ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਦੇ ਫਲਸਫੇ ਤੋਂ 'ਸਾਧਵਾਦ' ਦੀ ਧੂੜ ਲਾਹੁਣ ਦੀ ਲੋੜ!


ਗੁਰਬਾਣੀ ਅੰਦਰ 'ਸੰਤ' ਸ਼ਬਦ ਦੀ ਵਰਤੋਂ ਗੁਰੂ ਲਈ, ਪ੍ਰਮਾਤਮਾ ਲਈ ਜਾਂ ਸਾਧ ਸੰਗਤ ਵਿਚ ਜੁੜਨ ਵਾਲੇ ਗੁਰਸਿੱਖਾਂ ਲਈ ਕੀਤੀ ਹੈ। ਇਸੇ ਤਰ੍ਹਾਂ ਸਿੱਖ ਇਤਿਹਾਸ ਵਿਚ ਵੀ ਕਿਸੇ ਦੇ ਨਾਮ ਨਾਲ 'ਸੰਤ' ਸ਼ਬਦ ਦੀ ਵਰਤੋਂ ਨਹੀਂ ਕੀਤੀ। ਜਿਨ੍ਹਾਂ ਦੀ ਬਾਣੀ ਨੂੰ ਗੁਰੂ ਮੰਨਦੇ ਹਾਂ ਉਨ੍ਹਾਂ ਨੂੰ, ਭਗਤ ਜਾਂ ਭਾਹੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ। ਇਤਿਹਾਸ ਵਿਚ ਸੰਨ 1900 ਤੱਕ ਸਾਨੂੰ ਕਿਸੇ ਵੀ 'ਸੰਤ' ਦੇ ਦਰਸ਼ਨ ਨਹੀਂ ਹੁੰਦੇ। 1900 ਤੋਂ 1947 ਤੱਕ ਵਿਰਲੇ-ਵਿਰਲੇ 'ਸੰਤ' ਮਿਲਦੇ ਹਨ। 1947 ਤੋਂ 1980 ਤੱਕ ਸਿੱਖਾਂ ਵਿਚ ਸੰਤਾਂ ਦੀ ਗਿਣਤੀ ਕਾਫੀ ਵਧੀ ਹੈ। 1980 ਤੋਂ 1992 (ਜਦੋਂ ਸਿੱਖ ਕੌਮ ਦੇ ਮੁਸ਼ਕਲ) ਦੇ ਸਮੇਂ ਵਿਚ ਇਹ ਅਲੋਪ ਹੋ ਗਏ ਸਨ। ਹੁਣ 1992 ਤੋਂ ਲੈ ਕੇ ਅੱਜ ਤੱਕ ਦੇ ਸਮੇਂ ਤੱਕ ਵੇਖੀਏ ਤਾਂ ਇਨ੍ਹਾਂ ਦੀ ਗਿਣਤੀ ਇਵੇਂ ਵਧੀ ਜਿਵੇਂ ਭਾਰਤ ਦੀ ਜਨ ਸੰਖਿਆ। ਅੱਜ ਤੱਕ ਪੰਥਕ ਮਰਿਯਾਦਾ ਨਾ ਮੰਨਣ ਵਾਲੇ ਲਗਭਗ ਸਾਰੀਆਂ ਹੀ ਡਿਗਰੀਆਂ ਦੇਣ ਵਾਲੇ ਭੇਖੀ ਸੰਤ ਜਾਂ ਬ੍ਰਹਮਗਿਆਨੀ ਬਣੇ ਹੋਏ ਹਨ। ਗੁਰੂ ਨਾਨਕ ਦੇਵ ਜੀ ਨਾਲ 54 ਸਾਲ ਰਹਿ ਕੇ ਰਬਾਬੀ ਦੀ ਸੇਵਾ ਕਰਨ ਵਾਲੇ ਨੂੰ ਅਸੀਂ 'ਭਾਈ' ਮਰਦਾਨਾ ਕਹਿੰਦੇ ਹਾਂ। ਜਿਨ੍ਹਾਂ ਤੋਂ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਲਿਖਵਾਈ, ਉਨ੍ਹਾਂ ਨੂੰ ਅਸੀਂ ਸਤਿਕਾਰ ਨਾਲ 'ਭਾਈ' ਗੁਰਦਾਸ ਜੀ ਕਹਿੰਦੇ ਹਾਂ। ਜਿਨ੍ਹਾਂ ਨੇ ਪੰਜ ਗੁਰੂ ਸਾਹਿਬਾਨਾਂ ਨੂੰ ਆਪਣੇ ਹੱਥਾਂ ਨਾਲ ਗੁਰਗੱਦੀ ਰਸਮ ਨਿਭਾਈ ਅਤੇ ਸਿੱਖ ਕੌਮ ਦੀ 110 ਸਾਲ ਸੇਵਾ ਕੀਤੀ, ਉਹਨਾਂ ਨੂੰ ਅਸੀਂ 'ਬਾਬਾ ਬੁੱਢਾ' ਜੀ ਕਹਿੰਦੇ ਹਾਂ। ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਅਸੀਂ 'ਭਾਈ' ਦਿਆਲਾ ਜੀ, 'ਭਾਈ' ਮਤੀ ਦਾਸ, 'ਭਾਈ' ਸਤੀ ਦਾਸ ਜੀ ਪੁਕਾਰਦੇ ਹਾਂ। ਗੁਰੂ ਜੀ ਦੇ ਪੰਜ ਪਿਆਰੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣਾ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉਹਨਾਂ ਨੂੰ ਅਸੀਂ 'ਭਾਈ' ਦਇਆ ਸਿੰਘ, 'ਭਾਈ' ਧਰਮ ਸਿੰਘ, 'ਭਾਈ' ਹਿੰਮਤ ਸਿੰਘ, 'ਭਾਈ' ਮੋਹਕਮ ਸਿੰਘ, 'ਭਾਈ' ਸਾਹਿਬ ਸਿੰਘ ਜੀ ਪੁਕਾਰਦੇ ਹਾਂ। ਉਸ ਤੋਂ ਬਾਅਦ ਚਾਰ ਸਾਹਿਬਜ਼ਾਦੇ, ਜਿਨ੍ਹਾਂ ਨੇ ਆਪਣੇ ਲਈ ਨਹੀਂ ਬਲਕਿ ਸਿੱਖ ਕੌਮ ਲਈ ਜੁਲਮ ਦਾ ਟਾਕਰਾ ਕਰਦਿਆਂ ਜਾਨਾਂ ਦਿੱਤੀਆਂ। ਉਨ੍ਹਾਂ ਨੂੰ ਵੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਹਿ ਸਿੰਘ ਜੀ ਹੀ ਪੁਕਾਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਕਰਵਾਈ ਤੇ ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਜੁਲਮ ਨਾਲ ਲੜਦੇ ਹੋਏ ਆਪਣੇ 11 ਭਰਾ ਅਤੇ 7 ਪੁੱਤਰ ਸ਼ਹੀਦ ਕਰਵਾਏ, ਉਨ੍ਹਾਂ ਨੂੰ ਵੀ ਅਸੀਂ 'ਭਾਈ' ਮਨੀ ਸਿੰਘ ਜੀ ਪੁਕਾਰਦੇ ਹਾਂ। ਗੁਰੂ ਅਰਜਨ ਪਾਤਸ਼ਾਹ ਨੇ ਜਿਸ ਨੂੰ ਗਲ ਲਾ ਕੇ ਕਿਹਾ ਸੀ ਕਿ 'ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿਬਾ ਜਗ ਲੰਘਣ ਹਾਰਾ', ਜਿਸ ਨੂੰ ਅਸੀਂ 'ਭਾਈ' ਮੰਝ ਕਹਿ ਕੇ ਬੁਲਾਉਂਦੇ ਹਾਂ। ਜਿਨ੍ਹਾਂ ਜਾਲਮ ਹਕੂਮਤ ਦੀ ਇੱਟ ਨਾਲ ਇੱਟ ਵਜਾ ਦਿੱਤੀ, ਪਹਿਲਾ ਸਿੱਖ ਰਾਜ ਕਾਇਮ ਕੀਤਾ ਅਤੇ ਸ਼ਹੀਦ ਹੋਣ ਸਮੇਂ 4 ਸਾਲ ਦੇ ਬੱਚੇ ਦਾ ਕਲੇਜਾ ਆਪਣੇ ਮੂੰਹ ਵਿਚ ਪੁਆਇਆ, ਉਹਨਾਂ ਨੂੰ ਵੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਹੀ ਕਹਿੰਦੇ ਹਾਂ। ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਇਤਨੀ ਵੱਡੀ ਉਮਰ ਵਿਚ ਖੰਡੇ ਦੇ ਜੌਹਰ ਵਿਖਾਏ ਸਨ। ਭਾਰਤ ਦੀ ਆਜ਼ਾਦੀ ਵਿਚ ਅਕਾਲੀ ਲਹਿਰ ਸਮੇਂ ਵੱਡੇ ਘੱਲੂਘਾਰੇ ਵਿਚ, ਸਾਕਾ ਨਨਕਾਣਾ ਸਾਹਿਬ ਅਤੇ ਹੋਰ ਵੀ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਸਿੱਖ ਅੱਜ ਤੱਕ ਸ਼ਹੀਦ ਹੋਏ ਪਰ ਅਸੀਂ ਸਭ ਨੂੰ 'ਭਾਈ' ਜਾਂ 'ਬਾਬਾ' ਕਹਿ ਕੇ ਹੀ ਪੁਕਾਰਦੇ ਆਏ ਹਾਂ। ਦਸ ਗੁਰੂ ਸਾਹਿਬਾਨਾਂ ਦੇ ਨਾਮ ਨਾਲ ਵੀ ਗੁਰਗੱਦੀ ਤੋਂ ਪਹਿਲਾਂ ਦੇ ਸਮੇਂ ਕਿਸੇ ਨਾਲ 'ਸੰਤ' ਸ਼ਬਦ ਨਹੀਂ ਮਿਲਦਾ। ਸੁਖਮਨੀ ਸਾਹਿਬ ਵਿਚ ਕਿੰਨਾ ਸਪੱਸ਼ਟ ਫੁਰਮਾਨ ਹੈ :
ਬ੍ਰਹਮ ਗਿਆਨੀ ਕਉ ਖੋਜੇ ਮਹੇਸਰੁ£
ਨਾਨਕ ਬ੍ਰਹਮ ਗਿਆਨੀ ਆਪ ਪ੍ਰਮੇਸਰ£
ਗੁਰਬਾਣੀ ਮੁਤਾਬਕ ਬ੍ਰਹਮਗਿਆਨੀ ਪ੍ਰਮੇਸ਼ਰ ਆਪ ਹੈ, ਸ੍ਰਿਸ਼ਟ ਦਾ ਕਰਤਾ ਹੈ ਅਤੇ ਆਪ ਨਿਰੰਕਾਰ ਹੀ ਹੈ। ਇਹ ਗੁਣ ਕੀ ਕਿਸੇ ਵਿਅਕਤੀ ਵਿਚ ਹੋ ਸਕਦੇ ਸਨ। ਅਸਲ ਅਤੇ ਨਕਲ ਵਿਚ ਫਰਕ ਨਾ ਸਮਝਣਾ ਮਨੁੱਖ ਦੀ ਬੇਸਮਝੀ ਹੈ ਅਗਿਆਨਤਾ ਹੈ। ਇਸ ਸਮੇਂ ਸਿੱਖ ਪੰਥ, 'ਸਾਧ ਸੰਤ ਮਤ' ਦਾ ਸ਼ਿਕਾਰ ਹੋ ਚੁੱਕਾ ਹੈ। ਬਹੁਗਿਣਤੀ ਸਿੱਖ ਗੁਰਬਾਣੀ ਗੁਰੂ ਦੀ ਜਗ੍ਹਾ ਸੰਤਾਂ ਸਾਧਾਂ ਨਾਲ ਜੁੜ ਚੁੱਕੇ ਹਨ। ਹਰ ਸੰਤ ਤੇ ਬ੍ਰਹਮਗਿਆਨੀ ਗੱਲ ਤਾਂ ਗੁਰਬਾਣੀ ਦੀ ਕਰਦਾ ਹੈ ਕਿਉਂਕਿ ਉਸਦੇ ਪੱਲੇ ਕੁਝ ਵੀ ਨਹੀਂ ਹੈ ਪਰ ਪੂਜਾ ਆਪਣੀ ਕਰਾਉਂਦਾ ਹੈ। ਆਪਣੇ ਆਪ ਨੂੰ ਗੁਰੂ ਤੋਂ ਉੱਚਾ ਅਖਵਾਉਂਦਾ ਹੈ। ਸੰਗਤ ਵਿਚ ਗੁਰੂ ਵਾਂਗ ਹੀ ਵਿਹਾਰ ਕਰਦਾ ਹੈ ਸੰਤਾਂ ਕੋਲੋਂ ਅਸ਼ੀਰਵਾਦ ਲੈਣੇ, ਅਰਦਾਸ ਕਰਾਉਣੀ, ਨਾਮ ਲੈਣਾ ਆਮ ਪ੍ਰਚਲਤ ਹੈ। ਹਰ ਸਾਧ ਨੇ ਸ਼ਾਨਦਾਰ ਡੇਰਾ ਬਣਾਇਆ ਹੋਇਆ ਹੈ। ਡੇਰੇ ਵਿਚ ਸ਼ਾਨਦਾਰ ਰਿਹਾਇਸ਼, ਮਹਿੰਗੀਆਂ ਕਾਰਾਂ ਅਤੇ ਏਅਰ ਕੰਡੀਸ਼ਨ ਆਦਿ ਹਰ ਸਹੂਲਤਾਂ ਜੋ ਕਰੋੜਪਤੀ ਸ਼ਰਮਾਏਦਾਰਾਂ ਕੋਲ ਹੁੰਦੀਆਂ ਹਨ। ਇਹ ਸਾਧ ਸੰਤ ਸੰਗਤਾਂ ਦੇ ਚੜ੍ਹਾਵੇ ਨਾਲ ਪੂਰੀ ਐਸ਼ ਕਰਦੇ ਹਨ। ਇਕ ਸਾਧ ਢੱਡਰੀਆਂ ਵਾਲਾ ਜਿਸ ਨੇ ਸਵਾ ਕਰੋੜ ਦੀ ਕਾਰ ਰੱਖੀ ਹੋਈ ਹੈ, ਇਥੋਂ ਪਤਾ ਲੱਗਦਾ ਹੈ ਕਿ ਇਹ ਸਾਧ 'ਭਾਈ ਲਾਲੋ' ਦੇ ਨਹੀਂ 'ਮਲਕ ਭਾਗੋਆਂ' ਦੇ ਸਾਧ ਹਨ। ਕਈ ਸਾਧਾਂ ਨੇ ਹਥਿਆਰਾਂ ਦੇ ਲਾਇਸੈਂਸ ਵੀ ਸਰਕਾਰ ਤੋਂ ਲਏ ਹਨ। ਪ੍ਰਸ਼ਨ ਉਠਦਾ ਹੈ ਕਿ ਜਿਸ ਸਾਧ ਨੇ ਨਾਮ ਜਪਾਉਣਾ ਹੈ ਉਸ ਨੂੰ ਹਥਿਆਰਾਂ ਦੀ ਕੀ ਲੋੜ ਹੈ। ਹੁਣ ਗੁਰਦੁਆਰੇ ਐਡੇ ਆਲੀਸ਼ਾਨ ਬਣ ਗਏ ਹਨ, ਪੱਥਰ ਅਤੇ ਸੋਨਾ ਵਗਣ ਤੋਂ ਘੱਟ ਸ਼ਾਇਦ ਗੁਰਦੁਆਰਾ ਸੰਪੂਰਨ ਨਹੀਂ ਹੁੰਦਾ। ਗੁਰੂ ਸਾਹਿਬਾਨ ਨੇ ਕਿਹਾ ਸੀ 'ਗਰੀਬ ਦਾ ਮੂੰਹ ਗੁਰੂ ਦੀ ਗੋਲਕ'। ਪਰ ਅੱਜ ਸਾਡੇ ਧਾਰਮਿਕ ਲੀਡਰ, ਡੇਰੇਦਾਰ, ਸਾਧ ਲਾਣਾ ਜੋ ਸਮਾਜ ਤੇ ਬੋਝ ਹਨ, ਕੋਈ ਗੁਰੂ ਦੀ ਸੋਚ ਤੇ ਪਹਿਰਾ ਨਹੀਂ ਦੇ ਰਿਹਾ। ਡੇਰੇਦਾਰਾਂ ਨੂੰ ਲੋਕਾਂ ਕੋਲੋਂ ਲੁੱਟ ਕੇ ਸੋਨਾ ਤੇ ਪੱਥਰ ਲਾਉਣ ਦੀ ਚਿੰਤਾ ਹੈ, ਗਰੀਬ ਭਾਵੇਂ ਭੁੱਖੇ ਮਰਨ। ਇਕ ਸਰਵੇਖਣ ਰਿਪੋਰਟ ਮੁਤਾਬਕ ਭਾਰਤ ਦੇ 30 ਕਰੋੜ ਲੋਕ ਬਿਨਾਂ ਅੰਨ ਖਾਧਿਆਂ ਹੀ ਸੌਂਦੇ ਹਨ ਅਤੇ 20 ਕਰੋੜ ਲੋਕਾਂ ਨੂੰ ਦਿਨ ਵਿਚ ਸਿਰਫ਼ ਇਕ ਵਾਰ ਹੀ ਖਾਣਾ ਨਸੀਬ ਹੁੰਦਾ ਹੈ। ਦੇਸ਼ ਵਿਚ 10 ਕਰੋੜ ਪੜ੍ਹੇ ਲਿਖੇ ਬੇਰੁਜ਼ਗਾਰ ਹਨ। ਸਰਕਾਰ ਅਤੇ ਇਨ੍ਹਾਂ ਪੁਜਾਰੀਆਂ, ਡੇਰੇਦਾਰ ਬਾਬਿਆਂ ਅਤੇ ਧਾਰਮਿ ਆਗੂਆਂ ਦੀ ਮੂਰਖਤਾ ਨਾਲ ਜਿੰਨਾਂ ਪੈਸਾ ਗੁਰਦੁਆਰਿਆਂ ਅਤੇ ਮੰਦਰਾਂ 'ਤੇ ਲੱਗ ਰਿਹਾ ਹੈ, ਜੇਕਰ ਇੰਡਸਟਰੀ 'ਤੇ ਲੱਗਦਾ ਤਾਂ ਦੇਸ਼ ਵਿਚ ਇਕ ਵੀ ਗਰੀਬ ਨਹੀਂ ਸੀ ਹੋਣਾ। ਜਿੰਨੇ ਵੀ ਭਗਵਾਨ, ਦੇਵੀ ਦੇਵਤੇ ਅਤੇ ਬ੍ਰਹਮਗਿਆਨੀ ਸਾਡੇ ਦੇਸ਼ ਵਿਚ ਪੈਦਾ ਹੋਏ ਹਨ ਉਹ ਦੇਸ਼ ਦੀ ਗਰੀਬੀ, ਬੇਈਮਾਨੀ, ਠੱਗੀ ਦੂਰ ਨਹੀਂ ਕਰ ਸਕਿਆ ਪਰ ਉਹਨਾਂ ਨੇ ਲੋਕਾਂ ਨੂੰ ਲੜਾ ਕੇ ਤੇ ਲੁੱਟ ਕੇ ਆਪ ਐਸ਼ ਕੀਤੀ। ਸਿੱਖੀ ਨੂੰ ਖਤਰਾ ਬਾਹਰ ਨਾਲੋਂ ਅੰਦਰ ਬੈਠੇ ਭੇਖਧਾਰੀਆਂ ਤੋਂ ਹੈ। ਕਿਸੇ ਮਨੁੱਖ ਨੂੰ ਜੇ 2-2 ਬੰਦੇ ਨਜ਼ਰ ਆਉਣ ਲੱਗ ਜਾਣ ਤਾਂ ਡਾਕਟਰ ਕਹਿੰਦੇ ਹਨ ਕਿ 'ਨਜ਼ਰ ਚੈਕ ਕਰਾਓ, ਅੱਖਾਂ ਵਿਚ ਨੁਕਸ ਹੈ'। ਜੇਕਰ ਸਿੱਖ ਨੂੰ 'ਗੁਰੂ' ਦੋ-ਦੋ ਨਜ਼ਰ ਆਉਣ ਲੱਗ ਜਾਣ ਤਾਂ ਗੁਰਬਾਣੀ ਕਹਿੰਦੀ ਹੈ ਕਿ 'ਸਿੱਖ ਭਟਕ ਗਿਆ ਹੈ, ਦਿਮਾਗ ਵਿਚ ਨੁਕਸ ਹੈ'। ਜੇਕਰ ਸਾਧਾਂ ਤੇ ਗੁਰੂਆਂ ਦੀਆਂ ਹੇੜਾਂ (ਡਾਰਾਂ) ਨਜ਼ਰ ਆਉਣ ਲਗ ਜਾਣ ਤਾਂ ਸਮਝੋ ਕੌਮ ਦਾ ਭੱਠਾ ਬਹਿਣ ਹੀ ਵਾਲਾ ਹੈ। ਅੱਜ ਕਲ੍ਹ ਕੁਝ ਮਾਡਰਨ ਸੰਤਾਂ ਨੇ ਇਕੱਠੇ ਹੋ ਕੇ 'ਸੰਤ ਸਮਾਜ' ਜਾਂ ਕਹਿ ਲਓ ਸੰਤਾਂ ਦੀ ਯੂਨੀਅਨ ਬਣਾ ਲਈ ਹੈ। ਆਪੂ ਬਣੇ ਸੰਤਾਂ ਨੇ ਦੂਜੀਆਂ ਯੂਨੀਅਨਾਂ ਤੋਂ ਸਿੱਖਿਆ ਲੈ ਕੇ ਆਪਣੀ ਜਾਇਜ਼ ਨਜਾਇਜ਼ ਮੰਗਾਂ ਮੰਨਵਾਉਣ ਲਈ ਆਪਣੀ ਯੂਨੀਅਨ 'ਸੰਤ ਸਮਾਜ' ਬਣਾ ਲਈ ਹੈ। ਹੁਣ ਅਸੀਂ ਵੇਖਣਾ ਹੈ ਗੁਰਬਾਣੀ ਮੁਤਾਬਕ ਸੰਤ ਸਮਾਜ ਹੋ ਸਕਦਾ ਹੈ ਕਿ ਨਹੀਂ? ਗੁਰਬਾਣੀ ਫੁਰਮਾਨ ਹੈ :
ਜਨ ਨਾਨਕ ਕੋਟਿਨ ਮੇ ਕੋਉ ਰਾਮ ਭਜਨ ਕੋ ਪਾਵੈ£
ਹੈਨਿ ਵਿਰਲੇ ਨਾਹੀ ਘਣੇਂ ਫੈਲਿ ਫਕੜ ਸੰਸਾਰ£
ਕਬੀਰ ਐਸਾ ਏਕ ਆਪੁ ਜੋ ਜੀਵਤ ਮ੍ਰਿਤਕੁ ਹੋਇ£
ਸੋ ਇਸ ਤੋਂ ਸਿੱਧ ਹੋਇਆ ਸੰਤ ਤਾਂ ਗੁਣਾਂ ਨਾਲ ਭਰਪੂਰ ਕੋਈ ਵਿਰਲਾ ਹੀ ਹੁੰਦਾ ਹੈ ਨਾ ਕਿ ਅਜਿਹੇ ਬੰਦਿਆਂ ਦਾ ਸਮਾਜ ਜਾਂ ਇਕੱਠ। ਸਿੱਖਾਂ ਦੀ ਗਿਣਤੀ ਜੇ 2 ਕਰੋੜ ਮੰਨ ਲਈਏ ਤਾਂ ਇਨ੍ਹਾਂ ਵਿਚੋਂ ਬਹੁਤੇ ਤਾਂ ਨਾਂ ਦੇ ਸਿੰਘ ਹਨ। ਸੋ ਮਸਾਂ ਇਕ ਦੋ ਅਸਲੀ 'ਸੰਤ' ਹੋ ਸਕਦੇ ਹਨ ਫਿਰ ਇਹ ਸੰਤ ਸਮਾਜ ਕਿਵੇਂ ਬਣ ਗਿਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਲਿਖੀ ਕਿਤਾਬ 'ਸੰਤ ਪਦ ਨਿਰਣੈ' ਮੁਤਾਬਕ 'ਸੰਤ' ਸ਼ਬਦ ਗੁਰੂਆਂ ਲਈ ਵਰਤਿਆ ਗਿਆ ਹੈ ਜਾਂ ਪਿਆਰ ਨਾਲ ਸਾਂਝੇ ਤੌਰ 'ਤੇ ਸਿੱਖ ਲਈ। ਅੱਜ ਕਲ੍ਹ ਦੇ ਸੰਤਾਂ ਦੀਆਂ ਧੜ ਧੜ ਡਾਰਾਂ ਪੈਦਾ ਹੋ ਰਹੀਆਂ ਹਨ। ਸੰਤ ਦੀ ਉਪਾਧੀ ਦੇਣ ਵਾਲੀ ਨਾ ਕੋਈ ਸੰਸਥਾ ਹੈ ਤੇ ਨਾ ਹੀ ਕਿਸੇ ਨੂੰ ਲੋੜ ਹੈ। ਹੁਣ 'ਸੰਤ' ਦੀ ਨਵੀਨ ਪਰਿਭਾਸ਼ਾ ਹੈ ਲੰਮਾ ਚੋਲਾ, ਗੋਲ ਪੱਗ, ਵਾਜੇ ਦੀਆਂ ਤਿੰਨ ਸੁਰਾਂ ਦਬਣੀਆਂ ਆਉਂਦੀਆਂ ਹੋਣ ਤੇ ਬੇਸਿਰ ਪੈਰ ਦੀਆਂ ਮਨਘੜਤ ਕਹਾਣੀਆਂ ਸੁਣਾਉਣੀਆਂ ਆਉਂਦੀਆਂ ਹੋਣ, ਉਹ 'ਸੰਤ' ਹੈ। ਪੁਰਾਤਨ ਸਮੇਂ 'ਆ ਗਿਆ ਬਾਬਾ ਵੈਦ ਰੋਗੀਆਂ ਦਾ' ਵਾਜਾ ਸਿੱਖਣ ਸਮੇਂ ਤਿੰਨ ਸੁਰਾਂ ਨਾਲ ਸ਼ੁਰੂ ਕਰਾਇਆ ਜਾਂਦਾ ਸੀ, ਉਹੀ ਸੰਤ ਹਨ। ਇਹ 'ਮਾਡਰਨ ਸੰਤ', ਸਿੱਖ ਅਤੇ ਗੁਰੂ ਵਿਚਾਲੇ ਵਿਚੋਲੇ ਬਣ ਕੇ ਖੜ੍ਹੇ ਹੋ ਗਏ ਹਨ। ਇਨ੍ਹਾਂ ਅਨੁਸਾਰ ਗੁਰੂ ਨੂੰ ਮਿਲਣ ਲਈ ਪਹਿਲਾਂ ਇਹਨਾਂ ਸਾਧਾਂ ਦਾ ਚੇਲਾ ਬਣਨਾ ਤੇ ਫਿਰ ਉਸ ਡੇਰੇ ਦਾ ਸ਼ਰਧਾਲੂ ਹੋਣਾ ਜ਼ਰੂਰੀ ਹੈ। ਜੋ ਸੱਚੇ ਗੁਰਸਿੱਖ ਹਨ, ਉਹ ਹੀ ਸਾਧ ਸੰਤ ਤੇ ਗੁਰਮੁਖ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸਨ ਨਾ ਕਿ ਪੰਜ ਸੰਤ ਇਨ੍ਹਾਂ ਵਿਹਲੜ ਲੋਕਾਂ ਨੇ 'ਸੰਤ ਸਮਾਜ' ਬਣਾ ਲਿਆ ਹੈ ਪਰ ਫਿਰ ਵੀ ਇਹ ਇਕ ਨਹੀਂ ਹਨ। ਇਨ੍ਹਾਂ ਦੇ ਡੇਰਆਿਂ ਵਿਚ ਵੀ ਮਰਿਯਾਦਾ ਇਕ ਨਹੀਂ ਹੈ। ਸਿਤਮ ਦੀ ਗੱਲ ਹੈ ਕਿ ਡੇਰਿਆਂ ਵਿਚ ਉਹ ਕੁਝ ਹੁੰਦਾ ਹੈ ਜਿਸ ਤੋਂ ਗੁਰੂ ਸਾਹਿਬ ਨੇ ਰੋਕਿਆ ਸੀ। ਗੁਰੂ ਨਾਨਕ ਸਾਹਿਬ ਨੇ ਮੂਰਤੀ ਪੂਜਾ ਤੋਂ ਰੋਕਿਆ ਸੀ ਪਰ ਸੰਤ ਤਸਵੀਰ ਪੂਜਾ ਦਾ ਪ੍ਰਚਾਰ ਕਰਦੇ ਹਨ ਅਤੇ ਆਪਣੀਆਂ ਤਸਵੀਰਾਂ ਵੇਚਦੇ ਹਨ। ਕਈਆਂ ਸੰਤਾਂ ਨੇ ਆਪਣੇ ਤੋਂ ਪਹਿਲੇ ਸੰਤਾਂ ਦੀਆਂ ਤਸਵੀਰਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਮੱਥੇ ਟਿਕਵਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਸਮਝਾਉਣ ਦੀ ਥਾਂ ਤੇ ਅਖੰਡ ਪਾਠ ਅਤੇ ਸੰਪਟ ਪਾਠ ਕਰਾਉਣ ਲਈ ਰਹਿੰਦੇ ਹਨ। ਮਾਇਆ ਇਕੱਠੀ ਕਰਨ ਲਈ ਇਕੱਠੇ ਕਈ ਕਈ ਪਾਠ ਰਖਾਉਂਦੇ ਹਨ ਜਦੋਂ ਕਿ ਇਕ ਪਾਠ ਸਪੀਕਰਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਸੁਣਾਇਆ ਜਾ ਸਕਦਾ ਹੈ। ਗੁਰਬਾਣੀ ਵਿਚ ਖੰਡਨ ਕੀਤੇ ਤੀਰਥ ਯਾਤਰਾ, ਪੁਜਾਰੀਆਂ ਨੂੰ ਦਾਨ ਦੇਣਾ, ਤਪ ਸਾਧਣੇ, ਮਨ ਦੀ ਪਵਿੱਤਰਤਾ ਦੀ ਥਾਂ ਤੇ ਸਰੀਰਕ ਪਵਿੱਤਰਤਾ ਤੇ ਜ਼ੋਰ ਦੇਣਾ, ਕੁਝ ਦਿਨਾਂ ਨੂੰ ਪਵਿੱਤਰ ਤੇ ਕੁਝ ਅਪਵਿੱਤਰ ਦੱਸਣਾ। ਚੰਦ ਤੇ ਸੂਰਜ ਨਾਲ ਸਬੰਧਤ ਪੂਰਨਮਾਸ਼ੀ, ਮੱਸਿਆ ਤੇ ਸੰਗਰਾਂਦਾਂ ਦੀ ਵਿਸ਼ੇਸ਼ਤਾ ਨੂੰ ਪ੍ਰਚਾਰਨ, ਨਾਮ ਦੇ ਨਵੇਂ ਨਵੇਂ ਢੰਗ ਪ੍ਰਚਾਰਨੇ, ਗਿਣਤੀਆਂ-ਮਿਣਤੀਆਂ ਦੇ ਪਾਠ ਕਰਨੇ, ਲੋਕਾਂ ਨੂੰ ਕਰਮ ਕਾਂਡਾਂ ਵਿਚ ਉਲਝਾਉਣਾ ਇਹਨਾਂ ਠੱਗ ਬਾਬਿਆਂ ਵਲੋਂ ਆਮ ਕੀਤਾ ਜਾਂਦਾ ਹੈ। ਅੱਜ ਘਰਾਂ ਅੰਦਰਲੇ ਕਲਹ ਕਲੇਸ਼, ਆਤੰਕਵਾਦ, ਈਰਖਾ, ਨਫ਼ਰਤ, ਹੈਂਕੜਬਾਜ਼ੀ ਅਤੇ ਪਦਾਰਥਵਾਦ ਦੀਆਂ ਬੁਰਾਈਆਂ ਕਾਰਨ ਪ੍ਰੇਸ਼ਾਨ ਅਤੇ ਦੁਖੀ ਹੋਏ ਸੰਸਾਰ ਵਿਚ ਗੁਰੂ ਨਾਨਕ ਫਲਸਫਾ, ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦਾ ਬੋਲਬਾਲਾ ਸਥਾਪਤ ਕਰ ਸਕਦਾ ਹੈ। ਇਸ ਲਈ ਇਸ ਫਲਸਫੇ ਉਪਰੋਂ 'ਸਾਧਵਾਦ' ਦੀ ਧੂੜ ਲਾਹ ਕੇ ਇਸ ਨੂੰ ਲਿਸ਼ਕਾਉਣ ਦੀ ਲੋੜ ਹੈ।


ਸੁਖਦੇਵ ਸਿੰਘ
98147-30530