ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਦੇਵ ਜੀ ਦਾ ਪੱਤਰਕਾਰੀ ਪ੍ਰਤੀ ਦ੍ਰਿਸ਼ਟੀਕੋਣ


ਵਰਤਮਾਨ ਯੁੱਗ ਵਿੱਚ ਪੱਤਰਕਾਰੀ ਦਾ ਮਹੱਤਵ ਬਹੁਤ ਵੱਧ ਗਿਆ ਹੈ। ਪੱਤਰਕਾਰੀ ਇਕ ਕਲਾ ਹੈ, ਇੱਕ ਜ਼ਜ਼ਬਾ ਹੈ ਅਤੇ ਇੱਕ ਸੱਚਾਈ ਹੈ। ਉਨ੍ਹਾਂ ਵਲੋਂ ਉਚਾਰੀ ਬਾਣੀ ਵਿੱਚ ਇੱਕ ਆਦਰਸ਼ ਪੱਤਰਕਾਰ ਦਾ ਸਿਧਾਂਤ ਦ੍ਰਿਸ਼ਟੀਗੋਚਰ ਹੁੰਦਾ ਹੈ। ਉਨ੍ਹਾਂ ਅਨੁਸਾਰ ਪੱਤਰਕਾਰੀ ਇੱਕ ਪ੍ਰਕਾਰ ਸਮਾਜ ਦੀ ਨਿਸ਼ਕਾਮ ਸੇਵਾ ਹੈ, ਭਵਿੱਖ ਨੂੰ ਹੋਰ ਚੰਗੇਰਾ ਬਣਾਉਣ ਲਈ ਇੱਕ ਉੱਦਮ ਹੈ, ਝੂਠ ਤੇ ਸੱਚ ਦੇ ਫ਼ਰਕ ਨੂੰ ਉਜਾਗਰ ਕਰਨ ਦਾ ਸਾਧਨ ਹੈ, ਆਪਾ ਵਾਰ ਕੇ ਦੂਸਰਿਆਂ ਦਾ ਭਲਾ ਕਰਨਾ ਹੈ ਅਤੇ ਸਹੀ ਅਰਥਾਂ ਵਿੱਚ ਦੇਸ਼ ਕੌਮ ਦੀ ਖਾਤਰ ਮਰ ਮਿਟਣ ਦਾ ਸੰਕਲਪ ਹੈ। ਇਸ ਤੋਂ ਵੀ ਅੱਗੇ ਵੱਧ ਕੇ ਜੇ ਇਹ ਕਿਹਾ ਜਾਵੇ ਕਿ ਪੱਤਰਕਾਰੀ ਪੂਰੀ ਦੁਨੀਆਂ ਨੂੰ ਇੱਕ ਨਵੀਂ ਨਰੋਈ ਸੇਧ ਦਿੰਦੀ ਹੈ, ਦੁਨੀਆਂ ਭਰ ਦੇ ਲੋਕਾਂ ਨੂੰ ਬੇਹਤਰ ਤੇ ਉਸਾਰੂ ਜੀਵਨ-ਜਾਂਚ ਪ੍ਰਦਾਨ ਕਰਦੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਜੇਕਰ ਪੱਤਰਕਾਰੀ ਦੇ ਸਹੀ ਮਾਅਨਿਆਂ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਇੱਕ ਪੱਤਰਕਾਰ ਆਪਣੀ ਕਲਮ ਰਾਹੀਂ ਵਿਸ਼ਵ-ਭਾਈਚਾਰੇ ਦੇ ਸੰਕਲਪ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ ਪਰ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਇੱਕ ਪੱਤਰਕਾਰ ਇੱਕ ਮਿਸ਼ਨ ਦੀ ਤਰ੍ਹਾਂ ਲੋਭ ਰਹਿਤ ਨਿਸ਼ਕਾਮ ਸੇਵਾ ਲਈ ਇਸ ਕਿੱਤੇ ਵਿੱਚ ਪੈਰ ਰੱਖੇ। ਉਸ ਦਾ ਟੀਚਾ ਕੇਵਲ ਤੇ ਕੇਵਲ ਸੱਚਾਈ ਦੇ ਸਿਧਾਂਤਾਂ, ਤੇ ਚੱਲ ਕੇ ਦੁਨੀਆਂ ਭਰ ਦੇ ਲੋਕਾਂ ਨੂੰ ਸਹੀ ਅਤੇ ਅਸਲ ਸਥਿਤੀ ਤੋਂ ਜਾਣੂ ਕਰਾਏ।
ਪੱਤਰਕਾਰੀ ਦੇ ਮਕਸਦ ਨੂੰ ਹਾਸਲ ਕਰਨ ਲਈ ਪੱਤਰਕਾਰ ਦਾ ਸਚਿਆਰਾ ਹੋਣਾ ਸਭ ਤੋਂ ਜ਼ਰੂਰੀ ਹੈ। ਜੇਕਰ ਉਹ ਸੱਚ ਤੋਂ ਪਰੇ ਹੱਟ ਕੇ ਵਿਚਰੇਗਾ ਤਾਂ ਉਸ ਲਈ ਪੱਤਰਕਾਰੀ ਇੱਕ ਪਾਖੰਡ ਅਤੇ ਫ਼ਰੇਬ ਤੋਂ ਵੱਧ ਕੇ ਕੁਝ ਨਹੀਂ ਹੈ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਰਾਗ ਮਲਾਰ ਵਿੱਚ ਇਸ ਵਿਸ਼ੇਸ਼ ਕਿੱਤੇ ਵਿੱਚ ਵਿਚਰ ਰਹੇ ਲੋਕਾਂ ਪ੍ਰਤੀ ਆਪਣੇ ਵਿਚਾਰ ਇਸ ਪ੍ਰਕਾਰ ਅੰਕਿਤ ਕੀਤੇ ਹਨ:
ਧੰਨ ਸੁ ਕਾਗਦੁ ਕਲਮ ਧੰਨੁ ਧਨ ਭਾਂਡਾ ਧਨੁ ਮਸੁ£
ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ£
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1291)
ਇਸ ਪ੍ਰਕਾਰ ਇੱਕ ਪੱਤਰਕਾਰ ਲਈ ਸੱਚਾਈ ਦਾ ਰਖਵਾਲਾ ਹੋਣਾ ਸਭ ਤੋਂ ਮੁੱਢਲਾ ਅਤੇ ਤੇ ਜ਼ਰੂਰੀ ਪਹਿਲੂ ਹੈ। ਉਸ ਦੀ ਲਿਖਤ ਤਾਂ ਹੀ ਸੱਚ ਦਾ ਰੂਪ ਲੈ ਸਕਦੀ ਹੈ ਜੇਕਰ ਉਹ ਸਚਿਆਈ ਨੂੰ ਆਪਣੇ ਪਾਠਕਾਂ ਦੇ ਸਾਹਮਣੇ ਰੱਖੇ। ਜੇਕਰ ਉਹ ਜ਼ਰਾ ਵੀ ਇਸ ਤੋਂ ਪਿੱਛੇ ਹੱਟਦਾ ਹੈ ਤਾਂ ਉਹ ਆਪਣੇ ਕਰਤੱਵਾਂ ਦਾ ਇਮਾਨਦਾਰੀ ਨਾਲ ਪਾਲਣ ਨਹੀਂ ਕਰ ਰਿਹਾ। ਕਈ ਵਾਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਕਈ ਪੱਤਰਕਾਰ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ ਤਾਂ ਜੋ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਨਿੱਜੀ ਲਾਭ ਲੈ ਸਕਣ। ਜੇਕਰ ਕੋਈ ਪੱਤਰਕਾਰ ਪੈਸੇ ਦੀ ਖ਼ਾਤਰ ਇਸ ਕਿੱਤੇ ਨੂੰ ਅਪਨਾਉਂਦਾ ਹੈ ਤਾਂ ਉਹ ਆਪਣੇ ਪੇਸ਼ੇ ਪ੍ਰਤੀ ਗੰਭੀਰ ਨਹੀਂ ਹੈ।
ਉਸ ਦਾ ਮਕਸਦ ਤਾਂ ਕੇਵਲ ਤੇ ਕੇਵਲ ਨਿਸ਼ਕਾਮ ਸੇਵਾ ਕਰਕੇ ਆਪਣੇ ਸਮਾਜ ਤੇ ਦੇਸ਼ ਦੇ ਭਵਿੱਖ ਨੂੰ ਹੋਰ ਚੰਗੇਰਾ ਤੇ ਵਿਕਸਤ ਬਣਾਉਣਾ ਹੋਣਾ ਚਾਹੀਦਾ ਹੈ। ਜੇਕਰ ਪੱਤਰਕਾਰੀ ਦੇ ਸਹੀ ਅਰਥਾਂ ਨੂੰ ਤਰਾਸ਼ਿਆ ਜਾਵੇ ਤਾਂ ਇਹੀ ਪ੍ਰਤੀਤ ਹੁੰਦਾ ਹੈ ਕਿ ਪੱਤਰਕਾਰੀ ਇੱਕ ਨੇਕ ਅਤੇ ਪਵਿੱਤਰ ਪੇਸ਼ਾ ਹੈ ਅਤੇ ਇਸ ਵਿਚ ਮਿਲਾਵਟ ਦੀ ਬਿਲਕੁਲ ਗੁੰਜਾਇਸ਼ ਨਹੀਂ ਹੈ। ਅਸੂਲਾਂ ਤੋਂ ਪਰੇ ਹੱਟ ਕੇ ਕੁਝ ਕਰਨਾ ਆਪਣੇ ਲੋਕਾਂ ਪ੍ਰਤੀ ਧ੍ਰੋਹ ਕਮਾਉਣ ਦੇ ਬਰਾਬਰ ਹੈ। ਜੇਕਰ ਕੋਈ ਸਿਰਫ਼ ਪੈਸੇ ਦੀ ਖਾਤਰ ਇਸ ਕਿੱਤੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਇੱਕ ਬਹੁਤ ਵੱਡੀ ਭੁੱਲ ਕਰ ਰਿਹਾ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਮਾਫ਼ ਨਹੀਂ ਕੀਤਾ ਜਾ ਸਕਦਾ। ਪੈਸਾ ਤਾਂ ਹੋਰ ਕੋਈ ਕੰਮ ਕਰਕੇ ਵੀ ਕਮਾਇਆ ਜਾ ਸਕਦਾ ਹੈ ਪਰ ਪੱਤਰਕਾਰੀ ਵਿੱਚ ਪੈਸੇ ਨੂੰ ਸਾਹਮਣੇ ਰੱਖ ਕੇ ਚੱਲਣਾ ਇਸ ਪ੍ਰਤੀ ਨਿਆਂ ਨਹੀਂ ਹੈ। ਪੱਤਰਕਾਰੀ ਤਾਂ ਆਪਾ ਵਾਰ ਕੇ ਦੂਸਰਿਆਂ ਲਈ ਕੁਝ ਕਰ ਸਕਣ ਦਾ ਸੰਕਲਪ ਹੈ ਕਿਉਂਕਿ ਉਸ ਦਾ ਮਕਸਦ ਤਾਂ ਕੇਵਲ ਸਮਾਜ ਨੂੰ ਸਹੀ, ਨਿਰੋਗ ਤੇ ਸੁਚੱਜੀ ਦਿਸ਼ਾ ਦੇਣਾ ਹੈ। ਇਹ ਤਾਂ ਇੱਕ ਪ੍ਰਕਾਰ ਆਪ ਕੰਡਿਆਂ 'ਤੇ ਚੱਲ ਕੇ ਦੂਸਰਿਆਂ ਦੇ ਜੀਵਨ ਵਿੱਚ ਮਹਿਕ ਖਿਲਾਰਨੀ ਹੈ। ਕੇਵਲ ਉਸੇ ਵਿਅਕਤੀ ਨੂੰ ਇਸ ਕਿੱਤੇ ਵਿੱਚ ਪੈਰ ਰੱਖਣਾ ਚਾਹੀਦਾ ਹੈ ਜੋ ਗੁਰੂ ਨਾਨਕ ਦੇ ਇਸ ਸ਼ਬਦ ਨੂੰ ਆਪਣੇ ਅੰਦਰ ਸਮੋ ਲੈਣ ਦੀ ਸਮਰੱਥਾ ਰੱਖਦੇ ਹਨ :
ਜਉ ਤਉ ਪ੍ਰੇਮ ਖੇਲਣ ਕਾ ਚਾਉ£
ਸਿਰ ਧਰਿ ਤਲੀ ਗਲੀ ਮੇਰੀ ਆਉ£
ਇਤੁ ਮਾਰਗਿ ਪੈਰੁ ਧਰੀਜੈ£
ਸਿਰੁ ਦੀਜੈ ਕਾਣਿ ਨ ਕੀਜੈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1412)
ਇਸ ਪ੍ਰਕਾਰ ਪੱਤਰਕਾਰੀ ਪੇਸ਼ੇ ਦਾ ਧਾਰਨੀ ਮਨੁੱਖ ਆਪਾ ਵਾਰ ਕੇ ਦੂਸਰਿਆਂ ਨੂੰ ਸੁੱਖ ਦਿੰਦਾ ਹੈ। ਆਪਾ ਮਾਰ ਕੇ ਦੂਜਿਆਂ ਨੂੰ ਜੀਵਨ-ਜਾਂਚ ਸਿਖਾਉਂਦਾ ਹੈ। ਸਹੀ ਅਰਥਾਂ ਵਿੱਚ ਅਜਿਹੀ ਧਾਰਨਾ ਦਾ ਵਿਅਕਤੀ ਇੱਕ ਸੁਚੱਜਾ ਪੱਤਰਕਾਰ ਅਖਵਾਉਣ ਦੇ ਕਾਬਲ ਹੈ ਪਰ ਵਰਤਮਾਨ ਯੁੱਗ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਪੱਤਰਕਾਰੀ ਵਰਗੇ ਨੇਕ ਕੰਮ ਨੂੰ ਇੱਕ ਵਪਾਰ ਬਣਾ ਲਿਆ ਗਿਆ ਹੈ ਕਿ ਕਿਵੇਂ ਇਸ ਤੋਂ ਵੱਧ ਤੋਂ ਵੱਧ ਲਾਭ ਕਮਾਇਆ ਜਾ ਸਕੇ, ਬੇਸ਼ੱਕ ਉਹ ਝੂਠ ਤੇ ਪਾਖੰਡ 'ਤੇ ਆਧਾਰਤ ਹੀ ਕਿਉਂ ਨਾ ਹੋਵੇ। ਸਦਾਚਾਰ ਨੂੰ ਛਿੱਕੇ ਟੰਗ ਕੇ ਸਿਰਫ਼ ਆਪਣੀ ਜੇਬ ਭ²ਰਨਾ ਕਿਥੋਂ ਦੀ ਪੱਤਰਕਾਰੀ ਹੋ ਸਕਦੀ ਹੈ? ਪੱਤਰਕਾਰੀ ਤਾਂ ਆਪਣੇ ਆਪ ਵਿੱਚ ਆਪਣੇ ਲੋਕਾਂ, ਸਮਾਜ, ਦੇਸ਼, ਕੌਮ ਅਤੇ ਪੂਰੀ ਦੁਨੀਆਂ ਪ੍ਰਤੀ ਸਨੇਹ ਅਤੇ ਨਿਸ਼ਕਾਮ ਸੇਵਾ ਦਾ ਦੂਜਾ ਨਾਂ ਹੈ, ਪਰ ਲੱਗਦਾ ਇਹ ਹੈ ਕਿ ਦੁਨੀਆਂ ਪੱਤਰਕਾਰੀ ਦੇ ਇਸ ਸਿਧਾਂਤ ਤੋਂ ਪਰੇ ਹੱਟ ਗਈ ਲੱਗਦੀ ਹੈ। ਦੁਨੀਆਂ ਨੂੰ ਲੋੜ ਇਸ ਗੱਲ ਦੀ ਹੈ ਕਿ ਪੱਤਰਕਾਰੀ ਦੇ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਸਦਾਚਾਰਕ ਕੀਮਤਾਂ, ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ, ਨਿਸ਼ਕਾਮ ਸੇਵਾ ਅਤੇ ਆਪਾ ਵਾਰ ਕੇ ਦੂਸਰਿਆਂ ਦੇ ਜੀਵਨ ਨੂੰ ਬੇਹਤਰ ਬਣਾਉਣ ਲਈ ਆਪਣਾ ਯੋਗਦਾਨ ਕਿਵੇਂ ਦਿੱਤਾ ਜਾਵੇ, ਇਸ ਪ੍ਰਤੀ ਤਿਆਰ ਕਰਨਾ ਚਾਹੀਦਾ ਹੈ। ਇਸ ਲਈ ਇਹ ਬੇਹਤਰ ਹੋਵੇਗਾ ਕਿ ਪੱਤਰਕਾਰੀ ਦੀ ਪੜ੍ਹਾਈ ਦੇ ਨਾਲ-ਨਾਲ ਸਦਾਚਾਰਕ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਯੂਨੀਵਰਸਿਟੀ ਵੱਲੋਂ ਪੱਤਰਕਾਰੀ ਪੜ²੍ਹਾਉਣ ਵਾਲੇ ਅਧਿਆਪਕ ਆਪਣੇ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਦੇ ਗੁਣ ਕੁੱਟ-ਕੁੱਟ ਕੇ ਭਰਨ ਤਾਂ ਹੀ ਉਹ ਇੱਕ ਸਫ਼ਲ ਅਤੇ ਉਸਾਰੂ ਪੱਤਰਕਾਰ ਪੈਦਾ ਕਰ ਸਕਦੇ ਹਨ। ਇੱਕ ਪੱਤਰਕਾਰ ਨੂੰ ਸਦਾ ਹਲੀਮੀ ਵਿੱਚ ਰਹਿ ਕੇ ਵਿਚਰਨਾ ਚਾਹੀਦਾ ਹੈ। ਉਸ ਨੂੰ ਕਿਸੇ ਵੀ ਹਾਲਤ ਵਿੱਚ ਫਿੱਕਾ ਬੋਲਣਾ ਤੇ ਲਿਖਣਾ ਨਹੀਂ ਚਾਹੀਦਾ ਹੈ। ਇਸ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਨਿਮਨ ਲਿਖਤ ਹਨ:
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣ£
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ£
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ£
(ਸਿਰੀ ਰਾਗੁ ਮਹਲਾ 1, ਪੰਨਾ 15)
ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ£
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ£
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ£
ਫਿਕਾ ਮੂਰਖ ਆਖੀਐ ਪਾਣਾ ਲਹੈ ਸਜਾਇ£
(ਆਸਾ ਦੀ ਵਾਰ, ਮਹੱਲਾ 1, ਪੰਨਾ 473)
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ£
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰ£
ਨਾਨਕ ਪਾਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ£
(ਰਾਗੁ ਸੂਹੀ, ਮਹਲਾ 1, ਪੰਨਾ 791)
ਇਸ ਪ੍ਰਕਾਰ ਹਲੀਮੀ ਜੀਵਨ-ਜਾਂਚ ਨੂੰ ਧਾਰਨ ਕਰਕੇ ਆਪਣੇ ਆਪ ਨੂੰ ਨੀਵਾਂ ਰੱਖ ਕੇ ਇਸ ਕਿੱਤੇ ਵਿੱਚ ਵਿਚਰਨਾ ਹੀ ਅਸਲ ਸ਼ਬਦਾਂ ਵਿੱਚ ਪੱਤਰਕਾਰੀ ਹੋ ਸਕਦੀ ਹੈ ਕਿਉਂਕਿ ਇੱਕ ਹਲੀਮੀ ਮਨੁੱਖ ਨਾ ਹੀ ਫਿੱਕਾ ਬੋਲਦਾ ਹੈ ਅਤੇ ਨਾ ਹੀ ਫਿੱਕਾ ਲਿਖਦਾ ਹੈ। ਉਸਦੀ ਲਿਖਤ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਪਕਿਆਈ ਆ ਜਾਂਦੀ ਹੈ ਅਤੇ ਫਿੱਕਾਪਨ ਦ੍ਰਿਸ਼ਟੀਗੋਚਰ ਨਹੀਂ ਹੁੰਦਾ। ਇਸ ਪ੍ਰਤੀ ਗੁਰੂ ਨਾਨਕ ਦੇਵ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਕਿ ਫਿੱਕਾ ਬੋਲਣ ਵਾਲੇ ਮਨੁੱਖ ਆਪਣੇ ਆਪ ਅਤੇ ਆਪਣੇ ਕਿੱਤੇ ਪ੍ਰਤੀ ਸੰਵੇਦਨਸ਼ੀਲ ਨਹੀਂ ਹੋ ਸਕਦੇ।
ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਸੰਪੂਰਨ ਪੱਤਰਕਾਰ ਉਹੀ ਹੈ ਜੋ ਸਦਾ ਨਿਰਮਲ ਅਤੇ ਹਲੀਮੀ ਵਿੱਚ ਰਹਿ ਕੇ ਨੀਵਾਂ ਹੋ ਕੇ ਵਿਚਰਦਾ ਹੈ। ਹੰਕਾਰ ਰਹਿਤ ਹੋ ਕੇ ਸਮਾਜ ਦੀ ਸੇਵਾ ਕਰਨਾ ਅਤੇ ਆਪਣੇ ਆਪ ਨੂੰ ਤੁੱਛ ਸਮਝ ਕੇ ਦੇਸ਼ ਕੌਮ ਦੀ ਖਾਤਰ ਆਪਣਾ ਸਭ ਕੁਝ ਨਿਛਾਵਰ ਕਰਨ ਵਿੱਚ ਹੀ ਖੁਸ਼ੀ ਮਹਿਸੂਸ ਕਰਨਾ ਹੀ ਅਸਲੀ ਪੱਤਰਕਾਰੀ ਦੀ ਮਿਸਾਲ ਸਿੱਧ ਹੋ ਸਕਦੀ ਹੈ। ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿੱਚ ਇੱਕ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਹਲੀਮੀ ਤੇ ਸਾਦਗੀ ਵਿੱਚ ਵਿਚਰਨ ਵਾਲਾ ਹੀ ਆਪਣੇ ਪੇਸ਼ੇ ਨੂੰ ਸੰਜ਼ੀਦਗੀ ਤੇ ਸੰਪੂਰਨਤਾ ਦਾ ਰੁਤਬਾ ਦੇ ਸਕਦੇ ਹਨ ਅਤੇ ਕਿੱਤੇ ਨੂੰ ਉਸ ਦੇ ਸਹੀ ਅਰਥ ਪ੍ਰਦਾਨ ਕਰ ਸਕਦੇ ਹਨ :
ਸਿੰਮਲ ਰੁਖੁ ਸ਼ਰਾਇਰਾ ਅਤਿ ਦੀਰਘ ਅਤਿ ਮੂਚੁ£
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ£
ਫਲ ਫਿਕੇ ਫੁਲ ਬਕਬਕੇ ਕੰਮ ਨ ਆਵਹਿ ਪਤ£
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਇਆ ਤਤੁ£
ਸਭ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ£
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ£
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ£
ਸੀਸ ਨਿਵਾਇਐ ਕਿਆ ਥੀਏ ਜਾ ਰਿਦੈ ਕੁਸੁਧੇ ਜਾਹਿ£
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 470)
ਇਸ ਤੋਂ ਅੱਗੇ ਵੱਧ ਕੇ ਇੱਕ ਸੰਪੂਰਨ ਪੱਤਰਕਾਰ ਆਪਣੇ ਗਿਆਨ ਰਾਹੀਂ ਇਸ ਸੰਸਾਰ ਦੀ ਨਿਸ਼ਕਾਮ ਸੇਵਾ ਕਰਦੇ ਹੋਏ ਆਪਾ ਵੀ ਸੁਆਰ ਲੈਂਦਾ ਹੈ। ਉਸ ਦਾ ਮਨ ਗਿਆਨ ਪ੍ਰਤੀ ਚੇਤੰਨ ਹੁੰਦਾ ਹੈ। ਉਹ ਸੰਸਾਰ ਨੂੰ ਸਹੀ ਦਿਸ਼ਾ ਦਿੰਦੇ ਹੋਏ ਲੋਕ ਅਤੇ ਪ੍ਰਲੋਕ ਵਿੱਚ ਆਪਣਾ ਜੱਸ ਖੱਟ ਲੈਂਦਾ ਹੈ। ਇਸ ਪ੍ਰਤੀ ਇਹ ਜ਼ਰੂਰੀ ਹੈ ਕਿ ਜੋ ਗਿਆਨ ਉਸ ਨੇ ਆਪਣੇ ਲੋਕਾਂ ਤੱਕ ਪਹੁੰਚਾਉਣਾ ਹੈ, ਪਹਿਲਾਂ ਉਸ ਗਿਆਨ ਦੀ ਸੁਚੱਜੇ ਢੰਗ ਨਾਲ ਪ੍ਰਾਪਤੀ ਕਰ ਲਵੇ ਤਾਂ ਹੀ ਉਹ ਸੰਪੂਰਨ ਪੱਤਰਕਾਰ ਦੀ ਪਦਵੀ ਹਾਸਲ ਕਰ ਸਕਦਾ ਹੈ। ਗੁਰੂ ਨਾਨਕ ਦੇਵ ਜੀ ਇਸ ਪ੍ਰਤੀ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕਰਦੇ ਹਨ :
ਕੁੰਭੇ ਬਧਾ ਜਲੁ ਰਹੈ ਜਲੁ ਬਿਨੁ ਕੁੰਭੁ ਨ ਹੋਇ£
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ£
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ£
ਜੇਹਾ ਘਾਲੇ ਘਾਲਣੇ ਤੇਵੇਹੋ ਨਾਉ ਪਚਾਰੀਐ£
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ£
ਪੜਿਆ ਅਤੇ ਓਮੀਆ ਵੀਚਾਰੁ ਅਗੈ ਵੀਚਾਰੀਐ£
ਮੁਹਿ ਚਲੈ ਸੁ ਅਗੈ ਮਾਰੀਐ£
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨੇ 469-70)
ਜਿਹੜੇ ਪੱਤਰਕਾਰ ਅਰਥ-ਹੀਨ ਪੱਤਰਕਾਰੀ ਕਰਦੇ ਹਨ, ਉਹ ਆਪਣੇ ਆਪ ਪ੍ਰਤੀ ਅਤੇ ਆਪਣੇ ਕਿਤੇ ਪ੍ਰਤੀ ਇਨਸਾਫ਼ ਨਹੀਂ ਕਰ ਰਹੇ। ਉਹੀ ਪੱਤਰਕਾਰ ਸਫ਼ਲ ਕਹੇ ਜਾ ਸਕਦੇ ਹਨ ਜੋ ਆਪਣੇ ਆਪ ਨੂੰ ਮਾਰ ਕੇ ਨੀਵੇਂ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਸਮਾਜ ਅੱਗੇ ਰੱਖਦੇ ਹਨ। ਜੇਕਰ ਕੋਈ ਅਜਿਹਾ ਕਰਕੇ ਆਪਣੇ ਮਨ ਵਿੱਚ ਹੰਕਾਰ ਦੀ ਭਾਵਨਾ ਰੱਖਦਾ ਹੈ ਤਾਂ ਉਸ ਦੀ ਕਿਰਤ ਅੰਜ਼ਾਈ ਹੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ।
ਚਾਕਰੁ ਲਗੈ ਚਾਕਰੀ ਨਾਲੇ ਗਾਰਬ ਵਾਦੁ£
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ£
ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ£
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ£
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 474)
ਸੋ ਸਿੱਟਾ ਇਹੀ ਕੱਢਿਆ ਜਾ ਸਕਦਾ ਹੈ ਕਿ ਇੱਕ ਪੱਤਰਕਾਰ ਵਾਸਤੇ ਪੱਤਰਕਾਰੀ ਇੱਕ ਮਿਸ਼ਨ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਨਾ ਕਿ ਕੇਵਲ ਧਨ ਪ੍ਰਾਪਤੀ ਦਾ ਇੱਕ ਸਾਧਨ। ਪੱਤਰਕਾਰੀ ਦੇ ਖੇਤਰ ਵਿੱਚ ਵਿਚਰ ਕੇ ਮਾਇਆ ਦੇ ਪਿੱਛੇ ਨਹੀਂ ਦੋੜ੍ਹਨਾ ਚਾਹੀਦਾ, ਸਗੋਂ ਮਾਇਆ ਨੂੰ ਪਿੱਛੇ ਰੱਖ ਕੇ ਸਹੀ ਅਰਥਾਂ ਵਿੱਚ ਆਦਰਸ਼ਕ ਪੱਤਰਕਾਰੀ ਵਿੱਚ ਆਪਣੇ ਆਪ ਨੂੰ ਇਤਨਾ ਪਰਪੱਕ ਕਰ ਲੈਣਾ ਚਾਹੀਦਾ ਹੈ ਕਿ ਉਸ ਨੂੰ ਮਾਇਆ ਦੇ ਪਿੱਛੇ ਦੌੜਨ ਦੀ ਲੋੜ ਹੀ ਨਾ ਪਵੇ ਅਤੇ ਮਾਇਆ ਉਸ ਦੇ ਪਿੱਛੇ ਦੋੜ੍ਹੇ, ਪਰ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪੱਤਰਕਾਰ ਸੱਚਾਈ, ਹਲੀਮੀ, ਸਾਦਗੀ, ਸਦਾਚਾਰਕ ਕਦਰਾਂ-ਕੀਮਤਾਂ ਵਿੱਚ ਰਹਿ ਕੇ ਲੋਭ ਰਹਿਤ, ਹੰਕਾਰ ਰਹਿਤ, ਦੇਸ਼ ਸੇਵਾ ਦੀ ਭਾਵਨਾ ਨੂੰ ਸਾਹਮਣੇ ਰੱਖ ਕੇ, ਦੂਸਰਿਆਂ ਦੇ ਜੀਵਨ ਨੂੰ ਹੋਰ ਚੰਗੇਰਾ ਅਤੇ ਬੇਹਤਰ ਬਣਾਉਣ ਦੀ ਤੜਪ ਨੂੰ ਆਪਣੇ ਸੀਨੇ ਵਿੱਚ ਰੱਖ ਕੇ, ਆਪਾ ਵਾਰ ਕੇ ਇੱਕ ਮਿਸ਼ਨ ਦੀ ਭਾਂਤੀ ਨਿਸ਼ਕਾਮ ਸੇਵਾ ਵੱਲ ਅੱਗੇ ਵਧਿਆ ਜਾਵੇ। ਇਹ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਮੀਡੀਆ ਦੇ ਖੇਤਰ ਵਿੱਚ ਜਿਸ ਨੇ ਵੀ ਪ੍ਰਗਤੀ ਹਾਸਲ ਕੀਤੀ ਹੈ, ਉਸ ਨੇ ਇਸ ਕਿੱਤੇ ਨੂੰ ਇੱਕ ਮਿਸ਼ਨ ਦੀ ਤਰ੍ਹਾਂ ਦੇਖਿਆ ਹੈ। ਸਿਰਫ਼ ਸੱਚਾਈ ਅਤੇ ਫ਼ਰੇਬ ਰਹਿਤ ਵਿਚਰ ਕੇ ਦੁਨੀਆਂ ਦੀ ਸੱਚਾਈ ਨੂੰ ਆਪਣੇ ਪਾਠਕਾਂ ਅੱਗੇ ਪੇਸ਼ ਕੀਤਾ ਹੈ। ਆਪਣੇ ਨਿੱਜ ਦੀ ਖਾਤਰ ਸੱਚਾਈ ਨੂੰ ਤਰੋੜ ਮੋੜ ਕੇ ਪੇਸ਼ ਕਰਨ ਵਾਲਾ ਪੱਤਰਕਾਰ ਨਾ ਕੇਵਲ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਹੈ, ਸਗੋਂ ਸਮੁੱਚੇ ਸਮਾਜ ਨੂੰ ਅੰਧੇਰੇ ਵਿੱਚ ਰੱਖ ਰਿਹਾ ਹੁੰਦਾ ਹੈ। ਅਜਿਹਾ ਕਰਕੇ ਉਹ ਬਹੁਤੀ ਚਿਰ ਤੱਕ ਆਪਣੇ ਆਪ ਨੂੰ ਪਰਪੱਕ ਸਿੱਧ ਨਹੀਂ ਕਰ ਸਕਦਾ।  ਇਸ ਲਈ ਬੇਹਤਰ ਇਹੀ ਹੋਵੇਗਾ ਕਿ ਉਹੀ ਵਿਦਿਆਰਥੀ ਇਸ ਕਿੱਤੇ ਵਿੱਚ ਆਉਣ ਜਿਨ੍ਹਾਂ ਨੇ ਸਮਾਜ ਸੇਵਾ ਨੂੰ ਆਪਣਾ ਨਿਸ਼ਾਨਾ ਮਿੱਥ ਲਿਆ ਹੈ। ਭੈਅ-ਰਹਿਤ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਬਿਨਾਂ ਕਿਸੇ ਲੋਭ ਲਾਲਚ ਅਤੇ ਨਿਡਰਤਾ ਸਹਿਤ ਸੱਚਾਈ ਨੂੰ ਆਪਣੇ ਪਾਠਕਾਂ ਦੇ ਸਾਹਮਣੇ ਰੱਖ ਸਕਣ ਦੀ ਦਲੇਰੀ ਕਰ ਸਕੇ। ਜੇਕਰ ਮੀਡੀਆ ਵਿੱਚ ਵਿਚਰਨ ਵਾਲੇ ਲੋਕ ਪੱਤਰਕਾਰੀ ਦੇ ਉਕਤ ਗੁਣਾਂ ਨੂੰ ਆਪਣੇ ਅੰਦਰ ਸਮੋ ਲੈਣ ਤਾਂ ਉਹ ਸਹਿਜੇ ਹੀ ਇੱਕ ਮਿਸ਼ਨ ਦੀ ਤਰ੍ਹਾਂ ਆਪਣਾ ਕੰਮ ਸਫ਼ਲਤਾਪੂਰਵਕ ਕਰ ਸਕਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਇਹੀ ਸੰਕੇਤ ਦਿੱਤਾ ਹੈ ਕਿ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਲਮ ਨੂੰ ਭੈਅ-ਰਹਿਤ ਬਣਾਏ ਜਿਵੇਂ ਕਿ ਉਨ੍ਹਾਂ ਨੇ ਬਾਬਰਰਾਣੀ ਵਿੱਚ ਸਮਕਾਲੀ  ਸ਼ਾਸ਼ਕਾਂ ਦੇ ਕੋੜੇ ਵਰਤਾਰੇ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ। ਇਸ ਲਈ ਚਾਹੀਦਾ ਇਹੀ ਹੈ ਕਿ ਇੱਕ ਪੱਤਰਕਾਰ ਆਪਣੇ ਆਪ ਨੂੰ ਗੰਨੇ ਦੀ ਤਰ੍ਹਾਂ ਰਸ ਵਾਲੀ ਮਸ਼ੀਨ ਵਿੱਚ ਪੀੜ ਕੇ ਆਪਣੇ ਮਿਸ਼ਨ ਨੂੰ ਅੱਗੇ ਵਧਾਏ ਅਤੇ ਇੱਕ ਪਰਵਾਨੇ ਦੀ ਤਰ੍ਹਾਂ ਆਪ ਜਲ ਕੇ ਦੂਸਰਿਆਂ ਦੇ ਜੀਵਨ ਵਿੱਚ ਰੌਸ਼ਨੀ ਦੀ ਕਿਰਨ ਜਗਾਏ। ਸੋ, ਗੁਰੂ ਨਾਨਕ ਦੇਵ ਜੀ ਦਾ ਪੱਤਰਕਾਰੀ ਸਿਧਾਂਤ ਇਹੀ ਦਰਸਾਉਂਦਾ ਹੈ ਕਿ ਪੱਤਰਕਾਰੀ ਸਿਰਫ਼ ਇੱਕ ਕਿੱਤਾ ਹੀ ਨਹੀਂ ਸਗੋਂ ਕਿਰਤ ਅਤੇ ਸੇਵਾ ਦੇ ਸੰਕਲਪ ਨਾਲ ਸਮਾਜ ਨੂੰ ਹੋਰ ਬੇਹਤਰ, ਚੰਗੇਰਾ, ਖੁਸ਼ਹਾਲ ਤੇ ਵਿਕਸਤ ਕਰਨ ਦਾ ਇੱਕ ਨੇਕ ਸਾਧਨ ਹੈ।  

ਵਰਿੰਦਰ ਸਿੰਘ ਭਾਟੀਆ