ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭੈਣ ਨਾਨਕੀ ਜੀ ਅਤੇ ਗੁਰੂ ਨਾਨਕ ਦਾ ਵਿਲੱਖਣ ਪਿਆਰ


ਸਿੱਖ ਇਤਿਹਾਸ ਵਿਚ ਭੈਣ ਨਾਨਕੀ ਜੀ ਦਾ ਨਾਮ, ਓਨਾ ਹੀ ਸਤਿਕਾਰਯੋਗ ਹੈ, ਜਿੰਨਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਭੈਣ ਨਾਨਕੀ ਜੀ, ਏਨੇ ਵੱਡੇ ਭਾਗਾਂ ਵਾਲੀ ਸ਼ਖ਼ਸੀਅਤ ਹੈ, ਜਿਸ ਦਾ ਨਾਮ ਲੈਣ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿਤਰ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਗੁਰੂ ਬਾਬੇ ਨੂੰ, ਇਸ ਭੈਣ ਨੇ ਵੀਰ ਕਰਕੇ ਨਹੀਂ, ਸਗੋਂ 'ਨਿਰੰਕਾਰ ਰੂਪ' ਕਰਕੇ ਜਾਣਿਆ। ਭੈਣ ਨਾਨਕੀ ਜੀ, ਬ੍ਰਹਮ ਗਿਆਨ ਦੀ ਰੱਬੀ ਮੂਰਤ ਦਾ ਨਾਮ ਹੈ। ਪਿਤਾ ਮਹਿਤਾ ਕਾਲੂ ਜੀ ਦੀਆਂ ਝਿੜਕਾਂ ਅਤੇ ਕਰੜੇ ਸੁਭਾਅ ਤੋਂ, ਨਿਰੰਕਾਰੀ ਵੀਰ ਬਾਲ ਨਾਨਕ ਨੂੰ ਬਚਾਉਣ ਵਾਲੀ ਅਤੇ ਗੁਰੂ ਬਾਬੇ ਦੇ ਗ੍ਰਹਿਸਥ ਜੀਵਨ ਵਿਚ ਸਰਬਪੱਖੀ ਸਹਾਇਤਾ ਕਰਨ ਵਾਲੀ ਦੈਵੀ ਮੂਰਤ ਭੈਣ ਨਾਨਕੀ ਜੀ ਹਨ।
ਜਿਥੇ ਪਿਤਾ ਕਾਲੂ ਜੀ ਨੇ ਆਪਣੇ ਪੁੱਤਰ ਨਾਨਕ ਨੂੰ ਬੇਟਾ ਕਰਕੇ ਜਾਣਿਆ, ਉਥੇ ਇਸ ਭੈਣ ਨੂੰ ਨਿਰੰਕਾਰੀ ਵੀਰ ਦੇ ਵੱਡੇਪਣ 'ਤੇ ਅਥਾਹ ਵਿਸ਼ਵਾਸ ਸੀ। ਭਾਈ ਕਾਹਨ ਸਿੰਘ ਨਾਭਾ ਦੇ ਸ਼ਬਦਾਂ ਵਿਚ, ''ਭੈਣ ਨਾਨਕੀ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਸੀ।'' ਜਦੋਂ ਗੁਰੂ ਬਾਬਾ ਜੀ ਸੁਲਤਾਨਪੁਰ ਪਹਿਲੀ ਵੇਰ ਆਏ ਤਾਂ ਇਹ ਭੈਣ, ਪਿਆਰ-ਸ਼ਰਧਾ ਵਿਚ ਭਿੱਜੀ ਹੋਈ, ਗੁਰੂ ਬਾਬੇ ਦੇ ਪੈਰਾਂ 'ਤੇ ਡਿੱਗ ਪਈ। ਗੁਰੂ ਜੀ ਨੇ ਆਖਿਆ, ''ਬੇਬੇ! ਤੂੰ ਵੱਡੀ ਹੈਂ, ਪੈਰੀਂ ਤਾਂ ਮੈਂ ਪੈਣਾ ਸੀ ਪਰ ਤੂੰ ਇਹ ਕਿਉਂ ਕੀਤਾ?'' ਪ੍ਰੇਮ ਭਿੱਜੀ ਭੈਣ ਦਾ ਉੱਤਰ ਸੀ, ''ਤੂੰ ਨਿਰਾ ਮੇਰਾ ਵੀਰ ਨਹੀਂ, ਜਗਤ ਦਾ ਪੀਰ ਵੀ ਹੈਂ।'' ਨਿਰੰਕਾਰੀ ਗੁਰੂ ਬਾਬੇ ਅਤੇ ਭੈਣ ਨਾਨਕੀ ਜੀ ਦੇ ਪਿਆਰ ਦੀ ਕਿੱਡੀ ਸੁੰਦਰ ਉਦਾਹਰਣ ਹੈ ਕਿ ''ਭੈਣ, ਤਵੇ 'ਤੇ ਫੁਲਕਾ ਪਾ ਰਹੀ ਹੋਵੇ ਤੇ ਮਨ ਵਿਚ ਇਹ ਚਾਉ ਤਾਂਘ ਹੋਵੇ ਕਿ ਇਹ ਫੁਲਕਾ ਮੇਰਾ ਵੀਰ (ਨਾਨਕ) ਆ ਕੇ ਖਾਵੇ....ਤੇ ਉਸੇ ਪਲ ਇਹ ਨਿਰੰਕਾਰੀ ਵੀਰ ਭੈਣ ਦੇ ਬੂਹੇ 'ਤੇ ਆ ਕੇ ਦਸਤਕ ਦੇ ਦੇਵੇ ਤੇ ਕਹੇ।
''ਭੈਣ ਜੀ! ਫੁਲਕਾ ਛਕਾਓ, ਭੁੱਖ ਲੱਗੀ ਹੈ।'' ਇਹ ਹੈ ਭੈਣ ਵੀਰ ਦਾ ਸੱਚਾ ਪਿਆਰ। ਨਿਰਸੰਦੇਹ ਗੁਰੂ ਬਾਬਾ ਜੀ ਅਤੇ ਇਹ ਭਾਗਾਂ ਵਾਲੀ ਭੈਣ ਅੰਤ੍ਰੀਵੀ ਤੌਰ 'ਤੇ ਇਕ-ਮਿੱਕ ਸਨ। ਉਂਝ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੀ ਇਹ ਵਡਿਆਈ ਹੈ ਕਿ ਜਿਥੇ ਅਤੇ ਜਦੋਂ ਵੀ ਕੋਈ ਗਰੀਬ, ਅਨਾਥ ਜਾਂ ਗੁਰੂਘਰ ਦਾ ਪ੍ਰੇਮੀ, ਮਨ-ਚਿੱਤ ਇਕਾਗਰ ਕਰਕੇ, ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹੈ, ਤਰਲਾ ਮਾਰਦਾ ਹੈ ਤਾਂ ਸਤਿਗੁਰੂ ਜੀ ਉਸ ਦੇ ਅੰਗ-ਸੰਗ ਹੋ ਕੇ ਸੇਵਕ ਦੇ ਕਾਰਜ ਸਵਾਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਦੀਵੀ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਹਨ। ''ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ।'' ਗੁਰਬਾਣੀ ਦੇ ਮਹਾਨ ਕਥਨ ਅਨੁਸਾਰ ਗੁਰੂ ਜੀ ਸਦਾ ਹੀ ਭੈਣ ਜੀ ਦੇ ਨਾਲ ਸਨ।
ਭੈਣ ਨਾਨਕੀ ਜੀ ਦਾ ਜਨਮ ਸੰਨ 1464 ਈ. ਨੂੰ ਪਿੰਡ ਚਾਹਲ (ਨਾਨਕੇ ਪਿੰਡ), ਜ਼ਿਲਾ ਲਾਹੌਰ ਵਿਚ ਹੋਇਆ। ਆਪ ਦੇ ਨਾਨਾ ਜੀ ਦਾ ਨਾਮ ਰਾਮ ਜੀ, ਨਾਨੀ ਭਿਰਾਈ ਜੀ ਅਤੇ ਮਾਮਾ ਕ੍ਰਿਸ਼ਨਾ ਜੀ ਸਨ। ਨਾਨਕੇ ਪਿੰਡ ਜਨਮ ਹੋਣ ਕਰਕੇ ਆਪ ਦਾ ਨਾਮ ਨਾਨਕੀ ਹੀ ਪੈ ਗਿਆ। ਆਪ ਜੀ ਵੀਰ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਉਮਰ ਵਿਚ ਵੱਡੇ ਸਨ। ਲੱਗਭਗ 12 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਭਾਈਆ ਜੈ ਰਾਮ ਜੀ ਨਾਲ ਹੋ ਗਿਆ। ਭਾਈਆ ਜੈ ਰਾਮ ਜੀ, ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਲੋਧੀ ਕੋਲ ਨੌਕਰੀ ਕਰਦੇ ਸਨ। ਭਾਈਆ ਜੈ ਰਾਮ ਦੇ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੋਦੀਖਾਨੇ ਦੀ ਨੌਕਰੀ ਮਿਲ ਗਈ।
ਭੈਣ ਨਾਨਕੀ ਜੀ ਨੇ ਇਕ ਦਿਨ ਆਪਣੇ ਇਸ ਖ਼ੁਦਾ ਵੀਰ ਨੂੰ ਆਖਿਆ, ''ਵੀਰ ਜੀ! ਤੁਸੀਂ ਨੌਕਰੀ ਕਰਦੇ, ਦਿਨ-ਰਾਤ ਕੰਮ ਕਰਦੇ ਹੋ, ਸੋ ਮੈਨੂੰ ਚੰਗਾ ਨਹੀਂ ਲੱਗਦਾ।'' ਤਾਂ ਵੀਰ ਨਾਨਕ ਜੀ ਦਾ ਉੱਤਰ ਸੀ, ''ਬੇਬੇ! ਕਿਰਤ ਜ਼ਰੂਰੀ ਹੈ, ਕਿਰਤ ਕਰਦਿਆਂ ਹੀ ਇਹ ਸਰੀਰ ਪਵਿੱਤਰ ਹੁੰਦਾ ਹੈ।'' ਤੇ ਗੁਰੂ ਬਾਬੇ ਨੇ ਸਿੱਖ ਧਰਮ ਦੀ ਨੀਂਹ 'ਕਿਰਤ' ਉਪਰ ਰੱਖੀ। ਇਕ ਵੇਰੀ ਸੁਲਤਾਨਪੁਰ ਲੋਧੀ ਵਿਚ ਗੁਰੂ ਸਾਹਿਬ ਦੀ ਸੱਸ ਚੰਦੋ ਰਾਣੀ ਜੀ ਆਈ ਤੇ ਉਸਨੇ ਭੈਣ ਨਾਨਕੀ ਨੂੰ, ਗੁਰੂ ਨਾਨਕ ਦੇਵ ਜੀ ਪ੍ਰਤੀ, ਬੜੀਆਂ ਸੜੀਆਂ-ਕੌੜੀਆਂ ਗੱਲਾਂ ਕੀਤੀਆਂ ਤੇ ਆਖਿਆ, ''ਨਾਨਕੀ! ਆਪਣੇ ਵੀਰ ਨੂੰ ਸਮਝਾ, ਉਹ ਸੁਲੱਖਣੀ ਦੇ ਲੀੜੇ-ਕੱਪੜੇ ਤੇ ਸੁੱਖ-ਆਰਾਮ ਦਾ ਖਿਆਲ ਕਰੇ।'' ਭੈਣ ਨਾਨਕੀ ਜੀ ਆਪਣੇ ਪਿਆਰੇ ਰੱਬੀ ਵੀਰ ਦੀ ਨਿੰਦਿਆ ਨਹੀਂ ਸਹਾਰ ਸਕਦੀ ਸੀ। ਉਸਨੇ ਉੱਤਰ ਦਿੱਤਾ, ''ਮਾਸੀ, ਮੇਰੀ ਗੱਲ ਸੁਣ! ਮੈਂ ਵੀਰ ਨੂੰ ਕੀ ਸਮਝਾਵਾਂ, ਉਹ ਚੋਰ ਨਹੀਂ, ਕੋਈ ਬੁਰਾ ਕੰਮ ਨਹੀਂ ਕਰਦਾ। ਨੰਗੇ-ਭੁੱਖੇ ਨੂੰ ਉਹ ਦਾਨ-ਪੁੰਨ ਕਰਦਾ ਹੈ, ਆਪਣੀ ਕੀਤੀ ਕਮਾਈ 'ਚੋਂ ਉਹ ਜੋ ਮਰਜ਼ੀ ਕਰੇ, ਮੈਂ ਉਸ ਨੂੰ ਕੀ ਸਮਝਾਵਾਂ? ਜੇਕਰ ਤੇਰੀ ਧੀ ਨੰਗੀ ਹੋਵੇ, ਭੁੱਖੀ ਹੋਵੇ ਤਾਂ ਅਸੀਂ ਕੁਝ ਆਖੀਏ, ਸਭ ਕੁਝ ਤੇਰੀ ਧੀ ਸੁਲੱਖਣੀ ਨੂੰ ਮਿਲਦਾ ਹੈ, ਖਾਣ ਨੂੰ, ਪਹਿਨਣ ਨੂੰ, ਹੋਰ ਦੱਸ ਤੂੰ ਕੀ ਆਖਦੀ ਏਂ।''
ਜਗਤ ਕਲਿਆਣ ਲਈ ਪਹਿਲੀ ਉਦਾਸੀ 'ਤੇ ਜਾਣ ਵੇਲੇ, ਗੁਰੂ ਜੀ ਨੇ ਰਬਾਬ ਭਾਈ ਫਿਰੰਦੇ ਤੋਂ ਬਣਵਾਈ ਤੇ ਪੈਸੇ ਭੈਣ ਨਾਨਕੀ ਜੀ ਪਾਸੋਂ ਲਏ ਤਾਂ ਜਦੋਂ ਵੀ ਰਬਾਬ ਦੀਆਂ ਤਰੰਗਾਂ ਨਿਕਲਣ, ਭੈਣ ਜੀ ਦਾ ਪਿਆਰ ਸਦੀਵੀ ਨਾਲ-ਨਾਲ ਰਹੇ। 1518 ਈ. ਦੇ ਅੰਤ ਵਿਚ ਦੂਜੀ ਉਦਾਸੀ ਵੇਲੇ ਜਦੋਂ ਗੁਰੂ ਜੀ ਸੁਲਤਾਨਪੁਰ ਲੋਧੀ ਆਏ ਤਾਂ ਭੈਣ ਨਾਨਕੀ ਜੀ ਦਾ ਅੰਤ ਸਮਾਂ ਜਾਣ ਕੇ ਉਥੇ ਰੁਕ ਗਏ। ਆਪਣੀ ਪਿਆਰੀ ਭੈਣ ਦਾ ਸਸਕਾਰ ਗੁਰੂ ਬਾਬਾ ਜੀ ਨੇ ਆਪਣੇ ਹੱਥੀਂ ਕੀਤਾ। ਇਸ ਦੇ ਚਾਰ ਦਿਨ ਪਿੱਛੋਂ ਭਾਈਆ ਜੈ ਰਾਮ ਜੀ ਵੀ ਸਰੀਰਕ ਚੋਲਾ ਤਿਆਗ ਗਏ। ਉਨ੍ਹਾਂ ਦਾ ਸਸਕਾਰ ਵੀ ਗੁਰੂ ਸਾਹਿਬ ਨੇ ਆਪ ਕੀਤਾ ਅਤੇ ਦੋਵਾਂ ਦੇ ਫੁੱਲ ਵੇਈਂ ਨਦੀ ਵਿਚ ਪ੍ਰਵਾਹ ਕਰ ਦਿੱਤੇ। ਇਹ ਹੈ ਵੀਰ-ਭੈਣ ਦਾ ਵਿਲੱਖਣ ਪਿਆਰ! ਜਿਸ ਦੀ ਉਦਾਹਰਣ ਪੂਰੇ ਵਿਸ਼ਵ ਭਰ ਵਿਚ ਕਿਧਰੇ ਵੀ ਨਹੀਂ ਮਿਲਦੀ।