ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਦੇਵ ਜੀ ਦੇ ਮੁਸਲਿਮ ਮੁਰੀਦ


ਜਗਤ ਗੁਰੂ ਬਾਬਾ ਨਾਨਕ ਜੀ, ਜਿਨ੍ਹਾਂ ਨੂੰ ਅਦਬ ਨਾਲ ਸਿੱਖਾਂ ਨੇ ਆਪਣੇ ਆਦਿ ਗੁਰੂ ਅਤੇ ਸਿੱਖ ਧਰਮ ਦੇ ਬਾਨੀ ਵਜੋਂ ਅਤੇ ਹਿੰਦੂਆਂ ਨੇ ਸੰਤ ਬਾਬਾ ਨਾਨਕ ਜਾਂ ਨਾਨਕ ਸਾਈਂ ਸੰਬੋਧਿਤ ਕਰਕੇ ਸਤਿਕਾਰਿਆ, ਉਥੇ ਹੀ ਵੱਡੀ ਗਿਣਤੀ ਵਿਚ ਮੁਸਲਮਾਨ ਗੁਰੂ ਨਾਨਕ ਸਾਹਿਬ ਨੂੰ ਇਕ ਕਾਮਲ ਮੁਰਸ਼ਦ ਦੀ ਹੈਸੀਅਤ ਵਜੋਂ ਸਤਿਕਾਰਦੇ ਹਨ। ਅਲੱਗ-ਅਲੱਗ ਮੁਸਲਿਮ ਵਿਦਵਾਨਾਂ ਦੀਆਂ ਲਿਖਤਾਂ ਵਿਚ ਗੁਰੂ ਸਾਹਿਬ ਦੀ ਪੀਰਾਂ ਵਿਚੋਂ ਪੀਰ, ਔਲੀਆਵਾਂ ਵਿਚੋਂ ਔਲੀਆ ਦੱਸ ਕੇ ਉਪਮਾ ਕੀਤੀ ਗਈ ਹੈ।
ਉਂਝ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਨੇਕਾਂ ਮੁਸਲਿਮ ਪੀਰ, ਫ਼ਕੀਰ ਤੇ ਅਹਿਕਾਰ ਮੁਰੀਦ ਹੋਏ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਜਾਂ ਸਿਰਫ   ਉਨ੍ਹਾਂ ਦੇ ਨਾਵਾਂ ਦਾ ਵੇਰਵਾ ਪ੍ਰਕਾਸ਼ਿਤ ਕਰਨਾ ਵੀ ਆਪਣੇ ਆਪ ਵਿਚ ਬਹੁਤ ਵੱਡੀ ਚੁਣੌਤੀ ਹੈ। ਇਸ ਲੇਖ ਵਿਚ ਗੁਰੂ ਨਾਨਕ ਸਾਹਿਬ ਦੇ ਕੁਝ ਕੁ ਇਤਿਹਾਸ ਪ੍ਰਸਿੱਧ ਮੁਸਲਮਾਨ ਮੁਰੀਦਾਂ ਦੀ ਚਰਚਾ ਕਰ ਰਹੇ ਹਾਂ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਤਨੋਂ, ਮਨੋਂ ਸਤਿਕਾਰਿਆ ਅਤੇ ਉਹ ਸਤਿਕਾਰ ਦੇਸਕਾਲ ਦੀਆਂ ਹੱਦਾਂ ਟੱਪ ਕੇ ਸਾਰੇ ਸੰਸਾਰ ਦੇ ਇਸਲਾਮੀ ਦੇਸ਼ਾਂ ਦੇ ਮੁਸਲਮਾਨਾਂ ਵਿਚ ਹੁਣ ਤੱਕ ਬਰਾਬਰ ਚੱਲਿਆ ਆ ਰਿਹਾ ਹੈ।
ਮਾਈ ਦਉਲਤਾਂ : ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਮੁਖੜੇ 'ਤੇ ਇਲਾਹੀ ਜਲੌਅ ਵੇਖਣ ਅਤੇ ਆਪ ਨੂੰ ਆਪਣੀ ਗੋਦ ਚੁੱਕਣ ਦਾ ਮਾਣ ਮੁਸਲਮਾਨ ਦਾਈ ਮਾਈ ਦਉਲਤਾਂ ਨੂੰ ਪ੍ਰਾਪਤ ਹੋਇਆ।
ਚੌਧਰੀ ਰਾਇ ਬੁਲਾਰ ਭੱਟੀ : ਗੁਰੂ ਸਾਹਿਬ ਵਿਚੋਂ ਰੱਬੀ ਨੂਰ ਵੇਖਣ ਵਾਲਾ ਪਹਿਲਾ ਸ਼ਖ਼ਸ ਰਾਇ ਭੋਇ ਦੀ ਮੰਡੀ ਦਾ ਚੌਧਰੀ ਰਾਇ ਬੁਲਾਰ ਭੱਟੀ ਸੀ, ਜਿਸ ਨੇ ਗੁਰੂ ਨਾਨਕ ਸਾਹਿਬ ਦੀ ਭੈਣ ਬੇਬੇ ਨਾਨਕੀ ਤੋਂ ਬਾਅਦ ਗੁਰੂ ਜੀ ਵਿਚੋਂ ਰੱਬੀ ਜੋਤਿ ਨੂੰ ਪਛਾਣਿਆ।
ਬਾਬਾ ਜੀ ਦੇ ਪਿਤਾ ਮਹਿਤਾ ਕਾਲੂ ਜੀ ਰਾਇ ਬੁਲਾਰ ਦੇ ਗੁਮਾਸ਼ਤੇ ਸਨ ਤੇ ਉਸ ਦੀਆਂ ਜ਼ਮੀਨਾਂ ਦਾ ਪ੍ਰਬੰਧ ਕਰਦੇ ਸਨ। ਰਾਇ ਬੁਲਾਰ ਹਮੇਸ਼ਾ ਬਾਬਾ ਜੀ ਨੂੰ ਦਿਲੋਂ ਪਿਆਰਦਾ ਤੇ ਸਵੀਕਾਰਦਾ ਸੀ। ਸਵਾਨਿਹ ਉਮੀਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਨਾ 44 ਅਤੇ ਮਹਾਨਕੋਸ਼ ਦੇ ਅਨੁਸਾਰ ਬਾਬਾ ਜੀ ਆਪਣੇ ਦੇਸ਼-ਦੇਸ਼ਾਂਤਰਾਂ ਦੇ ਰਟਨ ਸਮੇਂ ਜਦ ਵੀ ਤਲਵੰਡੀ ਆਉਂਦੇ ਸਨ, ਰਾਇ ਬੁਲਾਰ ਜੀ ਉਨ੍ਹਾਂ ਦੀ ਟਹਿਲ ਸੇਵਾ ਕਰਦੇ ਸਨ। ਇਕ ਵਾਰ ਆਪ ਤਲਵੰਡੀ ਆਏ, ਤਾਂ ਆਪ ਨੇ ਪਾਣੀ ਦੀ ਘਾਟ ਦਾ ਵਰਣਨ ਕੀਤਾ। ਰਾਇ ਜੀ ਨੇ ਉਸੇ ਸਮੇਂ ਨਾਨਕਸਰ ਨਾਂ  ਦਾ ਇਕ ਸਰੋਵਰ ਬਣਵਾ ਦਿੱਤਾ। ਇਹ ਸਰੋਵਰ ਅੱਜ ਵੀ ਗੁਰਦੁਆਰਾ ਬਾਲ ਲੀਲਾ ਦੇ ਬਿਲਕੁਲ ਨਾਲ ਵਿਦਮਾਨ ਹੈ।
ਭਾਈ ਮਰਦਾਨਾ : ਗੁਰੂ ਨਾਨਕ ਸਾਹਿਬ ਦਾ ਬਾਲ-ਸਖਈ ਭਾਈ ਮਰਦਾਨਾ ਜੋ ਕਿ ਜਾਤਿ ਦਾ ਮਿਰਾਸੀ ਅਤੇ ਮੁਸਲਿਮ ਸਾਥੀ ਸੀ, ਨੇ ਆਪਣੀ ਸਾਰੀ ਜ਼ਿੰਦਗੀ ਸਤਿਗੁਰਾਂ ਦੀ ਸੇਵਾ ਵਿਚ ਗੁਜ਼ਾਰ ਦਿੱਤੀ। ਭਾਈ ਮਰਦਾਨਾ ਜੀ ਦੇ ਸੰਬੰਧ ਵਿਚ ਭਾਈ ਗੁਰਦਾਸ ਜੀ ਲਿਖਦੇ ਹਨ- ਪਲਾ ਰਬਾਬ ਬਜਾਇਦਾ ਜਮਲਸ ਮਰਦਾਨਾ ਮੀਰਾਸੀ।
ਗੁਰਮਤਿ ਦਰਸ਼ਨ, ਸਫ਼ਾ 57, ਗੁਰੂ ਨਾਨਕ ਬਾਣੀ, ਸਫ਼ਾ 20, ਗੁਰੂ ਨਾਨਕ ਦਰਸ਼ਨ, ਸਫ਼ਾ 108 ਅਤੇ ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਇਤਿਹਾਸ, ਸਫ਼ਾ 454 ਆਦਿ ਕੁਝ ਹੋਰਨਾਂ ਪੁਸਤਕਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਰਾਗ ਬਿਹਾਗੜੇ ਦੀ ਵਾਰ ਵਿਚ ਤਿੰਨ ਸਲੋਕ ਭਾਈ ਮਰਦਾਨੇ ਦੇ ਨਾਂ 'ਤੇ ਦਰਜ ਹਨ, ਜੋ ਭਾਈ ਮਰਦਾਨਾ ਜੀ ਦੇ ਉਚਾਰਨ ਕੀਤੇ ਦੱਸੇ ਜਾਂਦੇ ਹਨ। ਪੁਰਾਤਨ ਇਤਿਹਾਸਕ ਜੀਵਨੀਆਂ, ਸਫ਼ਾ 2 ਦੇ ਅਨੁਸਾਰ ਭਾਈ ਮਰਦਾਨਾ ਜੀ ਨੂੰ ਉਹ ਹੱਕ ਵੀ ਮਿਲ ਗਿਆ ਜੋ ਪਿੱਛੋਂ ਜਾ ਕੇ ਕੇਵਲ ਗੁਰੂ ਸਾਹਿਬਾਨ ਨੂੰ ਪ੍ਰਾਪਤ ਹੋਇਆ। ਬਿਹਾਗੜੇ ਦੀ ਵਾਰ ਦੇ ਸਲੋਕਾਂ ਵਿਚ 'ਨਾਨਕ' ਸ਼ਬਦ ਦੀ ਉਨ੍ਹਾਂ ਵਲੋਂ ਵਰਤੋਂ ਕਰ ਲੈਣੀ ਗੁਰੂ ਨਾਨਕ ਦੇਵ ਜੀ ਉੱਤੇ ਹੱਕ ਹੀ ਜਤਲਾਉਣਾ ਸੀ। ਇਹ ਸੱਚਮੁੱਚ ਇਕ ਐਸੀ ਵਡਿਆਈ ਸੀ, ਜੋ ਕਿਸੇ ਸਿੱਖ ਸਬੰਧੀ, ਸਾਕ, ਭਾਈ, ਭਗਤ ਨੂੰ ਪ੍ਰਾਪਤ ਨਾ ਹੋ ਸਕੀ।
ਨਵਾਬ ਦੌਲਤ ਖਾਂ ਲੋਧੀ : ਸੁਲਤਾਨਪੁਰ (ਸੁਲਤਾਨਪੁਰ ਲੋਧੀ) ਦਾ ਨਵਾਬ ਦੌਲਤ ਖ਼ਾਂ ਗੁਰੂ ਨਾਨਕ ਸਾਹਿਬ ਦਾ ਵੱਡਾ ਪ੍ਰੇਮੀ ਸੀ। ਗੁਰੂ ਸਾਹਿਬ ਨੇ ਰਾਇ ਭੋਇ ਦੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਆ ਕੇ ਨਵਾਬ ਦੇ ਮੋਦੀਖ਼ਾਨੇ ਵਿਚ ਮੋਦੀ (ਸਟੋਰਕੀਪਰ) ਵਜੋਂ ਨੌਕਰੀ ਕਰ ਲਈ। ਜਨਮ ਸਾਖੀ ਭਾਈ ਬਾਲਾ, ਸਫ਼ਾ 97 ਤੇ ਸ੍ਵ੍ਵਾਨਿਹ ਉਮੀਰ ਗੁਰੂ ਨਾਨਕ ਦੇਵ ਜੀ, ਸਫ਼ਾ 25 ਦੇ ਅਨੁਸਾਰ ਗੁਰ ੂਸਾਹਿਬ ਨਵਾਬ ਦੇ ਮੋਦੀਖ਼ਾਨੇ ਵਿਚੋਂ ਜੋ ਵੀ ਕਮਾਈ ਕਰਦੇ ਉਹ ਗਰੀਬਾਂ ਵਿਚ ਵੰਡ ਦਿਆ ਕਰਦੇ ਸਨ। ਆਪ ਜੀ ਦਾ ਇਹ ਵਰਤਾਅ ਵੇਖ ਕੇ ਕਈ ਲੋਕ ਆਪ ਨਾਲ ਵੱਡੀ ਈਰਖਾ ਕਰਨ ਲੱਗ ਪਏ। ਉਨ੍ਹਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਾਬਾ ਜੀ ਨਵਾਬ ਦਾ ਮੋਦੀਖ਼ਾਨਾ ਲੁਟਾਈ ਜਾ ਰਹੇ ਹਨ। ਜਦ ਇਹ ਗੱਲਾਂ ਨਵਾਬ ਦੇ ਕੰਨੀਂ ਪਈਆਂ ਤਾਂ ਉਸਨੇ ਮੁਨਸ਼ੀ ਜਾਦੋ ਰਾਇ ਨੂੰ ਹਿਸਾਬ-ਪੜਤਾਲ ਕਰਨ 'ਤੇ ਲਾਇਆ। ਉਸ ਨੇ ਦੋ ਵਾਰੀ ਹਿਸਾਬ ਪੜਤਾਲਿਆ, ਦੋਵੇਂ ਵਾਰ ਬਾਬਾ ਜੀ ਦੀ ਰਕਮ ਹੀ ਮੋਦੀਖ਼ਾਨੇ ਵੱਲ ਨਿਕਲੀ। ਜੀਵਨ ਚਰਿੱਤਰ ਗੁਰੂ ਨਾਨਕ ਦੇਵ ਜੀ, ਪੰਨਾ 66 ਦੇ ਅਨੁਸਾਰ ਇਸ 'ਤੇ ਨਵਾਬ ਨੇ ਗੁਰੂ ਸਾਹਿਬ ਤੋਂ ਮੁਆਫ਼ੀ ਮੰਗੀ। ਗੁਰਮਤਿ ਪ੍ਰਕਾਸ਼, ਅੰਮ੍ਰਿਤਸਰ, ਸਤੰਬਰ 1969 ਦੇ ਅਨੁਸਾਰ ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਮੈਂ ਆਪ ਨੂੰ ਖ਼ੁਦਾਇ ਵਲੀ ਜਾਣਦਾ ਹਾਂ। ਉਸ ਨੇ ਗੁਰੂ ਜੀ ਵੱਲ ਇਸ਼ਾਰਾ ਕਰਦਿਆਂ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੋਈ ਵਲੀ ਪੈਦਾ ਹੋਇਆ ਹੈ, ਇਸ ਦੀ ਸੇਵਾ ਕਰਨੀ। ਮੈਕਾਲਿਫ਼ ਇਤਿਹਾਸ, ਹਿੱਸਾ 1, ਸਫ਼ਾ 29 ਦੇ ਅਨੁਸਾਰ  ਜਦੋਂ ਬਾਬਾ ਜੀ ਨੇ ਪ੍ਰਭੂ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਮੋਦੀਖ਼ਾਨੇ ਦੀ ਨੌਕਰੀ ਛੱਡ ਦਿੱਤੀ ਤਾਂ ਨਵਾਬ ਨੇ ਕਿਹਾ-''ਹੇ ਨਾਨਕ! ਮੇਰੀ ਇਹ ਬਦਕਿਸਮਤੀ ਹੈ ਕਿ ਤੇਰੇ ਜਿਹਾ ਮੇਰਾ ਅਹਿਲਕਾਰ ਫ਼ਕੀਰ ਹੋ ਗਿਆ ਹੈ।''
ਨਵਾਬ ਦੇ ਇਸ ਵਰਤਾਅ ਕਾਰਨ ਹੀ ਗੁਰੂ ਨਾਨਕ ਸਾਹਿਬ ਨੇ ਨਵਾਬ ਦੌਲਤ ਖ਼ਾਂ ਲੋਧੀ ਨੂੰ ਭਲਾ ਪੁਰਸ਼ ਤੇ ਜਿੰਦ ਪੀਰ ਅਬਿਨਾਸੀ ਆਖਿਆ ਅਤੇ ਇਸੇ ਸਨਮਾਨ ਨਾਲ ਭਾਈ ਗੁਰਦਾਸ ਜੀ ਨੇ ਦੌਲਤ ਖ਼ਾਂ ਲੋਧੀ ਨੂੰ ਗੁਰੂ ਨਾਨਕ ਦੇ ਸਿੱਖਾਂ ਵਿਚ ਗਿਣਿਆ ਹੈ।
ਦੌਲਤ ਖ਼ਾਂ ਲੋਧੀ ਭਲਾ ਹੋਆ ਜਿੰਦ ਪੀਰ ਅਬਿਨਾਸੀ
(ਵਾਰ 11, ਪੰਨਾ 13)
ਨਵਾਬ ਫ਼ੈਜ਼ ਤਲਬ ਖਾਂ : ਨਵਾਬ ਫ਼ੈਜ਼ ਤਲਬ ਖਾਂ (ਕਈ ਵਿਦਵਾਨਾਂ ਨੇ ਨਵਾਬ ਫ਼ੈਜ਼ ਬਖ਼ਸ਼ ਖਾਂ ਲਿਖਿਆ ਹੈ।) ਜੂਨਾਗ਼ੜ੍ਹ ਦਾ ਨਵਾਬ ਸੀ। ਤਵਾਰੀਖ਼ ਗੁਰੂ ਖ਼ਾਲਸਾ, ਸਫ਼ਾ 50 ਅਤੇ 293 ਦੇ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਜੂਨਾਗੜ੍ਹ ਪਧਾਰੇ ਤਾਂ ਉਥੋਂ ਦੇ ਨਵਾਬ ਫ਼ੈਜ਼ ਤਲਬ ਖ਼ਾਂ ਨੇ ਬਾਬਾ ਜੀ ਦੇ ਬਚਨ ਸੁਣ ਪ੍ਰਸੰਨ ਹੋ ਬਾਬਾ ਜੀ ਦੀਆਂ ਖੜਾਵਾਂ ਆਪਣੀ ਝੋਲੀ ਪਾ ਲਈਆਂ ਅਤੇ ਆਪਣੇ ਕਿਲੇ ਦੇ ਪਾਸ ਸੁੰਦਰ ਧਰਮਸ਼ਾਲਾ ਬਣਵਾ ਕੇ ਉਸ ਵਿਚ ਲੋਕਾਂ ਦੇ ਦਰਸ਼ਨਾਂ ਲਈ ਸਥਾਪਿਤ ਕਰ ਦਿੱਤੀਆਂ, ਜਿਸ ਨੂੰ ਹੁਣ ਨਾਨਕਸ਼ਾਹੀ ਸੰਤ ਪੂਜਦੇ ਹਨ। ਰਸਤ ਨਵਾਬ ਦਿੰਦਾ ਹੈ। ਇਸ ਨਵਾਬ ਨੇ ਹਰੇਕ ਪਿੰਡ ਤੇ ਸ਼ਹਿਰ ਵਿਚ ਲੰਗਰ ਜਾਰੀ ਰੱਖੇ ਹੋਏ ਹਨ।
ਬਾਬਰ ਬਾਦਸ਼ਾਹ :  ਜਦ ਮੁਗ਼ਲ ਬਾਦਸ਼ਾਹ ਬਾਬਰ ਨੇ ਏਮਨਾਬਾਦ (ਸੈਦਪੁਰ) 'ਤੇ ਹਮਲਾ ਕੀਤਾ ਅਤੇ ਉਸ ਨੂੰ ਜਿੱਤ ਲਿਆ ਤਾਂ ਉਸ ਦੇ ਸਿਪਾਹੀਆਂ ਨੇ ਗੁਰੂ ਨਾਨਕ ਦੇਵ ਜੀ ਅਤੇ ਹੋਰ ਬਹੁਤ ਸਾਰੇ ਨਿਰਦੋਸ਼ਾਂ ਨੂੰ ਅੰਨ੍ਹੇਵਾਹ ਫੜ ਕੇ ਕੈਦ ਕਰ ਲਿਆ ਜਦ ਬਾਬਰ ਨੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਦਾ ਨੂਰਾਨੀ ਚਿਹਰਾ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਗੁਰੂ ਜੀ ਅੱਗੇ ਹੱਥ ਜੋੜ ਕੇ ਕਿਹਾ-''ਹੇ ਰੱਬ ਦੇ ਪਿਆਰੇ ਫ਼ਕੀਰ ! ਆਪ ਨੂੰ ਗ਼ਲਤੀ ਨਾਲ ਬੰਦੀਖ਼ਾਨੇ ਵਿਚ ਪਾਇਆ ਗਿਆ ਹੈ, ਮੈਂ ਆਪ ਨੂੰ ਆਜ਼ਾਦ ਕਰਦਾ ਹਾਂ। ਕੁਝ ਮੰਗੋ, ਮੈਂ ਆਪ ਦੀ ਖ਼ਿਦਮਤ ਕਰਨੀ ਚਾਹੁੰਦਾ ਹਾਂ। ਆਪ ਕਾਮਲ ਫ਼ਕੀਰ ਹੋ। ਮੇਰੇ ਰਾਜਭਾਗ ਲਈ ਦੁਆ ਕਰੋ।'' ਇਤਿਹਾਸ ਸਿੱਖ ਗੁਰੂ ਸਾਹਿਬਾਨ ਸਫ਼ਾ 99 ਦੇ ਅਨੁਸਾਰ ਗੁਰੂ ਜੀ ਨੇ ਬਾਬਰ ਨੂੰ ਕਿਹਾ ਕਿ ਜੇ ਤੂੰ ਰਾਜ ਚਾਹੁੰਦਾ ਹੈਂ ਤਾਂ ਸਾਰੇ ਨਿਰਦੋਸ਼ ਕੈਦੀ ਛੱਡ ਦੇ। ਇਹ ਸੁਣ ਕੇ ਬਾਬਰ ਨੇ ਸਭ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਅਤੇ ਬਾਬਾ ਜੀ ਨਾਲ ਇਹ ਇਕਰਾਰ ਕੀਤਾ ਕਿ ਮੈਂ ਨਿਆਉ ਦਾ ਰਾਜ ਕਰਾਂਗਾ ਤੇ ਆਪ ਦੀ ਗੱਦੀ ਦਾ ਹਮੇਸ਼ਾ ਸਤਿਕਾਰ ਕਰਦਾ ਰਹਾਂਗਾ।
ਮੁਰਾਦ : ਮੁਰਾਦ ਬਗਦਾਦ ਦਾ ਇਕ ਮੁਸਲਮਾਨ ਫਕੀਰ ਸੀ। ਇਸ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਨਾਨਕ ਪ੍ਰੇਮੀ ਫਕੀਰ ਉਚੇਚੇ ਤੌਰ 'ਤੇ ਗੁਰੁ ਨਾਨ ਸਾਹਿਬ ਜੀ ਨੂੰ ਮਿਲਣ ਬਗਦਾਦ ਤੋਂ ਚੱਲ ਕੇ ਪੰਜਾਬ ਆਇਆ ਸੀ ਅਤੇ ਗੁਰੂ ਨਾਨਕ ਦੇਵ  ਵੀ ਇਸੇ ਨੂੰ ਮਿਲਣ ਬਗਦਾਦ ਗਏ ਸਨ।
ਸ਼ੇਖ ਬ੍ਰਹਮ : 'ਫ਼ਰੀਦ ਸ਼ਕਰਗੰਜ' ਨਾਂ ਨਾਲ ਪ੍ਰਸਿੱਧ ਬਾਬਾ ਸ਼ੇਖ ਫ਼ਰੀਦ, ਜਿਨ੍ਹਾਂ ਦਾ ਅਸਲ ਨਾਂ ਸ਼ੇਖ਼ ਫ਼ਰੀਦੁੱਦੀਨ ਮਸਊਦ ਸੀ; ਇਕ ਅਜਿਹੇ ਮਹਾ-ਤਿਆਗੀ, ਮਹਾ-ਤਪੱਸਵੀ ਅਤੇ ਮਹਾ-ਵਿਦਵਾਨ ਸੂਫ਼ੀ ਸੰਤ ਹੋਏ ਹਨ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਪਹਿਲੇ ਕਵੀ ਮੰਨਿਆ ਗਿਆ ਹੈ। ਪਾਕਿਸਤਾਨ ਦੇ ਸ਼ਹਿਰ ਪਾਕਪਟਨ 'ਚ ਮੌਜੂਦ ਬਾਬਾ ਸ਼ੇਖ ਫ਼ਰੀਦ ਦੇ ਦਰਬਾਰ ਦੇ ਅਸਥਾਨ 'ਤੇ ਹੀ ਪਹਿਲੀ ਪਾਤਿਸ਼ਾਹੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੀਜੀ ਉਦਾਸੀ ਸਮੇਂ ਬਾਬਾ ਫ਼ਰੀਦ ਦੀ ਗੱਦੀ ਦੇ ਵਾਰਿਸ ਸ਼ੇਖ ਬ੍ਰਹਮ ਜੀ (ਸ਼ੇਖ ਇਬਰਾਹੀਮ) ਨੂੰ ਮਿਲੇ ਅਤੇ ਉਨ੍ਹਾਂ ਪਾਸੋਂ ਫ਼ਰੀਦ ਬਾਣੀ ਪ੍ਰਾਪਤ ਕੀਤੀ। ਸ਼ੇਖ਼ ਬ੍ਰਹਮ ਨੂੰ ਫ਼ਰੀਦ ਸਾਨੀ, ਬਲਰਾਜਾ, ਸਾਲਿਸ ਫ਼ਰੀਦ ਆਦਿ ਨਾਵਾਂ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ। 'ਜੀਵਨ ਚਰਿਤ੍ਰ ਗੁਰੂ ਨਾਨਕ ਦੇਵ', ਸਫ਼ਾ 263 ਦੇ ਅਨੁਸਾਰ ਜਦੋਂ ਗੁਰੂ ਸਾਹਿਬ ਸ਼ੇਖ ਬ੍ਰਹਮ ਨੂੰ ਮਿਲਣ ਗਏ ਤਾਂ ਸ਼ੇਖ ਸਾਹਿਬ ਨੂੰ ਇਹ ਵੇਖ ਕੇ ਬੜੀ ਖੁਸ਼ੀ ਹੋਈ ਕਿ ਗੁਰੂ ਨਾਨਕ ਸ਼ੇਖ ਫ਼ਰੀਦ ਦੀ ਬਾਣੀ ਦੇ ਬੜੇ ਸਨੇਹੀ ਹਨ। ਸ਼ੇਖ ਇਬਰਾਹੀਮ ਗੁਰੂ ਨਾਨਕ ਦੇ ਵਚਨ ਸੁਣ ਕੇ ਬੜਾ ਖੁਸ਼ ਹੋਇਆ। ਉਸ ਨੂੰ ਇਸ ਗੱਲ ਦਾ ਬੜਾ ਮਾਣ ਸੀ ਕਿ ਗੁਰੂ ਸਾਹਿਬ ਨੇ ਆਸਾ ਦੀ ਵਾਰ ਤੇ ਕੁਝ ਹੋਰ ਸ਼ਬਦ ਉਸ ਦੀ ਖ਼ਾਨਗ਼ਾਹ ਵਿਚ ਉਚਾਰੇ ਹਨ।
ਦਾਊਦ ਜੁਲਾਹਾ : ਦਾਊਦ ਜੁਲਾਹਾ ਗੁਰੂ ਨਾਨਕ ਸਾਹਿਬ ਦਾ ਵੱਡਾ ਮੁਰੀਦ ਸੀ। ਜਨਮ ਸਾਖੀ ਭਾਈ ਬਾਲਾ, ਸਫ਼ਾ 588-89; ਜਨਮ ਸਾਖੀ ਭਾਈ ਮਨੀ ਸਿੰਘ, ਸਫ਼ਾ 396 ਅਤੇ ਜੀਵਨ ਬਿਰਤਾਂਤ ਗੁਰੂ ਨਾਨਕ ਦੇਵ, ਸਫ਼ਾ 254 ਦੇ ਅਨੁਸਾਰ ਇਕ ਜੁਲਾਹਾ, ਜਿਸ ਦਾ ਨਾਂ ਦਾਊਦ ਸੀ। ਇਕ ਵਾਰ ਬੜਾ ਕੀਮਤੀ ਗਲੀਚਾ ਉਣ ਕੇ ਗੁਰੂ ਸਾਹਿਬ ਨੂੰ ਭੇਟਾ ਕਰਨ ਹਿੱਤ ਲੈ ਆਇਆ। ਗੁਰੂ ਜੀ ਨੇ ਆਖਿਆ ਕਿ ਸਾਡੇ ਲਈ ਸਾਰੀ ਧਰਤੀ ਹੀ ਹਰਿਆ-ਭਰਿਆ ਗਲੀਚਾ ਹੈ, ਅਸੀਂ ਇਸ ਗਲੀਚੇ ਦਾ ਕੀ ਕਰਨਾ ਹੈ? ਦਾਊਦ ਨੇ ਇਸ 'ਤੇ ਅਰਜ਼ ਕੀਤੀ ਕਿ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੋਵੇ, ਇਹ ਉਸੇ ਨੂੰ ਦੇ ਦਿੰਦਾ ਹਾਂ। ਇਸ 'ਤੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਕੁੱਤੀ ਨੇ ਬੱਚੇ ਦਿੱਤੇ ਹਨ। ਸਾਰੀ ਰਾਤ ਉਹ ਠੁਰ-ਠੁਰ ਕਰਦੇ ਰਹੇ ਹਨ। ਗਲੀਚਾ ਉਨ੍ਹਾਂ ਦੇ ਉਪਰ ਪਾ ਦੇ। ਬੱਚਿਆਂ ਲਈ ਦੁੱਧ ਲਿਆ ਦੇ ਅਤੇ ਕੁੱਤੀ ਨੂੰ ਚੂਰੀ ਪਾ ਦੇ, ਤੇਰਾ ਭਲਾ ਹੋਵੇਗਾ। ਜੁਲਾਹੇ ਨੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ, ਜਿਸ ਦੇ ਫਲਸਰੂਪ ਉਸ ਦਾ ਘਰ ਰੱਬ ਦੀਆਂ ਖੁਸ਼ੀਆਂ ਨਾਲ ਭਰ ਗਿਆ।
ਸਾਈਂ ਅੱਲ੍ਹਾ ਦਿੱਤਾ :  ਗੁਰੂ ਨਾਨਕ ਦੇਵ ਜੀ ਦੇ ਇਸ ਪ੍ਰੇਮੀ ਮੁਸਲਮਾਨ ਫ਼ਕੀਰ ਬਾਰੇ 'ਸੀਸ ਗੰਜ ਦਿੱਲੀ ਨਵੰਬਰ-ਦਸੰਬਰ 1969' ਵਿਚ ਲਿਖਿਆ ਹੈ ਕਿ ਗੁਰਦੁਆਰਾ ਬੇਰ ਸਾਹਿਬ ਵਾਲੇ ਸਥਾਨ 'ਤੇ ਇਕ ਮੁਸਲਮਾਨ ਫ਼ਕੀਰ ਅੱਲ੍ਹਾ ਦਿੱਤਾ ਰਹਿੰਦਾ ਸੀ। ਨਦੀ ਵੱਲ ਨੂੰ ਜਾਂਦੇ ਹੋਏ ਗੁਰੂ ਸਾਹਿਬ ਰੋਜ਼ਾਨਾ ਉਸ ਫ਼ਕੀਰ ਨੂੰ ਮਿਲ ਕੇ ਜਾਂਦੇ ਸਨ। ਇਕ ਦਿਨ ਸਾਈਂ ਅੱਲ੍ਹਾ ਦਿੱਤਾ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਮੈਂ ਮਹਿਮਾਨ ਦੀ  ਹੁਣ ਹੋਰ ਵਧੇਰੇ ਸੇਵਾ ਨਹੀਂ ਕਰ ਸਕਦਾ, ਇਸ ਲਈ ਮੈਂ ਆਪਣਾ ਮਕਾਨ (ਸਥਾਨ) ਹੀ ਆਪਣੇ ਪਿਆਰੇ ਮਹਿਮਾਨ ਨੂੰ ਦੇ ਦਿੰਦਾ ਹਾਂ। ਸਾਈਂ ਦੁਆਰਾ ਮਹਿਮਾਨ-ਨਿਵਾਜ਼ੀ ਲਈ ਆਪਣਾ ਮਕਾਨ ਗੁਰੂ ਸਾਹਿਬ ਦੇ ਭੇਟ ਕਰਨਾ ਉਸ ਦੇ ਗੁਰੂ ਸਾਹਿਬ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਆਪਣੇ-ਆਪ ਵਿਚ ਬਹੁਤ ਵੱਡੀ ਮਿਸਾਲ ਹੈ।
ਉਪਰੋਕਤ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੇ ਪ੍ਰੇਮੀ ਮੁਸਲਮਾਨ ਪੀਰ ਮੀਆਂ ਮਿੱਠਾ ਬਾਰੇ 'ਜਨਮਸਾਖੀ ਭਾਈ ਬਾਲਾ' ਸਫ਼ਾ 310 'ਤੇ ਮੀਆਂ ਮਿੱਠੇ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਗੁਰੂ ਜੀ ਨਾਲ ਮਿਲਣ 'ਤੇ ਉਸ ਨੇ ਕਿਹਾ, ''ਨਾਨਕ ਜੀਓ! ਤੁਸੀਂ ਬੜੇ ਬਜ਼ੁਰਗ (ਵਡਿਆਈ ਰੱਖਣ ਵਾਲਾ) ਹੋ। ਸਾਹਿਬ ਨੇ ਆਪ ਜੀ ਨੂੰ ਬਹੁਤ ਬਜ਼ੁਰਗੀ ਦਿੱਤੀ ਹੈ।'' ਗਿਆਨੀ ਗਿਆਨ ਸਿੰਘ 'ਤਵਾਰੀਖ਼ ਗੁਰੂ ਖ਼ਾਲਸਾ', ਸਫ਼ਾ 431 'ਤੇ ਪੀਰ ਜਲਾਲਦੀਨ ਦੇ ਸੰਬੰਧ ਵਿਚ ਲਿਖਦੇ ਹਨ ਕਿ ਪੀਰ ਜਲਾਲਦੀਨ ਨੇ ਗੁਰੂ ਸਾਹਿਬ ਦੇ ਪਧਾਰਨ ਦੀ ਖ਼ਬਰ ਸੁਣ ਕੇ ਆਪਣੇ ਅਨੁਯਾਈਆਂ ਨੂੰ ਆਖਿਆ ਕਿ ਏਹੋ ਜਿਹੇ ਪਹੁੰਚੇ ਹੋਏ ਫ਼ਕੀਰਾਂ ਦੇ ਦੀਦਾਰ ਖ਼ੁਦਾ ਦੇ ਦੀਦਾਰ ਹਨ, ਚਲੋ ਕਰੀਏ। ਪੀਰ ਆਇਆ ਤਾਂ ਬਾਬਾ ਜੀ ਨੇ ਉਸ ਨੂੰ ਨੇਕ-ਪਾਕ ਸਮਝ ਕੇ ਅੱਗੋਂ ਉੱਠ ਕੇ ਦਸਤ-ਪੰਜਾ ਲਿਆ। 'ਜਨਮ ਸਾਖੀ ਭਾਈ ਬਾਲਾ', ਸਫ਼ਾ 499 ਦੇ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਪੀਰ ਅਬਦੁਲ ਰਹਿਮਾਨ ਨੂੰ ਮਿਲੇ ਤਾਂ ਉਹ ਉਨ੍ਹਾਂ ਨੂੰ ਆਪਣੇ ਨਾਲ ਆਪਣੇ ਹੁਜਰੇ ਵਿਚ ਲੈ ਗਿਆ ਅਤੇ ਆਪ ਜੀ ਦੀ ਵੱਡੀ ਸੇਵਾ ਕੀਤੀ। 'ਗੁਰੂ ਬੰਸਾਵਲੀ', ਸਫ਼ਾ 106 ਅਤੇ 'ਗੁਰਧਾਮ ਸੰਗ੍ਰਹਿ' ਸਫ਼ਾ 50 'ਤੇ ਜਿਥੇ ਨਾਨਕ-ਪ੍ਰੇਮੀ ਮੁਸਲਮਾਨ ਫ਼ਕੀਰ ਸਾਈਂ ਬੁੱਢਣ ਸ਼ਾਹ ਦੁਆਰਾ ਵੱਡੇ ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਨੂੰ ਆਪਣੀ ਬੱਕਰੀ ਦਾ ਦੁੱਧ ਭੇਟ ਕਰਨ ਦਾ ਵੇਰਵਾ ਮਿਲਦਾ ਹੈ, ਉਥੇ ਹੀ 'ਗੁਰੂ ਬੰਸਾਵਲੀ' ਸਫ਼ਾ 106 'ਤੇ ਇਹ ਵੀ ਪੜ੍ਹਨ ਵਿਚ ਆਉਂਦਾ ਹੈ ਕਿ ਗੁਰੂ ਨਾਨਕ  ਸਾਹਿਬ ਨੇ ਮੁਸਲਮਾਨ ਫ਼ਕੀਰ ਸ਼ਾਹ ਸ਼ਰਫ਼ ਨੂੰ ਆਪਣੇ ਵਿਚਾਰਾਂ ਦਾ ਪ੍ਰਚਾਰਕ ਥਾਪਿਆ ਸੀ।