ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੁ ਨਾਨਕੁ ਜਿਨ ਸੁਣਿਆ ਪੇਖਿਆ


ਗੁਰੂ ਨਾਨਕ ਦੇਵ ਜੀ ਸਗਲ ਸਮੂਹ ਲਈ ਇਕ ਸੰਪੂਰਣ, ਸੁਤੰਤਰ ਤੇ ਨਵੀਨਤਮ ਧਰਮ ਦੇ ਸੰਸਥਾਪਕ ਹਨ। ਸੰਪੂਰਣ ਇਸ ਲਈ ਕਿ ਇਹ ਧਰਮ ਹਿੰਦੂ-ਮੁਸਲਮਾਨ ਦੀ ਮਜ਼ਹਬੀ, ਮੰਨੂ ਦੇ ਵਰਣ ਆਸ਼ਰਮ ਅਨੁਸਾਰ ਕਥਿਤ ਸਵਰਨ ਅਤੇ ਦਲਿਤ ਜਾਤਾਂ, ਰਾਜੇ-ਰੰਕ, ਅਮੀਰ- ਗਰੀਬ, ਰੰਗ- ਰੂਪ ਅਤੇ ਜਿਨਸੀ (ਇਸਤਰੀ-ਪੁਰਸ਼) ਵੰਡ ਨੂੰ ਅਪ੍ਰਵਾਨ ਕਰਦਿਆਂ ਸਮੁਚੀ ਮਨੁਖਤਾ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਇਹ ਧਰਮ ਨੂੰ ਮੰਦਰ-ਮਸਜਿਦ, ਪੂਜਾ-ਅਰਚਨਾ, ਇਬਾਦਤ ਜਾਂ ਬੰਦਗੀ ਤੀਕ ਹੀ ਸੀਮਤ ਨਹੀਂ ਕਰਦਾ ਬਲਕਿ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਇਕ ਇਕਾਈ ਪ੍ਰਵਾਨ ਕਰਦਾ ਹੈ। ਮਨੁਖ ਦੇ ਨਿਜੀ ਜੀਵਨ ਤੀਕ ਹੀ ਸੀਮਤ ਨਹੀਂ ਹੈ, ਬਲਕਿ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ, ਆਰਥਿਕ, ਸਮਾਜਿਕ ਤੇ ਰਾਜਸੀ ਲੁਟ ਖਸੁਟ ਖਿਲਾਫ ਅਵਾਜ ਬੁਲੰਦ ਕਰਨ, ਹੱਕ ਸੱਚ ਤੇ ਇਨਸਾਫ ਦੀ ਪ੍ਰਾਪਤੀ ਲਈ ਜੂਝਣ ਦਾ ਅਲੰਬਰਦਾਰ ਹੈ ।
ਸੁਤੰਤਰ ਇਸ ਲਈ ਕਿ ਇਹ ਕਿਸੇ ਹੋਰ ਧਰਮ ਦੀ ਸ਼ਾਖਾ ਨਹੀਂ ਹੈ ਅਤੇ ਨਾ ਹੀ ਇਹ ਦੇਸ਼ ਵਿਚ ਪ੍ਰਚਲਤ ਸਨਾਤਨ ਧਰਮ ਦਾ ਕੋਈ ਸੁਧਾਰਕ ਰੂਪ ਹੈ ਬਲਕਿ ਅਕਾਲ ਪੁਰਖ ਦੁਆਰਾ ਗੁਰੂ ਪਾਤਸ਼ਾਹ ਨੂੰ ਪ੍ਰਾਪਤ ਆਵੇਸ਼ ਤੇ ਆਦੇਸ਼ ਅਨੁਸਾਰ ਇਕ ਸੁਤੰਤਰ ਧਰਮ ਪੰਥ ਹੈ ਜੋ ਹੋਰ ਧਰਮਾਂ , ਉਨ੍ਹਾਂ  ਦੇ ਧਰਮ ਗ੍ਰੰਥਾਂ (ਵੇਦ ਕਤੇਬ ਸਿਮ੍ਰਤੀਆਂ ਪੁਰਾਣ) ਆਦਿ ਦਾ ਪੂਰਣ ਸਤਿਕਾਰ ਤਾਂ ਕਰਦਾ ਹੈ ਪਰ ਉਨ੍ਹਾਂ ਨੂੰ ਆਪਣਾ ਆਧਾਰ ਨਹੀਂ ਮੰਨਦਾ। ਗੁਰੂ ਨਾਨਕ ਦੇਵ ਜੀ ਦਾ ਧਰਮ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਸਾਰਿਆਂ ਨਾਲ ਚੱਲਣ ਦਾ ਸਰਬ ਸਾਂਝਾ ਧਰਮ ਹੈ ਜੋ  ਪ੍ਰਮਾਤਮਾ ਦੇ ਹਰ ਹਿੰਦੂ ਜਾਂ ਇਸਲਾਮਿਕ ਨਾਮ ਨੂੰ ਪ੍ਰਵਾਨ ਕਰਦਾ ਹੈ। ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ£ ਹੀ ਗੁਰੂ ਨਾਨਕ ਦਾ ਬਿਰਦ ਹੈ।
ਨਵੀਨਤਮ ਇਸ ਲਈ ਨਹੀਂ ਕਿ ਸਿੱਖ ਧਰਮ ਦਾ ਜਨਮ ਹਜ਼ਾਰਾਂ ਸਾਲਾਂ ਪੁਰਾਣੇ ਧਰਮਾਂ ਦੇ ਮੁਕਾਬਲੇ ਤਕਰੀਬਨ 550 ਸਾਲ ਪਹਿਲਾਂ ਹੀ ਹੋਇਆ ਹੈ ਬਲਕਿ ਇਸ ਲਈ ਕਿ ਜਦੋਂ ਅਜੇ ਅਧੁਨਿਕ ਵਿਚਾਰ ਧਾਰਾ ਤੇ ਸਭਿਆਚਾਰ ਦਾ ਪਹੁ ਫੁਟਾਲਾ ਵੀ ਨਹੀ ਸੀ ਹੋਇਆ, ਇੰਗਲੈਂਡ ਦੀ ਗਲੋਰੀਅਸ ਕਰਾਂਤੀ ਤੇ ਫਰਾਂਸੀਸੀ ਇਨਕਲਾਬ ਵੀ ਨਹੀ ਸੀ ਆਇਆ ਤੇ ਨਾਂ ਹੀ ਅੱਜ ਵਾਂਗ ਵਿਗਿਆਨ ਵਿਕਸਤ ਹੋਇਆ ਸੀ ਤਾਂ ਗੁਰੂ  ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਵਿਗਿਆਨਕ ਆਧਾਰ ਬਖਸ਼ਿਆ। ਮਨੁਖੀ ਜੀਵਨ ਵਿਚ ਅਧਿਆਤਮਿਕਤਾ, ਆਰਥਿਕਤਾ ਤੇ ਰਾਜਨੀਤਕ ਵੰਡ ਨਾ ਕਰਕੇ ਮਨੁਖੀ ਜੀਵਨ ਦੇ ਹਰ ਪੱਖ ਨੂੰ ਇਕ ਇਕਾਈ ਵਜੋਂ ਸਵੀਕਾਰ ਕਰਨ ਲਈ ਕਿਹਾ। 'ਧਰਮ, ਕਰਮ, ਕਾਮ ਮੋਕਸ਼' ਮਨੁੱਖੀ ਜੀਵਨ ਦਾ ਅਹਿਮ ਅੰਗ ਹਨ, ਇਨ੍ਹਾਂ ਸਾਰਿਆਂ ਪ੍ਰਤੀ ਸੁਚੇਤ ਕਰ ਸਮੁੱਚੇ ਮਨੁੱਖੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਾਰਥਿਕ ਤੇ ਸਰਗਰਮ ਭੂਮਿਕਾ ਨਿਭਾਉਣ ਦਾ ਮਾਰਗ ਹੈ। ਸਮਕਾਲੀਨ ਧਰਮਾਂ ਦੇ ਮੁਖੀ ਅਥਵਾ ਗਿਆਨੀ ਧਰਮ ਨੂੰ ਸਿਰਫ ਬਹਿਸ ਮੁਬਾਹਿਸੇ ਤੱਕ ਹੀ ਸੀਮਤ ਕਰ ਰਹੇ ਸਨ ਉਸ ਉਤੇ ਜੀਵਨ ਵਿਚ ਅਮਲ ਨਹੀ ਸੀ। ਗੁਰਬਾਣੀ ਦਾ ਕਥਨ, ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ£ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ£ ਡਾ: ਇਕਬਾਲ ਤੇ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਵੀ ਹਿੰਦੁਸਤਾਨ ਸਭਿਅਤਾ ਤੇ ਇਹ ਗੰਭੀਰ ਦੋਸ਼ ਲਾਏ ਹਨ ਕਿ, ਹਿੰਦ ਕੋ ਬਸ ਖਿਆਲੀ ਫਲਸਫੇ ਪਰ ਨਾਜ ਥਾ 'ਲੇਕਿਨ ਗੁਰੂ ਨਾਨਕ ਦੇਵ ਜੀ ਨੇ ਅਕਲ ਤੇ ਕਰਮ ਦਾ ਸੁਮੇਲ ਕਰ ਦਿੱਤਾ, 'ਅਮਲ ਸੇ ਜਿੰਦਗੀ ਬਨਤੀ ਹੈ ਜਨਤ ਭੀ ਜਹਨਮ ਭੀ'।  
ਗੁਰੂ ਨਾਨਕ ਦੇਵ ਜੀ ਦੀ ਅਜ਼ੀਮ ਸ਼ਖ਼ਸੀਅਤ, ਉਨ੍ਹਾਂ ਦੇ ਅਲੌਕਿਕ ਕਾਰਜ, ਦੇਸ਼ ਤੇ ਮਨੁਖੀ ਸਮਾਜ ਵਿਚ ਲਿਆਂਦੀਆਂ ਕ੍ਰਾਂਤੀਕਾਰੀ ਤਬਦੀਲੀਆਂ ਬਾਰੇ ਅਨੇਕਾਂ ਫਿਲਾਸਫਰਾਂ, ਇਤਿਹਾਸਕਾਰਾਂ, ਸਾਹਿਤਕਾਰਾਂ ਅਤੇ ਕਵੀਆਂ ਨੇ ਵੱਖ-ਵੱਖ ਅੰਦਾਜ਼ ਵਿਚ ਬਹੁਤ ਕੁਝ ਲਿਖਿਆ ਹੈ। ਕਿਸੇ ਨੂੰ ਉਹ ਸੁਲਹਕੁਲ ਫਕੀਰ ਨਜਰ ਆਏ, ਕਿਸੇ ਨੂੰ ਉਹ ਸਨਤਾਨ ਧਰਮ ਵਿਚ ਆਈ ਗਿਲਾਨੀ ਦੂਰ ਕਰਨ ਵਾਲੇ ਸੁਧਾਰਕ ਦਿੱਸੇ। ਕਿਸੇ ਨੇ ਸੰਤ, ਭਗਤ ਬਿਆਨਿਆ ਤੇ ਕਿਸੇ ਨੇ ਰਾਜਨੀਤਕ ਤੌਰ ਤੇ ਇਨਕਲਾਬੀ ਲਿਖਿਆ। ਹਿੰਦੂਆਂ ਨੂੰ ਗੁਰੂ ਤੇ ਮੁਸਲਮਾਨਾਂ ਨੂੰ ਜਾਹਿਰ ਪੀਰ ਜਾਂ ਵਲੀ ਨਜਰ ਆਏ। ਗੁਰੂ ਨਾਨਕ ਦੇਵ ਜੀ ਪਾਰਬ੍ਰਹਮ ਦੇ ਨਿੱਜ ਭਗਤ ਤਾਂ ਸਨ ਲੇਕਿਨ ਮੱਧ ਕਾਲੀਨ ਯੁੱਗ ਵਿਚ ਚਲ ਰਹੀ ਭਗਤੀ ਲਹਿਰ ਦੇ ਸੰਤ ਜਾਂ ਭਗਤ ਨਹੀ ਜੋ ਕਿ ਕਿਸੇ ਪ੍ਰਚਲਤ ਧਰਮ ਵਿਚ ਆਈ ਇਖਲਾਕੀ ਗਿਰਾਵਟ ਦੂਰ ਕਰਨਾ ਚਾਹੁੰਦੇ ਹੋਣ, ਜਿਵੇਂ ਯੂਰਪ ਵਿਚ ਮਾਰਟਨ ਲੂਥਰ ਈਸਾਈ ਧਰਮ ਦੇ ਸੁਧਾਰਕ ਸੀ ਲੇਕਿਨ ਈਸਾ ਮਸੀਹ ਵਰਗੀ ਪੈਗੰਬਰੀ ਹਸਤੀ ਨਹੀ ਸਨ ਰੱਖਦੇ। ਉਹ ਮੁਸਲਮਾਨ ਵਿਦਵਾਨਾਂ ਵਲੋਂ ਬਿਆਨ ਕੀਤੇ ਹੋਏ ਸਾਈ ਪੀਰ ਜਾਂ ਵਲੀ ਵੀ ਨਹੀ, ਬਲਕਿ ਸਮੁਚੇ ਮਨੁੱਖੀ ਸਮਾਜ ਦੀ ਅਗਵਾਈ ਕਰਨ ਵਾਲੇ ਬੇਸ਼ੱਕ ਭਾਈ ਗੁਰਦਾਸ ਜੀ ਨੇ 'ਜ਼ਾਹਿਰ ਪੀਰ ਜਗਤ ਗੁਰ ਬਾਬਾ'ਹਨ। ਭਾਰਤ ਦੇ ਸਾਬਕਾ ਰਾਸ਼ਟਰਪਤੀ, 20ਵੀਂ ਸਦੀ ਦੇ ਪ੍ਰਸਿਧ ਵਿਦਵਾਨ ਤੇ ਫਿਲਾਸਫਰ , ਡਾ. ਰਾਧਾਕ੍ਰਿਸ਼ਨ ਨੇ ਗੁਰੂ ਨਾਨਕ ਦੇਵ ਜੀ ਨੂੰ ਭਾਰਤੀ ਸਭਿਆਚਾਰ ਵਿਚ ਜੋ ਸਰਬ ਸ੍ਰੇਸ਼ਟ ਹੈ, ਉਸਦਾ ਪ੍ਰਤੀਨਿਧ ਕਿਹਾ , “7uru Nanak represented the best in 9ndian tradition”. ਭਗਤ ਤੁਲਸੀ ਦਾਸ ਰਚਿਤ ਰਾਮਾਇਣ ਦਾ ਤਰਜਮਾ ਕਰਨ ਵਾਲੇ ਰੂਸੀ ਵਿਦਵਾਨ ਬਰੋਨੀਕੋਵ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੇਂ ਦਾ ਸਭ ਤੋਂ ਅਗਾਂਹ-ਵਧੂ ਵਿਅਕਤੀ ਅਤੇ ਲੋਕਨਾਇਕ ਦੱਸਿਆ, ਜਿਨਾਂ੍ਹ ਸਮੁੱਚਾ ਜੀਵਨ ਲੋਕ ਹਿਤਾਂ ਲਈ ਸੰਘਰਸ਼ ਕੀਤਾ ਅਤੇ ਜੀਵਨ ਦੇ ਆਖ਼ਰੀ ਪਲ ਤੱਕ ਲੋਕਾਂ ਲਈ ਜੀਵੇ। (7uru Nanak was the most progressive man of his times .8e was a man of the people and remained so till the end of life.) ਮੋਹਸਿਨ-ਫਾਨੀ ਨੇ ਗੁਰੂ ਨਾਨਕ ਦੇਵ ਜੀ ਨੂੰ 'ਰੱਬੀ ਨੂਰ' ਲਿਖਿਆ ਅਤੇ ਹਿੰਦੀ ਦਾ ਵਿਦਵਾਨ ਮਹੀਪਤ ਵੀ ਉਨ੍ਹਾਂ ਨੂੰ ''ਨਿਰਾ ਨੂਰ'' ਬਿਆਨ ਕਰਦਾ ਹੈ। ਇਤਿਹਾਸਕਾਰ ਆਮੀਆ ਚਕਰਵਰਤੀ ਅਨੁਸਾਰ ''ਗੁਰੂ ਨਾਨਕ ਚੁਪੂ ਸਾਧੂ ਨਹੀਂ ਸੀ ਕਿ ਬਲਕਿ ਸੰਘਰਸ਼ਸ਼ੀਲ ਸੰਤ ਸਨ। ਹਿੰਦੁਸਤਾਨ ਦਾ ਆਖ਼ਰੀ ਵਾਇਸਰਾਇ ਲਾਰਡ ਮਾਊਂਟ-ਬੈਟਨ ਲਿਖਦਾ ਹੈ ਕਿ ਜਿਸ ਵੇਲੇ ਯੋਰਪ  ਫੁਲਾਂ ਦੀ ਲੜਾਈ (war of roses) ਲੜ ਰਿਹਾ ਸੀ, ਉਸ ਵੇਲੇ ਗੁਰੂ ਨਾਨਕ ਫੁਲਾਂ ਦੀ ਖ਼ੁਸ਼ਬੋ ਵੰਡ ਰਹੇ ਸਨ। ਡਾ: ਸਰ ਮੁਹੰਮਦ ਇਕਬਾਲ ਗੁਰੂ ਨਾਨਕ ਦੇਵ ਜੀ ਦੇ ਸਬੰਧ ਵਿਚ ਕਹਿੰਦਾ ਹੈ ਕਿ,''ਹਜ਼ਾਰੋ ਸਾਲ ਨਰਗਿਸ ਆਪਨੀ ਬੇਨੂਰੀ ਪੇ ਰੋਤੀ ਹੈ। ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।''
ਸਵਾਮੀ ਵਿਵੇਕਾ ਨੰਦ ਅਨੁਸਾਰ ਪ੍ਰਮਾਤਮਾ ਨੇ ਸੰਸਾਰ ਦੀ ਜਦ ਅਤਿ ਭੈੜੀ ਦਸ਼ਾ ਵੇਖੀ ਤਾਂ ਉਸ  ਦੀ ਅੱਖ ਵਿਚੋਂ ਇਕ ਹੰਝੂ ਵਗਿਆ, ਉਹੀ ਗੁਰੂ ਨਾਨਕ ਦਾ ਰੂਪ ਧਾਰਨ ਕਰ ਗਿਆ ਅਰਥਾਤ ਉਹ ਤਰਸ ਦੀ ਮੂਰਤ ਸਨ। ਇਸ ਖਿਆਲ ਨੂੰ ਸਪਸ਼ਟਤਾ ਨਾਲ ਭਾਈ ਗੁਰਦਾਸ ਜੀ ਨੇ ਇਉਂ ਬਿਆਨਿਆ ਹੈ,
''ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ''
 ਰਾਇ ਭੋਇ ਦੀ ਤਲਵੰਡੀ (ਜੋ ਹੁਣ ਜਗਤ ਪ੍ਰਸਿੱਧ ਨਨਕਾਣਾ ਸਾਹਿਬ ਦੇ ਨਾਂ ਨਾਲ  ਜਾਣੀ ਜਾਂਦੀ ਹੈ )ਦੀ ਸੁਭਾਗ ਧਰਤੀ 'ਤੇ ਸੰਨ 1469 ਵਿਚ ਪਿਤਾ ਕਲਿਆਣ ਦਾਸ ਅਥਵਾ ਮਹਿਤਾ ਕਾਲੂ ਜੀ ਦੇ ਗ੍ਰਹਿ, ਮਾਤਾ ਤ੍ਰਿਪਤਾ ਜੀ ਦੀ ਕੁਖੋਂ ਅਗੰਮੀ ਨੂਰ ਦਾ ਆਗਮਨ ਹੋਇਆ , “ਆਪ ਨਰਾਇਣ ਕਲਾ ਧਾਰਿ ਜਗਿ ਮੇ ਪਰਵਰਿਓ।” “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” ਅਰਥਾਤ ਪ੍ਰਮਾਤਮਾ ਨੇ ਆਪਣੀ ਜਵੰਤ ਜੋਤ ਗੁਰੂ ਨਾਨਕ ਵਿਚ ਰਖ ਕੇ ਪ੍ਰਕਾਸ਼ਮਾਨ ਕੀਤਾ। ਇਸੇ ਲਈ ਸਾਧੂ ਟੀ.ਐਲ.ਵਾਸਵਾਨੀ ਬਿਆਨ ਕਰਦਾ ਹੈ ਕਿ ਰਾਜ ਕੁਮਾਰ ਸਿਧਾਰਥ ਨੇ ਗਯਾ (ਬਿਹਾਰ) ਸਰਿਊ ਨਦੀ ਦੇ ਕੰਢੇ ਘੋਰ ਤਪੱਸਿਆ ਕਰ ਕੇ ''ਬੁਧਤਵ'' ਦੀ ਪ੍ਰਾਪਤੀ ਕਰ ਮਹਾਤਮਾ ਬੁੱਧ ਕਹਾਏ , ਲੇਕਿਨ ਗੁਰੁ ਨਾਨਕ ਬੁਧਤੱਵ ਦੀ ਪ੍ਰਾਪਤੀ ਉਪਰੰਤ ਹੀ ਪ੍ਰਗਟ ਹੋਏ। “ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋ ਦੇ ਫਿਰਿ ਘਾਲਿ ਕਮਾਈ”।
ਤਲਵੰਡੀ ਅਰਥਾਤ ਨਨਕਾਣਾ ਸਾਹਿਬ ਵਿਚ  ਗੁਰੂ ਨਾਨਕ ਦੀ ਅਜੱਮਤ ਨੂੰ ਜਲਵਾਗਰ ਕਰਨ ਲਈ ਕਰਤਾ ਪੁਰਖ ਨੇ ਅਨੇਕਾਂ ਕ੍ਰਿਸ਼ਮੇ ਵਰਤਾਏ, ਜਿਨ੍ਹਾਂ ਦਾ ਵਰਤਾਰਾ ਪੁਰਾਤਨ ਜਨਮ ਸਾਖੀ ਵਿਚ ਵਿਸਥਾਰਤ ਰੂਪ ਵਿਚ ਦਰਜ ਹੈ, ਜੋ ਅੱਜ ਦੇ ਲੇਖ ਦਾ ਵਿਸ਼ਾ ਨਹੀਂ ਲੇਕਿਨ ਇਸ ਸਰਜ਼ਮੀਨ ਦਾ ਕਣ  ਕਣ  ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਦੇ ਕ੍ਰਿਸ਼ਮਈ ਦੀਦਾਰ ਨਾਲ ਸਰਸ਼ਾਰ ਹੈ। ਜਿਸ ਨੇ ਵੀ ਦਰਸ਼ਨ ਕੀਤੇ ਉਹ ਬੋਲ ਉਠਿਆ, 'ਦੇਖੇ ਤੋ ਜੋਤ ਸਰੂਪ, ਬੋਲੇ ਤੋਂ ਗਿਆਨ ਸਰੂਪ'। ਆਤਮ ਦਰਸ਼ੀ ਭੱਟਾਂ ਨੇ ਗੁਰੁ ਸਾਹਿਬ ਨੂੰ ਰਾਜ ਯੋਗ ਦਾ ਸੁਮੇਲ ਬਿਆਨ ਕੀਤਾ, ਚੌਥੇ ਪਾਤਸ਼ਾਹ ਗੁਰੂ ਰਾਮ ਦਾਸ ਜੀ ਨੇ ਉਚਾਰਿਆ, 'ਜਿਥੈ ਉਹ ਜਾਇ ਬਹੈ ਤਿਥੇ ਉਹ ਸੁਰਖੁਰੁ ਉਸਦੇ ਮੂੰਹ ਡਿਠੈ ਸਭਿ ਪਾਪੀ ਤਰਿਆ'। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਦੇਵ ਜੀ ਬਾਰੇ ਬੁਲੰਦ ਅਵਾਜ਼ ਵਿਚ ਉਚਾਰਦੇ ਹਨ, 'ਹਉ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨਿ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪੜਿਆ ਰੇ'।
 ਉਸ ਵੇਲੇ ਦੇ ਸਮਾਜ ਨੇ ਤਿੰਨ ਦ੍ਰਿਸ਼ਟੀਕੋਣ ਅਪਣਾਏ ਸਨ। ਪਹਿਲੀ ਯਾਤਰਾ(ਉਦਾਸੀ) ਸਮੇਂ ਤੀਰਥਾਂ ਤੇ ਜਾਣ ਅਤੇ ਉਥੇ ਫੈਲੇ ਭ੍ਰਿਸ਼ਟਾਚਾਰ, ਪਾਖੰਡ ਤੇ ਸਖਣੇ ਧਰਮ ਨੂੰ ਜਦੋਂ ਲਲਕਾਰਿਆ ਤਾਂ ਗੁਰੂ ਮਹਾਰਾਜ ਵਲੋਂ ਪ੍ਰਗਟਾਈ ਸਚਾਈ ਦਾ ਸਾਹਮਣਾ ਕਰਵਾਇਆ ਤਾਂ ਪ੍ਰੋਹਿਤਾਂ ਪੰਡਤਾਂ ਨੇ ਗੁਰੁ ਸਾਹਿਬ ਨੂੰ ਭੂਤਨਾ ਬਿਆਨਿਆ। ਦੂਸਰੀ ਉਦਾਸੀ ਸਮੇਂ ਸਿੱਧਾਂ ਜੋਗੀਆਂ ਪਾਸ ਗਏ ਤਾਂ ਸਿੱਧਾਂ ਵਲੋਂ ਗੁਰੂ ਨਾਨਕ ਦੇਵ ਜੀ ਨੂੰ ਪੁੱਛੇ ਸਵਾਲ, 'ਮਾਤ ਲੋਕ ਮੇਂ ਕਿਆ ਵਰਤਾਰਾ' ਦਾ ਸਦੀਵੀ ਉਤਰ ਬਖਸ਼ਿਆ, 'ਸਿਧ ਛਪ ਬੈਠੇ ਪ੍ਰਬਤੀ ਕੌਣ ਜਗਤ ਕੋ ਪਾਰ ਉਤਾਰਾ ਅਰਥਾਤ ਆਤਮਿਕ ਮੰਡਲ ਵਿਚ ਵਿਚਰਨ ਵਾਲੇ ਸਿੱਧਾਂ ਨੂੰ ਜੀਵਨ ਦਾ ਯਥਾਰਥ ਸਮਝ ਆ ਗਿਆ ਸੀ ਉਹ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਕਿਉਂ ਪਿੱਛੇ ਹਟੇ?
ਤੀਸਰੀ ਸੰਸਾਰ ਫੇਰੀ ਮੌਕੇ, ਗੜ੍ਹ ਬਗਦਾਦ ਵਿਖੇ ਲੱਤ ਮਾਰਨ ਵਾਲੇ ਨੂੰ ਜਦੋਂ ਕੁਰਾਨ ਸ਼ਰੀਫ ਅਨੁਸਾਰ ਹੀ ਇਹ ਸਵਾਲ ਕੀਤਾ ਕਿ ਜਿਧਰ ਖੁਦਾ ਨਹੀ ਹੈ ਉਸ ਪਾਸੇ ਲੱਤਾਂ ਕਰ ਦਿਉ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਧਰਮ (ਇਸਲਾਮ) ਦੀ ਸਚਾਈ ਹੀ ਬਿਆਨ ਕੀਤੀ ਸੀ ਜਿਥੇ ਖੁਦਾ ਨੂੰ ਲਾ ਮੁਕਾਮ ਦੱਸਿਆ ਗਿਆ ਹੈ। ਹਿੰਦੂ ਮੁਸਲਮਾਨਾਂ ਵਲੋਂ ਪ੍ਰਚਲਤ, ਦੱਖਣ ਦੇਸ ਹਰੀ ਕਾ ਵਾਸਾ ਪੱਚਮ ਅਲਹ ਮੁਕਾਮਾ ਦਸਕੇ ਜਦੋਂ ਉਨ੍ਹਾਂ ਦੇ ਧਰਮ ਦੀ ਹੀ ਸਚਾਈ ਬਿਆਨ ਕੀਤੀ ਤਾਂ ਇਹ ਮਜਹਬੀ ਮਜੌਰਾਂ ਦੀ ਮਨੌਤ ਦੇ ਉਲਟ ਸੀ। ਰੱਬੀ ਬਾਣੀ ਵਿਚ ਇਨ੍ਹਾ ਧਾਰਮਿਕ ਮੁਖੀਆਂ ਬਾਰੇ ਗੁਰੁ ਮਹਾਰਾਜ ਨੇ ਫੁਰਮਾਇਆ 'ਕਾਦੀ ਕੂੜ ਬੋਲਿ ਮਲਿ ਖਾਏ ਬ੍ਰਾਹਮਣ ਨਾਵੈ ਜੀਆ ਘਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੋ ਉਜਾੜੇ ਕਾ ਬੰਧ'। ਕੇਵਲ ਇਨ੍ਹਾਂ ਦੀ ਕਮਜ਼ੋਰੀ ਤੋਂ ਹੀ ਵਾਕਫ ਨਹੀ ਕਰਵਾਇਆ ਬਲਕਿ ਇਨ੍ਹਾਂ ਧਾਰਮਿਕ ਆਗੂਆਂ ਦੇ ਮਜਹਬਾਂ ਦੇ ਆਦਰਸ਼ ਵੀ ਬਿਆਨ ਕੀਤੇ। ਹਿੰਦੂ ਪ੍ਰੋਹਿਤ ਲਈ, 'ਪੰਡਤ ਸੋ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮਹਿ ਸੋਧੇ' ਰਾਮ ਨਾਮ ਜੋ ਕਰੇ ਬਿਚਾਰ ਨਾਨਕ ਤਿਸ ਪੰਡਤ ਕੋ ਸਦ ਨਮਸਕਾਰ'। ਮੁਸਲਮਾਨ ਕਾਜੀ ਦੁਨਿਆਵੀ ਚਲਣ ਦੇ ਨਾਲ ਚਲਨ ਦੀ ਬਜਾਏ ਖੁਦਾ ਦਾ ਪੈਗਾਮ ਦੇਵੇ, 'ਕਾਜੀ ਸੋ ਜੋ ਉਲਟੀ ਕਰੇ ਗੁਰਪ੍ਰਸਾਦੀ ਜੀਵੈ ਮਰੇ'। ਅਚਲ ਬਟਾਲਾ ਵਿਖੇ ਗ੍ਰਿਹਸਥ ਜੀਵਨ ਦਾ ਤਿਆਗ ਕਰ ਚੁੱਕੇ ਤੇ ਸਮਾਜ ਪ੍ਰਤੀ ਨੀਵੀਂ ਪਹੁੰਚ ਰੱਖਣ ਵਾਲੇ ਜੋਗੀਆਂ ਨੂੰ ਜਵਾਬ ਦਿੱਤਾ, 'ਬਾਬਾ ਆਖੇ ਭੰਗਰ ਨਾਥੁ ਤੇਰੀ ਮਾਉ ਕੁਚੱਜੀ ਆਏ..'।
ਤੀਸਰੀ ਤਾਕਤ ਸੀ ਰਾਜਸੀ। ਹਿੰਦੁਸਤਾਨ ਵਿਚ 'ਦਿਲੀਸ਼ਵਰੋ ਜਗਦੀਸ਼ਵਰੋ' 'ਤੇ ਯੂਰਪ ਵਿਚ  king can do no wrong ,king is the viceroy of lord ਕਹਿ ਕੇ ਰਾਜੇ ਦਾ ਹੁਕਮ ਮੰਨਣ ਦਾ ਚਲਨ ਸੀ। ਗੁਰੂ ਨਾਨਕ ਸਾਹਿਬ ਨੇ, 'ਰਾਜੇ ਸ਼ੀਂਹ ਮੁਕਦਮ ਕੁਤੇ', 'ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, 'ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ£' ਫੁਰਮਾ ਲੋਕਾਈ ਨੂੰ ਰਾਜਿਆਂ ਮਹਾਰਾਜਿਆਂ ਤੇ ਸਤਾਧਾਰੀਆਂ ਵਲੋਂ ਕੀਤੇ ਜਾ ਰਹੇ ਜੁਲਮ ਪ੍ਰਤੀ ਚੇਤੰਨ ਕੀਤਾ। 'ਰਾਜੇ ਚੁਲੀ ਨਿਆਂਉ ਕੀ 'ਅਤੇ , 'ਤਖਤੇ ਰਾਜਾ ਸੋ ਬਹੈ ਜੋ ਤਖਤੇ ਲਾਇਕ ਹੋਏ' ਦਾ ਆਦੇਸ਼ ਦਿੰਦਿਆਂ, ਧੱਕਾ ਕਰਨ ਵਾਲੇ ਰਾਜਿਆਂ ਨੂੰ 'ਰਾਜੇ ਸ਼ੀਂਹ ਮੁਕੱਦਮ ਕੁਤੇ', 'ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਏ' ਕਹਿ ਦਿੱਤਾ। ਕਾਬਲ ਕੰਧਾਰ ਇਰਾਨ ਇਰਾਕ ਤੇ ਅਫਗਾਨਿਸਤਾਨ ਤੋਂ ਹਮਲਾਵਰ ਚੜਕੇ ਆਉਂਦੇ, ਹਿੰਦੁਸਤਾਨ ਦੀ ਇਜਤ ਤੇ ਧੰਨ ਦੌਲਤ ਲੁੱਟ ਕੇ ਚਲਦੇ ਬਣਦੇ। ਹਮਲਾਵਰ ਪੰਜਾਬ ਵਿਚੋਂ ਲੰਘਦੇ ਸਨ ਤੇ ਇਥੋਂ ਦੋ ਹੀ ਆਵਾਜ਼ਾਂ ਆਉਂਦੀਆਂ ਸਨ, ਇਕ ਹਮਲਾਵਰਾਂ ਦੇ ਘੋੜਿਆਂ ਦੀਆਂ ਟਾਪਾਂ ਤੇ ਦੂਸਰਾ ਲੁੱਟੀ ਪੁੱਟੀ ਦੁਖੀ ਲੋਕਾਈ ਦੇ ਰੋਣ ਕੁਰਲਾਣ ਦੀਆਂ। ਗੁਰੂ ਨਾਨਕ ਸਾਹਿਬ ਦੀ ਹਯਾਤੀ ਵਿਚ ਬਾਬਰ ਹਮਲਾਵਰ ਹੋਕੇ ਆਇਆ ਤਾਂ ਉਨ੍ਹਾਂ ਲੋਕਾਈ ਨੂੰ ਬਾਬਰ ਦਾ ਵਿਰੋਧ ਕਰਨ ਲਈ ਪ੍ਰੇਰਿਆ, ਤੁਸੀਂ ਬਜਰਧਾਰੀ ਇੰਦਰ, ਮਾਤਾ ਦੁਰਗਾ, ਮਾਤਾ ਕਾਲੀ ਦੇ ਪੈਰੋਕਾਰ ਕਹਾਉਂਦੇ ਹੋ, ਚੰਦਰਬੰਸੀ ਸੂਰਜਬੰਸੀ ਰਾਜਪੂਤ ਹੋਣ ਦਾ ਹੰਕਾਰ ਪਾਲਦੇ ਹੋ, ਤੁਹਾਡੀ ਕਮਾਈ ਦੌਲਤ ਤੇ ਅਜ਼ਮਤ ਲੁੱਟਣ ਤੇ ਦੇਸ਼ ਗੁਲਾਮ ਬਣਾਉਣ ਲਈ ਬਾਬਰ ਆ ਰਿਹਾ ਹੈ ਲੇਕਿਨ ਸ਼ਕਤੀ ਦੇ ਪੁਜਾਰੀਆਂ ਨੂੰ ਪੰਡਤਾਂ ਦੇ ਤੰਤਰਾਂ ਤੇ ਤਾਂਤਰਿਕਾਂ ਦੇ  ਮੰਤਰਾਂ ਤੇ ਭਰੋਸਾ ਸੀ। ਗੁਰੂ ਜੀ ਨੇ ਬਾਬਰ ਦੇ ਹਮਲੇ ਉਪਰੰਤ ਇਹ ਮਿਹਣਾ ਮਾਰਿਆ 'ਕੋਉ ਮੁਗਲ ਨਾ ਹੋਆ ਅੰਧਾ ਕਿਨੇ ਨ ਪਰਚਾ ਲਾਇਆ' 'ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ£' ਉਪਦੇਸ਼ ਕੀਤਾ ਸਚਿ  ਉਹ ਨਹੀ ਜੋ ਘਰ ਦੇ ਅੰਦਰ ਵੜ ਕੇ ਕਿਹਾ ਜਾਂਦਾ ਸਚਿ ਤਾਂ ਉਹ ਹੈ ਜੋ ਉਸ ਵੇਲੇ ਹੀ ਸੁਣਾਇਆ ਜਾਂਦਾ ਜਦੋਂ ਜਰਵਾਣੇ ਦੇ  ਹੱਥ ਵਿਚ ਤਲਵਾਰ  ਹੋਵੇ। 'ਸਚਿ ਸੁਣਾਇਸੀ ਸਚਿ ਕੀ ਬੇਲਾ'।
ਲੇਕਿਨ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਵੰਗਾਰ ਤੇ ਕਿਸੇ ਵੀ ਦੇਸ਼ ਵਾਸੀ ਦੀ ਅਣਖ ਤੇ ਸਵੈਮਾਣ ਨਾ ਜਾਗਿਆ, ਗੁਰੂ ਸਾਹਿਬ ਨੇ ਹੀ, 'ਬਾਬਰ ਨੂੰ ਜਾਬਰ' ਤੇ ਉਸਦੀ ਫੌਜ ਨੂੰ, 'ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ' ਵਿਰੋਧ ਜਿਤਾਇਆ, ਬਾਬਰ ਦੀ ਜੇਲ ਵੀ ਗਏ ਜਿਥੇ ਚੱਕੀ ਪੀਸਣ ਦਾ ਹੁਕਮ ਸੀ, ਲੇਕਿਨ ਜਦੋਂ ਬਾਬਰ ਨੂੰ ਗੁਰੁ ਸਾਹਿਬ ਦੀ ਅਜ਼ਮਤ ਦਾ ਪਤਾ ਲੱਗਾ ਤਾਂ ਸਤਿਕਾਰ ਜਿਤਾ ਕੁਝ ਮੰਗਣ ਲਈ ਕਿਹਾ, ਜਿਸਦਾ ਸਾਫ ਉਤਰ ਸੀ, 'ਕਹੁ ਨਾਨਕ ਸੁਣ ਬਾਬਰ ਨੀਰ ਤੁਝਸੇ ਮਾਂਗੇ ਸੋ ਅਹਿਮਕ ਫਕੀਰ'। ਭਾਰਤੀ ਸਮਾਜ ਵਿਚ ਆਈ ਇਸ ਗਿਰਾਵਟ, ਗਿਲਾਨੀ ਤੇ ਗੁਲਾਮੀ ਦੇ ਕਾਰਣ ਵੀ ਬਿਆਨ ਕੀਤਾ, 'ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਰੀ ਰਖੇ ਰੰਗੁ ਲਾਇ£ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ'। ਜਿਸ ਸਮਾਜ ਦਾ ਆਦਰਸ਼ ਧਨ ਕਮਾਉਣਾ ਜਾਂ ਕਿਸੇ ਤਰ੍ਹਾਂ ਦੀ ਤਾਕਤ ਹਾਸਿਲ ਕਰਨਾ ਹੋ ਜਾਵੇ ਤਾਂ ਉਸਦੇ ਸਾਧਨ ਖੁਸ਼ਾਮੰਦ ਤੇ ਚਾਪਲੂਸੀ ਹੀ ਬਣਦੇ ਹਨ। ਇਸ ਤਰ੍ਹਾ ਆਈ ਸਤਾ ਤੇ ਧਨ ਵੀ ਨਾਚ ਗਾਣਿਆਂ ਤੇ ਔਰਤ  ਉਤੇ ਹੀ ਖਰਚ ਕੀਤਾ ਜਾਂਦਾ ਹੈ। 'ਦ ਫਾਲ ਆਫ ਰੋਮਨ ਅਮਪਾਇਰ' ਪੁਸਤਕ ਦਾ ਲੇਖਕ ਰੋਮ ਸਲਤਨਤ ਦੇ ਪੱਤਨ ਦਾ ਕਾਰਣ ਵੀ ਉਪਰੋਕਤ ਕਮਜੋਰੀਆਂ ਹੀ ਦਸਦਾ ਹੈ। ਡਾ:ਮੁਹੰਮਦ ਇਕਬਾਲ ਲਿਖਦਾ ਹੈ ਕਿ ਜਦੋਂ, 'ਰਾਮਪੁਰ ਰਿਆਸਤ ਦੇ ਪਠਾਣਾਂ ਤੇ ਗੁਲਾਮ ਖਾਨਦਾਨ ਨੇ ਜਿਤ ਪ੍ਰਾਪਤ ਕਰ ਲਈ ਤਾਂ ਨਾਚ ਗਾਣੇ ਦਾ ਪ੍ਰਬੰਧ ਕੀਤਾ ਗਿਆ, ਮਹਿਲਾਂ ਵਿਚ ਰਹਿਣ ਵਾਲੀਆਂ ਬੇਗਮਾਂ ਜਬਰੀ ਨਚਣ ਲਈ ਮਜ਼ਬੂਰ ਕੀਤੀਆਂ ਗਈਆਂ, ਜੇਤੂ ਰਾਜੇ ਨੇ ਆਪਣੀ ਹਥਿਆਰ ਪੇਟੀ ਲਾਹ ਕੇ ਰੱਖ ਦਿੱਤੀ, ਕਾਫੀ ਸਮਾਂ ਸੌਣ ਦਾ ਬਹਾਨਾ ਕੀਤਾ, ਫਿਰ ਉਠਿਆ ਤੇ ਕਹਿਣ ਲੱਗਾ ਮੇਰੇ ਸੋਣ ਦਾ ਮਤਲਬ ਤਾਂ ਇਹ ਵੇਖਣਾ ਸੀ ਕਿ ਸ਼ਾਇਦ ਕਿਸੇ ਪਠਾਣ ਔਰਤ ਦੀ ਅਣਖ ਤੇ ਗੈਰਤ ਹੀ ਜਾਗ ਪਵੇ, ਲੇਕਿਨ ਮੈਨੂੰ ਪਤਾ ਲੱਗ ਗਿਆ ਹੈ ਕਿ ਧਨ ਤੇ ਸਤਾ ਕਾਰਣ ਇਹ ਵੀ ਜਾਂਦੀ ਰਹੀ ਹੈ।
ਆਮ ਤੌਰ 'ਤੇ ਲੋਕ ਜਿਸ ਤਾਕਤਵਰ ਦਾ ਮੁਕਾਬਲਾ ਨਹੀਂ ਕਰ ਸਕਦੇ ਉਸਦੀ ਖੁਸ਼ਾਮੰਦ ਤੇ ਝੂਠੀ ਖੁਸ਼ਾਮੰਦ ਕਰਦੇ ਹਨ, ਤਤਕਾਲੀਨ ਸਮਾਜ ਦੇ ਲਕਬਾਂ ਦੇ ਜਵਾਬ ਵਿਚ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਸਪੱਸ਼ਟ ਕੀਤਾ ਕਿ ਉਹ ਕੌਣ ਹਨ, 'ਹਉ ਦੇਵਾਨਾ ਸਾਹੁ ਕਾ ਨਾਨਕ ਬਉਰਾਨਾ ਹਉ ਹਰਿ ਬਿਨ ਅਵਰ ਨਾ  ਜਾਨਾ'। ਅਰਥਾਤ ਮੈਂ ਇਕ ਪ੍ਰਮਾਤਮਾ ਤੋਂ ਬਿਨ੍ਹਾਂ ਕਿਸੇ ਰਾਜੇ, ਸਿਕਦਾਰ, ਚੌਧਰੀ ਜਾਂ ਮਜਹਬੀ ਆਗੂ ਦਾ ਪ੍ਰਭਾਵ ਕਬੂਲ ਨਹੀ ਕਰਦਾ। ਗੁਰੂ ਨਾਨਕ ਸਾਹਿਬ ਜਦੋਂ ਸਿੱਧਾਂ ਪਾਸ ਪੁੱਜੇ ਤਾਂ ਇਹ ਸਵਾਲ ਪੁੱਛੇ ਜਾਣ ਤੇ ਕਿਹੜੀ ਕਰਾਮਾਤ ਇਥੇ ਲਿਆਈ ਹੈ ਤਾਂ ਪਾਤਸ਼ਾਹ ਦਾ ਜਵਾਬ ਸੀ, 'ਨਾਨਕ ਸਚੇ ਬਿਨ ਹੋਰ ਕਰਾਮਾਤ ਅਸਾਥੇ ਨਾਹੀ'।
ਵਹਿਮਾਂ ਭਰਮਾਂ ਅਤੇ ਅਗਿਆਨਤਾ ਦਾ ਹਨੇਰਾ ਦੂਰ ਕਰ, ਤ੍ਰਿਸ਼ਣਾ ਅਗਨ ਵਿਚ ਜਲ ਬਲ ਰਹੇ ਸੰਸਾਰ ਦੇ ਉਦਾਰ, ਪਾਖੰਡ, ਪਾਪ, ਅਨਿਆਂ ਅਤੇ ਜੁਲਮ ਤੋਂ ਲੋਕਾਈ ਨੂੰ ਮੁਕਤ ਕਰਨ ਦੇ ਰੱਬੀ ਆਦੇਸ਼ ਦੀ ਪੂਰਤੀ ਲਈ ਸੁਲਤਾਨਪੁਰ ਲੋਧੀ ਸਥਿਤ ਵੇਈਂਂ ਨਦੀ ਵਿਚ ਤਿੰਨ ਦਿਨ ਤੇ ਤਿੰਨ ਰਾਤਾਂ ਜਲ-ਸਮਾਧੀ ਦੌਰਾਨ ਪਰਮ ਪਿਤਾ ਪ੍ਰਮੇਸ਼ਵਰ ਪਾਸੋਂ ਗੁਰ ਪ੍ਰਮੇਸ਼ਰ ਦੀ ਪਦਵੀ ਪ੍ਰਾਪਤ ਕਰ ਰੱਬੀ ਆਦੇਸ਼ ਤੇ ਆਵੇਸ਼ ਅਨੁਸਾਰ ''ਪ੍ਰਭੁ ਕਾ ਧਰਮ ਪੰਥ'' ਪ੍ਰਗਟ ਕਰਨ ਲਈ ਪਹਿਲਾ ਉਪਦੇਸ਼ ਇਸੇ ਇਤਿਹਾਸਕ ਸਥਾਨ 'ਤੇ ਨਸ਼ਰ ਕੀਤਾ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿਚ ਖੱਫਨੀ ਸਿਰ 'ਤੇ ਬੰਨ੍ਹ ਕਿਹਾ 'ਨਾ ਕੋਈ ਹਿੰਦੂ ਨਾ ਮੁਸਲਮਾਨ'।
ਆਪਣੀ ਜਗਤ ਫੇਰੀ ਦਾ ਮੰਤਵ ਗੁਰੂ ਨਾਨਕ ਪਾਤਸ਼ਾਹ ਨੇ ਗੁਰਮੁਖਾਂ ਦੀ ਖੋਜ ਹੀ ਦੱਸਿਆ, 'ਗੁਰਮੁਖ ਖੋਜਤ ਭਏ ਉਦਾਸੀ'। ਧਰਮ ਤੇ ਸਮਾਜ ਦੇ ਪਤਨ ਤੋਂ ਚਿੰਤਤ ਪੁਰਸ਼ਾਂ ਨੂੰ ਲੱਭਣਾ ਤੇ ਇਕੱਤਰ ਕਰਨਾ ਹੀ ਆਪਣਾ ਮੰਤਵ ਦਰਸਾਇਆ। ਦੁਨੀਆ ਵਿਚ ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਸੂਝਵਾਨ ਤੇ ਇਮਾਨਦਾਰ ਵਿਅਕਤੀਗਤ ਤੌਰ ਤੇ ਹੀ ਵਿਚਰਦੇ ਹਨ ਜਦਕਿ ਚੋਰ, ਡਾਕੂ, ਲੁਟੇਰੇ ਆਪਣੇ ਸਮੂਹ ਬਣਾ ਕੇ ਚਲਦੇ ਹਨ। ਰਮਾਇਣ ਦੇ ਰਚੇਤੇ ਤੁਲਸੀ ਦਾਸ ਕਹਿੰਦੇ ਹਨ, 'ਸਾਧੁ ਨਾ ਚਲੇ ਜਮਾਤ'। ਗੁਰੂ  ਪਾਤਸ਼ਾਹ ਨੇ ਧਰਮੀ ਪੁਰਸ਼ਾਂ ਨੂੰ ਇਕੱਤਰ ਕਰਕੇ ਸੰਗਤਾਂ ਦੇ ਰੂਪ ਵਿਚ ਸੰਗਠਿਤ ਕਰਨ ਦਾ ਉਪਰਾਲਾ ਕੀਤਾ ਕਿਉਂਕਿ ਨਿਜੀ ਤੌਰ ਤੇ ਆਤਮਿਕ ਉਚਤਾ ਤੇ ਮੁਕਤੀ ਤਾਂ ਕੱਲੇ ਰਹਿ ਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਲੇਕਿਨ ਸਮਾਜਿਕ ਭਲਾਈ ਤੇ ਪ੍ਰੀਵਾਰ ਕਲਿਆਣ ਜਮਾਤੀ ਰੂਪ ਵਿਚ ਹੀ ਸੰਭਵ ਹੈ। ਗੁਰੁ ਪਾਤਸ਼ਾਹ ਨੇ ਸਪਸ਼ਟ ਕੀਤਾ ਕਿ ਸਿੱਖੀ ਕੋਈ ਨਿਜੀ ਵਰਤਾਰੇ ਤੀਕ ਸੀਮਤ ਨਹੀ ਬਲਕਿ ਸਮਾਜਿਕ ਭਲਾਈ ਤੇ ਸਰਵਪੱਖੀ ਮਨੁਖੀ ਕਲਿਆਣ ਹੀ ਸਿੱਖ ਧਰਮ ਦਾ ਨਿਸ਼ਾਨਾ ਬਣਾਇਆ। ਇਸ ਲਈ ਜਿਥੇ ਜਿਥੇ ਵੀ ਗੁਰੁ ਨਾਨਕ ਦੇਵ ਗਏ ਉਥੇ ਸੰਗਤਾਂ ਸਥਾਪਿਤ ਕਰਦੇ ਗਏ ,'ਘਰਿ ਘਰਿ ਅੰਦਰ ਧਰਮਸਾਲਿ', ਇਨ੍ਹਾਂ ਦੇ ਮੁਖੀ ਥਾਪੇ, ਪ੍ਰਚਾਰ ਕਰਨ ਲਈ ਇਲਾਕੇ ਨਿਸਚਿਤ ਕੀਤੇ। ਕਾਜੀਆਂ ਵਲੋਂ ਪੁੱਛੇ ਸਵਾਲ, 'ਵੱਡਾ ਹਿੰਦੂ ਕਿ ਮੁਸਲਮਨੋਈ 'ਦਾ ਜਵਾਬ ਦਿੱਤਾ, 'ਸੁਭ ਅਮਲਾਂ ਬਾਝੌ ਦੋਨੋ ਰੋਈ'... 'ਉਥੇ ਸਚੋ ਹੀ ਸਚ ਨਿਬੜੇ ਸੁਣ ਸਚਿ ਕਢੈ ਜਜਮਾਲਿਆ। ਮਨੂੰ ਦੇ ਵਰਣ ਸ਼ਾਸ਼ਤਰ ਨੂੰ ਲੀਰੋਲੀਰ ਕੀਤਾ ਤੇ ਉਪਦੇਸ਼ਿਆ, ਜਨਮ ਕਰਕੇ ਕੋਈ ਵੱਡਾ ਨਹੀ ਹੋ ਸਕਦਾ, ਅਮਲ ਤੇ ਜ਼ੋਰ ਦਿੱਤਾ, 'ਜਾਤੀ ਕੇ ਕਿਆ ਹਥਿ ਸਚਿ ਪਰਖੀਐ ਮੋਹਰਾ ਹੋਵੇ ਹਥਿ ਮਰੀਐ ਚਖੀਐ'
ਚਾਰ ਉਦਾਸੀਆਂ ਉਪਰੰਤ ਗੁਰੂ ਪਾਤਸ਼ਾਹ ਕਰਤਾਰਪੁਰ ਆ ਗਏ, ਉਦਾਸੀ ਵਾਲੇ ਕਪੜੇ ਲਾਹ ਦਿੱਤੇ, ਕਿਸੇ ਦੇਹ ਧਾਰੀ ਡੇਰੇਦਾਰ ਨੂੰ ਮੰਨਣ ਦੀ ਬਜਾਏ ਹੱਥੀ ਕਿਰਤ ਕਰਨ ਤੇ ਜੋਰ ਦਿੱਤਾ, 'ਕਿਰਤ ਵਿਰਤ ਕਰ ਧਰਮ ਦੀ ਹਥੋਂ ਦੇਕੇ ਭਲਾ ਮਨਾਵੇ', 'ਘਾਲਿ ਖਾਇ ਕਿਛ ਹਥੋਂ ਦੇ ਨਾਨਕ ਰਾਹ ਪਛਾਣੇ ਸੇ'। ਜੀਵਨ ਹਯਾਤੀ ਦੀ ਖੇਡ ਪੂਰੀ ਕਰਨ ਤੋਂ ਪਹਿਲਾਂ ਉਤਰਾਅਧਿਕਾਰੀ ਥਾਪਣ ਸਮੇਂ ਵੀ ਆਪਣੇ ਖੂਨ ਦੀ ਬਜਾਏ ਸਮਰਪਣ ਦੀ ਭਾਵਨਾ ਤੇ ਸੇਵਾ ਨੂੰ ਪਹਿਲ ਦਿੱਤੀ। ਹਿੰਦੀ  ਕਵੀ ਮੈਥਲੀ ਸ਼ਰਨ ਗੁਪਤਾ ਨੇ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਦੋ ਪੁੱਤਰਾਂ ਦੇ ਹੁੰਦਿਆਂ ਵੀ ਪੁੱਤਰਾਂ ਨੂੰ ਵਿਰਸੇ ਦਾ ਅਧਿਕਾਰੀ ਸਵੀਕਾਰ ਨਹੀਂ ਕੀਤਾ ਬਲਕਿ ਸਿੱਖੀ ਧਾਰਨ ਕਰਨ ਵਾਲੇ ਸੇਵਕ ਭਾਈ ਲਹਿਣਾ ਜੀ ਨੂੰ ਆਪਣਾ ਵਾਰਸ  'ਗੁਰੂ ਅੰਗਦ ਦੇਵ' ਦੇ ਰੂਪ ਵਿਚ ਪ੍ਰਵਾਨ ਕੀਤਾ। ''ਕੁਲਮੱਤ ਨਹੀਂ ਸਿਖ ਗੁਣ ਹੀ ਰੱਖਾ ਗੱਦੀ ਕਾ ਅਧਿਕਾਰ'' ਸਮੁੱਚਾ ਜੀਵਨ ਹਨੇਰੇ ਵਿਚ ਭਟਕ ਰਹੇ ਸੰਸਾਰ ਨੂੰ ਗਿਆਨ ਦੀ ਰੋਸ਼ਨੀ ਨਾਲ ਸਰਸ਼ਾਰ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਵਜੋਂ ਪ੍ਰਵਾਨ ਕਰਦਿਆਂ ਆਦੇਸ਼ ਕੀਤਾ, 'ਪੁਰਖਾ ਪੰਥ ਪਾਰਬ੍ਰਹਮ ਦਾ ਕਰਨਾ ਹੈ'।  
ਗੁਰੂ ਨਾਨਕ ਦੇਵ ਵਲੋਂ ਉਚਾਰੀ ਇਲਾਹੀ ਬਾਣੀ ਅੱਜ ਵੀ ਜੀਵਨ ਦੇ ਹਰ ਮੋੜ ਤੇ ਸਾਡਾ ਮਾਰਗ ਰੋਸ਼ਨ ਕਰਨ ਦੇ ਸਮਰੱਥ ਹੈ। ਸਿੱਖ ਧਰਮ ਬਾਰੇ ਕਿਹਾ ਜਾਂਦਾ ਹੈ ਕਿ ਇਹ ਲੋਕਾਂ ਦਾ ਧਰਮ ਹੈ ਤੇ ਸਮੁੱਚੇ ਮਨੁੱਖੀ ਸਮਾਜ ਦੇ ਸਰਵ ਪੱਖੀ ਕਲਿਆਣ ਲਈ ਕੱਲ ਵੀ ਯਤਨਸ਼ੀਲ ਸੀ ਤੇ ਅੱਜ ਵੀ ਹੈ ਤੇ ਰਹੇਗਾ ਵੀ।
ਐਸੇ ਮਹਾਨ ਸਤਿਗੁਰੂ ਨੂੰ ਨਮੋ ਨਮੋ ਹੈ ,
'ਐਸੇ ਗੁਰ ਕੋ ਬਲ ਬਲ ਜਾਈਐ ਆਪਿ ਮੁਕਤ ਮੋਹੇ ਤਾਰੇ'

ਮਨਜੀਤ ਸਿੰਘ ਕਲਕੱਤਾ
98140-50679