ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣਿਆ ਗੁਰਦੁਆਰਾ ਬਗਦਾਦ


ਅਧਿਆਤਮਿਕ ਪੱਖ ਤੋਂ ਖੁੰਝੀ ਹੋਈ ਮਾਨਵਤਾ ਨੂੰ ਸਿੱਧੇ ਅਤੇ ਸਹੀ ਮਾਰਗ 'ਤੇ ਪਾਉਣ ਲਈ ਜਿੰਨਾ ਦੇਸ਼-ਵਿਦੇਸ਼ਾਂ ਦਾ ਭ੍ਰਮਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ, ਓਨਾ ਕਿਸੇ ਹੋਰ ਧਰਮ ਦੇ ਆਗੂ ਜਾਂ ਰਹਿਬਰ ਨੇ ਨਹੀਂ ਕੀਤਾ। ਉਸ ਸਮੇਂ ਰੇਲ, ਬੱਸਾਂ ਅਤੇ ਹਵਾਈ ਜਹਾਜ਼ ਦੀ ਸਹੂਲਤ ਉਪਲਬਧ ਨਾ ਹੋਣ 'ਤੇ ਵੀ ਆਪ ਨੇ ਪੂਰੇ ਭਾਰਤ ਦਾ ਚੱਕਰ ਤਾਂ ਲਾਇਆ ਹੀ, ਨਾਲ ਹੀ ਆਪ ਲਦਾਖ, ਲੰਕਾ, ਮੱਕਾ ਮਦੀਨਾ ਅਤੇ ਬਗਦਾਦ ਤੱਕ ਵੀ ਗਏ।
ਬਗਦਾਦ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੇਟ ਬਗਦਾਦ ਦੇ ਖਲੀਫਾ ਪੀਰ ਬਹਿਲੋਲ ਦਾਨਾਂ ਨਾਲ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੂਰਾਨੀ ਚਿਹਰੇ ਨੂੰ ਦੇਖਦਿਆਂ ਸਾਰ ਹੀ ਖਲੀਫਾ ਦਾਨਾਂ ਸਮਝ ਗਿਆ ਕਿ ਇਹ ਬਹੁਤ ਹੀ ਉੱਚੀ ਅਧਿਆਤਮਿਕ ਅਵਸਥਾ ਵਾਲੇ ਸੰਤ ਹਨ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਲੈ ਆਇਆ। ਗੁਰੂ ਨਾਨਕ ਦੇਵ ਜੀ ਉਸ ਦੇ ਸਨਮਾਨਤ ਪ੍ਰਾਹੁਣੇ ਵਜੋਂ, ਉਸ ਦੇ ਘਰ, ਦੋ ਮਹੀਨੇ ਟਿਕੇ ਰਹੇ। ਦਾਨਾਂ ਦੀ ਪਤਨੀ, ਸ੍ਰੀ ਗੁਰੂ ਨਾਨਕ ਦੇਵ ਜੀ ਲਈ ਬਹੁਤ ਹੀ ਸ਼ਰਧਾ ਨਾਲ ਭੋਜਨ ਤਿਆਰ ਕਰਦੀ ਅਤੇ ਛਕਾਉਂਦੀ।
ਬਹਿਲੋਲ ਦਾਨਾਂ ਦੇ ਘਰ ਟਿਕੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਬਗਦਾਦ ਦੇ ਲਾਗਲੇ ਨਗਰਾਂ ਦੇ ਉਲਮਾ, ਮੌਲਵੀਆਂ, ਪੀਰਾਂ ਅਤੇ ਬੜੀਆਂ-ਬੜੀਆਂ ਮਸਜਿਦਾਂ ਦੇ ਇਮਾਮਾਂ ਨੂੰ ਪਤਾ ਲੱਗਾ, ਤਾਂ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਗਿਆਨ ਗੋਸ਼ਟੀ ਕਰਨ ਲਈ ਆਉਣ ਲੱਗ ਪਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰੂਹਾਨੀ ਵਿਚਾਰਾਂ ਸੁਣ ਉਹ ਬਹੁਤ ਸੰਤੁਸ਼ਟ ਅਤੇ ਪ੍ਰਸੰਨ ਹੁੰਦੇ। ਹਰ ਰੋਜ਼ ਦਾਨਾਂ ਦੇ ਘਰ ਇਕ ਚੰਗੀ ਤਕੜੀ ਅਧਿਆਤਮਿਕ ਮਹਿਫਲ ਜੰਮਦੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਵਿਚਾਰ ਦਾਨਾਂ ਦੇ ਮਨ ਨੂੰ ਛੂਹ ਜਾਂਦੀ, ਉਸ ਨੂੰ ਉਹ ਅਰਬੀ ਭਾਸ਼ਾ ਵਿਚ ਲਿਖ ਲੈਂਦਾ। ਇਸ ਤਰ੍ਹਾਂ ਉਸ ਪਾਸ ਕਾਫੀ ਮਸੌਦਾ ਜਮ੍ਹਾਂ ਹੋ ਗਿਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਤੋਂ ਵਾਪਸ ਆਉਣ ਲੱਗੇ ਤਾਂ ਪੀਰ ਦਾਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਕ ਚੋਲਾ ਭੇਟ ਕੀਤਾ, ਜਿਸ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਉਕਰੀਆਂ ਹੋਈਆਂ ਸਨ। ਇਹ ਚੋਲਾ ਅੱਜ ਵੀ ਡੇਰਾ ਬਾਬਾ ਨਾਨਕ ਵਿਖੇ ਮੌਜੂਦ ਹੈ।
ਜਦੋਂ ਪੀਰ ਦਾਨਾਂ ਦਾ ਅੰਤ ਸਮਾਂ ਨਜ਼ਦੀਕ ਆਇਆ ਤਾਂ ਉਸ ਨੇ ਆਪਣੇ ਇਕ ਮੁਰੀਦ ਨੂੰ, ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜੋ ਕੁਝ ਲਿਖਿਆ ਹੋਇਆ ਸੀ, ਦਿੰਦਿਆਂ ਹੋਇਆਂ ਕਿਹਾ ਕਿ ਉਸ ਦੀ ਕਬਰ ਉੱਤੇ ਜੋ ਮਕਬਰੇ ਬਣੇ, ਇਹ ਸਭ ਕੁਝ ਉਸ ਦੀਆਂ ਦੀਵਾਰਾਂ ਉੱਤੇ ਲਿਖਵਾ ਦੇਣਾ। ਪੀਰ ਦਾਨਾਂ ਦੇ ਘਰ ਜਿਸ ਕਮਰੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਟਿਕੇ ਸਨ, ਉਹ ਵੀ ਪੂਜਾ ਅਸਥਾਨ ਬਣ ਗਿਆ ਹੈ। ਉਸ ਕਮਰੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਾਫੀ ਵੱਡੀ ਤਸਵੀਰ ਲੱਗੀ ਹੋਈ ਹੈ।
1917 ਦੀ ਪਹਿਲੀ ਆਲਮੀ ਲੜਾਈ ਸਮੇਂ ਜਦੋਂ ਹਿੰਦੁਸਤਾਨੀ ਫੌਜ ਬਗਦਾਦ ਪਹੁੰਚੀ ਤਾਂ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਗਦਾਦ ਫੇਰੀ ਬਾਰੇ ਪਤਾ ਲੱਗਾ। ਉਨ੍ਹਾਂ ਨੂੰ ਇਹ ਸੂਚਨਾ ਵੀ ਮਿਲੀ ਕਿ ਗੁਰੂ ਨਾਨਕ ਦੇਵ ਜੀ ਬਾਰੇ ਪੀਰ ਬਹਿਲੋਲ ਦਾਨਾਂ ਦੇ ਮਕਬਰੇ ਦੀਆਂ ਦੀਵਾਰਾਂ ਉੱਤੇ ਬਹੁਤ ਕੁਝ ਲਿਖਿਆ ਹੋਇਆ ਹੈ, ਜੋ ਅਰਬੀ ਭਾਸ਼ਾ ਵਿਚ ਹੈ।
ਸੂਬੇਦਾਰ ਮੇਜਰ ਫਤਹਿ ਸਿੰਘ ਨੇ ਬਗਦਾਦ ਦੇ ਹਾਕਮ ਤੋਂ ਲਿਖਤੀ ਰੂਪ ਵਿਚ ਆਗਿਆ ਲੈ ਕੇ ਕਿਸੇ ਅਰਬੀ ਫਾਜ਼ਲ ਤੋਂ ਉਹ ਸਭ ਕੁਝ ਲਿਖਵਾ ਕੇ ਉਸ ਦਾ ਹਿੰਦੁਸਤਾਨੀ ਭਾਸ਼ਾ ਵਿਚ ਤਰਜਮਾ ਕਰਵਾ ਕੇ ਭਾਰਤੀ ਫੌਜੀਆਂ ਨੂੰ ਵੰਡਿਆ। ਭਾਰਤੀ ਫੌਜੀਆਂ ਦੇ ਮਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਗਦਾਦ ਫੇਰੀ ਦੀ ਯਾਦ ਵਿਚ, ਬਗਦਾਦ ਵਿਖੇ ਗੁਰਦੁਆਰਾ ਉਸਾਰਨ ਦੀ ਪ੍ਰਬਲ ਇੱਛਾ ਪ੍ਰਗਟ ਹੋ ਗਈ।
ਹਿੰਦੁਸਤਾਨੀ ਫੌਜੀਆਂ ਨੇ ਭਾਵੇਂ ਯਥਾਸ਼ਕਤ, ਗੁਰਦੁਆਰੇ ਦੀ ਉਸਾਰੀ ਲਈ ਕਾਫੀ ਧਨ ਇਕੱਠਾ ਕੀਤਾ ਪਰ ਇਹ ਗੁਰਦੁਆਰੇ ਦੀ ਸ਼ਾਨਦਾਰ ਇਮਾਰਤ ਦੀ ਉਸਾਰੀ ਲਈ ਬਹੁਤ ਹੀ ਘੱਟ ਸੀ। 'ਹਰਿ ਕਮ ਕਰਾਵਨ ਆਇਆ ਰਾਮ' ਅਨੁਸਾਰ 1918 ਲਾਹੌਰ ਦਾ ਇਕ ਉੱਘਾ ਅਤੇ ਬਹੁਤ ਹੀ ਅਮੀਰ ਵਪਾਰੀ ਸੱਯਦ ਸ਼ਰੀਫ ਹਸਨ ਆਪਣੇ ਵਪਾਰ ਦੇ ਸਬੰਧ ਵਿਚ ਬਗਦਾਦ ਆਇਆ। ਪੰਜਾਬੀ ਹੋਣ ਦੇ ਨਾਤੇ ਉਹ ਪੰਜਾਬੀ ਫੌਜੀਆਂ ਨੂੰ ਮਿਲਿਆ। ਜਦੋਂ ਉਸ ਨੂੰ ਫੌਜੀਆਂ ਪਾਸੋਂ ਪੈਸੇ ਦੀ ਘਾਟ ਕਾਰਨ ਗੁਰਦੁਆਰੇ ਦੀ ਰੁਕੀ ਹੋਈ ਉਸਾਰੀ ਦਾ ਪਤਾ ਲੱਗਾ ਤਾਂ ਉਸ ਨੇ ਬਾਕੀ ਪੈਸਾ ਆਪਣੇ ਪਾਸੋਂ ਖਰਚ ਕੇ ਆਪਣੀ ਦੇਖ-ਰੇਖ ਹੇਠ ਗੁਰਦੁਆਰੇ ਦੀ ਉਸਾਰੀ ਕਰਵਾ ਦਿੱਤੀ।
ਇਹ ਗੁਰਦੁਆਰਾ ਬਗਦਾਦ ਰੇਲਵੇ ਸਟੇਸ਼ਨ ਦੇ ਨੇੜੇ ਇਕ ਏਕੜ ਜ਼ਮੀਨ 'ਚ ਬਹਿਲੋਲ ਦਾਨਾਂ ਦੇ ਮਕਬਰੇ ਦੇ ਨਾਲ ਹੈ। ਗੁਰਦੁਆਰੇ ਦੀ ਉਸਾਰੀ ਦੀ ਆਗਿਆ ਦੇਣ ਸਮੇਂ ਬਗਦਾਦ ਦੇ ਹਾਕਮ ਨੇ ਇਹ ਲਿਖਤ ਰੂਪ ਵਿਚ ਲੈ ਲਿਆ ਸੀ ਕਿ ਗੁਰਦੁਆਰਾ ਬਗਦਾਦ ਸਰਕਾਰ ਦੀ ਮਲਕੀਅਤ ਹੋਵੇਗਾ। ਇਸ ਗੁਰਦੁਆਰੇ ਦੀ ਦੇਖ-ਭਾਲ ਬਗਦਾਦ ਦੇ ਹਾਕਮ ਦੇ ਹੁਕਮ ਅਨੁਸਾਰ, ਚਿੱਟੇ ਕੱਪੜੇ ਪਾ ਕੇ ਅਤੇ ਸਿਰ ਢਕ ਕੇ, ਇਕ ਸਰਕਾਰੀ ਕਰਮਚਾਰੀ ਕਰਦਾ ਹੈ। ਹਰ ਵੀਰਵਾਰ ਸ਼ਾਮ ਨੂੰ ਬਗਦਾਦ ਵਿਚ ਵਸੇ ਹੋਏ ਹਿੰਦੁਸਤਾਨੀ ਗੁਰਦੁਆਰੇ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹਨ। ਸ਼ੁੱਕਰਵਾਰ ਛੁੱਟੀ ਦਾ ਦਿਨ ਹੋਣ ਕਰਕੇ ਇਹ ਗੁਰਦੁਆਰਾ 10 ਵਜੇ ਸ਼ਬਦ ਕੀਰਤਨ ਨਾਲ ਗੂੰਜ ਉਠਦਾ ਹੈ। ਕੁਝ ਸਥਾਨਕ ਮੁਸਲਮਾਨ ਵੀ ਗੁਰਦੁਆਰੇ ਆ ਕੇ ਕੀਰਤਨ ਦਾ ਅਨੰਦ ਮਾਣਦੇ ਹਨ। ਭੋਗ ਪੈਣ ਪਿੱਛੋਂ ਲੰਗਰ ਵੀ ਛਕ ਕੇ ਜਾਂਦੇ ਹਨ।
'ਜਿਥੇ ਬਾਬਾ ਪੈਰ ਧਰੇ
ਪੂਜਾ ਆਸਣੁ ਥਾਪਣ ਸੋਆ।' (ਭਾਈ ਗੁਰਦਾਸ)

ਕਰਤਾਰ ਸਿੰਘ ਸੈਣੀ