ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਮਤਿ ਸੰਗੀਤ ਦਾ ਪਹਿਲਾ ਕੀਰਤਨੀਆ ਭਾਈ ਮਰਦਾਨਾ


ਗੁਰਮਤਿ ਸੰਗੀਤ ਇਕ ਸਨਮੁਖ ਸੰਗੀਤ ਹੈ ਜਿਸ ਦੀ ਲੀਹ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੇ ਤੋਰੀ। ਉਹ ਅਜਿਹਾ ਭਾਗਾਂ ਵਾਲਾ ਇਨਸਾਨ ਸੀ ਜਿਸ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖੋਂ ਇਲਾਹੀ ਬਾਣੀ ਨੂੰ ਸੁਣਿਆ ਤੇ ਬਾਬੇ ਨਾਨਕ ਪਾਸੋਂ ਹੀ ਬਾਣੀ ਨੂੰ ਸੰਗੀਤਬੱਧ ਕਰਨ ਦੇ ਗੁਰ ਸਿੱਖੇ। ਨਾਨਕ ਪਾਤਸ਼ਾਹ ਦਾ ਮਰਦਾਨੇ ਨੂੰ ਫੁਰਮਾਨ ਸੀ ਕਿ ਰਾਗ ਵਿਚ ਬਾਣੀ ਨੂੰ ਮਿਲਾ ਕੇ ਗਾਉਣ ਨਾਲ ਦੋਹੀਂ ਜਹਾਨੀਂ ਭਲਾ ਹੁੰਦਾ ਹੈ। ਭਾਈ ਮਰਦਾਨੇ ਨੂੰ ਗੁਰੂ ਘਰ ਦਾ ਪਹਿਲਾ ਰਬਾਬੀ ਤੇ ਸਰੋਤਾ ਹੋਣ ਦਾ ਮਾਣ ਵੀ ਪ੍ਰਾਪਤ ਹੈ। ਗੁਰੂ ਨਾਨਕ ਜੀ ਬਾਣੀ ਸਿਰਜਣ ਮੌਕੇ ਭਾਈ ਮਰਦਾਨੇ ਨੂੰ ਕਹਿੰਦੇ, ”ਮਰਦਾਨਿਆ! ਰਬਾਬ ਵਜਾਇ ਬਾਣੀ ਆਈਏ”, ਤਾਂ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਮੁਖਾਰਬਿੰਦ ਤੋਂ ਬਾਣੀ ਸੁਣ ਕੇ ਉਸ ਨੂੰ ਸੰਗੀਤਬੱਧ ਕਰਕੇ ਰਬਾਬ ਵਜਾਉਂਦੇ ਸਨ। ਮਿਸਾਲ ਵਜੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਗਾਉੜੀ ਮਹਲਾ ੧-ਸ਼ੁੱਧ ਰਾਗ-ਅੰਗ 154, ਗਾਉੜੀ ਚੇਤੀ ਮਹਲਾ ੧ ਛਾਇਆ ਲੰਗਤ ਰਾਗ ਅੰਗ-156 ਅਤੇ ਗਾਉੜੀ ਪੂਰਬੀ ਦੀਪਦੀ-ਸੰਕੀਰਣ ਰਾਗ-ਅੰਗ 157 ਰਾਗ ਗਾਉੜੀ ਵਿਚ ਤਿੰਨਾਂ ਕਿਸਮਾਂ ਵਿਚ ਬਾਣੀ ਦੀ ਸਿਰਜਣਾ ਕੀਤੀ ਹੈ। ਭਾਈ ਮਰਦਾਨਾ ਇਨ੍ਹਾਂ ਰਾਗ ਭੇਦਾਂ ਨੂੰ ਕੰਠ ਕਰਕੇ ਬਾਬੇ ਨਾਨਕ ਨਾਲ ਬਾਣੀ ਦਾ ਕੀਰਤਨ ਕਰਦੇ ਸਨ। ਬਾਬੇ ਨਾਨਕ ਨੇ ਆਪਣੇ ਮੁਰੀਦ ਭਾਈ ਮਰਦਾਨੇ ਨੂੰ ਰਾਗ ਵਿੱਦਿਆ ਵਿਚ ਪਰਪੱਕ ਕਰਕੇ ਗੁਰੂ ਕੀਰਤਨ ਦੀ ਨੀਂਹ ਰੱਖੀ ਜਿਹੜੀ ਬਾਣੀ ਕੀਰਤਨ ਦੀ ਪਰੰਪਰਾ ਜ਼ਰੀਏ ਅੱਜ ਤੱਕ ਵੀ ਕਾਇਮ ਹੈ।
ਭਾਈ ਮਰਦਾਨੇ ਦਾ ਬਾਬੇ ਨਾਨਕ ਦੇ ਘਰ ਮੁੱਢ ਤੋਂ ਹੀ ਆਉਣਾ ਜਾਣਾ ਸੀ। ਭਾਈ ਮਰਦਾਨੇ ਦਾ ਜਨਮ ਰਾਇ ਭੋਇ ਦੀ ਤਲਵੰਡੀ ਜ਼ਿਲ੍ਹਾ ਸੇਖੁਪੁਰ (ਹੁਣ ਪਾਕਿਸਤਾਨ) ਵਿਚ ਮਾਤਾ ਲੱਖੋ ਦੀ ਕੁੱਖੋਂ 1516 ਬਿਕਰਮੀ ਸੰਨ 1459 ਈ. ਨੂੰ ਪਿਤਾ ਮੀਰ ਬਾਦਰਾ ਦੇ ਗ੍ਰਹਿ ਵਿਖੇ ਹੋਇਆ। ਭਾਈ ਮਰਦਾਨੇ ਦੀ ਬੰਸਾਵਲੀ ਅਨੁਸਾਰ ਭਾਈ ਮਰਦਾਨੇ ਦੇ ਦੋ ਪੁੱਤਰ ਰਜਾਦਾ ਅਤੇ ਸਜਾਦਾ ਤੇ ਇਕ ਪੁੱਤਰੀ ਸੀ ਜਿਸ ਦਾ ਵਿਆਹ ਬਾਬੇ ਨਾਨਕ ਨੇ ਆਪਣੇ ਹੱਥੀਂ ਬੜੇ ਚਾਅ ਨਾਲ ਕੀਤਾ ਸੀ। ਅੱਗੋਂ ਸਜਾਦਾ ਦੇ ਦੋ ਪੁੱਤਰ ਬਾਦੂ ਤੇ ਸਾਦੂ ਹੋਏ ਤੇ ਫਿਰ ਬਾਦੂ ਦੇ ਇਕ ਪੁੱਤਰ ਗੁਲਾਬਾ ਪੈਦਾ ਹੋਇਆ ਅੱਗੋਂ ਗੁਲਾਬਾ ਦੇ ਪੰਜ ਪੁੱਤਰ ਭਾਈ ਗਾਮੂ, ਬਾਈ ਰਹਿਮਤ ਅਲੀ, ਭਾਈ ਆਸ਼ਕ ਅਲੀ (ਲਾਲ ਜੀ), ਮੁਹੰਮਦ ਹੁਸੈਨ ਤੇ ਕਰਮ ਹੁਸੈਨ ਹੋਏ ਸਨ। ਮਰਦਾਨਾ ਪਰਿਵਾਰ ਦੀਆਂ ਇਨ੍ਹਾਂ ਸਾਰੀਆਂ ਪੁਸ਼ਤਾਂ ਨੇ ਕੀਰਤਨ ਦੀ ਸੇਵਾ ਨਾਲ ਸੰਗਤਾਂ ਨੂੰ ਨਿਹਾਲ ਕਰਕੇ ਆਪਣੀ ਸੰਗੀਤ ਕਲਾਂ ਨੂੰ ਅਮਰ ਕਰ ਲਿਆ। ਭਾਈ ਮਰਦਾਨਾ ਨੇ ਲਗਪਗ 54 ਸਾਲ ਗੁਰੂ ਨਾਨਕ ਜੀ ਨਾਲ ਰਬਾਬ ਵਜਾÀਣ ਦੀ ਸੇਵਾ ਨਿਭਾਈ। ਉਸ ਦੀ ਰਬਾਬ ਅਦਾਇਗੀ ਕਾਬਲੇ ਤਾਰੀਫ ਸੀ। ਸੰਗੀਤ ਉਸ ਦੇ ਹੱਡੀਂ ਰਚਿਆ ਹੋਇਆ ਸੀ। ਉਸ ਦੀ ਵਾਦਨ ਕਲਾ ਸਿਰਮੌਰ ਸੀ। ਉਸ ਦੀ ਆਵਾਜ਼ ਸਾਧੀ ਹੋਈ ਸੀ। ਸੱਚਮੁੱਚ ਮਰਦਾਨਾ ਧੁਰੋਂ ਹੀ ਰਾਗ ਦਾ ਵਰੋਸਾਇਆ ਇਨਸਾਨ ਸੀ। ਉਹ ਗਾਇਕੀ ਦੇ ਅਤਿ ਸੂਖਮ ਭੇਦ ਟੁੰਬ, ਮੁਰਕੀ ਆਦਿ ਨੂੰ ਅਨੋਖੇ ਅੰਦਾਜ਼ ਵਿਚ ਪੇਸ਼ ਕਰਦਾ ਸੀ। ਇਲਾਹੀ ਬਖਸ਼ਿਸ਼ ਸਦਕਾ ਬਾਬਾ ਨਾਨਕ ਜੀ ਨੂੰ ਜਦੋਂ ਧੁਰੋਂ ਬਾਣੀ ਆਉਂਦੀ ਤਾਂ ਭਾਈ ਮਰਦਾਨਾ ਨਾਲੋ-ਨਾਲ ਉਸ ਨੂੰ ਸੁਰਬੱਧ ਕਰ ਲਿਆ ਕਰਦੇ ਸਨ। ਬਾਬੇ ਨਾਨਕ ਦੀ ਸੰਗਤ ਵਿਚ ਰਹਿ ਕੇ ਮਰਦਾਨੇ ਨੇ 19 ਰਾਗ ਅਲਾਪੇ। ਉਨ੍ਹਾਂ ਨੇ ਕਵਿਤਾ ਤੇ ਰਾਗ ਨੂੰ ਇਕਮਿਕ ਕਰਕੇ ਕੀਰਤਨ ਦਾ ਨਾਮ ਦਿੱਤਾ। ਜੇ ਇਹ ਕਹਿ ਲਿਆ ਜਾਵੇ ਕਿ ਉਸਤਾਦ ਮੁਰਸ਼ਦ ਨੇ ਕਾਮਿਲ ਮੁਰੀਦ ਭਾਈ ਮਰਦਾਨਾ ਪੈਦਾ ਕੀਤਾ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਸਾਰੇ ਗੁਰ-ਇਤਿਹਾਸਕਾਰ ਤੇ ਸਾਖੀਕਾਰ ਇਸ ਵਿਚਾਰ ਨਾਲ ਇਕਮਤ ਹਨ ਕਿ ਭਾਈ ਮਰਦਾਨੇ ਦਾ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਪਹਿਲਾ ਮਿਲਾਪ 1480 ਈ. ਵਿਚ ਹੋਇਆ, 54 ਸਾਲ ਦੇ ਇਸ ਲੰਮੇ ਸਮੇਂ ਦੌਰਾਨ ਉਹ ਚਾਰੇ ਉਦਾਸੀਆਂ ਮੌਕੇ ਗੁਰੂ ਜੀ ਨਾਲ ਰਹੇ। ਪਹਿਲੀ ਪ੍ਰਚਾਰ ਫੇਰੀ (ਉਦਾਸੀ) ਸਮੇਂ ਗੁਰੂ ਸਾਹਿਬ ਦੀ ਉਮਰ 31 ਸਾਲ ਅਤੇ ਭਾਈ ਮਰਦਾਨੇ ਦੀ ਉਮਰ 41 ਸਾਲ ਦੀ ਸੀ। ਬਾਬੇ ਨਾਨਕ ਨੇ ਲੋਕ ਕਲਿਆਣ ਲਈ ਬੜੇ ਵਿਉਂਤਬੱਧ ਢੰਗ ਨਾਲ ਮਰਦਾਨੇ ਨੂੰ ਨਾਲ ਲੈ ਕੇ ਚਾਰ ਉਦਾਸੀਆਂ (ਪ੍ਰਚਾਰ ਯਾਤਰਾਵਾਂ) ਕੀਤੀਆਂ। ਪਹਿਲੀ ਉਦਾਸੀ ਹਿੰਦੂਆਂ ਦੇ ਧਰਮ ਅਸਥਾਨਾਂ ਵੱਲ, ਦੂਜੀ ਉਦਾਸੀ ਬੁੱਧ ਧਰਮ ਦੇ ਅਸਥਾਨਾਂ ਵੱਲ, ਤੀਜੀ ਉਦਾਸੀ ਨਾਥਾਂ-ਜੋਗੀਆਂ ਤੇ ਡੇਰਿਆਂ ਵੱਲ ਅਤੇ ਚੌਥੀ ਉਦਾਸੀ ਇਸਲਾਮੀ ਧਰਮ ਅਸਥਾਨਾਂ ਵੱਲ ਕੀਤੀ। ਇਸ ਸਮੇਂ ਦੌਰਾਨ ਭਾਈ ਮਰਦਾਨੇ ਨੇ ਅਨੇਕ ਪ੍ਰਕਾਰ ਦੇ ਕੌਤਕ ਦੇਖੇ। ਇਨ੍ਹਾਂ ਵਿੱਚ ਕੌਡੇ ਰਾਖਸ਼ ਤੇ ਸੱਜਣ ਠੱਗ ਵਰਗੇ ਦੁਸ਼ਟਾਂ ਨੂੰ ਸਿੱਧੇ ਰਾਹ ਪਾਉਣ, ਵਲੀ ਕੰਧਾਰੀ ਦਾ ਹੰਕਾਰ ਤੋੜਨ ਵਰਗੀਆਂ ਅਲੌਕਿਕ ਘਟਨਾਵਾਂ ਮੁੱਖ ਹਨ। ਬਾਬੇ ਨਾਨਕ ਦੀ ਸੰਗਤ ਵਿਚ ਹੀ ਭਾਈ ਮਰਦਾਨੇ ਦੀ ਤਾਲੀਮ ਦਾ ਵਿਕਾਸ ਹੋਇਆ। ਉਸ ਅੰਦਰ ਆਗਿਆਕਾਰੀ, ਵਫਾਦਾਰੀ, ਇਮਾਨਦਾਰੀ, ਦਲੇਰੀ, ਸਿਰੜੀ, ਹਿੰਮਤੀ ਆਦਿ ਚੰਗੇ ਗੁਣ ਪੈਦਾ ਹੋਏ। ਭਾਈ ਮਰਦਾਨਾ ਪਿਤਾ ਪੁਰਖੀ ਰਾਗ ਵਿੱਦਿਆ ਦਾ ਮਾਹਿਰ ਸੀ। ਬਾਬੇ ਨਾਨਕ ਦੀ ਸੰਗਤ ਸਦਕਾ ਹੀ ਭਾਈ ਮਰਦਾਨੇ ਨੂੰ ਸੰਗੀਤ ਦਾ ਸੁਆਮੀ ਕਿਹਾ ਜਾਂਦਾ ਹੈ। ਮੁਗਲ ਕਾਲ ਦੇ ਵਿਸ਼ਵ ਪ੍ਰਸਿੱਧ ਗਾਇਕ ਤਾਨਸੈਨ ਦੇ ਗੁਰੂ ਹਰਿਦਾਸ ਭਾਈ ਮਰਦਾਨਾ ਜੀ ਦੇ ਸ਼ਾਗਿਰਦ ਸਨ। ਅਸਲੋਂ ਹੀ ਭਾਈ ਮਰਦਾਨਾ ਧੁਰ ਦਰਗਾਹੋਂ ਸਾਜ਼-ਆਵਾਜ਼ ਦੇ ਧਨੀ ਸਨ।
ਗੁਰਮਿਤ ਸੰਗੀਤ ਦੀਆਂ ਕਲਾਤਮਿਕ ਬਰੀਕੀਆਂ ਅਤੇ ਸੂਖਮ ਤਰੰਗਾਂ ਨੂੰ ਮਿਲਾ ਕੇ ਸੰਗੀਤ ਤੇ ਬਾਣੀ ਦੀ ਇਕਸੁਰਤਾ ਦੀ ਸਿਖਲਾਈ ਲੈਣ ਦਾ ਪਹਿਲਾ ਮੌਕਾ ਭਾਈ ਮਰਦਾਨਾ ਜੀ ਨੂੰ ਹੀ ਨਸੀਬ ਹੋਇਆ ਹੈ। ਇਹ ਗੱਲ ਬੜੇ ਫਖ਼ਰ ਨਾਲ ਕਹੀ ਜਾ ਸਕਦੀ ਹੈ ਕਿ ਭਾਈ ਮਰਦਾਨਾ ਗੁਰਮਤਿ ਸੰਗੀਤ ਦਾ ਪਹਿਲਾ ਕੀਰਤਨੀਆ ਸੀ। ਆਪ 1534 ਈ. ਵਿਚ ਪ੍ਰਲੋਕ ਗਮਨ ਕਰ ਗਏ। ਉਨ੍ਹਾਂ ਦੀ ਇੱਛਾ ਮੁਤਾਬਿਕ ਉਨ੍ਹਾਂ ਦਾ ਸਸਕਾਰ ਬਾਬੇ ਨਾਨਕ ਨੇ ਆਪਣੇ ਹੱਥੀਂ ਕੀਤਾ। ਗੁਰੂ ਨਾਨਕ ਦਾ ਲਾਇਆ ਇਹ ਬੂਟਾ ਮੁਰਝਾਇਆ ਨਹੀਂ ਬਲਕਿ ਮਰਦਾਨੇ ਦੀ ਅੰਸ਼ 'ਚੋਂ ਭਾਈ ਲਾਲ ਜੀ ਅੱਜਕਲ੍ਹ ਵੀ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ।

ਸ਼ਫ਼ੀ ਮੁਹੰਮਦ ਮੂੰਗੋ