ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੂਰਨ ਪੁਰਸ਼ ਤੇ ਨਿਰਭੈ ਸੂਰਮਾ - ਗੁਰੂ ਨਾਨਕ ਸਾਹਿਬ



ਜਦੋਂ 15ਵੀਂ ਸਦੀ ਦੇ ਪਿਛਲੇ ਅੱਧ ਵਿਚ ਸਾਰਾ ਭਾਰਤ ਅਧੋਗਤੀ ਦੀ ਅਵਸਥਾ ਵਿਚ ਸੀ ਤਾਂ ਉਸ ਸਮੇਂ ਸਿੱਖ ਕੌਮ ਦੇ ਬਾਨੀ, ਪੂਰਨ ਪੁਰਸ਼ ਤੇ ਨਿਰਭੈ ਸੂਰਮੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਏ ਭੋਇ ਦੀ ਤਲਵੰਡੀ ਜ਼ਿਲ੍ਹਾ ਸੇਖੂਪੁਰਾ (ਹੁਣ ਪਾਕਿਸਤਾਨ) ਵਿਖੇ ਪਿਤਾ ਮਹਿਤਾ ਕਾਲੂ ਚੰਦ ਬੇਦੀ ਖੱਤਰੀ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ 1469 ਈ. ਵਿਚ ਜਨਮ ਲਿਆ। ਉਦੋਂ ਧਾਰਮਿਕ ਅਤੇ ਰਾਜਨੀਤਕ ਹਾਲਾਤ ਵਿਚ ਬੇਹੱਦ ਗਿਰਾਵਟ ਆ ਚੁੱਕੀ ਸੀ। ਸਾਰੇ ਪਾਸੇ ਝੂਠ ਪ੍ਰਧਾਨ ਸੀ। ਬਹੁਤ ਸਾਰੇ ਰਾਜੇ ਦੁਰਾਚਾਰੀ, ਜ਼ਾਲਮ, ਭੋਗ-ਵਿਲਾਸੀ ਤੇ ਨਲਾਇਕ ਸਨ। ਧਾਰਮਿਕ ਆਗੂ ਲੋਕਾਈ ਨੂੰ ਅੰਧ ਵਿਸ਼ਵਾਸ ਵੱਲ ਧਕੇਲ ਰਹੇ ਸਨ। ਜੋਗੀ ਨਾਥ ਮਨੁੱਖੀ ਹਿਰਦੇ ਵਿਚ ਵਸਣ ਵਾਲੇ ਪ੍ਰਮਾਤਮਾ ਨੂੰ ਜੰਗਲਾਂ ਵਿਚ ਲੱਭਦੇ ਫਿਰਦੇ ਸਨ। ਬ੍ਰਾਹਮਣਾਂ, ਮੁੱਲਾਂ-ਮੁਲਾਣਿਆਂ, ਜੋਗੀਆਂ ਤੇ ਕਾਜ਼ੀਆਂ ਨੇ ਆਪਣੇ ਫਰਜ਼ਾਂ ਨੂੰ ਭੁੱਲ ਕੇ ਲੋਕਾਂ ਨੂੰ ਨੇਕੀ, ਪਿਆਰ, ਸੱਚਾਈ, ਸੇਵਾ ਤੇ ਪਵਿੱਤਰਤਾ ਦਾ ਰਾਹ ਦਰਸਾਉਣ ਦੀ ਬਜਾਏ ਝੂਠੇ ਕਰਮ-ਕਾਂਡਾਂ, ਅਡੰਬਰਾਂ ਤੇ ਪੂਜਾ ਦੀਆਂ ਗਲਤ ਰਵਾਇਤਾਂ ਵਿਚ ਉਲਝਾ ਰੱਖਿਆ ਸੀ। ਉਸ ਸਮੇਂ ਦੀ ਸਦਾਚਾਰਕ ਹਾਲਤ ਨੂੰ ਬਿਆਨ ਕਰਦੇ ਹੋਏ ਗੁਰੂ ਸਾਹਿਬ ਆਪਣੀ ਧੁਰ ਦੀ ਬਾਣੀ ਵਿਚ ਉੁਚਾਰਣ ਕਰਦੇ ਹਨ:
''ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ।।
ਕੂੜੁ ਅਮਾਵਸ ਸਚੁ ਚੰਦਰਮਾ, ਦੀਸੈ ਨਾਹੀਂ ਕਹ ਚੜ੍ਹਿਆ।।
ਹਉ ਭਾਲਿ ਵਿਕੁੰਨੀ ਹੋਈ, ਆਧੇਰੇ  ਰਾਹੁ ਨ ਕੋਈ।।
ਵਿਚ ਹਊਮੈਂ ਕਰਿ ਦੁਖੁ ਰੋਈ, ਕਹੁ ਨਾਨਕ ਕਿਨਿ ਬਿਧਿ ਗਤਿ ਹੋਈ।।''
ਆਪ ਨੇ ਭਾਰਤ ਦੀ ਇਹੋ ਜਿਹੀ ਨਿੱਘਰ ਰਹੀ ਰਾਜਨੀਤਕ, ਧਾਰਮਿਕ ਤੇ ਸਮਾਜਿਕ ਦਸ਼ਾ ਨੂੰ ਘੋਖਣ, ਦੇਖਣ ਤੇ ਅਨੁਭਵ ਕਰਨ ਉਪਰੰਤ ਇਸ ਨੂੰ ਸੁਧਾਰਨ ਦਾ ਬੀੜਾ ਚੁੱਕਿਆ। ਉਹ ਜਾਣੀ ਜਾਣ ਸਨ ਕਿ ਲੋਕਾਂ ਦੀ ਮਨੋ ਬਿਰਤੀ ਨੂੰ ਬਦਲਣਾ ਕੋਈ ਸੌਖਾ ਤੇ ਦੋ ਚਾਰ ਸਾਲਾਂ ਵਿਚ ਹੋਣ ਵਾਲਾ ਕੰਮ ਨਹੀਂ ਸੀ। ਇਸ ਮਹਾਨ ਕਾਰਜ ਲਈ ਆਪ ਨੇ ਬੜੇ ਯੋਜਨਾਬੱਧ ਤਰੀਕੇ ਨਾਲ ਅਮਲੀ ਸਿੱਖਿਆ ਦਾ ਪ੍ਰਚਾਰ ਸ਼ੁਰੂ ਕੀਤਾ। ਉਨ੍ਹਾਂ ਨੇ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਅਤੇ ਕਈ ਬਾਹਰਲੇ ਦੇਸ਼ਾਂ ਦੇ ਧਰਮ ਅਸਥਾਨਾਂ 'ਤੇ ਜਾ ਕੇ ਆਮ ਲੋਕਾਂ ਨੂੰ ਵਹਿਮ-ਭਰਮ, ਸਹਿਣਸ਼ੀਲਤਾ, ਸੱਚ, ਪਿਆਰ, ਇਮਾਨਦਾਰੀ, ਨਿਮਰਤਾ, ਨੇਕੀ, ਸੱਚੀ ਸੇਵਾ, ਸੁੱਚੀ ਕਿਰਤ, ਵਫਾਦਾਰੀ ਤੇ ਪਰਉਪਕਾਰ ਵਰਗੇ ਸਦਾਚਾਰਕ ਗੁਣਾਂ ਦੇ ਧਾਰਨੀ ਹੋਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਛੂਤ-ਛਾਤ ਖ਼ਤਮ ਕਰਨ ਲਈ ਬੜੀ ਜ਼ੋਰਦਾਰ ਆਵਾਜ਼ ਉਠਾਈ। ਇਸਤਰੀ ਜਾਤੀ ਨਾਲ ਹੁੰਦੇ ਨਿਰਾਦਰ ਦੀ ਆਪ ਨੇ ਜ਼ੋਰਦਾਰ ਨਿੰਦਿਆ ਕੀਤੀ ਅਤੇ ਔਰਤ ਦੇ ਹੱਕ ਵਿਚ ਫੁਰਮਾਇਆ:
''ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।''
ਜਿੱਥੇ ਆਪ ਨੇ ਨਰੋਈਆਂ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਕੇ ਲੋਕਾਂ ਦੀ ਉੱਚੀ ਸੁੱਚੀ ਸਦਾਚਾਰਕ ਜੀਵਨ ਸ਼ੈਲੀ ਨੂੰ ਬਲਵਾਨ ਬਣਾਇਆ ਉੱਥੇ ਉਨ੍ਹਾਂ ਅੰਦਰ ਸਵੈ-ਵਿਸ਼ਵਾਸ, ਅਣਖ ਤੇ ਦਲੇਰੀ ਦਾ ਜਾਗ ਲਗਾਉਣ ਦਾ ਪੂਰਾ ਯਤਨ ਕੀਤਾ। ਉਨ੍ਹਾਂ ਨੇ ਖੁਦ ਨਿਧੜਕ ਅਤੇ ਨਿਰਭੈ ਹੋ ਕੇ ਜ਼ਾਲਮ ਬਾਦਸ਼ਾਹਾਂ ਨੂੰ ਕੁੱਤੇ ਕਸਾਈ ਆਦਿ ਸਖਤ ਸ਼ਬਦਾਂ ਨਾਲ ਭੰਡਿਆ ਅਤੇ ਲੋਕਾਂ ਪ੍ਰਤੀ ਉਨ੍ਹਾਂ ਦੇ ਅੱਤਿਆਚਾਰਾਂ ਨੂੰ ਨੰਗਾ ਕੀਤਾ। ਜਿਵੇਂ:-
''ਰਾਜੇ ਸੀਂਹ ਮੁਕੱਦਮ ਕੁਤੇ। ਜਾਇ ਜਗਾਇਨਿ ਬੈਠੇ ਸੁੱਤੇ।
ਚਾਕਰ ਨਹਦਾ ਪਾਇਨਿ ਘਾਓ। ਰਤੁ ਪਿਤੁ ਕੁਤਿਹੋ ਚਟਿ ਜਾਹੁ।।''
ਆਪ ਨੇ  ਜਿਸ ਨਿਰਭੈਤਾ ਤੇ ਨਿਡਰਤਾ ਨਾਲ ਬਾਬਰ ਦੇ ਜ਼ੁਲਮਾਂ ਦਾ ਜ਼ਿਕਰ ਕੀਤਾ ਹੈ ਉਹ ਇਕ ਾਂਤੀਕਾਰੀ ਲੇਖਣੀ ਦਾ ਸਬੂਤ ਹੈ। ਅਜਿਹੇ ਜ਼ਾਬਰ ਬਾਦਸ਼ਾਹਾਂ ਦੇ ਵਿਰੁੱਧ ਸ਼ਰੇਆਮ ਲਿਖਤੀ ਪ੍ਰਚਾਰ ਕਿਸੇ ਬਗਾਵਤ ਤੋਂ ਘੱਟ ਨਹੀਂ। ਇਸੇ ਸੰਦਰਭ ਵਿਚ ਡਾ. ਗੋਕਲ ਚੰਦ ਨਾਰੰਗ ਲਿਖਦਾ ਹੈ: ''ਸਦੀਆਂ ਦੀ ਅਧੀਨਤਾ ਤੋਂ ਬਾਅਦ ਗੁਰੂ ਨਾਨਕ ਪਹਿਲੇ ਪੁਰਸ਼ ਸਨ ਜਿਸ ਨੇ ਜ਼ੁਲਮ ਤੇ ਜਬਰ ਵਿਰੁੱਧ ਆਵਾਜ਼ ਉਠਾਈ। ਗੁਰੂ ਨਾਨਕ ਨੇ ਮੁਸਲਮਾਨਾਂ ਦੀ ਧੱਕੇਸ਼ਾਹੀ ਤੇ ਕੱਟੜਤਾ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਹਿੰਦੂਆਂ ਦੇ ਕਸ਼ਟਾਂ ਦਾ ਦਰਦ ਭਰੇ ਸ਼ਬਦਾਂ ਵਿਚ ਬਿਆਨ ਕੀਤਾ। ਇਹੋ ਜਿਹੀ ਖਰੀ ਖਰੀ ਨੁਕਤਾਚੀਨੀ ਨੂੰ ਅੱਜ ਕੱਲ੍ਹ ਦੀ ਭਾਸ਼ਾ ਵਿਚ ਬਗਾਵਤ ਆਖਿਆ ਜਾਂਦਾ ਹੈ।
ਪੰਡਿਤ ਗੋਪਾਲ ਚੰਦ ਕੋਲੋਂ ਹਿੰਦੀ, ਪੰਡਿਤ ਬ੍ਰਿਜ ਲਾਲ ਕੋਲੋਂ ਸੰਸਕ੍ਰਿਤ ਅਤੇ ਮੌਲਵੀ ਕੁਤਬਦੀਨ ਕੋਲੋਂ ਅਰਬੀ ਤੇ ਫਾਰਸੀ ਦੀ ਪੜ੍ਹਾਈ ਪੜ੍ਹਨ ਵਾਲੇ ਗੁਰੂ ਨਾਨਕ ਜੀ ਨੇ ਆਪਣੇ ਤਿੰਨਾਂ ਉਸਤਾਦਾਂ ਨੂੰ ਫੁਰਮਾਇਆ ਕਿ ਪ੍ਰਭੂ ਦੇ ਗਿਆਨ ਤੋਂ ਬਿਨਾਂ ਇਹ ਸਾਰੀਆਂ ਦੁਨਿਆਵੀ ਪੜ੍ਹਾਈਆਂ ਅਧੂਰੀਆਂ ਤੇ ਫਜ਼ੂਲ ਹਨ। ਸਮੇਂ ਦੇ ਲੋਕ-ਰਿਵਾਜਾਂ ਦੇ ਅਨੁਸਾਰ ਜਦੋਂ ਪੰਡਤ ਹਰਿਦਿਆਲ ਜੀ ਆਪ ਨੂੰ ਸੂਤ ਦਾ ਜਨੇਊ ਪਾਉਣ ਲੱਗੇ ਤਾਂ ਗੁਰੂ ਜੀ ਨੇ ਪੰਡਤ ਜੀ ਨੂੰ ਚੈਲੰਜ ਕਰਦਿਆਂ ਕਿਹਾ, ''ਪੰਡਤ ਜੀ! ਮੈਨੂੰ ਅਜਿਹੇ ਜਨੇਊ ਦੀ ਲੋੜ ਹੈ ਜੋ ਕਦੇ ਵੀ ਨਾ ਟੁੱਟੇ ਅਤੇ ਨਾ ਉਸ ਨੂੰ ਮੈਲ ਲੱਗੇ ਤੇ ਨਾ ਹੀ ਉਸ ਨੂੰ ਕੋਈ ਜਲਾ ਸਕੇ, ਆਪ ਨੇ ਫੁਰਮਾਇਆ:-
''ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ।।''
ਆਪ ਨੇ ਆਪਣੀ ਭਰ ਜਵਾਨੀ ਵਿਚ ਭਾਈ ਮਰਦਾਨੇ ਨੂੰ ਨਾਲ ਲੈ ਕੇ ਸਮੁੱਚੀ ਇਨਸਾਨੀਅਤ ਨੂੰ ਇਕ ਜੋਤ ਨਾਲ ਜੋੜਨ ਅਤੇ ਉਨ੍ਹਾਂ ਅੰਦਰ ਸਮਾਜਿਕ ਚੇਤੰਨਤਾ ਪੈਦਾ ਕਰਕੇ ਸਰਬ ਸਾਂਝੀਵਾਲਤਾ ਦੇ ਪਰਸਪਰ ਪਿਆਰ ਦਾ ਉਪਦੇਸ਼ ਦੇਣ ਲਈ ਉਸ ਸਮੇਂ ਦੇ ਵਿਸ਼ਾਲ ਹਿੰਦੁਸਤਾਨ ਸਮੇਤ ਹੋਰ ਵੀ ਵੱਖ-ਵੱਖ ਥਾਵਾਂ ਲਈ ਸੰਮਤ 1554 ਤੋਂ 1565 ਤਕ (ਸੰਨ 1497 ਤੋਂ 1508 ਤਕ) ਪੂਰਬ, 1567 ਤੋਂ 1572 ਤਕ (ਸੰਨ 1510 ਤੋਂ 1515 ਤਕ) ਦੱਖਣ, 1573 ਤੋਂ 1575 ਤਕ (ਸੰਨ 1516 ਤੋਂ 1518 ਤਕ) ਉੱਤਰ ਅਤੇ 1575 ਤੋਂ 1579 ਤਕ  (ਸੰਨ 1518 ਤੋਂ 1522 ਤਕ) ਪੱਛਮ ਦਿਸ਼ਾ ਵੱਲ ਚਾਰ ਯਾਤਰਾਵਾਂ (ਉਦਾਸੀਆਂ) ਕੀਤੀਆਂ। ਇਨ੍ਹਾਂ ਯਾਤਰਾਵਾਂ ਦੌਰਾਨ ਆਪ ਨੇ ਲੋਕਾਂ ਨੂੰ ਹੱਕ ਹਲਾਲ ਦੀ ਕਿਰਤ ਕਰਨ ਲਈ ਹਿੰਦੂਆਂ ਤੇ ਮੁਸਲਮਾਨਾਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ:-
''ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ।''
ਆਪ ਵੱਲੋਂ ਸੱਚੀ ਕਿਰਤ ਨੂੰ ਦੁੱਧ ਅਤੇ ਹਰਾਮ ਦੀ ਕਿਰਤ ਨੂੰ ਲਹੂ ਦੇ ਬਰਾਬਰ ਸਿੱਧ ਕਰਦੇ ਹੋਏ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਅਤੇ ਮਲਿਕ ਭਾਗੋ ਦੀ ਰੋਟੀ ਵਿਚੋਂ ਲਹੂ ਦੀਆਂ ਧਾਰਾਂ ਕੱਢ ਕੇ ਸਭਨਾਂ ਨੂੰ ਸੁੱਚੀ ਕਿਰਤ ਨਾਲ ਜੋੜਨ ਦਾ ਉਪਦੇਸ਼ ਦਿੱਤਾ। ਇਸੇ ਉਦੇਸ਼ ਨਾਲ ਆਪ ਨੇ ਸੱਜਣ ਠੱਗ ਅਤੇ ਕੋਡੇ ਰਾਖਸ਼ ਵਰਗੇ ਬਹੁਤੇ ਸਾਰੇ ਕੁਰਾਹੀਆਂ ਨੂੰ ਸਿੱਧੇ ਰਾਹ ਪਾਇਆ। ਜਿੱਥੇ ਆਪ ਨੇ ਧਰਮ ਦੀ ਕਿਰਤ ਕਰਨ, ਸੱਚ ਬੋਲਣ, ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉੱਥੇ ਲੋਕਾਂ ਦੇ ਦਿਲਾਂ ਵਿਚੋਂ ਹਕੂਮਤ ਦਾ ਭੈਅ, ਰੋਹਬ, ਹੀਣ ਤੇ ਦਾਸ ਭਾਵਨਾ ਕੱਢ ਕੇ ਉਨ੍ਹਾਂ ਨੂੰ ਨਿਡਰਤਾ ਅਤੇ ਅਣਖ ਨਾਲ ਜਿਊਣ ਲਈ ਧੱਕੇਸ਼ਾਹੀ ਤੇ ਅਨਿਆਂ ਖ਼ਿਲਾਫ਼ ਚੱਟਾਨ ਵਾਂਗ ਡਟਣ ਲਈ ਉਤਸ਼ਾਹਤ ਕੀਤਾ।
ਭਾਵੇਂ ਗੁਰੂ ਨਾਨਕ ਜੀ ਨੇ ਸਮੇਂ ਦੀ ਹਕੂਮਤ ਨਾਲ ਹਥਿਆਰਬੰਦ ਟੱਕਰ ਤਾਂ ਨਹੀਂ ਲਈ ਪਰ ਜਬਰ ਤੇ ਜ਼ੁਲਮ ਵਿਰੁੱਧ ਤੋਰੀ ਪਰੰਪਰਾ ਨੂੰ ਸੁਰਜੀਤ ਕਰਕੇ ਸਹੀ ਮਾਰਗ 'ਤੇ ਪਾਇਆ ਜਿਹੜੀ 1699 ਈ. ਵਿਚ 'ਖਾਲਸਾ ਪੰਥ' ਦੀ ਸਿਰਜਣਾ ਨਾਲ ਸਿਖਰ 'ਤੇ ਪੁੱਜ ਗਈ। ਸਮੁੱਚੀ ਲੋਕਾਈ ਅੰਦਰ ਆਤਮ ਵਿਸ਼ਵਾਸ, ਦ੍ਰਿੜ੍ਹਤਾ, ਸਵੈਮਾਨ, ਅਣਖ ਤੇ ਦਲੇਰੀ ਪੈਦਾ ਕਰਕੇ ਉਨ੍ਹਾਂ ਨੂੰ ਢਹਿੰਦੀ ਕਲਾ ਵਿਚੋਂ ਚੜ੍ਹਦੀ ਕਲਾ ਵਿਚ ਲਿਆਉਣ ਵਾਲੇ ਅੰਤਰਯਾਮੀ ਨਿਰਭੈ ਸੂਰਬੀਰ ਸ੍ਰੀ ਗੁਰੂ ਨਾਨਕ ਦੇਵ ਜੀ 1539 ਈ. ਵਿਚ ਜੋਤੀ ਜੋਤ ਸਮਾ ਗਏ।
ਸਤਯੁੱਗ ਵਿਚ ਭਗਤ ਪ੍ਰਹਲਾਦ, ਤਰੇਤਾ ਯੁੱਗ ਵਿਚ ਭਗਵਾਨ ਸ੍ਰੀ ਰਾਮ ਚੰਦਰ, ਦੁਆਪਰ ਯੁੱਗ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਕਲਯੁੱਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ ਹਨ। ਕੇਵਲ ਤੇ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਰਬੱਤ ਦੇ ਭਲੇ ਲਈ ਬਹੁਤ ਲੰਮੀ ਪੈਦਲ ਯਾਤਰਾ ਕੀਤੀ ਅਤੇ ਦੁਨੀਆਂ ਵਿਚ ਫੈਲੇ ਅੰਧਕਾਰ, ਕੁਰੀਤੀਆਂ ਨੂੰ ਦੂਰ ਕਰਕੇ ਲੋਕਾਂ ਵਿਚ ਸਦਾਚਾਰਕ ਕੀਮਤਾਂ ਪੈਦਾ ਕੀਤੀਆਂ।      

ਸਫੀ ਮੁਹੰਮਦ ਮੂੰਗੋ