ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਲਿ ਤਾਰਣਿ ਗੁਰੂ ਨਾਨਕ ਆਇਆ


ਭਾਈ ਗੁਰਦਾਸ ਜੀ ਆਪਣੀ ਇਕ ਵਾਰ ਵਿਚ ਫਰਮਾਉਂਦੇ ਹਨ:
 ਸੁਣੀ ਪੁਕਾਰਿ ਦਾਤਾਰ ਪ੍ਰਭੁ, ਗੁਰੂ ਨਾਨਕ ਜਗ ਮਾਹਿ ਪਠਾਇਆ।
 ਚਰਨ ਧੋਇ ਰਹਰਾਸਿ ਕਰ, ਚਰਨਾਮਿਤੁ ਸਿੱਖਾਂ ਪੀਲਾਇਆ।
 ਪਾਰਬ੍ਰਹਮ ਪੂਰਨ ਬ੍ਰਹਮ ਕਲਿਯੁਗ ਅੰਦਰ ਇਕ ਦਿਖਾਇਆ।
 ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ।
 ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ।
 ਉਲਟਾ ਖੇਲੁ ਪਿਰੰਮ ਦਾ ਪੈਰਾਂ ਉਪਰਿ ਸੀਸ ਨਿਵਾਇਆ।
 ਕਲਿਜੁਗ ਬਾਬੇ ਤਾਰਿਆ, ਸਤਿਨਾਮ ਪੜ੍ਹਿ ਮੰਤ੍ਰ ਸੁਣਾਇਆ।
   ਕਲਿ ਤਾਰਣਿ ਗੁਰੂ ਨਾਨਕ ਆਇਆ।।
ਭਾਈ ਗੁਰਦਾਸ ਜੀ ਨੇ ਉਪਰੋਕਤ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ਵਿਚ ਆਗਮਨ ਅਤੇ ਇਥੇ ਆਉਣ ਦੇ ਮੰਤਵ ਦਾ ਬਹੁਤ ਖੂਬਸੂਰਤ ਜ਼ਿਕਰ ਕੀਤਾ ਹੈ। ਉਸ ਮਾਲਕ-ਪ੍ਰਮਾਤਮਾ ਨੇ ਲੋਕਾਈ ਦੇ ਦੁੱਖਾਂ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਦੇਵ ਜੀ ਨੂੰ ਇਸ ੁਦੁਨੀਆਂ ਵਿਚ ਭੇਜਿਆ ਕਿਉਂਕਿ ਉਸ ਸਮੇਂ ਭਾਈ ਗੁਰਦਾਸ ਜੀ ਦੇ ਹੀ ਕਥਨ “ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕੈ ਚੜ੍ਹਿਆ” ਅਨੁਸਾਰ ਅਗਿਆਨਤਾ, ਕੂੜ ਅਤੇ ਪਾਪਾਂ ਦੀ ਧੁੰਦ ਚਾਰੇ ਪਾਸੇ ਪਸਰੀ ਹੋਈ ਸੀ ਤੇ ਸੱਚ-ਰੂਪੀ ਚੰਦਰਮਾ ਕਿਧਰੇ ਦਿਖਾਈ ਨਹੀਂ ਦੇ ਰਿਹਾ ਸੀ। ਇਸ ਧੁੰਦ ਨੂੰ ਦੂਰ ਕਰਨ ਲਈ “ਆਪ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯੋ ” ਅਨੁਸਾਰ ਗੁਰੂ ਜੀ ਇਸ ਜਗਤ ਵਿਚ ਆਏ ਅਤੇ 'ਧੁਰ ੁਕੀ ਬਾਣੀ' ਉਚਾਰ ਕੇ ਲੋਕਾਂ ਨੂੰ ਪਰਮਾਤਮਾ ਦਾ ਨਾਮ ਜਪਣ, ਧਰਮ ਦੀ ਸੱਚੀ-ਸੁੱਚੀ ਕਿਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦੇ ਕੇ ਭੁੱਲੇ-ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਤੇ ਸਚਾਈ ਦੇ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਧਾਰਮਿਕ ਆਗੂਆਂ ਜਿਨ੍ਹਾਂ ਵਿਚ ਪੰਡਤ, ਮੁਲਾਣੇ, ਕਾਜ਼ੀ ਤੇ ਕਈ ਹੋਰ ਧਾਰਮਿਕ ਆਗੂ, ਜੋਗੀ ਤੇ ਸਿੱਧ ਸ਼ਾਮਲ ਸਨ, ਨਾਲ ਧਾਰਮਿਕ-ਸੰਵਾਦ ਰਚਾਇਆ ਤੇ ਆਪਣੀਆਂ ਤਰਕ-ਭਰਪੂਰ ਦਲੀਲਾਂ ਨਾਲ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਤਲਖ਼-ਹਕੀਕਤਾਂ ਤੋਂ ਜਾਣੂੰ ਕਰਾਇਆ। ਨਾਥਾਂ, ਜੋਗੀਆਂ ਤੇ ਸਿੱਧਾਂ ਨੂੰ ਗ੍ਰਹਿਸਤੀ-ਜੀਵਨ ਤੋਂ ਭੱਜ ਕੇ ਪਰਬਤਾਂ ਵਿਚ ਜਾ ਕੇ ਭਗਤੀ ਕਰਨ ਅਤੇ ਫਿਰ ਗ੍ਰਹਿਸਤੀਆਂ ਦੇ ਘਰਾਂ ਤੋਂ ਹੀ ਭਿੱਛਿਆ ਮੰਗਣ 'ਤੇ ਕਿੰਤੂ ਕੀਤਾ ਤੇ ਸਮਝਾਇਆ ਕਿ ਗ੍ਰਹਿਸਤ-ਆਸ਼ਰਮ ਹੀ ਸੱਭ ਤੋਂ ਵੱਡਾ ਆਸ਼ਰਮ ਹੈ। ਇਹ ਹੀ ਸੱਭ ਤੋਂ ਵੱਡੀ ਭਗਤੀ ਹੈ।
ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੁਨੀਆਂ ਦੇ ਦੂਸਰੇ ਸੱਭ ਤੋਂ ਵੱਧ ਪੈਦਲ ਯਾਤਰਾ ਕਰਨ ਵਾਲੇ ਵਿਅੱਕਤੀ ਹਨ। ਪਹਿਲੇ ਨੰਬਰ 'ਤੇ ਇਹ ਇਤਿਹਾਸਕਾਰ ਮੋਰਾਕੋ ਦੇ 'ਇਬਨ ਬਤੂਤਾ' ਨੂੰ ਸਮਝਦੇ ਹਨ। ਇਸ ਦੇ ਲਈ ਪਤਾ ਨਹੀਂ ਉਨ੍ਹਾਂ ਵੱਲੋਂ ਕੀ ਤੇ ਕਿਹੜਾ ਮਾਪ-ਦੰਡ ਅਪਨਾਇਆ ਗਿਆ ਹੋਵੇ, ਇਹ ਘੱਟੋ ਘੱਟ ਮੇਰੀ ਤੁੱਛ-ਜਾਣਕਾਰੀ ਵਿਚ ਨਹੀਂ ਹੈ। ਆਪਣੇ ਮਕਸਦ ਦੀ ਪੁਰਤੀ ਲਈ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਵਿਚ ਆਪਣੇ ਜੀਵਨ ਦੇ ਮਹੱਤਵ-ਪੂਰਨ 22 ਸਾਲਾਂ ਚਾਰ ਮਹਾਨ ਪੈਦਲ-ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਇਤਿਹਾਸਕਾਰਾਂ ਨੇ “ਚਾਰ-ਉਦਾਸੀਆਂ” ਦਾ ਨਾਂ ਦਿੱਤਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਉਨ੍ਹਾਂ ਪੂਰਬ, ਪੱਛਮ, ਉੱਤਰ ਦੱਖਣ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਨੈਪਾਲ, ਆਸਾਮ, ਤਿੱਬਤ, ਸਿੱਕਮ, ਸ੍ਰੀਲੰਕਾ, ਮੱਕਾ, ਮਦੀਨਾ, ਅਫ਼ਗਾਨਿਸਤਾਨ, ਦੱਖਣ-ਪੱਛਮੀ ਚੀਨ, ਰੂਸ, ਅਰਬ, ਇਰਾਨ, ਇਰਾਕ, ਜਾਰਡਨ, ਮਿਸਰ, ਸੀਰੀਆ ਆਦਿ ਦੂਰ-ਦੁਰਾਢੇ ਦੇਸ਼ਾਂ ਵਿਚ ਗਏ ਤੇ ਲੋਕਾਂ ਨੂੰ ਸੱਚ ਦੇ ਉਪਦੇਸ਼ ਤੋਂ ਜਾਣੂੰ ਕਰਾਇਆ। ਇਨ੍ਹਾਂ ਲੰਮੀਆਂ ਯਾਤਰਾਵਾਂ ਦੌਰਾਨ ਕਈ ਮਹਾਨ ਇਤਿਹਾਸਕ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿਸਥਾਰ ਵਿਚ ਜਾਣਾ ਇਸ ਛੋਟੇ ਜਿਹੇ ਲੇਖ ਵਿਚ ਸੰਭਵ ਨਹੀਂ ਹੋਵੇਗਾ। ਅਲਬੱਤਾ, ਇਥੇ ਅਸੀਂ ਇਨ੍ਹਾਂ 'ਉਦਾਸੀਆਂ' ਦਾ ਸੰਖੇਪ ਜ਼ਿਕਰ ਕਰਦਿਆਂ ਹੋਇਆਂ ਕੁਝ ਕੁ ਘਟਨਾਵਾਂ ਬਾਰੇ ਜ਼ਰੂਰ ਵਿਚਾਰ ਕਰਾਂਗੇ। ਇਥੇ ਇਹ ਵਰਨਣਯੋਗ ਹੈ ਕਿ ਗੁਰੂ ਜੀ ਦੇ ਨਾਲ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ ਇਨ੍ਹਾਂ ਚੌਹਾਂ ਉਦਾਸੀਆਂ ਦੇ ਬਿਖੜਿਆਂ-ਪੈਡਿਆਂ ਵਿਚ ਉਨ੍ਹਾਂ ਦੇ ਨਾਲ ਰਹੇ ਤੇ ਗੁਰੂ ਜੀ ਵੱਲੋਂ ਬਾਣੀ ਦੇ ਉਚਾਰਨ ਸਮੇਂ ਉਨ੍ਹਾਂ ਨਾਲ ਰਬਾਬ 'ਤੇ ਸੰਗਤ ਕਰਦੇ ਰਹੇ।
ਪਹਿਲੀ ਉਦਾਸੀ: ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ (ਹੁਣ, ਜ਼ਿਲਾ ਕਪੂਰਥਲਾ) ਵਿਖੇ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਣਵੱਈਏ ਜੈ ਰਾਮ ਕੋਲ ਰਹਿੰਦਿਆਂ ਉਥੋਂ ਦੇ ਨਵਾਬ ਦੇ ਮੋਦੀਖਾਨੇ ਵਿਚ ਨੌਕਰੀ ਕਰਦੇ ਰਹੇ। ਉਹ ਹਰ ਰੋਜ਼ ਕਾਲੀ ਵੇਈਂ ਵਿਚ ਇਸ਼ਨਾਨ ਕਰਨ ਜਾਂਦੇ। ਇਕ ਦਿਨ 'ਗਿਆਨ-ਇਸ਼ਨਾਨ' ਤੋਂ ਬਾਦ ਜਦੋਂ ਉਹ ਤਿੰਨ ਦਿਨਾਂ ਬਾਦ ਵੇਈਂ 'ਚੋਂ ਬਾਹਰ ਆਏ ਤਾਂ 'ਨਾ ਕੋ ਹਿੰਦੂ ਨਾ ਮੁਸਲਮਾਨ' ਦਾ ਉਪਦੇਸ਼ ਦਿੱੱਤਾ। ਗੁਰੂ ਜੀ ਦੇ ਜੀਵਨ ਦੀ ਇਹ ਮਹੱਤਵ-ਪੂਰਨ ਘਟਨਾ 1499 ਈਸਵੀ ਦੀ ਹੈ। ਇਸ ਤੋਂ ਕੁਝ ਮਹੀਨੇ ਬਾਦ ਈਸਵੀ ਸੰਨ 1500 ਵਿਚ ਗੁਰੂ ਜੀ ਨੇ ਪਹਿਲੀ ਉਦਾਸੀ ਇਸ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਪੂਰਬ ਵੱਲ ਸ਼ੁਰੂ ਕੀਤੀ ਤੇ 1506 ਤੀਕ ਜਾਰੀ ਰੱਖੀ। ਸੱਤ ਸਾਲ ਦੀ ਇਸ ਲੰਮੀ ਯਾਤਰਾ ਦੌਰਾਨ ਆਪ ਇਥੋਂ ਚੱਲ ਕੇ ਪਹਿਲਾਂ ਆਪਣੇ ਮਾਪਿਆਂ ਨੂੰ ਮਿਲਣ ਤਲਵੰਡੀ (ਹੁਣ, ਪਾਕਿਸਤਾਨ) ਗਏ ਤੇ ਉਥੋਂ ਸੈਦਪੁਰ, ਏਮਨਾਬਾਦ, ਪਸਰੂਰ, ਸਿਆਲਕੋਟ (ਸਾਰੇ ਹੁਣ ਪਾਕਿਸਤਾਨ ), ਤੁਲਾਂਬੇ, ਮਖ਼ਦੂਮਪੁਰ (ਮੁਲਤਾਨ), ਪਾਨੀਪਤ, ਦਿੱਲੀ, ਬਨਾਰਸ, ਨਾਨਕਮੱਤਾ (ਜ਼ਿਲਾ ਨੈਨੀਤਾਲ), ਟਾਂਡਾ ਵਣਜਾਰਾ (ਜ਼ਿਲਾ ਰਾਮਪੁਰ), ਕਾਮਰੂਪ (ਆਸਾਮ), ਆਸਾਦੇਸ਼ (ਆਸਾਮ) ਤੇ ਬੰਗਾਲ ਵਿਚ ਕਈ ਥਾਵਾਂ 'ਤੇ ਗਏ ਤੇ ਵੱਖ-ਵੱਖ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਵਿਚ ਨਗਰ ਏਮਨਾਬਾਦ ਵਿਚ ਭਾਈ ਲਾਲੋ ਦੀ ਸੱਚੀ-ਸੁੱਚੀ ਕਿਰਤ ਨੂੰ 'ਦੁੱਧ' ਵਜੋਂ ਮਾਨਤਾ ਦੇਣਾ ਤੇ ਮਲਕ ਭਾਗੋ ਦੇ ਮਾਲ੍ਹ-ਪੂੜਿਆਂ ਨੂੰ 'ਖੁਨੀ-ਕਮਾਈ' ਦਾ ਦਰਜਾ ਦੇਣਾ ਅਤੇ ਨਾਨਕਮੱਤੇ ਵਿਚ ਸਿੱਧਾਂ ਨਾਲ ਕੀਤੇ ਗੋਸਟਿ (ਵਾਰਤਾਲਾਪ) ਦੌਰਾਨ ਉਨ੍ਹਾਂ ਦੀਆਂ ਅੱਖਾਂ ਖੋਲ੍ਹਣੀਆਂ ਖਾਸ ਤੌਰ 'ਤੇ ਵਰਨਣਯੋਗ ਹਨ।
ਦੂਜੀ ਉਦਾਸੀ: 1506 ਤੋਂ 1513 ਈਸਵੀ ਵਿਚਕਾਰ ਗੁਰੂ ਜੀ ਨੇ ਦੱਖਣ ਦਿਸ਼ਾ ਵਿਚ ੇ ਧਨਾਸਰੂ-ਵੈਲੀ, ਤਾਮਿਲਨਾਡੂ ਅਤੇ ਸੰਗਲਾਦੀਪ (ਅੱਜਕੱਲ੍ਹ ਸ੍ਰੀਲੰਕਾ) ਦੀ ਯਾਤਰਾ ਕੀਤੀ। ਇਸ ਲੰਮੀ ਯਾਤਰਾ ਦੌਰਾਨ ਆਪ 'ਰਮੇਸ਼ਵਰਮ' ਨਾਂ ਦੇ ਇਕ ਟਾਪੂ ਵਿਚ ਪਹੁੰਚੇ ਜਿਥੇ ਸਾਰੇ ਖੁਹਾਂ ਦਾ ਪਾਣੀ ਖਾਰਾ ਸੀ, ਕਿਉਂਕਿ ਆਲੇ-ਦੁਆਲੇ ਚਾਰੇ ਪਾਸੇ ਸਮੁੰਦਰ ਹੀ ਸੀ ਪਰ ਜਿੱਥੇ ਗੁਰੂ ਸਾਹਿਬ ਨੇ ਉਤਾਰਾ ਕੀਤਾ, ਉਥੇ ਇਕ ਖੁਹ ਦਾ ਪਾਣੀ ਮਿੱਠਾ ਸੀ। ਉਸ ਥਾਂ 'ਤੇ ਬਣੇ ਗੁਰਦੁਆਰਾ ਸਾਹਿਬ ਵਿਚਲੇ ਖੁਹ ਦਾ ਪਾਣੀ ਹੁਣ ਵੀ ਮਿੱਠਾ ਹੈ ਜਦ ਕਿ ਬਾਕੀ ਖੁਹਾਂ ਦਾ ਖਾਰਾ ਹੀ ਹੈ। ਇਹ ਜਾਣਕਾਰੀ ਇੰਟਰਨੈੱਟ 'ਤੇ ਉਪਲੱਬਧ ਇਕ ਆਰਟੀਕਲ ਵਿਚੋਂ ਲਈ ਗਈ ਹੈ ਜਿਸ ਦੇ ਲੇਖਕ ਨੇ ਆਪ ਇਸ ਗੁਰਦੁਆਰਾ ਸਾਹਿਬ ਅਤੇ ਖੁਹ ਦੇ ਦਰਸ਼ਨ ਕੀਤੇ ਹਨ।
ਤੀਜੀ ਉਦਾਸੀ: ਇਹ 1514 ਤੋਂ 1518 ਈਸਵੀ ਦੇ ਦੌਰਾਨ ਉੱਤਰ ਵਿਚ ਕਸ਼ਮੀਰ, ਸੁਮੇਰ ਪਰਬਤ, ਬਿਹਾਰ , ਨੈਪਾਲ, ਸਿੱਕਮ, ਤਿੱਬਤ, ਲੇਹ, ਲਹਾਸਾ ਆਦਿ ਥਾਵਾਂ ਦੀ ਯਾਤਰਾ ਸੀ। ਇਸ ਵਿਚ ਗੁਰੂ ਜੀ ਦੀ ਮੁਲਾਕਾਤ ਪਰਬਤਾਂ ਦੀਆਂ ਖੁੰਦਰਾਂ ਵਿਚ ਭਗਤੀ ਕਰਦੇ ਕਈ ਜੋਗੀਆਂ ਤੇ ਸਿੱਧਾਂ ਨਾਲ ਹੋਈ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਤਰਕ ਨਾਲ ਅਸਲੀ ਭਗਤੀ ਬਾਰੇ ਸਮਝਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਬੋਧੀਆਂ, ਜੈਨੀਆਂ ਤੇ ਹੋਰ ਧਰਮਾਂ ਦੇ ਆਗੂਆਂ ਨਾਲ ਵੀ ਸੰਵਾਦ ਰਚਾਇਆ।
ਚੌਥੀ ਉਦਾਸੀ: 1519 ਤੋਂ 1521 ਈਸਵੀ ਤਿੰਨ ਸਾਲਾਂ ਵਿਚ ਗੁਰੂ ਸਾਹਿਬ ਪੱਛਮ ਵਿਚ ਮੱਕਾ, ਮਦੀਨਾ, ਤੁਰਕੀ, ਬਗਦਾਦ ਤੇ ਕਈ ਅਰਬ ਦੇਸ਼ਾਂ ਵਿਚ ਗਏ ਜਿੱਥੇ 'ਜਨਮਸਾਖੀਆਂ' ਅਨੁਸਾਰ ਮੱਕੇ ਵਿਚ 'ਮੱਕਾ ਫੇਰਨ' ਵਾਲੀ ਘਟਨਾ ਹੋਈ ਜੋ ਦਰਅਸਲ, ਕਾਜ਼ੀਆਂ ਤੇ ਮੁਲਾਣਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਸੀ ਕਿ 'ਮੱਕਾ' ਕਿਸੇ ਖਾਸ ਦਿਸ਼ਾ ਵਿਚ ਨਹੀਂ ਹੈ, ਸਗੋਂ ਇਹ ਮਨ ਦੇ ਅੰਦਰ ਹੈ ਤੇ ਹਰ ਪਾਸੇ ਹੇ ਅਤੇ ਗੁਰੂ ਜੀ ਇਹ ਸਮਝਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਹੋਏ।
ਕਈ ਇਤਿਹਾਸਕਾਰ ਗੁਰੂ ਜੀ ਵੱਲੋਂ 1523 ਤੋਂ 1524 ਵਿਚ ਪੰਜਾਬ ਦੇ ਕੁਝ ਸ਼ਹਿਰਾਂ ਤੇ ਕਸਬਿਆਂ ਦੀ ਕੀਤੀ ਯਾਤਰਾ ਨੂੰ ਗੁਰੂ ਸਾਹਿਬ ਦੀ 'ਪੰਜਵੀਂ-ਉਦਾਸੀ' ਦਾ ਨਾਂ ਵੀ ਦੇਂਦੇ ਹਨ ਪਰ ਬਹੁਤੇ ਗੁਰੂ ਜੀ ਦੀਆਂ ਚੌਹਾਂ ਦਿਸ਼ਾਵਾਂ ਪੂਰਬ, ਪੱਛਮ, ਉੱਤਰ, ਦੱਖਣ ਵਿਚ ਕੀਤੀਆਂ ਚਾਰ ਲੰਮੀਆਂ-ਯਾਤਰਾਵਾਂ ਨੂੰ ਹੀ 'ਚਾਰ-ਉਦਾਸੀਆਂ' ਮੰਨਦੇ ਹਨ। ਇਨ੍ਹਾਂ ਯਾਤਰਾਵਾਂ ਦੌਰਾਨ ਉਹ ਹਿੰਦੂ, ਬੋਧੀ ,ਜੈਨੀ, ਪਾਰਸੀ ਤੇ ਮੁਸਲਿਮ ਧਾਰਮਿਕ-ਨੇਤਾਵਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਉਸਾਰੂ-ਸੰਵਾਦ ਰਚਾਇਆ। ਉਨ੍ਹਾਂ ਦੇ ਕਈ ਭਰਮ-ਭੁਲੇਖੇ ਤੇ ਸ਼ੰਕੇ ਦੂਰ ਕੀਤੇ। ਇਨ੍ਹਾਂ ਵਿਚ 'ਸਿੱਧ-ਗੋਸਟਿ' ਤੇ ਜੋਗੀਆਂ ਨਾਲ ਹੋਏ 'ਵਾਰਤਾਲਾਪ' ਖਾਸ ਤੌਰ 'ਤੇ ਦਿਲਚਸਪ ਤੇ ਅਰਥ-ਭਰਪੂਰ ਹਨ।  
ਗੁਰੂ ਨਾਨਕ ਦੇਵ ਜੀ ਮੰਦਰਾਂ ਤੇ ਮਸੀਤਾਂ ਵਿਚ ਗਏ ਅਤੇ ਪੰਡਤਾਂ ਤੇ ਮੁਲਾਣਿਆਂ ਨਾਲ ਤਰਕ-ਭਰਪੂਰ ਗੱਲਾਂ-ਬਾਤਾਂ ਕਰਕੇ ਉਨ੍ਹਾਂ ਨੂੰ ਆਪਣੀਆਂ ਦਲੀਲਾਂ ਨਾਲ ਕਾਇਲ ਕੀਤਾ। ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਸੱਚੀ-ਸੁੱਚੀ ਕਿਰਤ ਦੀ ਮਹਾਨਤਾ ਦੱਸੀ ਤੇ “ਹੱਕ ਪਰਾਇਆ ਨਾਨਕਾ ਓਸ ਸੂਅਰ ਓਸ ਗਾਇ” ਕਹਿ ਕੇ ਪਰਾਇਆ ਹੱਕ ਖਾਣ ਨੂੰ ਮੁਸਲਮਾਨਾਂ ਲਈ ਸੂਰ ਤੇ ਹਿੰਦੂਆਂ ਨੂੰ ਗਾਂ ਦੇ ਮਾਸ ਖਾਣ ਬਰਾਬਰ ਕਿਹਾ। ਉਮਰ ਦੇ ਪਿਛਲੇ ਪੜਾਅ ਵਿਚ ਖ਼ੁਦ ਆਪਣੇ ਹੱਥੀਂ ਕਰਤਾਰਪੁਰ (ਹੁਣ, ਪਾਕਿਸਤਾਨ) ਵਿਚ ਖੇਤੀਬਾੜੀ ਕੀਤੀ ਅਤੇ ਅਮਲੀ ਤੌਰ 'ਤੇ ਹੱਥੀਂ ਕਿਰਤ ਕਰਨ ਦੀ ਪ੍ਰੇਰਨਾ ਕੀਤੀ। ਇਥੇ ਇਹ ਵੀ ਵਰਨਣਯੋਗ ਹੈ ਕਿ ਉਦਾਸੀਆਂ 'ਤੇ ਜਾਣ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਚ ਆਪ ਨੇ ਸੱਚਾ-ਸੁੱਚਾ ਵਿਉਪਾਰ ਕਰਨ ਦੀ ਉਦਾਹਰਣ ਪੇਸ਼ ਕੀਤੀ ਜਿਸ ਵਿਚ 'ਤੇਰਾ-ਤੇਰਾ' ਤੋਲਣ ਤੋਂ ਬਾਦ ਵੀ ਮੋਦੀਖਾਨੇ ਦਾ ਸਟਾਕ ਘਟਿਆ ਨਹੀਂ, ਸਗੋਂ ਪੜਤਾਲ ਹੋਣ 'ਤੇ ਇਹ ਵੱਧ ਹੀ ਨਿਕਲਿਆ, ਭਾਵੇਂ ਇਸ ਵਿਚ ਉਨ੍ਹਾਂ ਦਾ ਆਪਣਾ ਹਿੱਸਾ ਵੀ ਸ਼ਾਮਲ ਸੀ ਜੋ ਉਨ੍ਹਾਂ ਨੂੰ ਤੋਲਾਈ ਦੇ ਇਵਜ਼ ਵਿਚ ਮਿਲਣਾ ਸੀ ਤੇ ਉਹ ਲੈਂਦੇ ਨਹੀਂ ਸਨ। ਇਸ ਤੋਂ ਪਹਿਲਾਂ ਆਪ ਬਾਲ-ਉਮਰੇ 'ਚੂਹੜਕਾਣੇ ਦੀ ਮੰਡੀ' (ਹੁਣ, ਪਾਕਿਸਤਾਨ) ਵਿਖੇ ਵਿਖੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ “ਸੱਚਾ ਸੌਦਾ” ਕਰ ਚੁੱਕੇ ਸਨ।
ਗੁਰੂ ਸਾਹਿਬ ਦੇ ਜੀਵਨ ਦੀਆਂ ਇਨ੍ਹਾਂ ਕੁਝ ਕੁ ਘਟਨਾਵਾਂ ਦਾ ਸੰਖੇਪ ਵਰਨਣ ਉਨ੍ਹਾਂ ਦੀ ਸਮੁੱਚੀ ਜੀਵਨ-ਸ਼ੈਲੀ 'ਤੇ ਪੰਛੀ-ਝਾਤ ਪਾਉਂਦਾ ਹੈ ਕਿ ਕਿਵੇਂ ਉਨ੍ਹਾਂ ਨੇ ਮਨੁੱਖਤਾ ਨੂੰ ਪ੍ਰਮਾਤਮਾ ਦਾ ਨਾਮ ਜਪਣ, ਹੱਥੀਂ ਕਿਰਤ ਕਰਨ ਤੇ ਵੰਡ ਛਕਣ ਦਾ ਨਿਰਾ ਉਪਦੇਸ਼ ਹੀ ਨਹੀਂ ਦਿੱਤਾ, ਸਗੋਂ ਇਸ ਨੂੰ ਅਮਲੀ ਤੌਰ 'ਤੇ ਕਰ ਕੇ ਵਿਖਾਇਆ। ਉਨ੍ਹਾਂ ਨੇ ਫੋਕੇ ਵਹਿਮਾਂ-ਭਰਮਾਂ ਤੇ ਕਰਮ-ਕਾਂਡਾਂ ਵਿਚ ਫਸੀ ਜਨਤਾ ਨੂੰ ਸਿੱਧੇ ਰਸਤੇ ਪਾਇਆ ਤੇ ਮਨੁੱਖਤਾ ਦਾ ਉਧਾਰ ਕੀਤਾ। ਉਹ ਸੱਚਮੁਚ ਹੀ ਕਲਯੁਗ ਵਿਚ ਜੀਵਾਂ ਨੂੰ ਤਾਰਨ ਆਏ ਸਨ ਤੇ ਆਪਣੇ ਇਸ ਮਕਸਦ ਵਿਚ ਪੂਰੀ ਤਰ੍ਹਾਂ ਸਫ਼ਲ ਹੋਏ। ਤਾਂ ਹੀ ਭਾਈ ਗੁਰਦਾਸ ਜੀ ਨੇ ਇਸ ਵਾਰ ਵਿਚ ਲਿਖਿਆ ਹੈ:
“ਕਲਿ ਤਾਰਣਿ ਗੁਰੂ ਨਾਨਕ ਆਇਆ।”  

ਡਾ.ਸੁਖਦੇਵ ਸਿੰਘ ਝੰਡ 647-864-9128