ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅੱਚਲ ਬਟਾਲਾ ਸ਼ਿਵ ਜੀ ਤੇ ਗੁਰੂ ਨਾਨਕ ਦੀ ਵਿਰਾਸਤ


ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨਗਰ ਬਟਾਲਾ ਤੋਂ 6 ਕਿਲੋਮੀਟਰ ਦੂਰ ਜਲੰਧਰ ਆਉਂਦੀ ਸੜਕ 'ਤੇ ਇਕ ਪਿੰਡ ਹੈ ਸਲ੍ਹੋ ਚਾਹਲ। ਉਥੇ ਇਕ ਪੁਰਾਤਨ ਸ਼ਿਵ ਮੰਦਰ ਹੈ ਅਚਲੇਸ਼ਵਰ ਧਾਮ। ਇਸ ਸਬੰਧੀ ਮਿਥਿਹਾਸਕ ਗਾਥਾ ਹੈ ਕਿ ਜਦੋਂ ਸ਼ੰਕਰ ਜੀ ਨੇ ਆਪਣੇ ਦੋਨ੍ਹਾਂ ਪੁਤਰਾਂ ਨੂੰ ਬੁਲਾ ਕੇ ਕਿਹਾ ਕਿ ਜਿਹੜਾ ਮਾਤਲੋਕ ਦੀ ਪਹਿਲਾਂ ਪ੍ਰਦੱਖਣਾ ਕਰ ਕੇ ਆਵੇਗਾ, ਉਸ ਨੂੰ ਰਾਜ ਤਿਲਕ ਦਿੱਤਾ ਜਾਵੇਗਾ। ਫਿਰ ਕਾਰਤਿਕ ਸਵਾਮੀ ਮਾਤਲੋਕ ਦੀ ਪ੍ਰਦਖਣਾ ਕਰਦੇ-ਕਰਦੇ ਅਚਲੇਸ਼ਵਰ ਤੀਰਥ 'ਤੇ ਆਏ। ਇਤਨੀ ਦੇਰ ਨੂੰ ਨਾਰਦ ਜੀ ਆਏ ਤਾਂ ਕਾਰਤਿਕ ਜੀ ਨੇ ਨਾਰਦ ਨੂੰ ਕਿਹਾ, “ਨਾਰਦ ਜੀ, ਕੈਲਾਸ਼ ਦਾ ਕੀ ਸਮਾਚਾਰ ਹੈ” ਤਾਂ ਨਾਰਦ ਜੀ ਨੇ ਕਿਹਾ, “ਮਹਾਰਾਜ ਰਾਜ ਤਿਲਕ ਤਾਂ ਗਣੇਸ਼ ਜੀ ਨੂੰ ਮਿਲ ਗਿਆ ਹੈ, ਤਾਂ ਕਾਰਤਿਕ ਜੀ ਨੇ ਕਿਹਾ ਕਿ ਮੈਂ ਅਚਲੇਸ਼ਵਰ 'ਤੇ ਹੀ ਅਚੱਲ ਹੋ ਕੇ ਰਹਾਂਗਾ। ਨਾਰਦ ਜੀ ਨੇ ਕੈਲਾਸ਼ ਜਾ ਕੇ ਭਗਵਾਨ ਸ਼ੰਕਰ ਤੇ ਮਾਤਾ ਪਾਰਵਤੀ ਨੂੰ ਦੱਸਿਆ ਕਿ ਮਹਾਰਾਜਾ ਕਾਰਤਿਕ ਜੀ ਅਚਲੇਸ਼ਵਰ 'ਤੇ ਨਾਰਾਜ਼ ਹੋ ਕੇ ਬੈਠ ਗਿਆ ਹੈ ਤੇ ਕਹਿੰਦਾ ਹੈ ਕਿ ਮੈਂ ਅਚਲੇਸ਼ਵਰ 'ਤੇ ਹੀ ਅਚੱਲ ਹੋ ਕੇ ਰਹਾਂਗਾ। ਨਾਰਦ ਦੀ ਗੱਲ ਸੁਣ ਕੇ ਸ਼ੰਕਰ ਭਗਵਾਨ, ਮਾਤਾ ਪਾਰਵਤੀ ਅਤੇ 33 ਕਰੋੜ ਦੇਵਤੇ ਕਾਰਤਿਕ ਸਵਾਮੀ ਜੀ ਨੂੰ ਮਨਾਉਣ ਲਈ ਇਸ ਤੀਰਥ ਅਸਥਾਨ 'ਤੇ ਆਏ।
ਪਰ ਕਾਰਤਿਕ ਜੀ ਨੇ ਕਿਹਾ ਕਿ ਮੈਂ ਅਚੱਲ ਹੋ ਕੇ ਰਹਾਂਗਾ। ਤਾਂ ਸ਼ੰਕਰ ਜੀ ਨੇ ਕਾਰਤਿਕ ਜੀ ਨੂੰ ਵਰ ਦਿੱਤਾ ਕਿ ਤੇਰੇ ਅਚਲੇਸ਼ਵਰ ਸਥਾਨ 'ਤੇ ਨੌਵੀਂ ਦਸਵੀਂ ਪਰਵ ਮਨਾਇਆ ਜਾਵੇਗਾ, ਜਿਸ ਵਿੱਚ 33 ਕਰੋੜ ਦੇਵੀ ਦੇਵਤੇ ਹਾਜ਼ਰ ਹੋਣਗੇ, ਤੂੰ ਕਿਸੇ ਕੋਲ ਚੱਲ ਕੇ ਨਹੀਂ ਜਾਵੇਗਾ। ਉਦੋਂ ਤੋਂ ਦੀਵਾਲੀ ਤੋਂ 8 ਦਿਨ ਬਾਅਦ ਇਥੇ ਨੌਵੀਂ ਦਸਵੀਂ ਦਾ ਮੇਲਾ ਲੱਗਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਿਥਿਹਾਸ ਦੇ ਉਲਟ ਵਿਚਾਰਾਂ ਨਾਲ ਇਸ ਸਥਾਨ 'ਤੇ ਫੱਗਣ ਸੰਮਤ 1583 ਨੂੰ ਸ਼ਿਵਰਾਤਰੀ ਦੇ ਮੇਲੇ 'ਤੇ ਜੋਗੀਆਂ ਨਾਲ ਸਿੱਧ ਗੋਸ਼ਟ ਦੀ ਚਰਚਾ ਕੀਤੀ। ਭਾਈ ਗੁਰਦਾਸ ਜੀ ਨੇ ਬਾਬਾ ਗੁਰੂ ਨਾਨਕ ਦੀ ਇਸ ਫੇਰੀ ਦਾ ਇਉਂ ਜ਼ਿਕਰ ਕੀਤਾ ਹੈ -
“ਮੇਲਾ ਸੁਣਿ ਸਵਿਰਾਤਿ ਦਾ ਬਾਬਾ ਅਚਲ ਵਟਾਲੇ ਆਈ।”
ਜੋਗੀਆਂ ਦੇ ਆਗੂ ਭੰਗਰ ਨਾਥ ਨਾਲ ਜੋ ਵਾਰਤਾਲਾਪ ਹੋਈ ਉਸ ਦਾ ਹਵਾਲਾ ਵੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਇਸ ਤਰ੍ਹਾਂ ਕਰਦੇ ਹਨ, ਜੋਗੀ ਭੰਗਰ ਨਾਥ ਨੇ ਗੁਰੂ ਜੀ ਨੂੰ ਪੁੱਛਿਆ-
“ਭੇਖ ਉਤਾਰਿ ਉਦਾਸਿ ਦਾ ਵਤਿ
ਕਿਉ ਸੰਸਾਰੀ ਰੀਤਿ ਚਲਾਈ।”
ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ-  
“ਹੋਇ ਅਤੀਤੁ ਗ੍ਰਿਹਸਤਿ ਤਜਿ
ਫਿਰਿ ਉਨਹੁ ਕੇ ਬਰਿ ਮੰਗਾਣਿ ਜਾਈ।”
ਬਾਬਾ ਜੀ ਦਾ ਜੁਆਬ ਸੁਣ ਕੇ ਜੋਗੀ ਭੰਗਰ ਨਾਥ ਦੀ ਤਸੱਲੀ ਹੋਈ ਤੇ ਬਾਬਾ ਜੀ ਦੇ ਚਰਨਾਂ 'ਤੇ ਸੀਸ ਨਿਵਾਇਆ। ਗੁਰੂ ਬਾਬਾ ਨਾਨਕ ਨੇ ਖੁਸ਼ੀ ਵਿੱਚ ਇਥੇ ਇਕ ਦਾਤਣ ਲਾ ਦਿੱਤੀ। ਸੰਗਤਾਂ ਆਖਿਆ ਬਾਬਾ ਜੀ ਇਹ ਤਾਂ ਕੰਡਿਆਂ ਵਾਲਾ ਰੁੱਖ ਲੱਗ ਗਿਐ, ਤਾਂ ਬਾਬੇ ਨਾਨਕ ਨੇ ਪੁੱਛਿਆ ਤੁਹਾਨੂੰ ਕਿਹੜਾ ਚਾਹੀਦਾ ਤਾਂ ਸੰਗਤਾਂ ਕਿਹਾ ਕੋਈ ਫਲਦਾਰ ਰੁੱਖ ਹੋਣਾ ਚਾਹੀਦਾ ਹੈ ਤਾਂ ਗੁਰੂ ਜੀ ਨੇ ਆਖਿਆ ਜੋ ਅਕਾਲਪੁਰਖ ਦਾ ਭਾਣਾ ਸੀ ਉਹ ਹੋ ਗਿਐ, ਹੁਣ ਇਸ ਕਿੱਕਰ ਤੋਂ, ਬੇਰੀ ਸਾਹਿਬ ਬਣੇਗਾ ਤੇ ਇਹ ਬੇਰੀ ਸਾਹਿਬ ਨੂੰ 12 ਮਹੀਨੇ ਫਲ ਲੱਗਿਆ ਕਰੇਗਾ। ਉਹ ਬੇਰੀ ਸਾਹਿਬ ਹੁਣ ਵੀ ਅੱਚਲ ਸਾਹਿਬ ਗੁਰਦੁਆਰੇ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਪ੍ਰਕਰਮਾਂ ਵਿਚ ਮੌਜੂਦ ਹੈ ਤੇ ਫਲ ਲੱਗਦਾ ਹੈ।
ਇਹ ਅਸਥਾਨ ਛੇਵੀਂ ਪਾਤਸ਼ਾਹੀ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਵੀ ਹੈ। ਜਦ ਉਹ ਵੈਸਾਖ 1625 ਈ. ਨੂੰ ਨਗਰ ਬਟਾਲਾ ਵਿਖੇ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਤਾਂ ਇਥੇ ਆਏ ਸਨ ਤਾਂ ਉਨ੍ਹਾਂ ਅੱਠ ਭੁਜੀ ਵੀ ਬਣਵਾਈ ਜੋ ਹੁਣ ਗੁਰਦੁਆਰੇ ਸਾਹਿਬ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਬਾਹਰਲੇ ਪਾਸੇ ਮੌਜੂਦ ਹੈ।   ਗੁਰੂ ਨਾਨਕ ਜੀ ਦੇ ਮੇਲੇ 'ਤੇ ਆਉਣ ਮਗਰੋਂ ਅੱਜ ਵੀ ਉਨ੍ਹਾਂ ਦੀ ਯਾਦ ਵਿਚ ਕੱਤਕ ਮੱਸਿਆ ਤੋਂ ਨੌਵੀਂ-ਦਸਵੀਂ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ ਤੇ ਸੰਗਤਾਂ ਗੁਰਦੁਆਰਾ ਅਚੱਲ ਸਾਹਿਬ ਤੇ ਅਚਲੇਸ਼ਵਰ ਧਾਮ ਦੇ ਦਰਸ਼ਨ ਕਰਦੀਆਂ ਹਨ।

ਡਾ. ਮਿਹਰਬਾਨ ਸਿੰਘ