ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਸਾਬ ਦੀ ਮੌਤ ਤੇ ਹਾਅ ਦਾ ਨਾਅਰਾ


ਹਰਲਾਜ ਸਿੰਘ ਬਹਾਦਰਪੁਰ
21 ਨਵੰਬਰ ਨੂੰ ਫਾਂਸੀ ਚੜ੍ਹੇ ਵੀਰ ਅਜਮਲ ਆਮਿਰ ਕਸਾਬ ਦੀ ਮਾਂ ਦੇ ਨਾਲ ਦੁੱਖ ਸਾਂਝਾ ਕਰਦਾ ਪੱਤਰ
    ਮੁਸਲਮਾਨ ਨੌਜਵਾਨ ਵੀਰ ਅਜਮਲ ਆਮਿਰ ਕਸਾਬ ਨੂੰ ਫਾਂਸੀ ਦੇਣ ਸਮੇਂ ਜਦੋਂ ਆਖਰੀ ਇੱਛਾ ਪੁੱਛੀ ਗਈ ਤਾਂ ਉਸਨੇ ਕਿਹਾ ਕਿ ਇਸ ਬਾਰੇ ਮੇਰੀ ਅੰਮੀ (ਮਾਂ) ਨੂੰ ਦੱਸ ਦਿਓ । ਅਖਬਾਰ ਵਿੱਚ ਲਿਖੀਆਂ ਇੰਨ੍ਹਾਂ ਸਤਰਾਂ ਨੂੰ ਪੜ੍ਹ ਕੇ ਮਾਂ ਪੁੱਤ ਦੇ ਪਿਆਰ ਤੇ ਵਿਛੋੜੇ ਦਾ ਦਰਦ ਮਹਿਸੂਸ ਹੋਇਆ, ਜਿਸ ਕਾਰਨ ਇਸ ਸਬੰਧ ਵਿੱਚ ਕੁੱਝ ਲਿਖਣ ਨੂੰ ਜੀਅ ਕੀਤਾ ਕਿ ਜਿਸ ਮਾਂ ਦੇ ਗੱਭਰੂ ਪੁੱਤ ਨੂੰ ਫਾਂਸੀ ਤੇ ਲਟਕਾ ਦਿੱਤਾ ਹੈ ਉਸ ਮਾਂ ਨਾਲ ਕੀ ਬੀਤੀ ਹੋਵੇਗੀ । ਇਸੇ ਦਰਦ ਵਿੱਚ ਵੀਰ ਕਸਾਬ ਦੀ ਮਾਤਾ ਨੂਰੀ ਨੂੰ ਸੰਬੋਧਨ ਕਰਕੇ ਆਪਣੀ ਮੱਤ ਅਨੁਸਾਰ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਪੱਤਰ ਲਿਖ ਰਿਹਾ ਹਾਂ ਕਿ ਮਾਤਾ ਜੀ ਡੋਲਣਾ ਨੀ ਅਜਿਹਾ ਕੁੱਝ ਤਾਂ ਹਿੰਦੂਸਤਾਨ ਵਿੱਚ ਆਮ ਹੀ ਵਾਪਰਦਾ ਰਹਿੰਦਾ ਹੈ । ਮਾਤਾ ਜੀ ਜਦੋਂ ਅਸੀਂ 1947 ਵਿੱਚ ਅੰਗਰੇਜਾਂ ਤੋਂ ਅਜਾਦ ਹੋ ਕੇ ਹਿੰਦੂਵਾਦੀਆਂ ਦੇ ਗੁਲਾਮ ਬਣ ਗਏ ਸੀ, ਇਹ ਕੁੱਝ ਤਾਂ ਸਾਡੀ ਤਕਦੀਰ ਵਿੱਚ ਉਸੇ ਦਿਨ ਹੀ ਲਿਖਿਆ ਗਿਆ ਸੀ । ਬੇਸ਼ੱਕ ਤੁਹਾਡੇ ਵਡੇਰਿਆਂ ਨੇ ਆਪਣਾ ਵੱਖਰਾ ਦੇਸ਼ ਬਣਾ ਲਿਆ ਸੀ ਪਰ ਉਹ ਵੀ ਅੱਜ ਤੱਕ ਹਿੰਦੂਸਤਾਨੀ ਜੁਲਮਾਂ ਤੋਂ ਮੁਕਤ ਨਹੀਂ ਹੋ ਸਕੇ । ਅਸੀਂ ਤਾਂ ਹਾਂ ਹੀ ਇੰਨ੍ਹਾਂ ਦੀ ਮੁੱਠੀ ਵਿੱਚ । ਇਸ ਲਈ ਇਹਨਾਂ ਦੀਆਂ ਮਾਰੂ ਨੀਤੀਆਂ ਤੋਂ ਤੁਸੀਂ ਤਾਂ ਅੱਲਾ ਦੀ ਮਹਿਰ ਸਦਕਾ ਬਚ ਸਕਦੇ ਹੋਂ ਪਰ ਸਾਨੂੰ ਤਾਂ ਰੱਬ ਵੀ ਨਹੀਂ ਬਚਾ ਸਕੇਗਾ । ਇਸ ਲਈ ਤੁਸੀਂ ਸਾਡੇ ਵੱਲ ਵੇਖ ਕੇ ਹੀ ਜੀਅ ਲੈਣਾ ਕਿਉਂਕਿ ਜੇ ਤੁਹਾਡੇ ਵੱਖਰੇ ਦੇਸ਼ ਵਿੱਚ ਰਹਿਣ ਵਾਲਿਆਂ ਨਾਲ ਇਹ ਕੁੱਝ ਹੋ ਰਿਹਾ ਹੈ ਤਾਂ ਸਾਡੇ ਨਾਲ ਕੀ ਹੁੰਦਾ ਹੋਵੇਗਾ ਇਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਮਾਤਾ ਜੀ ਜੇਕਰ ਕਸਾਬ ਨੇ ਸੱਚਮੁੱਚ ਹੀ 26 ਨਵੰਬਰ 2008 ਵਿੱਚ ਮੁੰਬਈ ਵਿੱਚ ਪਹੁੰਚ ਕੇ ਬੇਗੁਨਾਹਾਂ ਦਾ ਕਤਲੇਆਮ ਕੀਤਾ ਸੀ, ਫਿਰ ਵੀ ਤੂੰ ਇਸ ਦਾ ਅਫਸੋਸ ਨਾ ਕਰੀਂ ਕਿਉਂਕਿ ਬੇਗੁਨਾਹਾਂ ਦੇ ਕਾਤਲਾਂ ਨੂੰ ਤਾਂ ਅਜਿਹੀ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ । ਪਰ ਮਾਤਾ ਜੀ ਜਿੰਨੀ ਕੁ ਜਾਣਕਾਰੀ ਮੈਨੂੰ ਅਖਬਾਰਾਂ ਰਸਾਲਿਆਂ ਵਿੱਚੋਂ ਮਿਲੀ ਹੈ ਉਸ ਮੁਤਾਬਿਕ ਤੇਰੇ ਪੁੱਤਰ ਨੂੰ ਸਿਰਫ ਮੁਸਲਮਾਨ ਹੋਣ ਦੀ ਹੀ ਸਜ਼ਾ ਮਿਲੀ ਹੈ, ਇਸਦਾ ਮਤਲਬ ਇਹ ਹੈ ਕਿ ਤੇਰੇ ਬੇਗੁਨਾਹ ਪੁੱਤਰ ਨੂੰ ਬਿਨਾਂ ਕਸੂਰੋਂ ਹੀ 22 ਨਵੰਬਰ ਨੂੰ ਫਾਂਸੀ ਤੇ ਲਟਕਾ ਕੇ ਮਾਰ ਦਿੱਤਾ ਹੈ । ਪਰ ਤੂੰ ਇਸਦਾ ਅਫਸੋਸ ਨਾ ਕਰੀਂ ਕਿਉਂਕਿ ਤੇਰੇ ਪੁੱਤਰ ਜਿਹੇ ਮੁਸਲਮਾਨ ਨੌਜਵਾਨਾਂ ਦੇ ਮਾਰਨ ਨਾਲ ਤੁਹਾਡੀ ਮੁਸਲਮਾਨ ਕੌਮ  ਤਾਂ ਖਤਮ ਨਹੀਂ ਹੋ ਸਕਦੀ, ਤੂੰ ਸਾਡੇ ਵੱਲ ਵੇਖ ਕਿ ਸਾਡੇ ਦੇਸ਼ ਵਿੱਚ ਸਾਡੇ ਸਿੱਖ ਨੌਜਵਾਨਾਂ ਨੂੰ ਕਿਵੇਂ ਕਤਲ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਤਾਂ ਇੰਨ੍ਹਾਂ ਦੇ ਕਬਜੇ ਵਿੱਚ ਹਾਂ ਸਾਡੇ ਤਾਂ ਧਾਰਮਿਕ ਅਸਥਾਨਾਂ ਉੱਪਰ ਵੀ ਇੰਨ੍ਹਾਂ ਦਾ ਕਬਜ਼ਾ ਹੈ । ਅਸੀਂ ਤਾਂ (ਪੂਰੀ ਸਿੱਖ ਕੌਮ ਹੀ) ਖਤਮ ਹੋਣ ਦੇ ਕਿਨਾਰੇ ਹਾਂ । ਬੇਸ਼ੱਕ ਤੁਸੀਂ 1947 ਵਿੱਚ ਭਾਰਤ ਨਾਲੋਂ ਅੱਡ ਹੋ ਕੇ ਸਾਡੇ ਨਾਲੋਂ ਵੱਧ ਕਾਮਯਾਬ ਰਹੇ ਹੋਂ ਪਰ ਮੁਕੰਮਲ ਕਾਮਯਾਬੀ ਤੁਹਾਨੂੰ ਵੀ ਨਹੀਂ ਮਿਲੀ । ਜੇ ਕਿਤੇ ਅਸੀਂ ਤੁਸੀਂ (ਸਿੱਖ ਤੇ ਮੁਸਲਮਾਨ) ਇੱਕਠੇ ਹੋ ਕੇ ਹਿੰਦੂਸਤਾਨ ਵਿੱਚ ਰਹਿ ਕੇ ਹਿੰਦੂਤਵੀਆਂ ਦੀਆਂ ਸਾਜਿਸ਼ਾਂ ਨੂੰ ਪਛਾਣ ਕੇ ਹਿੰਮਤ ਅਤੇ ਦਲੇਰੀ ਨਾਲ ਇਸ ਦੇਸ਼ ਦੇ ਮਾਲਕ ਬਣ ਜਾਂਦੇ ਤਾਂ ਸਾਡੇ ਨਾਲ ਆਹ ਕੁੱਝ ਨਹੀਂ ਸੀ ਹੋਣਾ ਕਿਉਂਕਿ ਆਪਣੀਆਂ ਦੋਹੇਂ ਕੌਮਾਂ ਜੁਝਾਰੂ ਅਤੇ ਇੱਕ ਰੱਬ ਨੂੰ ਮੰਨਣ ਵਾਲੀਆਂ ਸਨ, ਪਰ ਅਫਸੋਸ ਕਿ ਅਸੀਂ ਇੰਨ੍ਹਾਂ ਵਾਲ੍ਹੇ (ਜਿਆਦਾ) ਭਗਵਾਨਾਂ ਦੇ ਪੁਜਾਰੀਆਂ ਦੀਆਂ ਚਾਲਾਂ ਨੂੰ ਨਹੀਂ ਸਮਝ ਸਕੇ, ਜਿਸ ਕਾਰਨ ਤੁਸੀਂ ਆਪਣਾ ਵੱਖਰਾ ਦੇਸ਼ ਬਣਾ ਕੇ ਵੀ ਅੱਜ ਤੱਕ ਸੁਖੀ ਨਹੀਂ ਹੋ ਸਕੇ ਸਾਡਾ ਤਾਂ ਕਹਿਣਾ ਹੀ ਕੀ ਹੈ ਕਿਉਂਕਿ ਅਸੀਂ ਤਾਂ ਇਨ੍ਹਾਂ ਨਾਲ ਰਹਿਣ ਦਾ ਫੈਸਲਾ ਕਰਕੇ ਹੱਥੀਂ ਮੌਤ ਸਹੇੜੀ  ਹੋਈ ਹੈ । ਮਾਤਾ ਜੀ ਤੂੰ ਇੱਕ ਕਸਾਬ ਨੂੰ ਕੀ ਰੋਂਦੀ ਹੈ ਇੱਥੇ ਤਾਂ ਲੱਖਾਂ ਕਸਾਬ ਮਿੱਟੀ ਵਿੱਚ ਇਸ ਲਈ ਮਿਲਾ ਦਿੱਤੇ ਗਏ ਕਿ ਉਹ ਹਿੰਦੂ ਨਹੀਂ ਸਨ ।
    ਜੂਨ 1984 ਵਿੱਚ ਤੇਰੇ ਕਸਾਬ ਦੇ ਕਾਤਲ ਮੁਸ਼ਰਕਾਂ ਨੇ ਸਾਡੇ (ਸਿੱਖਾਂ ਦੇ) ਕੇਂਦਰੀ ਧਰਮ ਅਸਥਾਨ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਸਾਡੇ ਅਕਾਲ ਤਖਤ ਨੂੰ ਢਾਹਿਆ, ਹਜਾਰਾਂ ਬੇਗੁਨਾਹਾਂ ਦਾ ਕਤਲੇਆਮ ਕੀਤਾ । ਜਿਹੜੇ ਅੱਜ ਕਸਾਬ ਨੂੰ ਫਾਂਸੀ ਹੋਣ ਦੀ ਖੁਸ਼ੀ ਵਿੱਚ ਲੱਡੂ ਵੰਡ ਰਹੇ ਹਨ ਉਦੋਂ ਵੀ ਇੰਨਾਂ ਨੇ ਲੱਡੂ ਵੰਡੇ ਸਨ । ਕਿਸੇ ਨੇ ਇਹ ਨੀ ਕਿਹਾ ਕਿ ਮਾੜਾ ਕੰਮ ਹੋਇਆ ਇੰਨ੍ਹਾਂ ਭਾਜਪਾਈਆਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ, ਤੇ ਨਾਲੇ ਕਹਿੰਦੇ ਨੇ ਕਿ ਇਹ ਹਮਲਾ ਅਸੀਂ ਕਰਵਾਇਆ ਹੈ । ਅਸੀਂ ਫਿਰ ਵੀ ਇ੍ਹਨਾਂ ਦਾ ਵਿਰੋਧ ਨਹੀਂ ਕਰ ਸਕੇ । ਕਿਉਂਕਿ ਇਨ੍ਹਾਂ ਨੇ ਸਾਡੀ ਸਿੱਖਾਂ ਦੀ ਸਮਝੀ ਜਾਂਦੀ ਪਾਰਟੀ ਦੇ ਆਗੂ ਪ੍ਰਕਾਸ਼ ਸਿੰਘ (ਹਨੇਰ ਦਾਸ) ਬਾਦਲ ਨੂੰ ਖਰੀਦ ਕੇ ਹਿੰਦੂ (ਮੁਸ਼ਰਕ) ਸਿੱਖ (ਇੱਕ ਰੱਬ ਨੂੰ ਮੰਨਣ ਵਾਲੇ) ਏਕਤਾ ਕੀਤੀ ਹੋਈ ਹੈ । ਜੋ ਸਾਡੇ ਅਣਖੀਲੇ ਨੌਜਵਾਨਾਂ ਸਨ ਬਹੁਗਿਣਤੀ ਤਾਂ ਉਨ੍ਹਾਂ ਦੀ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰ ਦਿੱਤੀ । ਬਚਦੇ ਜੇਲ੍ਹਾਂ ਵਿੱਚ ਸੁੱਟ ਦਿੱਤੇ, ਪਿੱਛੇ ਰਹਿ ਗਏ ਇਨ੍ਹਾਂ ਦੇ ਗੁਲਾਮ । ਫਿਰ ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ, ਉਨ੍ਹਾਂ ਦੇ ਘਰ-ਘਾਟ ਸਾੜੇ ਗਏ, ਧੀਆਂ-ਭੈਣਾਂ ਦੀ ਬੇਪਤੀ ਕੀਤੀ ਗਈ । ਪਰ ਦੋਸ਼ੀਆਂ ਨੂੰ ਸਜ਼ਾ ਕੌਣ ਦੇਵੇ ? ਇਸ ਕਤਲੇਆਮ ਦੇ ਪੀੜਤ ਸਾਡੇ ਸਿੱਖ, ਜਾਲਮਾਂ ਤੋਂ ਇਨਸਾਫ ਮੰਗਣ ਦੀ ਗਲਤੀ ਅੱਜ ਤੱਕ ਕਰ ਰਹੇ ਹਨ । ਸਾਡੇ ਸਿੱਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਜੇ ਤੁਹਾਨੂੰ ਇਨਸਾਫ ਦੇਣਾ ਹੁੰਦਾ ਤਾਂ ਤੁਹਾਡੇ ਨਾਲ ਬੇਇਨਸਾਫੀਆਂ ਹੁੰਦੀਆਂ ਹੀ ਕਿਉਂ ? ਕਿਉਂਕਿ ਇਹ ਘਟਨਾ ਕੋਈ ਅਚਨਚੇਤ ਨਹੀਂ ਸੀ ਵਾਪਰੀ, ਪੂਰੀ ਯੋਜਨਾ ਤਹਿਤ ਇੱਹ ਕਤਲੇਆਮ ਹੋਇਆ ਸੀ । ਦਸੰਬਰ 1992 ਵਿੱਚ ਇੰਨਾ ਨੇ ਤੁਹਾਡੇ ਧਾਰਮਿਕ ਅਸਥਾਨ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰ ਦਿੱਤਾ, ਫਰਵਰੀ-ਮਾਰਚ 2002 ਵਿੱਚ ਗੁਜਰਾਤ ਵਿੱਚ ਤੇਰੇ ਸਕਾਬ ਵਗਰੇ ਸੈਂਕੜੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ, ਉਨ੍ਹਾਂ ਦੇ ਘਰ-ਘਾਟ ਸਾੜੇ ਗਏ, ਧੀਆਂ-ਭੈਣਾਂ ਦੀ ਬੇਪਤੀ ਕੀਤੀ ਗਈ । ਪਰ ਦੋਸ਼ੀਆਂ ਨੂੰ ਸਜ਼ਾ ਕੌਣ ਦੇਵੇ ? ਮਾਤਾ ਜੀ, ਇੱਕ ਵਾਰੀ ਇੱਥੇ ਮਾਰਚ 2000 ਵਿੱਚ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਦੀ ਫੇਰੀ ਤੇ ਆਇਆ ਸੀ ਤਾਂ ਇੰਨ੍ਹਾਂ ਸਾਜਸ਼ੀਆਂ ਨੇ ਸਾਡੇ ਤੇ ਤੁਹਾਡੇ ਵਿੱਚ ਪਾੜਾ ਪਾਉਣ ਦੀ ਕਮੀਨੀ ਕੋਸ਼ਿਸ਼ ਰਾਹੀਂ ਤੁਹਾਨੂੰ ਅੱਤਵਾਦੀ ਸਿੱਧ ਕਰਨ ਵਾਸਤੇ ਆਪਣੇ ਅੱਤਵਾਦੀਆਂ ਕੋਲੋਂ ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਦਾ ਕਤਲੇਆਮ ਕਰ ਦਿੱਤਾ ਤਾਂ ਕਿ ਬਿਲ ਕਲਿੰਟਨ ਨੂੰ ਦਿਖਾਇਆ ਜਾ ਸਕੇ ਕਿ ਮੁਸਲਮਾਨ ਅੱਤਵਾਦੀਆਂ ਨੇ ਸਾਡੇ ਸਿੱਖ ਭਰਾਵਾਂ ਨੂੰ ਮਾਰ ਦਿੱਤਾ ਹੈ । ਬੇਸ਼ੱਕ ਇਸ ਘਟਨਾ ਦੇ ਸੱਚ ਬਾਰੇ ਬਿਲ ਕਲਿੰਟਨ ਨੂੰ ਵੀ ਪਤਾ ਲੱਗ ਗਿਆ ਸੀ, ਪਰ ਦੋਸ਼ੀਆਂ ਨੂੰ ਸਜ਼ਾ ਕੌਣ ਦੇਵੇ ? ਮਾਤਾ ਜੀ ਭਾਰਤੀ ਹਿੰਦੂ ਏਜੰਸੀਆਂ ਪਹਿਲਾਂ ਤਾਂ ਸਿੱਖਾਂ ਅਤੇ ਮੁਸਲਮਾਨਾਂ ਤੇ ਜੁਲਮ, ਧੱਕਾ ਅਤੇ ਬੇਇਨਸਾਫੀ ਕਰਵਾਉਂਦੀਆਂ ਹਨ । ਜੇ ਇਹਨਾਂ ਜੁਲਮਾਂ, ਧੱਕਿਆਂ ਅਤੇ ਬੇੲਨਿਸਾਫੀਆਂ ਦੇ ਸਤਾਏ ਇੱਕਾ-ਦੁੱਕਾ ਸਿੱਖ, ਮੁਸਲਮਾਨ ਮੁੰਡੇ ਗੁੱਸੇ ਵਿੱਚ ਆਕੇ ਹਥਿਆਰ ਚੁੱਕ ਲੈਣ ਫਿਰ ਇਹ ਏਜੰਸੀਆਂ ਜਿੱਥੇ ਉਨ੍ਹਾਂ ਦੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਤੋਂ ਲੈ ਕੇ ਮਿੱਤਰਾਂ-ਦੋਸਤਾਂ ਤੱਕ ਨੂੰ ਚੁੱਕ ਕੇ, ਤਸ਼ੱਦਦ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰ ਦਿੰਦੀਆਂ ਹਨ, ਉੱਥੇ ਉਹਨਾਂ ਦੀ ਪੂਰੀ ਕੌਮ ਨੂੰ ਹੀ ਅੱਤਵਾਦੀ ਪ੍ਰਚਾਰ ਕੇ ਬਦਨਾਮ ਕਰਦੀਆਂ ਹਨ । ਮਾਤਾ ਜੀ ਹਿੰਦੂ ਆਗੂਆਂ ਨੇ ਫਰਵਰੀ 2007 ਵਿੱਚ ਸਮਝੌਤਾ ਐਕਸਪੈ੍ਰਸ ਗੱਡੀ ਵਿੱਚ ਅਤੇ 8 ਅਤੇ 29 ਸਤੰਬਰ 2008 ਵਿੱਚ ਮਾਲੇਗਾਉਂ ਵਿਖੇ ਬੰਬ ਧਮਾਕੇ ਕਰਵਾ ਕੇ ਜਿੱਥੇ ਬੇਗੁਨਾਹਾਂ ਦਾ ਖੂਨ ਡੋਲ੍ਹਿਆ ਸੀ, ਉੱਥੇ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਚਾਲ ਵੀ ਚੱਲੀ ਸੀ । ਇਹੀ ਘਟਨਾ ਤੇਰੇ ਕਸਾਬ ਦੀ ਮੌਤ ਦਾ ਕਾਰਨ ਬਣੀ ਹੈ । ਮਾਤਾ ਜੀ ਤੂੰ ਹੈਰਾਨ ਹੋਵੇਗੀ ਕਿ ਮਾਲੇਗਾਉਂ ਬੰਬ ਧਮਾਕਿਆਂ ਨਾਲ ਮੇਰੇ ਪੁੱਤ ਦਾ ਕੀ ਸਬੰਧ ਸੀ ? ਮੇਰੇ ਬੇਗੁਨਾਹ ਪੁੱਤ ਨੂੰ ਤਾਂ 26 ਨਵੰਬਰ 2008 ਨੂੰ ਮੁੰਬਈ ਵਿਖੇ ਹੋਏ ਹਮਲਿਆਂ ਦੇ ਦੋਸ਼ ਵਿੱਚ ਝੂਠਾ ਫਸਾ ਕੇ ਫਾਂਸੀ ਦਿੱਤੀ ਗਈ ਹੈ । ਮਾਤਾ ਜੀ ਤੂੰ ਹਿੰਦੂਸਤਾਨੀਆਂ ਦੀਆਂ ਯੋਜਨਾਵਾਂ ਨੂੰ ਨਹੀਂ ਸਮਝ ਸਕੇਗੀ, ਕਿਉਂਕਿ ਤੂੰ ਤਾਂ ਇੱਕ ਘਰੇਲੂ ਇਸਤਰੀ ਹੈਂ । ਇਸਨੂੰ ਤਾਂ ਸ਼ਾਇਦ ਤੁਹਾਡੀ ਸਰਕਾਰ ਵੀ ਨਹੀਂ ਸਮਝ ਸਕਦੀ । ਮਾਤਾ ਜੀ ਜਿੰਨਾ ਕੁ ਮੈਂ ਅਖਬਾਰਾਂ ਰਸਾਲਿਆਂ ਵਿੱਚ ਪੜ੍ਹਿਆ ਹੈ ਉਸ ਅਨੁਸਾਰ ਜੋ ਮਾਲੇਗਾਉਂ ਬੰਬ ਧਮਾਕੇ ਹੋਏ ਸਨ, ਉਸਦੀ ਜਾਂਚ ਇਮਾਨਦਾਰ ਪੁਲਿਸ ਅਫਸਰ ਹੇਮੰਤ ਕਰਕਰੇ ਜੋ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦਾ ਮੁਖੀ ਸੀ, ਕਰ ਰਿਹਾ ਸੀ । ਉਸਨੇ ਇਸ ਜਾਂਚ ਵਿੱਚ ਹਿੰਦੂ ਸਾਧਵੀ ਪ੍ਰਗਿਆ ਸਿੰਘ, ਦਯਾਨੰਦ ਪਾਂਡੇ, ਫੌਜ ਅਧਿਕਾਰੀ ਕਰਨਲ ਪ੍ਰੋਹਿਤ ਆਦਿ ਨੂੰ ਨੰਗਾ ਕਰ ਦਿੱਤਾ ਸੀ । ਜਿਸ ਨਾਲ ਜਿੱਥੇ ਹਿੰਦੂ ਅੱਤਵਾਦੀਆਂ ਦਾ ਚਿਹਰਾ ਬੇਨਕਾਬ ਹੋਇਆ, ਉੱਥੇ ਜਿਹੜੇ ਮੁਸਲਮਾਨਾਂ ਨੂੰ ਝੂਠੇ ਦੋਸ਼ ਲਗਾ ਕੇ ਬਦਨਾਮ ਕੀਤਾ ਜਾ ਰਿਹਾ ਸੀ ਉਹ ਦੋਸ਼ ਮੁਕਤ ਹੋ ਰਹੇ ਸਨ । ਫਿਰ ਭਲਾਂ ਅਜਿਹਾ ਕੁੱਝ ਹਿੰਦੂਸਤਾਨ ਵਿੱਚ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ ਕਿ ਇਸ ਦੇਸ਼ ਦਾ ਅਫਸਰ ਇਸ ਦੇਸ਼ ਦੇ ਮਾਲਕਾਂ ਨੂੰ ਅੱਤਵਾਦੀ ਕਹੇ । ਫਿਰ ਹਿੰਦੂਸਤਾਨ ਦੇ ਸਪੂਤਾਂ ਨੇ ਆਪਣੇ ਨੰਗੇ ਹੋਏ ਅੱਤਵਾਦੀਆਂ ਤੇ ਪਰਦਾ ਪਾਉਣ ਲਈ ਮੰੁਬਈ ਹਮਲਿਆਂ ਦਾ ਡਰਾਮਾ ਰਚ ਕੇ ਉਸ ਇਮਾਨਦਾਰ ਪੁਲਿਸ ਅਫਸਰ ਹੇਮੰਤ ਕਰਕਰੇ ਅਤੇ ਉਸਦੇ ਸਾਥੀਆਂ ਨੂੰ ਖਤਮ ਕੀਤਾ ਸੀ । ਇਹ ਤੇਰਾ ਕਸਾਬ ਪਤਾ ਕੀ ਉੱਥੋਂ ਕਿਤੋਂ ਫੜਿਆ ਗਿਆ, ਪਤਾ ਨੀ ਪਹਿਲਾਂ ਹੀ ਫੜ ਰੱਖਿਆ ਸੀ ਨੂੰ ਤਾਂ ਐਵੇਂ ਹੀ ਬਲੀ ਦਾ ਬੱਕਰਾ ਬਣਾਇਆ ਗਿਆ । ਨਾਲੇ ਫਿਰ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾੳੇੁਣ ਲਈ ਅਜਿਹਾ ਕੁੱਝ ਤਾਂ ਆਮ ਹੀ ਕੀਤਾ ਜਾਂਦਾ ਹੈ । ਮਾਤਾ ਜੀ ਕੋਈ ਇਸ ਦੇਸ਼ ਵਿੱਚ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਨੂੰ ਢਾਹ ਦੇਵੇ, ਦੇਸ਼ ਦੀ ਰਾਜਧਾਨੀ ਵਿੱਚ ਦਿਨ ਦਿਹਾੜੇ ਬੇਗੁਨਾਹ ਸਿੱਖਾਂ ਦਾ ਸ਼ਰੇਆਮ ਕਤਲੇਆਮ ਕਰ ਦੇਵੇ, ਉਨ੍ਹਾਂ ਦੀਆਂ ਜਾਇਦਾਦਾਂ, ਘਰ-ਘਾਟ ਸਾੜ ਦੇਵੇ, ਦਿਨ ਦਿਹਾੜੇ ਮੁਸਲਮਾਨਾਂ ਦੇ ਧਾਰਮਿਕ ਸਥਾਨ ਬਾਬਰੀ ਮਸਜਿਦ ਨੂੰ ਢਾਹ ਦੇਵੇ, ਗੁਜਰਾਤ ਵਿੱਚ ਸ਼ਰੇਆਮ ਬੇਗੁਨਾਹ ਮੁਸਲਮਾਨਾਂ ਦਾ ਕਤਲੇਆਮ ਕਰਕੇ ਉਨ੍ਹਾਂ ਦੇ ਘਰਾਂ ਨੂੰ ਸਾੜ ਦੇਵੇ ਤਾਂ ਇਹ ਦੇਸ਼ ਤੇ ਹਮਲਾ ਨਹੀਂ ਹੁੰਦਾ । ਇਸਨੂੰ ਤਾਂ ਇਹ ਬੜੀ ਚਲਾਕੀ ਨਾਲ ਦੰਗਿਆਂ ਦਾ ਨਾਮ ਦੇ ਦਿੰਦੇ ਹਨ । ਜਦੋਂ ਕਿ ਦੰਗੇ ਤਾਂ ਦੋ ਧਿਰਾਂ ਜਾਂ ਕੌਮਾਂ ਦੇ ਆਪਸੀ ਟਕਰਾਅ ਨੂੰ ਕਿਹਾ ਜਾਂਦਾ ਹੈ । ਪਰ ਇਹ ਤਾਂ ਇੱਕ ਧਿਰ ਵੱਲੋਂ ਦੂਜੀ ਘੱਟ ਗਿਣਤੀ ਧਿਰ ਦੇ ਲੋਕਾਂ ਦੇ ਕੀਤੇ ਕਤਲੇਆਮ ਨੂੰ ਵੀ ਦੰਗਿਆਂ ਦਾ ਨਾਮ ਦੇ ਦਿੰਦੇ ਹਨ । ਪਰ ਜਿਸ ਮੁੰਬਈ ਦੀ ਘਟਨਾ ਨੂੰ ਇਹ ਦੇਸ਼ ਤੇ ਹਮਲਾ ਕਰਾਰ ਦਿੰਦੇ ਹਨ, ਉਹ ਤਾਂ ਇੱਕ ਸ਼ਹਿਰ ਦੇ ਕੁੱਝ ਹੋਟਲਾਂ ਤੇ ਕੀਤਾ ਗਿਆ ਹਮਲਾ ਸੀ । ਕੀ ਇਹ ਹੋਟਲ ਹੀ ਪੂਰਾ ਦੇਸ਼ ਸਨ ? ਜੋ ਇਹਨਾਂ ਹੋਟਲਾਂ ਤੇ ਹਮਲਾ ਹੋਇਆ ਉਹ ਬਹੁਤ ਮਾੜਾ ਸੀ । ਪਰ ਇਹ ਮਾੜਾ ਕੀਤਾ ਕਿਸਨੇ ? ਸੁਣਨ ਵਿੱਚ ਤਾਂ ਇਹ ਆਉਂਦਾ ਹੈ ਕਿ ਇਹ ਤਾਂ ਇੱਕ ਡਰਾਮਾ ਸੀ ਇਮਾਨਦਾਰ ਪੁਲਿਸ ਅਫਸਰ ਹੇਮੰਤ ਕਰਕਰੇ ਤੇ ਉਸਦੇ ਸਾਥੀਆਂ ਨੂੰ ਖਤਮ ਕਰਨ ਦਾ । ਅੱਤਵਾਦੀਆਂ ਦੀ ਜਾਂਚ ਕਰਨ ਵਾਲੇ ਉਸ ਇਮਾਨਦਾਰ ਹੇਮੰਤ ਕਰਕਰੇ ਦੀ ਮੌਤ ਦੀ ਜਾਂਚ ਹੁਣ ਕੌਣ ਕਰੇ ? ਇੱਕ ਕੇਂਦਰੀ ਮੰਤਰੀ ਏ.ਆਰ.ਅੰਤਲੇ ਨੇ ਹੇਮੰਤ ਕਰਕਰੇ ਦੀ ਮੌਤ ਬਾਰੇ ਮਾੜ੍ਹਾ ਜਿਹਾ ਸ਼ੰਕਾ ਜਾਹਿਰ ਕੀਤਾ ਤਾਂ ਇਨ੍ਹਾਂ ਦੇਸ਼ ਭਗਤਾਂ ਨੇ ਵੱਡੀ ਪੱਧਰ ਤੇ ਸ਼ੋਰ ਪਾ ਕੇ ਉਸਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ । ਮਾਤਾ ਜੀ ਹੇਮੰਤ ਕਰਕਰੇ ਨਾਲ ਤਾਂ ਸਾਡੇ ਜਸਵੰਤ ਸਿੰਘ ਖਾਲੜਾ ਵਾਲੀ ਬਣੀ । ਇਸੇ ਤਰ੍ਹਾਂ ਖਾਲੜਾ ਜੀ ਨੇ ਅਣਪਛਾਤੇ ਕਹਿ ਕੇ ਸਿਵਿਆਂ ਵਿੱਚ ਸਾੜੇ ਸਿੱਖ ਨੌਜਵਾਨਾਂ ਦੀ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਸੀ । ਉਸਨੂੰ ਵੀ ਵਿਚਾਰੇ ਨੂੰ ਲਾਵਾਰਿਸ ਲਾਸ਼ਾਂ ਵਿੱਚ ਹੀ ਰਲਾ ਦਿੱਤਾ ਗਿਆ ਸੀ । ਮਾਤਾ ਜੀ ਤੇਰੇ ਪੁੱਤ ਦੀ ਮੌਤ ਤਾਂ ਇੱਕ ਰਿਕਾਰਡ ਬਣ ਗਈ, ਜਿਸ ਤੋਂ ਇਹ ਮੁੱਕਰ ਨਹੀਂ ਸਕਦੇ । ਖਬਰੈ ਇੱਥੇ ਕਿੰਨੇ ਕੁ ਕਸਾਬ ਮਾਰੇ ਨੇ ਜਿੰਨ੍ਹਾਂ ਦੀ ਭਾਫ ਤੱਕ ਨੀਂ ਬਾਹਰ ਨਿਕਲਦੀ । ਮਾਤਾ ਜੀ ਤੈਨੂੰ ਪਤਾ ਹੋਣੈ ਕਿ ਸਾਡੇ ਸਿੱਖਾਂ ਦੇ ਮੰੁਡਿਆਂ ਜੋ ਤੇਰੇ ਕਸਾਬ ਦੀ ਉਮਰ ਦੇ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਅਣਪਛਾਤੇ ਕਰਕੇ ਹੀ ਮਾਰ ਦਿੱਤੇ ਸਨ । ਉਨ੍ਹਾਂ ਦੀਆਂ ਮਾਵਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਪੁੱਤ ਕਿੱਥੇ ਹਨ ? ਮਰ ਗਏ ਹਨ ਜਾਂ ਜਿਉਂਦੇ ਹਨ, ਉਹ ਕਿਵੇਂ ਸਬਰ ਕਰਨ । ਮਾਤਾ ਜੀ ਤੈਨੂੰ ਪਤਾ ਤਾਂ ਲੱਗ ਗਿਆ ਕਿ ਮੇਰੇ ਪੁੱਤ ਨੂੰ ਭਾਰਤ ਦੇ ਸ਼ਹਿਰ ਪੁਣੇ ਦੀ ਯਰਵੜਾ ਜੇਲ ਵਿੱਚ ਸਵੇਰੇ 7-30 ਤੇ ਫਾਂਸੀ ਦਿੱਤੀ ਗਈ ਹੈ । ਮਾਤਾ ਜੀ ਹੌਂਸਲਾ ਰੱਖੋ ਕਦੇ ਅਕਾਲ ਪੁਰਖ/ਖੁਦਾ ਸਾਨੂੰ ਸਿੱਖਾਂ ਅਤੇ ਮੁਸਲਮਾਨਾਂ ਪਾਕਿਸਤਾਨ ਅਤੇ ਭਾਰਤ ਨੂੰ ਇਕੱਠਾ ਕਰ ਦੇਵੇ, ਅਸੀਂ ਭਰਾਵਾਂ ਵਾਂਗ ਰਹੀਏ ਅਤੇ ਬ੍ਰਾਹਮਣਵਾਦ ਦੀਆਂ ਨੀਤੀਆਂ ਨੂੰ ਸਮਝੀਏ । ਫਿਰ ਹੀ ਸਾਡਾ ਭਲਾ ਹੋ ਸਕਦਾ ਹੈ । ਨਹੀਂ ਤਾਂ ਪਤਾ ਨੀ ਇੱਥੇ ਕਿੰਨੇ ਕੁ ਜੂਨ 1984 ਦੇ ਸਾਕੇ ਨੀਲੇ ਤਾਰੇ, ਨਵੰਬਰ 1984 ਦੇ ਸਿੱਖ ਕਤਲੇਆਮ, ਦਸੰਬਰ 1992 ਦੇ ਬਾਬਰੀ ਮਸਜਿਦ ਕਾਂਡ, ਮਾਰਚ 2000 ਦੇ ਮੁਸਲਿਮ ਕਤਲੇਆਮ ਕਾਂਡ ਹੋਣਗੇ । ਪਤਾ ਨਹੀਂ ਕਿੰਨੇ ਕੁ ਭਾਈ ਹਰਜਿੰਦਰ ਸਿੰਘ ਜਿੰਦੇ, ਭਾਈ ਸੁਖਦੇਵ ਸਿੰਘ ਸੁੱਖੇ ਤੇ ਵੀਰ ਅਜਮਲ ਆਮਿਰ ਕਸਾਬ ਵਰਗੇ ਫਾਂਸੀਆਂ ਤੇ ਚੜ੍ਹਨਗੇ । ਕਿੰਨੇ ਕੁ ਸਿੱਖ ਅਤੇ ਮੁਸਲਮਾਨ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਨਗੇ, ਕਿੰਨੇ ਕੁ ਜੇਲ੍ਹਾਂ ਵਿੱਚ ਸੜਨਗੇ । ਕਿੰਨੇ ਕੁ ਦਵਿੰਦਰਪਾਲ ਸਿੰਘ ਭੁੱਲਰ, ਜਗਤਾਰ ਸਿੰਘ ਹਵਾਰੇ, ਪਰਮਜੀਤ ਸਿੰਘ ਭਿਉਰੇ, ਬਲਵੰਤ ਸਿੰਘ ਰਾਜੋਆਣੇ ਅਤੇ ਅਫਜਲ ਗੁਰੂ ਵਰਗੇ ਫਾਂਸੀ ਦੀ ਉਡੀਕ ਵਿੱਚ ਜਵਾਨੀਆਂ ਦੇ ਦਿਨ ਬਤੀਤ ਕਰਦੇ ਰਹਿਣਗੇ । ਮਾਤਾ ਜੀ ਅਸੀਂ ਤਾਂ ਬਿਲਕੁੁਲ ਹੀ ਖਤਮ ਹੋ ਰਹੇ ਹਾਂ । ਸਾਡੀ ਤਾਂ ਇਹਨਾਂ ਨੇ ਅਣਖ ਵੀ ਖਤਮ ਕਰ ਦਿੱਤੀ ਹੈ । ਮਾਤਾ ਜੀ ਤੁਹਾਡੀ ਸਤਿਕਾਰਤ ਪੁਸਤਕ ਕੁਰਾਨ ਹੈ ਤੇ ਤੁਹਾਨੂੰ ਕੁਰਾਨ ਦੇ ਲੜ ਲਾਉਣ ਵਾਲਾ ਹਜਰਤ ਮੁਹੰਮਦ ਸਾਹਿਬ ਹੈ । ਸਾਡੇ ਲਈ ਗੁਰੂ ਗ੍ਰੰਥ ਸਾਹਿਬ ਹੀ ਸਤਿਕਾਰਯੋਗ ਹਨ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਸਨ । ਜਿੰਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਜੁਲਮ ਦੇ ਵਿਰੁੱਧ ਅਤੇ ਸੱਚ ਤੋਂ ਕੁਰਬਾਨ ਕਰ ਦਿੱਤਾ ਸੀ । ਅੱਜ ਤੁਹਾਡੇ ਰਹਿਬਰ ਹਜ਼ਰਤ ਮੁਹੰਮਦ ਵੱਲ ਤਾਂ ਕੋਈ ਉਂਗਲ ਨਹੀਂ ਕਰ ਸਕਦਾ । ਨਾ ਕੋਈ ਤੁਹਾਡੀ ਕੁਰਾਨ ਦੇ ਬਰਾਬਰ ਕਿਸੇ ਹੋਰ ਪੁਸਤਕ ਨੂੰ ਸਥਾਪਿਤ ਕਰ ਸਕਿਆ ਹੈ । ਜਿਸ ਕਾਰਨ ਤੁਸੀਂ ਇੱਕ ਖੁਦਾ ਅਤੇ ਇੱਕ ਕੁਰਾਨ ਨੂੰ ਹੀ ਸਰਵੋਤਮ ਮੰਨਦੇ ਹੋ । ਇਸੇ ਲਈ ਤੁਸੀਂ ਹਿੰਦੂ ਰੀਤੀਆਂ, ਕੁਰੀਤੀਆਂ, ਨੰਗੇਜਵਾਦ ਆਦਿ ਤੋਂ ਬਚਦੇ ਹੋਏ ਆਪਣੇ ਅਸੂਲਾਂ ਤੇ ਪੱਕੇ ਹੋ । ਤੁਹਾਡੇ ਤਿਉਹਾਰ ਵੀ ਆਪਣੇ ਹੀ ਹਨ । ਪਰ ਇਹਨਾਂ ਬ੍ਰਹਾਮਣਵਾਦੀਆਂ ਨੇ ਜੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਹੈ ਉਹ ਤਾਂ ਕਿਸੇ ਘਟੀਆ ਤੋਂ ਘਟੀਆ ਕਿਰਦਾਰ ਵਾਲੇ ਬੇਇਮਾਨ ਬੰਦੇ ਨਾਲ ਵੀ ਨਹੀਂ ਹੋਣੀ । ਇਹਨਾਂ ਬਿਪਰਾਂ ਨੇ ਅਤਿ ਘਟੀਆ ਦਰਜੇ ਦੀ ਅਸ਼ਲੀਲ ਕਵਿਤਾ ਨੂੰ ਸਾਡੇ ਸਰਵੰਸ ਦਾਨੀ ਗੁਰੂ ਜੀ ਦੇ ਮੂੰਹ ਵਿੱਚ ਪਾ ਦਿੱਤਾ ਹੈ । ਹੁਣ ਇਸ ਗੰਦੇ ਗ੍ਰੰਥ (ਅਖੌਤੀ ਦਸ਼ਮ ਗ੍ਰੰਥ) ਨੂੰ ਵੱਡੇ-ਵੱਡੇ ਗੁਰਦੁਆਰਿਆਂ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ਸਾਡੇ ਕੋਲੋਂ ਉਸਨੂੰ ਮੱਥੇ ਟਿਕਵਾ ਰਹੇ ਹਨ । ਜੇ ਕੋਈ ਇਸਦੇ ਵਿਰੁੱਧ ਬੋਲਦਾ ਹੈ ਤਾਂ ਉਸਨੂੰ ਆਪਣੇ ਖਰੀਦੇ ਹੋਏ ਅਖੌਤੀ ਜਥੇਦਾਰਾਂ ਤੋਂ ਪੰਥ ਵਿੱਚੋਂ ਛਿਕਵਾ ਦਿੰਦੇ ਹਨ । ਮਾਤਾ ਜੀ ਇਸ ਗ੍ਰੰਥ ਵਿੱਚ ਬਹੁਤ ਗੰਦ ਲਿਖਿਆ ਹੋਇਆ ਹੈ ਜੋ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ । ਪਰ ਅਫਸੋਸ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਸਤਿਕਾਰ ਕਰਨ ਦੀ ਥਾਂ ਉਨ੍ਹਾਂ ਦਾ ਅਪਮਾਨ ਕਰਨ ਤੇ ਤੁਲੇ ਹੋਏ ਹਾਂ । ਜਿਹੜੀਆਂ ਹਿੰਦੂ ਰੀਤੀਆਂ, ਕੁਰੀਤੀਆਂ ਤੋਂ ਸਾਨੂੰ ਨਾਨਕ ਪਾਤਸ਼ਾਹ ਨੇ ਰੋਕਿਆ ਸੀ ਅਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਰੋਕ ਰਹੇ ਹਨ, ਅਸੀਂ ਤਾਂ ਗੁਰੂਆਂ ਦੇ ਹੁਕਮਾਂ ਨੂੰ ਲਤਾੜ ਕੇ ਸਭ ਕੁੱਝ ਹਿੰਦੂ ਮੱਤ ਅਨੁਸਾਰ ਕਰਨ ਲੱਗ ਪਏ ਹਾਂ । ਜਿਹੜੇ ਰਾਮਚੰਦਰ ਭਗਵਾਨ ਨੇ ਆਪਣੇ ਸਮੇਂ ਵਿੱਚ ਸਾਡੇ ਸ਼ੂਦਰ ਵੀਰ ਸ਼ੰਬੂਕ ਦਾ ਕਤਲ ਕੀਤਾ ਸੀ, ਜਿਹੜੇ ਰਾਮਚੰਦਰ ਦੇ ਪੈਰੋਕਾਰ ਸਾਡੇ ਅਕਾਲ ਤਖਤ ਨੂੰ ਢਾਹੁੰਦੇ ਹਨ, ਸਿੱਖਾਂ ਦਾ ਕਤਲੇਆਮ ਕਰਦੇ ਹਨ, ਸਿੱਖਾਂ ਨੂੰ ਅੱਤਵਾਦੀ ਕਹਿੰਦੇ ਹਨ, ਅਸੀਂ ਤਾਂ ਅਜੇ ਤੱਕ ਉਸ ਰਾਮ ਚੰਦਰ ਦੇ ਅਯੁੱਧਿਆ ਪਰਤਨ ਦੀ ਖੁਸ਼ੀ ਵਿੱਚ ਦੀਵਾਲੀ ਮਨਾਉਣੋ ਨਹੀਂ ਹਟੇ । ਸਾਡੇ ਕੇਂਦਰੀ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰ ਪੂਰਬਾਂ ਦੀ ਥਾਂ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਨੂੰ ਹੀ ਮਨਾਇਆ ਜਾਂਦਾ ਹੈ । ਮਾਤਾ ਜੀ ਅਸੀਂ ਤਾਂ ਮੌਤ ਨਾਲੋਂ ਭੈੜੀ ਜਿੰਦਗੀ ਜਿਉਂ ਰਹੇ ਹਾਂ । ਮਾਤਾ ਜੀ ਦਿਲ ਨਾ ਛੋਟਾ ਕਰਿਓ ਕੋਈ ਨੀ ਕਦੇ ਤਾਂ ਖੁਦਾ/ਅਕਾਲ ਪੁਰਖ ਦੀ ਕ੍ਰਿਪਾ ਸਦਕਾ ਸੱਚ ਦਾ ਸੂਰਜ ਜਰੂਰ ਚਮਕੇਗਾ ਜਿਸਦੀ ਰੌਸ਼ਨੀ ਵਿੱਚ ਇਹਨਾਂ ਕਾਤਲਾਂ ਦੇ ਚਿਹਰੇ ਸਾਫ ਚਮਕਣਗੇ । ਕੋਈ ਮਰਦ ਸੂਰਮਾ ਉੱਠੇਗਾ ਜੋ ਸਾਨੂੰ ਭੇਡਾਂ ਵਿੱਚ ਰਲੇ ਸ਼ੇਰਾਂ ਨੂੰ ਸਾਡਾ ਅਸਲਾ ਚੇਤੇ ਕਰਾ ਕੇ ਮੁੜ ਸ਼ੇਰ ਬਣਾ ਦੇਵੇਗਾ । ਫਿਰ ਹੀ ਅਸੀਂ ਭੇਡਾਂ ਤੋਂ ਅਜ਼ਾਦ ਹੋਵਾਂਗੇ । ਮਾਤਾ ਜੀ ਪੁੱਤ ਦੇ ਵਿਛੋੜੇ ਨੂੰ ਤਾਂ ਮਾਂ ਹੀ ਜਾਣ ਸਕਦੀ ਹੈ । ਮੈਂ ਤਾਂ ਤੁਹਾਡੇ ਨਾਲ ਆਪਣੀ ਮੱਤ ਅਨੁਸਾਰ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੇਰੀ ਕੌਮ ਦੀਆਂ ਮਾਵਾਂ ਦੀ ਵੀ ਤੇਰੀ ਵਾਲੀ ਹੀ ਕਹਾਣੀ ਹੈ । ਚੰਗਾ ਮਾਤਾ ਜੀ ਸਤਿ ਸ਼੍ਰੀ ਅਕਾਲ । ਖੁਦਾ ਤੁਹਾਨੂੰ ਸਲਾਮਤ ਰੱਖੇ ।
23-11-2012
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ : 94170-23911