ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਵਿਦੇਸ਼ਾਂ ਦੀ ਧਰਤੀ ਤੋਂ ਉੱਠੀ ਗ਼ਦਰ ਲਹਿਰ ਦਾ ਇਤਿਹਾਸਕ ਸੱਚ


ਕੁਝ ਦਿਨ ਪਹਿਲਾਂ ਮੈਂ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਖੜ੍ਹਾ ਸਾਂ। ਗੁਰਦੁਆਰੇ ਦੀ ਇਮਾਰਤ ਵੱਲ ਵੇਖ ਕੇ ਮੈਂ ਭਾਵੁਕ ਹੋ ਗਿਆ ਸਾਂ। ਮੇਰੇ ਜ਼ਿਹਨ ਵਿਚ ਉਨ੍ਹਾਂ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਘੁੰਮ ਰਹੀਆਂ ਸਨ, ਜਿਨ੍ਹਾਂ ਨੇ 100 ਸਾਲ ਪਹਿਲਾਂ 1912 ਵਿਚ ਅਮਰੀਕਾ ਵਿਚ ਬਣੇ ਇਸ ਪਹਿਲੇ ਗੁਰਦੁਆਰਾ ਸਾਹਿਬ ਤੋਂ ਸੰਘਰਸ਼ ਦਾ ਮੁੱਢ ਬੰਨ੍ਹਿਆ ਸੀ। ਜਿਨ੍ਹਾਂ ਨੇ ਇਸ ਸਥਾਨ 'ਤੇ ਬੈਠ ਕੇ ਨਵਾਂ ਇਤਿਹਾਸ ਸਿਰਜਣ ਦਾ ਸੰਕਲਪ ਲਿਆ ਸੀ ਅਤੇ ਗ਼ਦਰ ਦੀਆਂ ਸਰਗਰਮੀਆਂ ਰਾਹੀਂ ਹਿੰਦੁਸਤਾਨ ਦਾ ਨਿਜ਼ਾਮ ਬਦਲਣ ਦਾ ਰਾਹ ਪੱਧਰਾ ਕੀਤਾ ਸੀ।
ਇਨ੍ਹੀਂ ਦਿਨੀਂ ਸਟਾਕਟਨ ਸ਼ਹਿਰ ਵਿਚ ਗੁਰਦੁਆਰਾ ਸਾਹਿਬ ਅਤੇ ਪੈਸਿਫਿਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਦੀ 100ਵੀਂ ਵਰ੍ਹੇਗੰਢ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ 'ਤੇ ਗ਼ਦਰ ਲਹਿਰ ਉੱਪਰ ਇਕ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਵੀ ਆਯੋਜਨ ਕੀਤਾ ਗਿਆ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਗ਼ਦਰ ਲਹਿਰ ਦੀ ਭੂਮਿਕਾ ਅਤੇ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੀ ਗਾਥਾ ਦੇ ਵੱਖ-ਵੱਖ ਪਹਿਲੂਆਂ ਬਾਰੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਕਾਨਫ਼ਰੰਸ ਦੇ ਹਵਾਲੇ ਨਾਲ ਹੀ ਇਥੇ ਮੈਂ ਗ਼ਦਰ ਲਹਿਰ ਬਾਰੇ ਕੁਝ ਉਚੇਚੇ ਨੁਕਤੇ ਸਾਂਝੇ ਕਰਨਾ ਚਾਹੁੰਦਾ ਹਾਂ। ਪਹਿਲੀ ਗੱਲ, ਇਸ ਤੱਥ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਗ਼ਦਰ ਲਹਿਰ ਦਾ ਮੁੱਢ ਬੰਨ੍ਹਣ ਵਾਲੇ ਬਾਹਰਲੇ ਮੁਲਕਾਂ ਵਿਚ ਪ੍ਰਵਾਸ ਕਰ ਗਏ ਪੰਜਾਬੀ ਸਨ ਅਤੇ ਇਨ੍ਹਾਂ ਪੰਜਾਬੀਆਂ ਵਿਚ ਵੱਡੀ ਗਿਣਤੀ, ਕੌਮੀ ਭਾਵਨਾ ਨਾਲ ਪੂਰੀ ਤਰ੍ਹਾਂ ਲਬਰੇਜ਼, ਪੇਂਡੂ ਸਿੱਖਾਂ ਦੀ ਸੀ। ਲਹਿਰ ਦੀ ਸ਼ੁਰੂਆਤ ਗੁਰਦੁਆਰਾ ਸਾਹਿਬਾਨ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਈ ਸੀ ਅਤੇ ਇਸ ਵਿਚ ਵੱਖ-ਵੱਖ ਧਾਰਮਿਕ ਅਕੀਦਿਆਂ ਵਾਲੇ ਹਿੰਦੁਸਤਾਨੀ ਪੂਰੀ ਪ੍ਰਤੀਬੱਧਤਾ ਨਾਲ ਸ਼ਾਮਿਲ ਸਨ। ਨਿਸ਼ਾਨਾ ਅੰਗਰੇਜ਼ਾਂ ਨੂੰ ਕੱਢ ਕੇ ਭਾਰਤ ਵਿਚ ਇਕ ਪੂਰਨ ਆਜ਼ਾਦ ਅਤੇ ਖੁਦਮੁਖਤਿਆਰ ਰਾਜ ਦੀ ਸਥਾਪਨਾ ਕਰਨਾ ਸੀ।
ਇਹ ਹਕੀਕਤ ਵੀ ਧਿਆਨ ਵਿਚ ਰੱਖਣ ਵਾਲੀ ਹੈ ਕਿ ਆਜ਼ਾਦੀ ਹਾਸਲ ਕਰਨ ਲਈ ਗ਼ਦਰੀ ਯੋਧੇ ਹਥਿਆਰਬੰਦ ਘੋਲ ਨੂੰ ਮਾਧਿਅਮ ਬਣਾਉਣ ਦੇ ਹੱਕ ਵਿਚ ਸਨ। ਗ਼ਦਰੀਆਂ ਦਾ ਵਿਸ਼ਵਾਸ ਸੀ ਕਿ ਗੁਲਾਮ ਹਿੰਦੁਸਤਾਨ ਨੂੰ ਕੇਵਲ ਹਥਿਆਰਬੰਦ ਇਨਕਲਾਬ ਰਾਹੀਂ ਹੀ ਅੰਗਰੇਜ਼ੀ ਸਾਮਰਾਜ ਦੀ ਗ੍ਰਿਫ਼ਤ ਤੋਂ ਆਜ਼ਾਦ ਕਰਾਇਆ ਜਾ ਸਕਦਾ ਹੈ। ਕੋਈ ਸ਼ਾਂਤਮਈ ਜਾਂ ਸੁਧਾਰਵਾਦੀ ਲਹਿਰ ਕਾਰਗਰ ਸਾਬਤ ਨਹੀਂ ਹੋ ਸਕਦੀ। ਗ਼ਦਰੀਆਂ ਦੁਆਰਾ ਰਚੇ ਸਾਹਿਤ ਵਿਚੋਂ ਹਥਿਆਰਬੰਦ ਇਨਕਲਾਬੀ ਵਿਉਂਤਾਂ ਅਤੇ ਉਨ੍ਹਾਂ ਦੇ ਕੁਰਬਾਨੀ ਦੇ ਜਜ਼ਬੇ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਪਰ ਇਥੇ ਮੈਂ ਸਿਰਫ਼ ਭਾਈ ਅਰਜਨ ਸਿੰਘ ਵੱਲੋਂ ਜੇਲ੍ਹ ਤੋਂ ਗ਼ਦਰ ਅਖ਼ਬਾਰ ਵਿਚ ਛਪਣ ਲਈ ਭੇਜੀ ਕਵਿਤਾ ਦੇ ਅੰਸ਼ ਦਰਜ ਕਰ ਰਿਹਾ ਹਾਂ:
ਬੇਲਣੇ 'ਚ ਪੀੜ ਹੋਵਾਂ, ਆਰੇ ਨਾਲ ਚੀਰ ਹੋਵਾਂ
ਭਾਵੇਂ ਲੀਰ ਲੀਰ ਹੋਵਾਂ, ਤਾਂ ਭੀ ਦਿਲ ਸ਼ਾਦੀ ਏ।
ਹਿੰਦ ਨੂੰ ਗੁਲਾਮ ਨਹੀਂ ਰਹਿਣ ਦੇਣਾ ਇਕ ਮਿੰਟ,
ਸੱਚਮੁੱਚ ਚਿੱਤ 'ਚ ਕਸਮ ਇਹੋ ਖਾਧੀ ਏ।
ਗ਼ਦਰ ਲਹਿਰ ਦੇ ਇਨਕਲਾਬੀਆਂ ਨੇ ਸਿਰ ਤਲੀ 'ਤੇ ਰੱਖਿਆ ਹੋਇਆ ਸੀ ਅਤੇ ਉਹ ਕਿਸੇ ਵੀ ਹੱਦ ਤੋਂ ਗੁਜ਼ਰ ਜਾਣ ਲਈ ਤਿਆਰ-ਬਰ-ਤਿਆਰ ਸਨ। ਸਿਰ ਧੜ ਦੀ ਬਾਜ਼ੀ ਲਾ ਦੇਣ ਦਾ ਜਜ਼ਬਾ ਉਨ੍ਹਾਂ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਹਰ ਇਨਕਲਾਬੀ ਦੇ ਜ਼ਿਹਨ ਵਿਚ ਵਿਚਾਰ ਪੂਰੀ ਤਰ੍ਹਾਂ ਉਕਰਿਆ ਹੋਇਆ ਸੀ ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਿਨਾਂ ਇਹ ਜ਼ਿੰਦ ਕਿਸੇ ਕੰਮ ਦੀ ਨਹੀਂ। ਗ਼ਦਰ ਦੀ ਕਵਿਤਾ ਦੀਆਂ ਇਹ ਸਤਰਾਂ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ:
ਪੈਹਲਾਂ ਹਿੰਦ ਰੈਹਸੀ ਫੇਰ ਜਿੰਦ ਰਹਸੀ
ਬਾਝ ਹਿੰਦ ਦੇ ਕੋਈ ਨਾ ਮਾਣ ਤੇਰਾ
ਰੱਖ ਠੀਕ ਪਰੀਤ ਨੂੰ ਨਾਲ ਇਸਦੇ,
ਨਹੀਂ ਹੋਵਸੀ ਔਣ ਤੇ ਜਾਣ ਤੇਰਾ।
ਕਰਤਾਰ ਸਿੰਘ ਸਰਾਭਾ ਦੇ ਇਹ ਸ਼ਬਦ ਵੀ ਇਸ ਸੰਦਰਭ ਵਿਚ ਜ਼ਿਕਰਯੋਗ ਹਨ, ਜਿਹੜੇ ਉਸਨੇ ਸਜ਼ਾ-ਏ-ਮੌਤ ਮਿਲਣ ਦੇ ਫ਼ੈਸਲੇ ਤੋਂ ਪਹਿਲਾਂ ਕਹੇ ਸਨ, 'ਮੈਨੂੰ ਉਮਰ ਕੈਦ ਜਾਂ ਸਜ਼ਾ-ਏ-ਮੌਤ ਮਿਲੇਗੀ। ਪਰ ਮੈਂ ਚਾਹੁੰਦਾ ਹਾਂ ਕਿ ਮੈਨੂੰ ਸਜ਼ਾ-ਏ-ਮੌਤ ਮਿਲੇ ਤਾਂ ਜੋ ਦੁਬਾਰਾ ਜਨਮ ਲੈ ਕੇ ਮੈਂ ਫਿਰ ਭਾਰਤ ਦੀ ਆਜ਼ਾਦੀ ਵਾਲੀ ਲੜਾਈ ਵਿਚ ਹਿੱਸਾ ਲੈ ਸਕਾਂ। ਭਾਰਤ ਦੇ ਆਜ਼ਾਦ ਹੋਣ ਤੱਕ ਮੈਂ ਵਾਰ-ਵਾਰ ਮੌਤ ਸਹੇੜਾਂਗਾ। ਇਹੋ ਮੇਰੀ ਆਖਰੀ ਇੱਛਾ ਹੈ।'
'ਗ਼ਦਰ ਦੀ ਗੂੰਜ' ਵਿਚ ਛਪਿਆ ਇਹ ਇਸ਼ਤਿਹਾਰ ਵੀ ਗ਼ਦਰੀਆਂ ਦੇ ਕੁਰਬਾਨੀ ਦੇ ਜਜ਼ਬੇ ਦੀ ਗਵਾਹੀ ਭਰਦਾ ਹੈ। ਇਸ਼ਤਿਹਾਰ ਦੀ ਇਬਾਰਤ ਇਸ ਤਰ੍ਹਾਂ ਦਰਜ ਹੈ, 'ਭਾਰਤ ਵਿਚ ਗ਼ਦਰ ਫੈਲਾਉਣ ਲਈ ਜੋਸ਼ੀਲੇ ਅਤੇ ਬਹਾਦਰ ਸਿਪਾਹੀਆਂ ਦੀ ਲੋੜ ਹੈ : ਤਨਖਾਹ-ਮੌਤ, ਇਨਾਮ-ਸ਼ਹਾਦਤ, ਪੈਨਸ਼ਨ-ਆਜ਼ਾਦੀ, ਕਾਰਜ ਖੇਤਰ-ਹਿੰਦੁਸਤਾਨ (ਪ੍ਰਧਾਨ : ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ : ਭਾਈ ਕੇਸਰ ਸਿੰਘ ਠਠਗੜ੍ਹ, ਗਦਰ ਦੀ ਗੂੰਜ, (1931).)
ਗ਼ਦਰ ਲਹਿਰ ਦੇ ਇਨਕਲਾਬੀਆਂ ਵਿਚ ਕੁਰਬਾਨੀ ਦਾ ਇੰਨਾ ਵੱਡਾ ਜਜ਼ਬਾ ਕਿੱਦਾਂ ਪੈਦਾ ਹੋਇਆ ਸੀ? ਉਨ੍ਹਾਂ ਦਾ ਮੁਢਲਾ ਪ੍ਰੇਰਨਾ ਸਰੋਤ ਕੀ ਸੀ? ਇਹ ਸਵਾਲ ਵੀ ਅਹਿਮ ਹੈ। ਜਵਾਬ ਵੱਖ-ਵੱਖ ਤਰ੍ਹਾਂ ਦਿੱਤਾ ਜਾ ਸਕਦਾ ਹੈ। ਪਰ ਜਿਸ ਤਰ੍ਹਾਂ ਮੈਨੂੰ ਸਮਝ ਆਉਂਦਾ ਹੈ, ਬਿਆਨ ਕਰਨਾ ਚਾਹੁੰਦਾ ਹਾਂ। ਮੇਰੀ ਸਪੱਸ਼ਟ ਮਾਨਤਾ ਹੈ ਕਿ ਕੋਈ ਵੀ ਮੁਹਿੰਮ ਜਾਂ ਲਹਿਰ ਪ੍ਰਚੰਡ ਹੁੰਦੀ ਹੈ ਤਾਂ ਉਸ ਪਿੱਛੇ ਉਸ ਦਾ ਇਕ ਲੰਮਾ ਇਤਿਹਾਸਕ ਪਿਛੋਕੜ ਹੁੰਦਾ ਹੈ। ਫਿਰ ਇਹ ਵੀ ਸੱਚ ਹੈ ਕਿ ਇਸ ਪਿਛੋਕੜ ਦੀ ਖਾਸੀ ਭੂਮਿਕਾ ਹੁੰਦੀ ਹੈ। ਦਰਅਸਲ, ਕੌਮਾਂ ਦੇ ਅਚੇਤ ਵਿਚ ਇਹੋ ਜਿਹੇ ਬੀਜ ਪਏ ਹੁੰਦੇ ਹਨ, ਜਿਹੜੇ ਸਮਾਂ ਆਉਣ ਤੇ ਪੁੰਗਰ ਪੈਂਦੇ ਹਨ। ਇਕਦਮ ਸਭ ਕੁਝ ਨਹੀਂ ਵਾਪਰਦਾ। ਗ਼ਦਰ ਲਹਿਰ ਦੇ ਸਬੰਧ ਵਿਚ ਇਹੋ ਸੱਚ ਹੈ ਅਤੇ ਇਹੋ ਵਾਪਰਿਆ ਹੈ।
ਗ਼ਦਰ ਸਾਹਿਤ ਦੇ ਅਧਿਐਨ ਤੋਂ ਇਹ ਗੱਲ ਵੀ ਸਪੱਸ਼ਟ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਸਿੱਖਾਂ ਵਿਚ ਗ਼ਦਰ ਦੀ ਰੂਹ ਫੂਕਣ ਲਈ ਲਹਿਰ ਦੇ ਆਗੂ ਸਿੱਖ ਇਤਿਹਾਸ ਦੇ ਉਨ੍ਹਾਂ ਸਾਕਿਆਂ ਦੇ ਮੁੜ-ਮੁੜ ਹਵਾਲੇ ਦਿੰਦੇ ਹਨ, ਜਿਹੜੇ ਅਕਹਿ ਤੇ ਅਸਹਿ ਸ਼ਹੀਦੀਆਂ ਨਾਲ ਸਬੰਧਤ ਹਨ। ਸਿੱਖ ਭਾਈਚਾਰੇ ਨੂੰ ਖ਼ਾਲਸਾ ਪੰਥ ਦੀ ਸਿਰਜਨਾ ਦਾ ਮੰਤਵ ਗ਼ਦਰੀ ਲੀਡਰ ਆਪਣੇ ਨਿਵੇਕਲੇ ਅੰਦਾਜ਼ ਨਾਲ ਯਾਦ ਕਰਵਾਉਂਦੇ ਹਨ। ਗ਼ਦਰ ਲਹਿਰ ਦੇ ਦੌਰ ਦੀ ਰਚੀ ਗਈ ਕਵਿਤਾ ਵਿਚੋਂ ਇਸ ਦੀਆਂ ਕਈ ਮਿਸਾਲਾਂ ਮਿਲ ਜਾਂਦੀਆਂ ਹਨ:
ਛੇਤੀ ਕਰੋ ਤਿਆਰੀਆਂ ਗ਼ਦਰ ਦੀਆਂ
ਸਿੰਘੋ ਛੱਡਿਆ ਮੁਖ ਮਰੋੜ ਕਾਹਨੂੰ£
ਪਰਉਪਕਾਰ ਖਾਤਰ ਗੁਰੂ ਸਾਜਿਆ ਸੀ,
ਏਸ ਪੰਥ ਦੀ ਹੋਰ ਸੀ ਲੋੜ ਕਾਹਨੂੰ£
ਜੇ ਕਰ ਅੱਜ ਹੁੰਦੇ ਦੀਪ ਸਿੰਘ ਵਰਗੇ,
ਮੇਹਣੇ ਸਿੰਘਾਂ ਨੂੰ ਵੱਜਦੇ ਮੋੜ ਕਾਹਨੂੰ£
ਜੇ ਕਰ ਅੱਜ ਹੁੰਦੇ ਮਨੀ ਸਿੰਘ ਭਾਈ,
ਹਿੰਦੁਸਤਾਨ ਹੁੰਦਾ ਭਲਾ ਚੌੜ ਕਾਹਨੂੰ£
ਗ਼ਦਰ ਲਹਿਰ ਦੇ ਆਗੂ, ਲੋਕਾਂ ਨੂੰ ਖ਼ਾਲਸਾ ਰਾਜ ਕਾਇਮ ਕਰਨ ਵਾਲੇ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸੂਰਬੀਰ ਜਰਨੈਲਾਂ ਤੇ ਯੋਧਿਆਂ ਦੇ ਕਾਰਨਾਮਿਆਂ ਦੀ ਵੀ ਯਾਦ ਦਿਵਾਉਂਦੇ ਹਨ। ਮਕਸਦ ਸ਼ਾਇਦ ਇਹੋ ਸੀ ਕਿ ਉਹ ਆਪਣੀ ਵਿਰਾਸਤ ਨੂੰ ਚੇਤੇ ਕਰਦਿਆਂ ਆਪਣੀ ਖੁਸ ਗਈ ਅਜ਼ਮਤ ਤੇ ਪ੍ਰਭੂਤਾ ਨੂੰ ਮੁੜ ਹਾਸਿਲ ਕਰਨ ਲਈ ਤਿਆਰ-ਬਰ-ਤਿਆਰ ਹੋ ਜਾਣ। ਜਨਵਰੀ 1914 ਵਿਚ 'ਗ਼ਦਰ' ਵਿਚ ਛਪੀ 'ਪੰਥ ਅੱਗੇ ਪੁਕਾਰ' ਕਵਿਤਾ ਦੀਆਂ ਇਹ ਸਤਰਾਂ ਪੜ੍ਹਨ ਵਾਲੀਆਂ ਹਨ:
ਜਦੋਂ ਆਪ ਗੁਰ ਪੁਰੀ ਤਿਯਾਰ ਹੋਏ।
ਬੰਦਾ ਭੇਜਿਆ ਸਾਡਾ ਰਖਵਾਲ ਸਿੰਘੋ£
ਬੰਦੇ ਆਣ ਕੇ ਰਖਿਯਾ ਖੂਬ ਕੀਤੀ।
ਤਦੋਂ ਪੰਥ ਹੋਯਾ ਮਾਲੋਮਾਲ ਸਿੰਘੋ£
ਜਦੋਂ ਬੰਦੇ ਨੇ ਗਮਨ ਪਰਲੋਕ ਕੀਤਾ।
ਕੰਮ ਪੰਥ ਨੇ ਲਿਆ ਸੰਭਾਲ ਸਿੰਘੋ£
ਪੰਥ ਵਿਚ ਹੋਏ ਕਈ ਸਿੰਘ ਸੂਰੇ।
ਜੇਹੜੇ ਪੰਥ ਦੇ ਬਣੇ ਰਖਵਾਲ ਸਿੰਘੋ£
ਉਨ੍ਹਾਂ ਬੇਹੱਦ ਮੁਸੀਬਤਾਂ ਝੱਲੀਆਂ ਸੀ।
ਹੱਥੋਂ ਛੱਡੀ ਨਾ ਤੇਗ ਤੇ ਢਾਲ ਸਿੰਘੋ£
ਪਿਛੋਂ ਸਿੰਘ ਰਣਜੀਤ ਨੇ ਜ਼ੋਰ ਪਾਯਾ।
ਕੀਤਾ ਆਕੀਆਂ ਦਾ ਮੰਦਾ ਹਾਲ ਸਿੰਘੋ£
ਇਕ ਹੋਰ ਨੁਕਤਾ ਵੀ ਵੇਖਣ ਵਾਲਾ ਹੈ। ਗ਼ਦਰ ਲਹਿਰ ਵਿਚ ਕਾਰਜਸ਼ੀਲ ਭਾਈਚਾਰਕ ਏਕਤਾ ਅਤੇ ਧਰਮ-ਨਿਰਪੱਖਤਾ ਦੇ ਤਾਰ ਵੀ ਕਿਸੇ ਨਾ ਕਿਸੇ ਰੂਪ ਵਿਚ ਗੁਰੂਆਂ ਦੀ ਤਰਬੀਅਤ ਨਾਲ ਅਤੇ ਸਿੱਖ ਲਹਿਰ ਨਾਲ ਜੁੜੇ ਹੋਏ ਹਨ। ਇਤਿਹਾਸ ਗਵਾਹ ਹੈ ਕਿ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਧਰਮਾਂ ਦੀਆਂ ਹੱਦਬੰਦੀਆਂ ਨਕਾਰ ਕੇ ਨਵੇਂ ਸੱਭਿਆਚਾਰ ਦੀ ਸਿਰਜਣਾ ਦਾ ਆਗਾਜ਼ ਕੀਤਾ ਸੀ। ਇਹ ਸੱਭਿਆਚਾਰ ਸਾਂਝਾ ਸੀ। ਗ਼ਦਰ ਲਹਿਰ ਦੇ ਇਨਕਲਾਬੀਆਂ ਦੇ ਜ਼ਿਹਨ ਵਿਚ ਅਚੇਤ ਰੂਪ ਵਿਚ ਗੁਰੂਆਂ ਦੇ ਸਾਂਝੇ ਸੱਭਿਆਚਾਰ ਦਾ ਸੰਕਲਪ ਅਤੇ ਇਸ ਸੱਭਿਆਚਾਰ ਉਪਰ ਆਧਾਰਿਤ ਸਮਾਜ ਦੀ ਉਸਾਰੀ ਦੀ ਗੱਲ ਸਮੋਈ ਹੋਈ ਸੀ। ਇਸੇ ਲਈ ਉਨ੍ਹਾਂ ਦਾ ਸਮੁੱਚਾ ਆਚਰਣ ਧਰਮ ਨਿਰਪੱਖ ਅਤੇ ਭਾਈਚਾਰਕ ਬਰਾਬਰੀ ਉਪਰ ਆਧਾਰਿਤ ਸੀ। ਗ਼ਦਰ ਦੀ ਕਵਿਤਾ ਦੀਆਂ ਇਹ ਸਤਰਾਂ ਵੇਖਣ ਵਾਲੀਆਂ ਹਨ :
ਮੁਸਲਮਾਨ, ਹਿੰਦੂ ਅਤੇ ਖ਼ਾਲਸਾ ਜੀ,
ਇਕ ਦੂਸਰੇ ਦੇ ਸਾਰੇ ਯਾਰ ਹੋ ਜੋ।
ਮੰਨ ਲੋ ਤੁਸੀਂ ਗ਼ਦਰ ਦੀ ਬੇਨਤੀ ਨੂੰ,
ਗ਼ਦਰ ਕਰਨ ਨੂੰ ਝੱਟ ਤਿਆਰ ਹੋ ਜੋ।
ਆਖਰ ਵਿਚ, ਗ਼ਦਰ ਲਹਿਰ ਬਾਰੇ ਇਕ ਹੋਰ ਜ਼ਰੂਰੀ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਭਾਵੇਂ ਗ਼ਦਰ ਲਹਿਰ ਦੀ ਆਜ਼ਾਦੀ ਦੇ ਸੰਘਰਸ਼ ਵਿਚ ਇਕ ਅਹਿਮ ਭੂਮਿਕਾ ਰਹੀ ਹੈ ਪਰ ਇਤਿਹਾਸਕਾਰੀ ਵਿਚ ਇਸ ਨੂੰ ਢੁਕਵੀਂ ਮਹੱਤਤਾ ਨਹੀਂ ਮਿਲ ਸਕੀ। ਇਤਿਹਾਸਕਾਰਾਂ ਨੇ ਗ਼ਦਰ ਲਹਿਰ ਨਾਲ ਇਨਸਾਫ਼ ਨਹੀਂ ਕੀਤਾ। ਦਰਅਸਲ, ਕਾਫ਼ੀ ਲੰਮਾ ਸਮਾਂ ਆਜ਼ਾਦੀ ਪ੍ਰਾਪਤ ਕਰਨ ਦੇ ਸਬੰਧ ਵਿਚ ਸਾਡੀ ਧਾਰਨਾ ਅਹਿੰਸਾ ਦੇ ਸਿਧਾਂਤ ਵਾਲੀਆਂ ਸ਼ਖ਼ਸੀਅਤਾਂ ਦੁਆਲੇ ਕੇਂਦਰਿਤ ਹੈ। ਆਜ਼ਾਦੀ ਪ੍ਰਾਪਤੀ ਦਾ ਸਾਰਾ ਸਿਹਰਾ ਸ਼ਾਂਤਮਈ ਸਾਧਨਾਂ ਉਪਰ ਵਿਸ਼ਵਾਸ ਰੱਖਣ ਵਾਲੀ ਮੁਹਿੰਮ ਨੂੰ ਦਿੱਤਾ ਜਾਂਦਾ ਰਿਹਾ ਹੈ। ਫੇਰ ਇਨਕਲਾਬੀਆਂ ਬਾਰੇ ਸਾਡੀ ਜਾਣਕਾਰੀ ਵੀ ਸੀਮਤ ਰਹੀ ਹੈ ਅਤੇ ਖੋਜ ਕਾਰਜਾਂ ਲਈ ਸਰਕਾਰੀ ਦਸਤਾਵੇਜ਼ਾਂ ਦੀ ਛਾਣਬੀਣ ਦੀ ਪੂਰੀ ਇਜਾਜ਼ਤ ਵੀ ਹਾਸਲ ਨਹੀਂ ਸੀ। ਜਾਣਕਾਰੀ ਵੱਖ-ਵੱਖ ਥਾਂਵਾਂ 'ਤੇ ਖਿਲਰੀ ਪਈ ਸੀ, ਜਿਸ ਨੂੰ ਇਕੱਠਿਆਂ ਕਰਨਾ ਇਕ ਔਖਾ ਕੰਮ ਸੀ। ਕੁਝ ਇਹੋ ਜਿਹੇ ਕਾਰਨਾਂ ਕਰਕੇ ਹੀ ਵਿਦਵਾਨ ਇਤਿਹਾਸਕਾਰ ਗ਼ਦਰੀ ਇਨਕਲਾਬੀਆਂ ਦੀ ਭੂਮਿਕਾ ਬਾਰੇ ਢੁਕਵੀਂ ਖੋਜ ਕਰਨ ਵਿਚ ਅਸਮਰੱਥ ਰਹੇ ਹਨ ਅਤੇ ਲੋਕਾਂ ਸਾਹਮਣੇ ਪੂਰਾ ਸੱਚ ਨਹੀਂ ਲਿਆ ਸਕੇ।
ਅੱਜ, ਜਦੋਂ ਅਸੀਂ ਗ਼ਦਰ ਲਹਿਰ ਦੀ 100ਵੀਂ ਵਰ੍ਹੇਗੰਢ ਮਨਾਉਣ ਦੇ ਮਾਹੌਲ ਵਿਚ ਹਾਂ ਅਤੇ ਦੇਸ਼-ਵਿਦੇਸ਼ ਵਿਚ ਬਹੁਤ ਸਾਰੇ ਸਮਾਗਮ ਅਤੇ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ, ਸਖਤ ਲੋੜ ਹੈ ਕਿ ਗ਼ਦਰ ਲਹਿਰ ਦੀ ਮਹੱਤਤਾ ਅਤੇ ਇਤਿਹਾਸ ਦਾ ਪੂਰਾ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ।

ਡਾ. ਜਸਪਾਲ ਸਿੰਘ