ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਸਰੋਕਾਰ


ਗੁਰੂ ਨਾਨਕ ਦੇਵ ਜੀ ਗਿਆਨ ਦੀ ਰੋਸ਼ਨੀ ਸਨ ਜਿਨ੍ਹਾਂ ਅਗਿਆਨ ਦੇ ਹਨੇਰੇ ਨੂੰ ਕਿਤੇ ਵੀ ਟਿਕਣ ਨਾ ਦਿੱਤਾ। ਉਹ ਜਿੱਥੇ-ਜਿੱਥੇ ਗਏ ਸ਼ਬਦਾਂ ਦੇ ਚਾਨਣ ਅਤੇ ਦਲੀਲ ਦੀ ਕਾਟ ਨਾਲ ਹਨੇਰੇ ਨੂੰ ਭਜਾਉਂਦੇ ਰਹੇ। ਉਹ ਜਾਣਦੇ ਸਨ ਕਿ ਹਨੇਰੇ ਵਿੱਚ ਘਿਰੇ ਨੂੰ ਉਜਾਲੇ ਦੀ ਸਾਰ ਨਹੀਂ ਹੁੰਦੀ। ਇਸੇ ਲਈ ਉਹ ਹਨੇਰਿਆਂ ਵਿੱਚ ਜਾਂਦੇ ਰਹੇ, ਤਾਰਿਆਂ ਦੇ ਛੱਟੇ ਦਿੰਦੇ ਰਹੇ। ਅਗਿਆਨੀਆਂ ਦੇ ਅੰਬਰਾਂ ਉੱਤੇ ਚਾਨਣ ਚੜ੍ਹਾਉਂਦੇ ਰਹੇ। ਜੇ ਕਿਧਰੇ ਸਵਾਲਾਂ ਦੀ ਬੁਛਾੜ ਹੁੰਦੀ ਤਾਂ ਉਹ ਢੁੱਕਵੇਂ ਜਵਾਬਾਂ ਨਾਲ ਅਜਿਹੀ ਤਸੱਲੀ ਕਰਵਾਉਂਦੇ ਕਿ ਸਵਾਲ ਕਰਨ ਵਾਲੇ ਦੰਗ ਰਹਿ ਜਾਂਦੇ। ਉਨ੍ਹਾਂ ਆਪਣੇ ਸਮਕਾਲੀ ਉਨ੍ਹਾਂ ਸਿੱਧਾਂ ਜੋਗੀਆਂ ਨਾਲ ਵਾਰਤਾਲਾਪ ਕੀਤਾ ਜਿਹੜੇ ਰੂਹਾਨੀ ਸਫ਼ਰ 'ਤੇ ਤਾਂ ਸਨ ਪਰ ਸਮਾਜ ਨਾਲ ਨਾਤਾ ਨਹੀਂ ਸਨ ਰੱਖ ਰਹੇ। ਰੋਟੀ-ਪਾਣੀ ਅਤੇ ਹੋਰ ਲੋੜਾਂ ਵਾਸਤੇ ਸਮਾਜ ਪਰ ਰੂਹਾਨੀ ਸਫ਼ਰ 'ਤੇ ਕੇਵਲ ਆਪ। ਅੱਜ ਵੀ ਉਨ੍ਹਾਂ ਦੀ ਪੈੜ-ਚਾਪ ਕਰਨ ਵਾਲੇ ਕਿਤੇ ਨਾ ਕਿਤੇ ਬੈਠੇ ਹਨ ਪਰ ਹਨੇਰਿਆਂ ਦਾ ਬੋਝ ਢੋਣ ਤੋਂ ਵੱਧ ਕੁੱਝ ਨਹੀਂ ਕਰ ਰਹੇ। ਗੁਰੂ ਨਾਨਕ ਦੇਵ ਦੀ ਬਾਣੀ ਚਾਨਣ ਦੇ ਛੱਟੇ ਦੇ ਰਹੀ ਹੈ, ਲੱਖਾਂ ਕਿਰਨਾਂ ਬਿਖੇਰ ਰਹੀ ਹੈ ਤਾਂ ਕਿ ਲੋਕਾਈ ਚਾਨਣ ਵਿੱਚ ਜੀਅ ਸਕੇ।
       ਪੀਰ, ਫ਼ਕੀਰ, ਔਲੀਆ ਅਤੇ ਗੁਰੂ ਦੀ ਪਦਵੀ ਤਕ ਪਹੁੰਚਣਾ ਸੌਖਾ ਨਹੀਂ ਹੁੰਦਾ ਪਰ ਜਿਹੜਾ ਇਸ ਬਿਰਤੀ ਦਾ ਹੋ ਜਾਂਦਾ ਹੈ, ਉਸ ਨੂੰ ਦੁਨੀਆਂ ਗਲਵੱਕੜੀ ਵਿੱਚ ਲੱਗਦੀ ਹੈ ਅਤੇ ਲੋਕਾਈ ਬੁੱਕਲ ਵਿੱਚ। ਉਸ ਲਈ ਸਾਰੇ ਆਪਣੇ ਹੁੰਦੇ ਹਨ ਤੇ ਕੋਈ ਵੀ ਬਿਗਾਨਾ ਨਹੀਂ ਰਹਿੰਦਾ। ਗੁਰੂ ਨਾਨਕ ਦੇਵ ਜੀ ਇਸ ਸੋਚ ਦੇ ਮਾਲਕ ਸਨ ਕਿ ਸਾਰਿਆਂ ਦਾ ਸੰਗ ਹੀ ਆਪਣਾ ਹਾਸਲ ਹੈ। ਨਾ ਕੋਈ ਵੈਰੀ ਹੈ ਅਤੇ ਨਾ ਕੋਈ ਬਿਗਾਨਾ। ਉਨ੍ਹਾਂ ਭਾਈ ਬਾਲਾ ਤੇ ਭਾਈ ਮਰਦਾਨਾ ਨੂੰ ਸਾਥੀ ਬਣਾ, ਨਾਲ ਤੋਰ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਉਹ ਗ਼ਲਤ ਸਮਾਜਿਕ ਦੀਵਾਰਾਂ ਨੂੰ ਨਹੀਂ ਮੰਨਦੇ। ਉਹ ਮਨੁੱਖਾਂ ਵਿਚਕਾਰ ਤਣੀਆਂ ਨਫ਼ਰਤ ਦੀਆਂ ਦੀਵਾਰਾਂ ਨੂੰ ਢਾਹੁਣ ਲਈ ਆਵਾਜ਼ ਉਠਾਉਂਦੇ ਰਹੇ, ਜ਼ੋਰ ਲਾਉਂਦੇ ਰਹੇ ਪਰ ਅਫ਼ਸੋਸ ਕਿ ਅਸੀਂ ਉਨ੍ਹਾਂ ਦੀ ਅੱਜ ਤਕ ਨਹੀਂ ਮੰਨੀ।
ਗੁਰੂ ਨਾਨਕ ਦੇਵ ਜੀ ਸਮਾਜ ਦੇ ਉਸ ਵਰਗ ਨਾਲ ਖੜ੍ਹੇ ਜਿਸ ਨੂੰ ਪੀੜੋ ਪੀੜ ਕੀਤਾ ਜਾ ਰਿਹਾ ਸੀ ਅਤੇ ਇਸ ਕਦਰ ਵਿਸਾਰਿਆ ਹੋਇਆ ਸੀ ਕਿ ਆਪਣੇ ਪੈਰਾਂ 'ਤੇ ਨਾ ਖੜੋ ਸਕੇ। ਉਸ ਵਰਗ ਦੇ ਹੱਕ ਵਿੱਚ ਬੋਲ ਕੇ ਅਤੇ ਅਮਲ ਵਿੱਚ ਉਸ ਨਾਲ ਵਿਚਰ ਕੇ ਪੂਰੇ ਵਰਗ ਦੇ ਚਿਹਰੇ ਲਾਲੋ-ਲਾਲ ਕਰ ਦਿੱਤੇ। ਲਾਲੋ ਨੂੰ ਆਪਣੀ ਕਿਰਤ 'ਤੇ ਮਾਣ ਹੋਇਆ ਜਿਸ ਨੂੰ ਕੋਧਰੇ ਦੀ ਰੋਟੀ ਵੱਡੇ ਪਕਵਾਨਾਂ ਤੋਂ ਵੀ ਵੱਡਾ ਪਕਵਾਨ ਲੱਗੀ। ਕਈ ਸਦੀਆਂ ਪਹਿਲਾਂ ਕਿਰਤ ਦੀ ਵਡਿਆਈ ਦਾ ਉਨ੍ਹਾਂ ਵੱਲੋਂ ਕਰਾਇਆ ਗਿਆ ਅਹਿਸਾਸ ਅਜੇ ਤਕ ਅਸਲ ਵਿੱਚ ਮਾਨਤਾ ਪ੍ਰਾਪਤ ਨਹੀਂ ਕਰ ਸਕਿਆ। ਪੱਛਮ ਵਿੱਚ ਕਿਰਤ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਦੋਂ ਕਿ ਭਾਰਤ ਵਿੱਚ ਛੁਟਿਆਈ ਜਾਂਦੀ ਹੈ। ਕਿਰਤ ਖਾਸਕਰ ਕਾਮਾ-ਵਰਗ ਦੀ ਕਿਰਤ ਦੀ ਢੁੱਕਵੀਂ ਕਦਰ ਨਾ ਕਰਨਾ, ਉਸ ਵਰਗ ਨੂੰ ਅੱਖੋਂ ਓਹਲੇ ਕਰਨਾ ਹੈ ਜਿਸ ਬਿਨਾਂ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ।
ਇੱਕ ਅਧਿਆਪਕ ਵਾਂਗ ਵਿਚਰਦਿਆਂ ਗੁਰੂ ਨਾਨਕ ਦੇਵ ਜੀ ਆਪਣੇ ਸਾਹਮਣੇ ਦੁਨੀਆਂ ਭਰ ਨੂੰ ਆਪਣੀ ਜਮਾਤ ਸਮਝ ਕੇ ਮਿੱਠੜੇ ਰਸੀਲੇ, ਅਰਥ-ਪੂਰਨ ਅਤੇ ਪ੍ਰੇਮ-ਭਿੱਜੇ ਬੋਲਾਂ ਨਾਲ ਹਰ ਖੇਤਰ ਦੀ ਅਗਵਾਈ ਦੇ ਰਹੇ ਹਨ ਤਾਂ ਕਿ ਹਰ ਕੋਈ ਉਸ ਦੀ ਲਪੇਟ ਵਿੱਚ ਆ ਸਕੇ ਅਤੇ ਜ਼ਿੰਦਗੀ ਵਿੱਚ ਆਉਂਦੀ ਹਰ ਮੁਸ਼ਕਲ ਨੂੰ ਹੱਲ ਕਰ ਸਕੇ। ਉਹ ਆਪਣੀਆਂ ਸਾਰਥਿਕ ਟਿੱਪਣੀਆਂ ਰਾਹੀਂ ਜਿੱਥੇ ਸਮਾਜਿਕ ਮਸਲਿਆਂ ਨਾਲ ਨਿਪਟਣ ਦੇ ਗੁਰ ਅਤੇ ਰਾਹ ਦੱਸਦੇ ਹਨ, ਉੱਥੇ ਰੂਹਾਨੀ ਸਫ਼ਰ ਦੀਆਂ ਪਰਤਾਂ ਵਿੱਚ ਵਿਚਰਨ ਬਾਰੇ ਦੱਸਣਾ ਕਤਈ ਨਹੀਂ ਭੁੱਲਦੇ ਕਿਉਂਕਿ ਰੂਹਾਨੀਅਤ ਮਨੁੱਖ ਨੂੰ ਉਨ੍ਹਾਂ ਖਿੱਤਿਆਂ ਵਿੱਚ ਲੈ ਜਾਂਦੀ ਹੈ ਜਿਨ੍ਹਾਂ ਬਾਰੇ ਉਸ ਨੇ ਕਦੇ ਸੋਚਿਆ ਤਕ ਨਹੀਂ ਹੁੰਦਾ। ਸਮਾਜ ਵੰਡਿਆ ਹੋਇਆ ਸੀ ਜੋ ਅੱਜ ਤਕ ਵੀ ਭਾਈਚਾਰੇ ਵਿੱਚ ਨਹੀਂ ਵਟ ਸਕਿਆ। ਵੰਡੇ ਸਮਾਜ ਦੀਆਂ ਵੰਡੀਆਂ ਨੂੰ ਦੂਰ ਕਰਨਾ, ਵਿਤਕਰਿਆਂ ਦੀਆਂ ਦੀਵਾਰਾਂ ਨੂੰ ਤੋੜਨਾ, ਨਫ਼ਰਤਾਂ ਮਿਟਾਉਣੀਆਂ ਆਸਾਨ ਕੰਮ ਨਹੀਂ ਪਰ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਦਾ ਰਾਗ ਅਲਾਪ ਕੇ ਮਨੁੱਖਤਾ ਨੂੰ ਇਹ ਸਮਝਾਇਆ ਕਿ ਬੰਦੇ, ਪ੍ਰਾਣੀ ਸਭ ਕੁਦਰਤ ਦੇ ਹਨ ਅਤੇ ਇੱਕੋ ਅੱਲ੍ਹਾ ਦੇ ਨੂਰ ਹਨ ਜਿਸ ਕਾਰਨ ਕਿਸੇ ਨੂੰ ਨਫ਼ਰਤ ਕਰਨੀ ਕਿਸੇ ਤਰ੍ਹਾਂ ਵੀ ਠੀਕ ਨਹੀਂ। ਸਭੇ ਸਾਂਝੀਵਾਲ ਹਨ, ਇੱਕ-ਦੂਜੇ ਨਾਲ ਸਬੰਧਤ ਹਨ, ਫਿਰ ਨਫ਼ਰਤ ਅਤੇ ਈਰਖਾ ਕੇਹੀ?
ਗੁਰੂ ਨਾਨਕ ਦੇਵ ਜੀ ਨੇ ਆਪਣੇ ਰੂਹਾਨੀ ਅਨੁਭਵ ਨਾਲ ਨਵਾਂ ਪੰਥ ਲੱਭ ਲਿਆ ਜਿਸ 'ਤੇ ਤੁਰਦਿਆਂ ਉਹ ਨਾਨਕ-ਪੰਥ ਦੇ ਸੰਸਥਾਪਕ ਅਤੇ ਸੰਚਾਲਕ ਬਣੇ। ਉਨ੍ਹਾਂ ਸਮਾਜ ਵਿਚਾਲੇ ਗ਼ਲਤ ਵਰਤਾਰਿਆਂ ਨੂੰ ਭੰਡਿਆ। ਉਨ੍ਹਾਂ ਵਿੱਚ ਬਦਲਾਅ ਲਈ ਨਵਾਂ ਕੁਝ ਸੁਝਾਇਆ। ਸੰਸਾਰ ਨੂੰ ਪਖੰਡਾਂ ਤੋਂ ਬਾਹਰ ਆਉਣ ਲਈ ਪ੍ਰੇਰਿਆ ਅਤੇ ਅਡੰਬਰਾਂ ਤੋਂ ਮੁਕਤ ਹੋਣ ਲਈ ਆਖਿਆ। ਇਹ ਸਾਰਾ ਕੁਝ ਉਨ੍ਹਾਂ ਉਦੋਂ ਕੀਤਾ ਜਦ ਲੋਕਾਂ ਨੂੰ ਹਨੇਰਿਆਂ ਵਿੱਚ ਧਕੇਲਿਆ ਹੋਇਆ ਸੀ ਜਿੱਥੇ ਲਾਚਾਰੀ ਵਿੱਚ ਉਮਰਾਂ ਬਿਤਾਉਣ ਬਿਨਾਂ ਹੋਰ ਕੁਝ ਕਰਨ ਬਾਰੇ ਸੋਚਿਆ ਹੀ ਨਹੀਂ ਸੀ ਜਾ ਸਕਦਾ।
ਉਨ੍ਹਾਂ ਵਿੱਦਿਆ ਨੂੰ ਵਿਚਾਰਨ ਲਈ ਕਿਹਾ ਤਾਂ ਕਿ ਅਜਿਹਾ ਕਰਨ ਨਾਲ ਪਰਉਪਕਾਰ ਦੇ ਬੂਹੇ ਖੁੱਲ੍ਹ ਸਕਣ ਅਤੇ ਲੋਕਾਈ ਨਾਲ ਜੁੜਨ ਦਾ ਰਾਹ ਲੱਭ ਸਕੇ। ਉਨ੍ਹਾਂ ਆਪਣੀਆਂ ਉਦਾਸੀਆਂ (ਯਾਤਰਾਵਾਂ) ਦੌਰਾਨ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਹਰੇਕ ਨੂੰ ਦਰੁਸਤ ਰਾਹ 'ਤੇ ਤੁਰਨ ਲਈ ਕਿਹਾ ਤਾਂ ਕਿ ਕੁੱਲ ਆਲਮ ਪਿਆਰ ਅਤੇ ਭਾਈਚਾਰੇ ਦਾ ਰਾਗ ਅਲਾਪਦਾ ਆਪਣੀ ਮੰਜ਼ਲ ਤਕ ਪਹੁੰਚ ਸਕੇ। ਮੰਜ਼ਲ ਪ੍ਰੇਮ ਵਿੱਚ ਤੁਰਨ ਦੀ, ਰੂਹ ਵਿੱਚ ਵਿਚਰਨ ਦੀ ਅਤੇ ਪ੍ਰਭੂ ਨੂੰ ਹਾਸਲ ਕਰਕੇ ਮਨੁੱਖਾ-ਜਨਮ ਤੋਂ ਮੁਕਤ ਹੋਣ ਦੀ। ਗੁਰੂ ਨਾਨਕ ਇਕ ਨਵੀਂ, ਮੌਲਿਕ ਅਤੇ ਵਿਲੱਖਣ ਵਿਚਾਰਧਾਰਾ ਦੇ ਮੋਢੀ ਸਨ ਜਿਸ ਕਾਰਨ ਉਨ੍ਹਾਂ ਵੱਖ-ਵੱਖ ਵਿਸ਼ਿਆਂ, ਸੰਕਲਪਾਂ, ਸਿਧਾਂਤਾਂ ਅਤੇ ਨੁਕਤਿਆਂ ਨੂੰ ਆਪਣੇ ਗਿਆਨ ਦੇ ਕਲਾਵੇ ਵਿੱਚ ਲੈ ਕੇ ਉਨ੍ਹਾਂ ਦਾ ਮੰਥਨ ਕੀਤਾ ਜਿਨ੍ਹਾਂ 'ਚੋਂ ਉਹ ਕੁਝ ਨਿਖਰ ਕੇ ਸਾਹਮਣੇ ਆਇਆ ਜੋ ਮਨੁੱਖ ਦੀ ਗੁਆਚੀ ਸ਼ਾਨ ਲਈ ਵੀ ਜ਼ਰੂਰੀ ਸੀ ਅਤੇ ਨਿੱਤ ਨਿੱਘਰਦੇ ਜਾਂਦੇ ਸਮਾਜ ਦੇ ਵਿਕਾਸ ਲਈ ਵੀ ਲਾਜ਼ਮੀ ਸੀ। ਮਨੁੱਖੀ ਬਰਾਬਰੀ ਦੀ ਗੱਲ ਆਰੰਭ ਕਰਕੇ ਉਨ੍ਹਾਂ ਮਨੁੱਖ ਦੇ ਗੁਆਚੇ ਜਾ ਰਹੇ ਦਰਜੇ ਦੇ ਖੋਰ ਨੂੰ ਰੋਕਿਆ ਅਤੇ ਸਭ ਨੂੰ ਇਹ ਦਰਸਾ ਦਿੱਤਾ ਕਿ ਹਰ ਮਨੁੱਖ ਉਸ ਨੂਰ ਦਾ ਹਿੱਸਾ ਹੈ ਜਿਹੜਾ ਕੁੱਲ ਆਲਮ ਦਾ ਮਾਲਕ ਵੀ ਹੈ ਅਤੇ ਇੱਕੋ-ਇੱਕ ਕਰਤਾ ਵੀ। ਉਨ੍ਹਾਂ ਅਮੀਰੀ-ਗ਼ਰੀਬੀ ਦੇ ਕੋਲੋਂ ਲੰਘਦਿਆਂ ਮਨੁੱਖ ਦੀ ਹੋਣੀ ਨੂੰ ਤਰਜੀਹ ਦਿੱਤੀ। ਮਲਕ ਭਾਗੋ ਅਤੇ ਭਾਈ ਲਾਲੋ ਇਤਿਹਾਸ ਦੇ ਸਫਿਆਂ 'ਤੇ ਬੈਠੇ ਹਨ ਪਰ ਉਨ੍ਹਾਂ ਦੇ ਵਰਤਾਰਿਆਂ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਦਰਜਿਆਂ ਦਾ ਅਹਿਸਾਸ ਕਰਵਾ ਕੇ ਰੱਖ ਦਿੱਤਾ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸਨਮੁੱਖ ਹੁੰਦਿਆਂ ਜਦ ਅੱਜ ਦੇ ਸਮਾਜਿਕ ਵਰਤਾਰੇ 'ਤੇ ਝਾਤ ਮਾਰਦੇ ਹਾਂ ਤਾਂ ਇੰਜ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੋਂ ਮੁਨਕਰ ਹੋ ਰਹੇ ਹਾਂ। ਜਿਹੜੀ ਵੀ ਸਿੱਖਿਆ ਉਨ੍ਹਾਂ ਦਿੱਤੀ ਸੀ, ਜਿਹੜਾ ਵਿਦਿਆ ਦਾ ਚਾਨਣ ਉਨ੍ਹਾਂ ਵੰਡਿਆ ਸੀ, ਜਿਹੜੀ ਵਿਸ਼ਾਲਤਾ ਦਾ ਪ੍ਰਵਚਨ ਉਨ੍ਹਾਂ ਦਿੱਤਾ ਸੀ, ਅਸੀਂ ਉਸ ਤੋਂ ਮੁਨਕਰ ਹੋ ਗਏ ਹਾਂ। ਹਰ ਖੇਤਰ ਵਿੱਚ ਮਨੁੱਖ ਦੀ ਬਰਾਬਰੀ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਜਾਤ-ਪਾਤ ਦੀ ਮੋਹਰ ਹਰ ਮੱਥੇ 'ਤੇ ਲਾਉਣ ਵਿੱਚ ਫਖ਼ਰ ਮਹਿਸੂਸ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੂੰ ਸਮਾਜ ਨੀਚ ਸਮਝ ਰਿਹਾ ਸੀ, ਬਣਾਈ ਰੱਖ ਰਿਹਾ ਸੀ, ਗੁਰੂ ਨਾਨਕ ਦੇਵ ਜੀ ਤਾਂ ਉਨ੍ਹਾਂ ਨਾਲ ਖੜ੍ਹ ਕੇ 'ਵੱਡਿਆਂ' ਨਾਲ ਤੁਰਨ ਤੋਂ ਮੁਨਕਰ ਹੋ ਰਹੇ ਹਨ ਪਰ ਅੱਜ ਦਾ ਸਾਰਾ ਸਮਾਜ ਉਲਟ ਦਿਸ਼ਾ ਵੱਲ ਤੁਰਦਾ ਹੋਇਆ ਸ਼ਰਮ ਮਹਿਸੂਸ ਕਰਨ ਲਈ ਤਿਆਰ ਨਹੀਂ। ਸਿੱਖ ਧਰਮ ਜਿਹੜਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ 'ਤੇ ਖੜ੍ਹਾ ਹੈ ਉਸ ਵਿਚ ਉਹ ਅਸੂਲ ਨਹੀਂ ਮੰਨੇ ਜਾ ਰਹੇ ਜਿਹੜੇ ਬੁਨਿਆਦੀ ਵੀ ਹਨ ਅਤੇ ਅਤਿ ਜ਼ਰੂਰੀ ਵੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਾਤ-ਪਾਤ ਦੇ ਆਧਾਰ 'ਤੇ ਚੁਣੇ ਜਾਂ ਥਾਪੇ ਜਾ ਰਹੇ ਮੈਂਬਰ ਗੁਰੂ ਨਾਨਕ ਦੀ ਵਿਚਾਰਧਾਰਾ ਮੁਤਾਬਕ ਸਿੱਖ ਸਮਝੇ ਜਾ ਸਕਦੇ ਹਨ ਜਾਂ ਨਹੀਂ, ਇਹ ਗੱਲ ਉਨ੍ਹਾਂ 'ਤੇ ਛੱਡਦੇ ਹਾਂ ਜਿਹੜੇ ਸਿੱਖ ਧਰਮ ਦੀ ਵਿਲੱਖਣਤਾ ਨੂੰ ਵੀ ਸਮਝਦੇ ਹਨ ਅਤੇ ਇਸ ਦੀਆਂ ਬਾਰੀਕੀਆਂ ਨੂੰ ਵੀ, ਸਿਫ਼ਤਾਂ ਨੂੰ ਵੀ ਜਾਣਦੇ ਹਨ ਅਤੇ ਅੱਜ ਦੀ ਜ਼ਮੀਨੀ ਹਕੀਕਤ ਨੂੰ ਵੀ। ਕੇਵਲ ਪ੍ਰਬੰਧ ਚਲਾਉਣ ਲਈ ਬੁਨਿਆਦੀ ਨੀਹਾਂ ਨੂੰ ਹੀ ਹਿਲਾ ਦੇਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ। ਜੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੇ ਅੱਗੇ ਤੁਰਨਾ ਹੈ, ਵਿਚਾਰਧਾਰਾ ਨੇ ਲੋਕਾਈ ਵਿੱਚ ਪੈਰ ਜਮਾਉਣੇ ਹਨ ਤਾਂ ਅੱਜ ਦੇ ਤਿੱਖੇ ਸਵਾਲਾਂ ਤੋਂ ਡਰਨ ਦੀ ਲੋੜ ਨਹੀਂ। ਅੰਤ ਨੂੰ ਕੂੜ ਨੇ ਨਿਖੁਟ ਜਾਣਾ ਹੈ ਅਤੇ ਸੱਚ ਹੀ ਸਹੀ ਰਹਿਣਾ ਹੈ।    

ਸ਼ਾਮ ਸਿੰਘ