁਦਤਾਂ ਮਗਰੋਂ ਪੱਥਰ-ਪੂਜ ਸੱਭਿਅਤਾ ਵਿਚ ਰੂਹਾਨੀਅਤ ਦਾ ਚਾਨਣ ਖਿਲਰਿਆ ਅਤੇ ਮੁੱਢ-ਕਦੀਮੀ ਬਹੁ ਦੇਵਵਾਦ ਤੇ ਅਵਤਾਰਵਾਦ ਦੀ ਥਾਂ 'ਸਭ ਮਹਿ ਜੋਤਿ ਜੋਤਿ ਹੈ ਸੋਇ£ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ£' (੬੬੩) ਵਾਲੀ ਮਨੁੱਖੀ ਸਾਂਝ ਦੀ ਰੌਸ਼ਨੀ ਉਜਾਗਰ ਹੋਈ। ਗੌਤਮ ਬੁੱਧ ਤੋਂ ਬਾਅਦ ਓੜਕ ਇਕ ਵਾਰ ਫਿਰ ਪੰਜਾਬ ਵਿਚੋਂ ਮਾਨਵੀ-ਏਕਤਾ ਦੀ ਸਿੰਘ ਗਰਜਨਾ (ਸਿੰਘੁ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰ ਧਰੋਆ) ਸ਼ੁਰੂ ਕਰਦਿਆਂ 'ਮਰਦਿ-ਕਾਮਲਿ-ਗੁਰੂ ਨਾਨਕ' ਨੇ ਘੂਕ-ਸੁੱਤੀ ਭਾਰਤੀ ਕੌਮ ਨੂੰ ਜਾਗ੍ਰਿਤੀ ਦਾ ਮਾਰਗ-ਦਰਸ਼ਨ ਬਖਸ਼ਿਆ।

ਇੰਜ. ਜੋਗਿੰਦਰ ਸਿੰਘ