ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪਹਿਲੇ ਛੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨ ਵਾਲੇ ਬਾਬਾ ਬੁੱਢਾ ਜੀ


ਰੂਹਾਨੀਅਤ ਦੇ ਮੁਜੱਸਮੇ ਬਾਬਾ ਬੁੱਢਾ ਜੀ ਦਾ ਜਨਮ 6 ਅਕਤੂਬਰ 1505 ਈਸਵੀ ਨੂੰ ਮਾਤਾ ਗੌਰਾਂ ਜੀ ਦੀ ਦੀ ਕੁੱਖੋਂ ਭਾਈ ਸੁੱਖੇ ਰੰਧਾਵੇ ਦੇ ਘਰ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਇਨ੍ਹਾਂ ਦਾ ਪਹਿਲਾਂ ਨਾਂ 'ਬੂੜਾ' ਸੀ ਪਰ ਗੁਰੂ ਨਾਨਕ ਜੀ ਦੀ ਮੁਬਾਰਕ ਉਚਾਰਣ ਛੋਹ ਸਦਕਾ 'ਬਾਬਾ ਬੁੱਢਾ' ਨਾਂ ਪ੍ਰਸਿੱਧ ਹੋਇਆ। ਭਾਈ ਸੁੱਖਾ ਰੰਧਾਵੇ ਦਾ ਸਾਰਾ ਪਰਿਵਾਰ ਕੱਥੂ ਨੰਗਲ ਛੱਡ ਕੇ ਪੱਕੇ ਤੌਰ 'ਤੇ ਪਿੰਡ ਰਮਦਾਸ ਆ ਗਏ। 1518 ਈਸਵੀ ਵਿਚ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਸੇਵਕ ਬਣ ਕੇ ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ। ਗੁਰੂ ਸਾਹਿਬ ਦੇ ਚੌਥੀ ਉਦਾਸੀ ਸਮੇਂ ਘਰ ਪਰਤਣ ਸਮੇਂ ਬਾਬਾ ਬੁੱਢਾ ਜੀ ਗੁਰੂ ਸਾਹਿਬ ਨੂੰ ਕਰਤਾਰਪੁਰ ਮਿਲੇ ਅਤੇ 1539 ਈਸਵੀ ਤਕ ਸੇਵਾ ਵਿੱਚ ਰਹੇ। ਬਾਬਾ ਬੁੱਢਾ ਜੀ 'ਤੇ ਅਕਾਲ ਪੁਰਖ ਦੀ ਅਜਿਹੀ ਅੰਤਰ-ਦ੍ਰਿਸ਼ਟੀ ਹੋਈ ਕਿ ਆਪ ਨੂੰ ਪੰਜ ਗੁਰੂ ਸਾਹਿਬਾਨ-ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੇ ਤਿਲਕ ਲਾਉਣ ਦਾ ਅਵਸਰ ਮਿਲਿਆ ਅਤੇ ਅੱਠ ਗੁਰੂ ਸਾਹਿਬਾਨ ਦੇ ਸਾਖਿਆਤ ਦਰਸ਼ਨ-ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਗੁਰੂ ਅਮਰਦਾਸ ਜੀ ਦੇ ਸਮੇਂ ਉਨ੍ਹਾਂ ਦੀ ਨਿਗਰਾਨੀ ਹੇਠ ਹੀ 1552 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਬਾਉਲੀ ਟੱਕ ਲਗਾ ਕੇ ਤਾਮੀਰ ਕੀਤੀ ਗਈ। ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਰੇਖ-ਦੇਖ ਕਰਨ ਦਾ ਅਵਸਰ ਵੀ ਬਾਬਾ ਜੀ ਨੂੰ ਹਾਸਲ ਹੋਇਆ। ਗੁਰੂ ਅਮਰਦਾਸ ਜੀ ਦੇ ਸਮੇਂ ਜਦੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਯਮਬੱਧ ਤਰੀਕੇ ਨਾਲ 22 ਮੰਜੀਆਂ ਦੀ ਸਥਾਪਨਾ ਹੋਈ ਤਾਂ ਇਨ੍ਹਾਂ ਦੇ ਪ੍ਰਮੁੱਖ ਪ੍ਰਬੰਧਕ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੇ ਹੀ ਬਾਖ਼ੂਬੀ ਨਿਭਾਈ। ਅਕਬਰ ਬਾਦਸ਼ਾਹ ਦੇ ਗੁਰੂ ਦਰਬਾਰ ਵਿੱਚ ਆਉਣ 'ਤੇ ਉਸ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਬਾਬਾ ਬੁੱਢਾ ਜੀ ਨੇ ਹੀ ਮੁਹੱਈਆ ਕਰਵਾਈ ਸੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਆਖ਼ਰੀ ਰਸਮਾਂ ਬਾਬਾ ਜੀ ਨੇ ਹੀ ਆਪਣੇ ਹੱਥੀਂ ਨਿਭਾਈਆਂ ਸਨ। ਗੁਰੂ ਰਾਮਦਾਸ ਜੀ ਵੱਲੋਂ ਰਾਮਦਾਸਪੁਰ (ਅੰਮ੍ਰਿਤਸਰ) ਦੀ ਸਥਾਪਨਾ ਕੀਤੇ ਜਾਣ ਸਮੇਂ ਬਾਬਾ ਬੁੱਢਾ ਜੀ ਨੂੰ ਅੰਮ੍ਰਿਤ ਸਰੋਵਰ ਦਾ ਟੱਕ ਲਾਉਣ ਲਈ ਬੇਨਤੀ ਕੀਤੀ ਗਈ ਸੀ। ਬਾਬਾ ਜੀ ਜਿਸ ਥਾਂ ਬੈਠ ਕੇ ਸਰੋਵਰ ਦੀ ਸੇਵਾ ਦੀ ਨਿਗਰਾਨੀ ਕਰਦੇ ਸਨ, ਉਹ ਬੇਰ ਦਾ ਦਰੱਖਤ ਅੱਜ ਵੀ ਦਰਬਾਰ ਸਾਹਿਬ ਦੇ ਸਰੋਵਰ ਕੰਢੇ 'ਬੇਰ ਬਾਬਾ ਬੁੱਢਾ ਜੀ' ਕਰਕੇ ਸੁਭਾਇਮਾਨ ਹੈ। ਗੁਰੂ ਅਰਜਨ ਦੇਵ ਜੀ ਨੇ ਜਦੋਂ 'ਆਦਿ ਗ੍ਰੰਥ ਸਾਹਿਬ' ਨੂੰ ਸੰਪੂਰਨ ਕਰਕੇ 1604 ਈਸਵੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਤ ਕੀਤਾ ਤਾਂ ਬਾਬਾ ਜੀ ਨੂੰ 'ਪਹਿਲੇ ਗ੍ਰੰਥੀ' ਨਿਯੁਕਤ ਹੋਣ ਦਾ ਮਾਣ ਪ੍ਰਾਪਤ ਹੋਇਆ।
ਬਚਪਨ ਵਿਚ ਬਾਲ ਹਰਿਗੋਬਿੰਦ ਨੂੰ ਹਰ ਪੱਖੋਂ ਨਿਪੁੰਨ ਅਤੇ ਸੂਰਬੀਰ ਯੋਧਾ ਬਣਾਉਣ ਦੀ ਸੇਵਾ ਵੀ ਬਾਬਾ ਬੁੱਢਾ ਜੀ ਤੋਂ ਲਈ ਗਈ। ਗੁਰੂ ਹਰਗੋਬਿੰਦ ਸਾਹਿਬ ਦੀ ਗਵਾਲੀਅਰ ਕਿਲ੍ਹੇ ਵਿਚ ਨਜ਼ਰਬੰਦੀ ਦੌਰਾਨ ਸਿੱਖਾਂ ਦੀ ਅਗਵਾਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕੀਤੀ ਸੀ। ਜਨਵਰੀ 1620 ਈਸਵੀ ਦੇ ਆਖ਼ਰੀ ਦਿਨਾਂ ਵਿਚ ਬਾਦਸ਼ਾਹ ਜਹਾਂਗੀਰ ਨਾਲ ਹੋਈ ਮੁਲਾਕਾਤ ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਅਤੇ ਬਾਲੂ ਰਾਇ ਨੇ ਅਹਿਮ ਭੂਮਿਕਾ ਨਿਭਾਈ ਸੀ। 16 ਅਗਸਤ 1604 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਸੀ। 1608 ਈਸਵੀ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਅਕਾਲ ਬੁੰਗਾ (ਅਕਾਲ ਤਖ਼ਤ ਸਾਹਿਬ) ਦਾ ਤਾਮੀਰੀ ਕੰਮ ਕੀਤਾ। ਇਸ ਦਾ ਨੀਂਹ ਪੱਥਰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਰੱਖਿਆ ਸੀ। ਬਾਬਾ ਬੁੱਢਾ ਜੀ ਦੇ ਚਾਰ ਸਪੁੱਤਰ ਸਨ। ਉਨ੍ਹਾਂ ਦੇ ਵੰਸ਼ ਵਿੱਚੋਂ ਹੀ ਭਾਈ ਰਾਮ ਕੰਵਰ, 'ਖੰਡੇ ਦੀ ਪਾਹੁਲ' ਲੈ ਕੇ ਗੁਰਬਖਸ਼ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ। ਬਾਬਾ ਜੀ ਦਾ ਵੰਸ਼ ਅੱਜ-ਕੱਲ੍ਹ ਵੀ ਕੱਥੂ ਨੰਗਲ ਦੇ ਆਸ-ਪਾਸ ਰਹਿੰਦਾ ਹੈ। ਬਾਬਾ ਬੁੱਢਾ ਜੀ 125 ਵਰ੍ਹੇ ਉਮਰ ਭੋਗ ਕੇ 1631 ਈਸਵੀ ਵਿੱਚ ਜੋਤੀ ਜੋਤਿ ਸਮਾ ਗਏ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਆਪ ਜੀ ਦਾ ਸਸਕਾਰ ਕੀਤਾ। ਬਾਬਾ ਜੀ ਦੀ ਯਾਦ ਵਿੱਚ 'ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਜੀ' ਸਥਾਪਤ ਹੈ।
ਬਾਬਾ ਬੁੱਢਾ ਜੀ ਨੇ ਕਈ ਬਿਖੜੇ ਸਮਿਆਂ ਵਿਚ ਆਪਣੀ ਦੂਰਦ੍ਰਿਸ਼ਟੀ ਅਤੇ ਤੀਖਣ ਬੁੱਧੀ ਤੋਂ ਸਿੱਖਾਂ ਨੂੰ ਇੱਕ ਝੰਡੇ ਹੇਠ ਰੱਖਿਆ ਸੀ। ਬਾਬਾ ਬੁੱਢਾ ਜੀ ਜਿੱਥੇ ਸੁਯੋਗ ਪ੍ਰਬੰਧਕ ਸਨ, ਉੱਥੇ ਉੱਚੇ-ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਘਰ ਤੋਂ ਵਰੋਸਾਏ ਹੋਏ ਇਸ ਜੀਉੜੇ ਦਾ ਨਾਂ ਹਮੇਸ਼ਾਂ ਸਿੱਖ ਇਤਿਹਾਸ ਵਿਚ ਚਾਨਣ-ਮੁਨਾਰੇ ਦਾ ਕੰਮ ਕਰਦਾ ਰਹੇਗਾ।

- ਡਾ. ਜਸਬੀਰ ਸਿੰਘ ਸਰਨਾ