ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਸਾਹਿਬ ਜੀ ਅਤੇ ਇਸਲਾਮ


ਗੁਰੂ ਨਾਨਕ ਦੇਵ ਜੀ ਨੇ ਆਪਣੀ ਸਰਬ-ਸਾਂਝੀ ਬਾਣੀ ਰਾਹੀਂ ਹਰ ਇੱਕ ਨੂੰ ਬਿਨਾਂ ਉਸ ਦੇ ਧਰਮ ਜਾਂ ਨਸਲ ਦੇ ਖਿਆਲ ਕੀਤੇ ਸਿੱਧੇ ਰਾਹ ਪਾਉਣ ਦਾ ਜਤਨ ਕੀਤਾ ਹੈ। ਆਪ ਹਰ ਇੱਕ ਨੂੰ ਉਤਸ਼ਾਹਤ ਕਰਦੇ ਹਨ, ਹੌਸਲਾ ਤੇ ਨਸੀਹਤ ਦਿੰਦੇ ਹਨ ਕਿ ਉਹ ਅਸਲੀਅਤ ਨੂੰ ਸਮਝੇ । ਗੁਰੂ ਜੀ ਦਾ ਮੁੱਖ ਸੰਦੇਸ਼ ਇਹ ਹੈ ਕਿ ਮਨੁੱਖਤਾ ਬੁਰਾਈ ਦਾ ਟਾਕਰਾ ਕਰੇ ਤੇ ਸਾਰੇ ਸੰਸਾਰ ਦੀ ਭਲਾਈ ਲਈ ਯਤਨ ਕਰੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹੰਕਾਰ ਦਾ ਤਿਆਗ ਤੇ ਨਿਮ੍ਰਤਾ ਦਾ ਸਬਕ ਸਿਖਾਉਂਦੀ ਹੈ। ਗੁਰੂ ਜੀ ਵਖ ਵਖ ਧਰਮਾਂ ਤੇ ਕੌਮਾਂ ਵਿਚ ਪਏ ਨਸਲੀ ਤੇ ਧਾਰਮਕ ਪਖ-ਪਾਤ ਦੇ ਵਿਰੁਧ ਹਨ ਤੇ ਹਰ ਇੱਕ ਨਾਲ ਇਕੋ ਜਿਹਾ ਸਲੂਕ ਕਰਨ ਦੀ ਸਲਾਹ ਦਿੰਦੇ ਹਨ। ਉਹਨਾਂ ਦੀ ਫਿਲਾਸਫੀ ਸਮਾਜਕ, ਰਾਜਸੀ, ਧਾਰਮਕ ਤੇ ਵਿੱਤੀ ਫਰਕਾਂ ਨੂੰ ਮਿਟਾਉਂਦੀ ਹੈ। ਉਹਨਾਂ ਦੀਆਂ ਜਨਮ ਸਾਖੀਆਂ ਵਿਚ ਲਿਖਿਆ ਹੈ ਕਿ ਉਹ ਸੁਮੇਰ ਪਰਬਤ ਤੇ ਯੋਗੀਆਂ ਨੂੰ ਅਤੇ ਮੁਲਤਾਨ, ਪਾਕਪਟਨ (ਪੰਜਾਬ), ਮੱਕੇ (ਸਊਦੀ ਅਰੇਬੀਆ) ਤੇ ਬਗ਼ਦਾਦ (ਇਰਾਕ) ਜਾ ਕੇ ਮੁਸਲਮਾਨ ਧਾਰਮਕ ਆਗੂਆਂ ਨੂੰ  ਮਿਲੇ। ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਤਕ ਆਪਣਾ ਸੰਦੇਸ਼ ਪਹੁੰਚਾਇਆ। ਉਹਨਾਂ ਨੇ ਸ਼ੇਖ ਫਰੀਦ ਵਰਗੇ ਧਾਰਮਿਕ ਆਗੂਆਂ ਦੀ ਬਾਣੀ ਇਕਤਰ ਕੀਤੀ ਜੋ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤੀ। ਜਿਵਂੇ ਕਿ ਹੇਠ ਲਿਖੇ ਸਲੋਕ ਤੋਂ ਪਤਾ ਲਗਦਾ ਹੈ ਗੁਰੂ ਜੀ ਹਰ ਇੱਕ ਨੂੰ ਸਿੱਖਿਆ ਦਿੰਦੇ ਹਨ ਕਿ ਪਰਾਇਆ ਹੱਕ ਨਹੀਂ ਮਾਰਨਾ ਚਾਹੀਦਾ ਤੇ ਇਮਾਨਦਾਰੀ ਨਾਲ ਜੀਵਨ ਗੁਜ਼ਾਰ ਕੇ ਹਰਾਮ ਦੀ ਕਮਾਈ ਤੋਂ ਘਿਰਣਾ  ਕਰਣੀ ਚਾਹੀਦੀ ਹੈ :-
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ£
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ£
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ£
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ£
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ£ ਪੰਨਾ 141
'ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਜਾਂ ਪੈਗਬਰ ਤਾਂ ਹੀ ਸਿਫਾਰਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਂਹ ਮਾਰੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਹਰਾਮ ਦੇ ਮਾਲ ਵਿਚ ਮਸਾਲੇ ਪਾਇਆਂ ਉੇਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ'।
ਕਿਸੇ ਨੇ ਸੱਚ ਹੀ ਕਿਹਾ ਹੈ : ਨਾਨਕ ਸ਼ਾਹ ਫਕੀਰ। ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ।
'ਗੁਰੂ ਨਾਨਕ ਇੱਕ ਸੰਤ ਹੈ ਜੋ ਕਿ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੂੰ ਸਿੱਧੇ ਰਾਹ ਪਾਉਂਦਾ ਹੈ'। ਗੁਰੂ ਨਾਨਕ ਦੇਵ ਜੀ ਲਈ ਅੱਲਾ,ਰਾਮ, ਹਰੀ ਤੇ ਵਾਹਿਗੁਰੂ ਵਿਚ ਕੋਈ ਫਰਕ ਨਹੀਂ। ਉਹਨਾਂ ਆਪਣੀ ਬਾਣੀ ਵਿਚ ਜਿਥੇ ਵਾਹਿਗੁਰੂ ਲਈ ਹਰੀ ਤੇ ਰਾਮ ਦਾ ਸ਼ਬਦ ਵਰਤਿਆ ਹੈ ਕਈ ਵੇਰ ਅੱਲਾ ਵੀ ਵਰਤਿਆ ਹੈ।
ਜਿਵੇਂ ਕਿ : ਬਾਬਾ ਅਲਹੁ ਅਗਮ ਅਪਾਰੁ£ ਪੰਨਾ 53
'ਹੇ ਭਾਈ! ਪਰਮਾਤਮਾ ਦੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ'।
ਗੁਰੂ ਜੀ ਹਿੰਦੂ ਪੁਜਾਰੀ ਨੂੰ ਸਮਝਾਉਂਦੇ ਹਨ ਕਿ ਖੋਟ, ਕਪਟ ਤੇ ਹੰਕਾਰ ਤੋਂ ਦੂਰ ਰਹੋ ਤੇ ਲਿਖਦੇ ਹਨ :
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ£ ਪੰਨਾ 61
'ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਵੀ ਜੀਵ ਕੁਝ ਨਹੀਂ ਸੰਵਾਰ ਸਕਦਾ, ਕਿਉਂਕਿ ਮਨ ਵਿਚ ਹੰਕਾਰ ਦੀ ਮੈਲ ਟਿਕੀ ਰਹਿੰਦੀ ਹੈ'।
ਆਪ ਕਾਜ਼ੀ ਨੂੰ ਵੀ ਸਮਝਾਉਂਦੇ ਹਨ ਕਿ ਅਸਲੀ ਕਾਜ਼ੀ ਵਿਚ ਇਹ ਗੁਣ ਹੋਣੇ ਚਾਹੀਦੇ ਹਨ :-
ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ£ ਪੰਨਾ 24
'ਉਹੀ ਮਨੁੱਖ ਅਸਲ ਵਿਚ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸ ਨੇ ਇੱਕ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ।
ਕਾਜੀ ਸੋ ਜੋ ਉਲਟੀ ਕਰੈ ।।ਗੁਰ ਪਰਸਾਦੀ ਜੀਵਤੁ ਮਰੇ£ ਪੰਨਾ 662
'ਅਸਲ ਕਾਜ਼ੀ ਉਹ ਹੈ ਜੋ  ਹਰਾਮ ਦੇ ਮਾਲ ਵਲੋਂ ਮੂੰਹ ਮੋੜ  ਲੈਂਦਾ ਹੈ ਤੇ ਜੋ ਗੁਰਾਂ ਦੀ ਮਿਹਰ ਸਦਕਾ ਜੀਉਂਦੇ ਜੀ ਮਰਿਆ ਰਹਿੰਦਾ ਹੈ।                                                                                                                        ਗੁਰੂ ਜੀ ਮਕਾਰ ਧਾਰਮਕ ਆਗੂਆਂ ਤੇ  ਰਿਸ਼ਵਤਖੋਰ ਹਾਕਮਾਂ ਦਾ ਪਰਦਾ ਫਾਸ਼ ਕਰਦੇ ਹਨ। ਉਹ ਪਖੰਡੀ ਤੇ ਝੂਠੇ ਕਾਜ਼ੀਆਂ, ਬ੍ਰਾਹਮਣਾਂ ਤੇ ਜੋਗੀਆਂ ਤੋਂ ਘਿਰਣਾ ਕਰਦੇ ਹਨ ਤੇ ਲਿਖਦੇ ਹਨ :-
ਕਾਦੀ ਕੂੜੁ ਬੋਲਿ ਮਲੁ ਖਾਇ£
ਬ੍ਰਾਹਮਣੁ ਨਾਵੈ ਜੀਆ ਘਾਇ£
ਜੋਗੀ ਜੁਗਤਿ ਨ ਜਾਣੈ ਅੰਧੁ£ ਤੀਨੇ ਓਜਾੜੇ ਕਾ ਬੰਧੁ£
ਪੰਨਾ 662  
'ਕਾਜ਼ੀ (ਰਿਸ਼ਵਤ ਦੀ ਖਾਤਰ) ਝੂਠ ਬੋਲ ਕੇ ਹਰਾਮ ਦਾ ਮਾਲ(ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਨੀਵੀਂ ਜਾਤ ਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ ਇਸ਼ਨਾਨ ਵੀ ਕਰਦਾ ਹੈ।
ਜੋਗੀ ਵੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। ਇਹਨਾਂ ਤਿੰਨਾਂ ਦੇ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ'।
ਗੁਰੂ ਜੀ ਨੇ ਮੁਸਲਮਾਣਾਂ ਨੂੰ ਜੋ ਉਸ ਵੇਲੇ ਰਾਜ ਕਰਦੇ ਸਨ ਬੜੀ ਚੰਗੀ ਤੇ ਸੋਹਣੀ  ਨਸੀਹਤ ਦਿੱਤੀ ਹੈ।  ਇੱਕ ਸੱਚੇ ਤੇ ਸੁੱਚੇ ਮੁਸਲਮਾਨ ਦੇ ਗੁਣਾਂ ਬਾਰੇ ਆਪ ਲਿਖਦੇ ਹਨ :-
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ£
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ£
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ£
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ£
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ£
ਪੰਨਾ 141
'(ਅਸਲੀ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ ਕੋਈ ਉਹੋ ਜਿਹਾ ਬਣੇ ਤਾਂ ਅਪਣੇ ਆਪ ਨੂੰ ਮੁਸਲਮਾਨ ਅਖਾਏ। ਇਸ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਸ ਨੂੰ ਮਜ਼ਹਬ ਪਿਆਰਾ ਲਗੇ ਤੇ ਫਿਰ ਜਿਵੇਂ ਰੇਤੀ ਨਾਲ ਜ਼ੰਗਾਲ ਲਾਹੀਦਾ ਹੈ ਤਿਵੇਂ ਆਪਣਾ ਧਨ (ਲੋੜਵੰਦਾਂ ਵਿਚ) ਵੰਡ ਕੇ ਵਰਤੇ। ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ।
ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ ਅਤੇ ਹੰਕਾਰ ਮਿਟਾ ਦੇਵੇ। ਹੇ ਨਾਨਕ! ਇਸ ਤਰ੍ਹਾਂ ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ ਤਾਂ ਮੁਸਲਮਾਨ ਅਖਵਾਏ'। ਭਾਵ ਇਹ ਹੈ ਕਿ ਗੁਰੂ ਜੀ ਅਨੁਸਾਰ ਇੱਕ ਸੱਚੇ ਮੁਸਲਮਾਨ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਧਰਮ ਨਾਲ ਪਿਆਰ ਕਰੇ, ਵੰਡ ਕੇ ਛੱਕੇ, ਧਾਰਮਕ ਅਸੂਲਾਂ ਦੀ ਪੈਰਵੀ ਕਰੇ, ਭਾਣਾ ਮੰਨੇ ਤੇ ਰੱਬ ਦੇ ਸਾਰੇ ਬੰਦਿਆਂ ਨਾਲ ਪਿਆਰ ਕਰੇ।
         ਗੁਰੂ ਜੀ ਨੇ ਆਪਣੀ ਬਾਣੀ ਵਿਚ ਮੁਸਲਮਾਨਾਂ ਨੂੰ ਕਈ ਸਿੱਖਿਆਵਾਂ ਦਿਤੀਆਂ ਹਨ। ਆਪ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਉਹ ਆਪਣੇ ਧਾਰਮਕ ਅਸੂਲਾਂ ਤੇ ਚਲ ਕੇ ਪਵਿਤਰ ਜੀਵਨ ਗੁਜ਼ਾਰੇ। ਆਪ ਲਿਖਦੇ ਹਨ :-
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ£
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ£
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ£
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ£
ਪੰਨਾ 140
'ਲੋਕਾਂ ਉੱਤੇ ਦਇਆ ਦੀ ਮਸੀਤ ਬਣਾਓ, ਸ਼ਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ ਬਣਾਓ। ਵਿਕਾਰਾਂ ਤੋਂ ਦੂਰ ਰਹਿਣਾ-ਇਹ ਤੇਰੀ ਸੁੰਨਤ ਹੋਵੇ, ਚੰਗਾ ਸੁਭਾਉ ਤੇਰਾ ਰੋਜ਼ਾ ਬਣੇ। ਹੇ ਭਾਈ! ਇਹੋ ਜਿਹਾ ਮੁਸਲਮਾਨ ਬਣ। ਉੱਚਾ ਆਚਰਣ ਕਾਬਾ ਹੋਵੇ. ਅੰਦਰੋਂ ਬਾਹਰੋਂ ਇਕੋ ਜਿਹਾ ਰਹਿਣਾ-ਤੇਰਾ ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ। ਜੋ ਗੱਲ ਰੱਬ ਨੂੰ ਭਾਵੇ ਉਸ ਨੂੰ ਸਿਰ ਮੱਥੇ ਤੇ ਮੰਨਣਾ ਇਹ ਤਸਬੀ ਹੋਵੇ। ਹੇ ਨਾਨਕ! ਰੱਬ ਅਜੇਹੇ ਮੁਸਲਮਾਨ ਦੀ ਲਾਜ ਰਖਦਾ ਹੈ'।
ਇਸ ਸਲੋਕ ਦਾ ਸਮੁਚਾ ਭਾਵ ਇਹ ਹੈ ਕਿ ਇਕ ਮੁਸਲਮਾਨ ਨੂੰ ਨਿਮਾਜ਼ ਪੜ੍ਹਨ ਦੇ ਨਾਲ ਨਾਲ ਦਇਆ, ਸ਼ਰਧਾ, ਚੰਗਾ ਸੁਭਾਉ, ਉੱਚਾ ਆਚਰਣ, ਅੰਦਰੋਂ ਬਾਹਰੋਂ ਇਕੋ ਜਿਹਾ ਰਹਿਣਾ, ਨੇਕ ਅਮਲ ਤੇ ਰੱਬ ਦਾ ਭਾਣਾ ਮੰਨਣਾ ਵਰਗੇ ਗੁਣ ਵੀ ਅਪਨਾਉਣੇ ਚਾਹੀਦੇ ਹਨ।
ਦਾਨਸਬੰਦੁ ਸੋਈ ਦਿਲਿ ਧੋਵੈ£
ਮੁਸਲਮਾਣੁ ਸੋਈ ਮਲੁ ਖੋਵੈ£
ਪੰਨਾ 662
'ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ। ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਨਾਸ ਕਰਦਾ ਹੈ। ਜਿਥੇ ਗੁਰੂ ਜੀ ਭਗਤੀ ਅਤੇ ਸਿਮਰਨ ਦਾ ਉਪਦੇਸ਼ ਕਰਦੇ ਹਨ ਉਥੇ ਆਪ ਮਨ ਦੀ ਇਕਾਰਗਤਾ, ਸੱਚਾਈ ਤੇ ਇਮਾਨਦਾਰੀ ਤੇ ਵੀ ਜ਼ੋਰ ਦਿੰਦੇ ਹਨ। ਜਦੋਂ ਗੁਰੂ ਜੀ ਨੇ ਕਿਹਾ ਕਿ ਵਾਹਿਗੁਰੂ ਲਈ ਅਸੀਂ ਸਾਰੇ ਇੱਕ ਸਮਾਨ ਹਾਂ ਤੇ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਤਾਂ ਨਵਾਬ ਤੇ ਕਾਜ਼ੀ ਨੇ ਆਪ ਨੂੰ ਉਹਨਾਂ ਦੇ ਨਾਲ ਨਿਮਾਜ਼ ਪੜ੍ਹਨ ਲਈ ਕਿਹਾ। ਗੁਰੂ ਜੀ ਇਸ ਲਈ ਰਾਜ਼ੀ ਹੋ ਗਏ। ਜਦੋਂ ਨਿਮਾਜ਼ ਸ਼ੁਰੂ ਹੋਈ ਤਾਂ ਗੁਰੂ ਜੀ ਚੁਪ ਕਰ ਕੇ ਇੱਕ ਪਾਸੇ ਖੜ੍ਹ ਕੇ ਵੇਖਦੇ ਰਹੇ। ਜਦੋਂ ਨਵਾਬ ਨੇ ਉਹਨਾਂ ਤੋਂ ਇਸ ਦਾ ਕਾਰਣ ਪੁਛਿਆ ਤਾਂ ਆਪ ਨੇ ਕਿਹਾ ਕਿ ਜਿਤਣੇ ਤਕ ਨਿਮਾਜ਼ ਮਨ ਲਾ ਕੇ ਨਾ ਪੜ੍ਹੀ ਜਾਵੇ ਉਸ ਦਾ ਕੋਈ ਲਾਭ ਨਹੀਂ ਹੁੰਦਾ।ਜਦੋਂ ਤੁਸੀਂ ਨਿਮਾਜ਼ ਪੜ੍ਹ ਰਹੇ ਸੀ ਤਾਂ ਤੁਹਾਡਾ ਮਨ ਕਿਸੇ ਹੋਰ ਪਾਸੇ ਸੀ।ਆਪ ਮਾਸਲਮਾਨਾਂ ਦੀ ਪੰਜ ਨਿਮਾਜ਼ਾਂ ਦਾ ਜ਼ਿਕਰ ਆਪਣੀ ਬਾਣੀ ਵਿਚ ਕਰਦੇ ਹਨ ਤੇ ਲਿਖਦੇ ਹਨ:-
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ£
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ£
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ£
ਕਰਣੀ ਕਲਮਾ ਆਖਿ ਕੈ ਤਾਮੁਸਲਮਾਣੁ ਸਦਾਇ£
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ£
ਪੰਨਾ 141
'ਮੁਸਲਮਾਨਾਂ ਲਈ ਪੰਜ ਨਮਾਜ਼ਾਂ ਹਨ, ਉਹਨਾਂ ਦੇ ਪੰਜ ਵਕਤ ਹਨ ਤੇ ਪੰਜ ਹੀ ਵਖਰੇ ਵਖਰੇ ਨਾਮ ਹਨ। ਪਰ (ਗੁਰੂ ਜੀ ਅਨੁਸਾਰ) ਸੱਚ ਬੋਲਣਾ ਸਵੇਰ ਦੀ ਪਹਿਲੀ ਨਿਮਾਜ਼ ਹੈ, ਹੱਕ ਦੀ ਕਮਾਈ ਦੂਜੀ ਨਿਮਾਜ਼ ਹੈ ਤੇ ਰੱਬ ਤੋਂ ਸਭ ਦਾ ਭਲਾ ਮੰਗਣਾ ਤੀਜੀ ਨਿਮਾਜ਼ ਹੈ। ਨੀਯਤ ਨੂੰ ਸਾਫ ਕਰਨਾ ਤੇ ਮਨ ਨੂੰ ਸਾਫ ਰੱਖਣਾ ਇਹ ਚਉਥੀ ਨਿਮਾਜ਼ ਹੈ। ਪਰਮਾਤਮਾ ਦੀ ਸਿਫਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ।
ਜੇ ਕੋਈ ਉੱਚਾ ਆਚਰਣ ਰੂਪ ਕਲਮਾ ਪੜ੍ਹੇ ਤਾਂ ਸੱਚਾ ਮੁਸਲਮਾਨ ਅਖਵਾ ਸਕਦਾ ਹੈ। ਹੇ ਨਾਨਕ! ਸਾਰਿਆਂ ਝੂਠਿਆਂ ਦੇ ਨਿਰਾਪੁਰਾ ਝੂਠ ਹੀ ਪੱਲੇ ਪਏਗਾ'। ਭਾਵ ਇਹ ਹੈ ਕਿ ਨਿਮਾਜ਼ ਪੜ੍ਹਨ ਦੇ ਨਾਲ ਨਾਲ ਸੱਚ ਬੋਲਣਾ, ਹੱਕ ਦੀ ਕਮਾਈ, ਰੱਬ ਤੋਂ ਸਭ ਦਾ ਭਲਾ ਮੰਗਣਾ, ਨੀਯਤ ਨੂੰ ਸਾਫ ਰਖਣਾ ਤੇ ਰੱਬ ਦੀ ਸਿਫਤ- ਸਾਲਾਹ ਕਰਨੀ ਵੀ ਜ਼ਰੂਰੀ ਹਨ।

ਸਾਵਨ ਸਿੰਘ
ਪ੍ਰਿੰਸੀਪਲ (ਰਿਟਾਇਰਡ)