ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦੀਵਾਲੀ, ਦਾ ਬਦਲ ਤਲਾਸ਼ਣ ਦੀ ਲੋੜ


ਦੀਵਾਲੀ ਇਕੋ ਇਕ ਅਜਿਹਾ ਤਿਉਹਾਰ ਹੈ ਜਿਸ ਨੂੰ ਮੱਧ ਭਾਰਤ ਤੋਂ ਉਤਰ ਵੱਲ ਕਈ ਸੂਬਿਆਂ ਦੇ ਲੋਕ 'ਦੌਲਤ ਦੀ ਦੇਵੀ' 'ਲਛਮੀ ਦੀ ਪੂਜਾ' ਦਿਵਸ ਵਜੋਂ ਮਨਾਉਂਦੇ ਹਨ। ਕੁਦਰਤੀ ਤੌਰ 'ਤੇ ਇਸ ਸਮੇਂ ਇਹਨਾਂ ਰਾਜਾਂ ਦਾ ਮੌਸਮ ਗਰਮੀ ਤੋਂ ਸਰਦੀ ਵੱਲ ਨੂੰ ਜਾ ਰਿਹਾ ਹੁੰਦਾ ਹੈ। ਮੌਸਮ ਦੇ ਹਿਸਾਬ ਨਾਲ ਇਸ ਸਮੇਂ ਗਰਮੀ ਖਤਮ ਹੋ ਚੁੱਕੀ ਹੁੰਦੀ ਹੈ ਜਦ ਕਿ ਸਰਦੀ ਨੇ ਅਜੇ ਜ਼ੋਰ ਨਹੀਂ ਫੜਿਆ ਹੁੰਦਾ। ਖੇਤਾਂ ਵਿਚ ਪੱਕੀਆਂ ਫਸਲਾਂ ਦੀ ਵਿਕਰੀ ਹੋ ਜਾਣ ਕਰਕੇ ਕਿਸਾਨ ਪਰਿਵਾਰਾਂ ਕੋਲ ਕੁਝ ਪੈਸਾ ਹੋਣ ਕਾਰਨ ਵੀ ਇਸ ਤਿਉਹਾਰ ਨੂੰ ਮਨਾਉਣ ਸਮੇਂ ਉਤਸ਼ਾਹ ਵਿਚ ਵਾਧਾ ਹੁੰਦਾ ਹੈ। ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਣ ਵਾਲੇ ਰਾਜਾਂ ਵਿਚ ਹੀ ਪੰਜਾਬ ਸ਼ਾਮਲ ਹੈ।
ਪੰਜਾਬ ਦੇ ਲੋਕਾਂ ਵਿਚ ਵੱਡੀ ਗਿਣਤੀ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਮੰਨਣ ਵਾਲੇ ਸਿੱਖ ਲੋਕ ਵੀ ਸ਼ਾਮਲ ਹਨ ਜਿਹੜੇ ਆਪਣੇ ਧਾਰਮਿਕ ਸਿਧਾਂਤਾਂ ਅਨੁਸਾਰ ਸਿਰਫ਼ ਇਕ ਅਕਾਲ ਪੁਰਖ ਨੂੰ ਮੰਨਣ ਵਾਲੇ ਲੋਕ ਹਨ। ਇਸ ਧਰਮ ਵਿਚ ਕਿਸੇ ਵੀ ਦੇਵੀ ਦੇਵਤੇ ਜਾਂ ਪੂਜਾ ਅਰਜਾ ਦੀ ਸਖ਼ਤ ਮਨਾਹੀ ਹੈ। ਇਸ ਸਮੇਂ ਦੇਸ਼ ਦੇ ਬਹੁਗਿਣਤੀ ਲੋਕਾਂ ਦੇ ਪ੍ਰਭਾਵ ਸਦਕਾ ਸਿੱਖਾਂ ਵਿਚ ਵੀ 'ਲਛਮੀ ਪੂਜਾ' ਦਾ ਪਸਾਰ ਹੋ ਰਿਹਾ ਹੈ। ਸਿੱਖ ਆਗੂਆਂ ਨੇ ਕਿਸੇ ਸਮੇਂ ਸਿੱਖਾਂ ਨੂੰ ਪੰਥ ਦੇ ਮਾਮਲਿਆਂ ਨੂੰ ਇਕੱਠੇ ਹੋ ਕੇ ਵਿਚਾਰਨ ਲਈ ਦੀਵਾਲੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਵੱਡਾ ਇਕੱਠ ਕਰਕੇ ਵਿਚਾਰਨ ਦੀ ਰੀਤ ਚਾਲੂ ਕੀਤੀ ਸੀ। ਭਾਵੇਂ ਇਥੇ ਹੁੰਦੇ ਇਕੱਠ ਦਾ ਮਕਸਦ ਸਿੱਖ ਕੌਮ ਦੀ ਬਿਹਤਰੀ ਹੀ ਸੀ ਪਰ ਸਮੇਂ ਦੇ ਬੀਤਣ ਨਾ ਇਸ ਪੰਥਕ ਇਕੱਠਾਂ 'ਤੇ ਵੀ ਦੀਵਾਲੀ ਦਾ ਅਸਰ ਪੈਣਾ ਸ਼ੁਰੂ ਹੋ ਗਿਆ। ਪੰਥਕ ਵਿਚਾਰਾਂ ਦੀ ਥਾਂ ਲੋਕ ਇਥੇ ਦੀਵਾਲੀ ਮਨਾਉਣ ਲਈ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ। ਬਾਕੀ ਦੇਸ਼ ਦੀ ਗਤੀਵਿਧੀਆਂ ਵਾਂਗੂ ਇਥੇ ਦੀਵੇ ਜਗਾਉਣ ਅਤੇ ਪਟਾਕੇ ਚਲਾਉਣ ਦੀ ਰੀਤ ਸ਼ੁਰੂ ਹੋ ਗਈ। ਸੰਭਵ ਹੈ ਕਿ ਇਸ ਸਮੇਂ ਹੀ ਸਿੱਖ ਆਗੂਆਂ ਨੇ ਸਿੱਖਾਂ ਉਤੇ ਦੀਵਾਲੀ ਦਾ ਪ੍ਰਭਾਵ ਬਦਲਣ ਲਈ ਦੀਵਾਲੀ ਵਾਲੇ ਦਿਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ 52 ਰਾਜਿਆਂ ਨੂੰ ਛੁਡਾ ਕੇ ਅੰਮ੍ਰਿਤਸਰ ਆਉਣ ਵਾਲੀ ਕਹਾਣੀ ਨਾਲ ਜੋੜਿਆ ਹੋਵੇਗਾ। ਇਸ ਤਿਉਹਾਰ ਨੂੰ ਲਛਮੀ ਪੂਜਾ ਦੀ ਥਾਂ ਬੰਦੀ ਛੋੜ ਦਿਵਸ ਵਜੋਂ ਮਨਾਉਣ ਦੀ ਰੀਤ ਸ਼ੁਰੂ ਕੀਤੀ ਹੋਵੇਗੀ। (ਹੁਣ ਸਿੱਖ ਵਿਦਵਾਨ ਕੈਲੰਡਰ ਦੀ ਮਦਦ ਨਾਲ ਸਿੱਧ ਕਰ ਚੁੱਕੇ ਹਨ ਕਿ ਦੀਵਾਲੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਗਵਾਲੀਅਰ ਦੇ ਕਿਲੇ ਵਿਚੋਂ ਆਉਣ ਨਾਲ ਕੋਈ ਸਬੰਧ ਨਹੀਂ ਹੈ।)  ਸਿੱਖਾਂ ਵਿਚ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਣ ਦੇ ਪਿੱਛੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਇਹ ਗੱਲ ਸਾਫ਼ ਹੈ ਕਿ ਇਸ ਵੇਲੇ ਸਿੱਖ ਵੀ ਦੀਵਾਲੀ ਨੂੰ ਹਿੰਦੂ ਲੋਕਾਂ ਦੀ ਤਰ੍ਹਾਂ 'ਦੇਵੀ ਪੂਜਾ' ਵਜੋਂ ਮਨਾਉਣਾ ਸ਼ੁਰੂ ਕਰ ਰਹੇ ਹਨ। ਇਸ ਦਿਨ ਘਰਾਂ ਵਿਚ ਕੀਤੀ ਜਾਂਦੀ ਦੀਪਮਾਲਾ, ਪਟਾਕੇ ਚਲਾਉਣ, ਹੱਟੜੀ (ਘਰੂੰਡੀ) ਸਜਾਉਣ, ਕੰਜਕਾਂ ਨੂੰ ਵੱਡ-ਵਡੇਰਿਆਂ ਦੇ ਨਾਮ 'ਤੇ ਰੋਟੀ ਖਵਾਉਣ ਅਤੇ ਮੜੀਆਂ ਦੇ ਪੂਜਾ ਕਰਨ ਦੀਆਂ ਸਾਰੀਆਂ ਰੀਤਾਂ ਨੇ ਸਿੱਖ ਘਰਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ। ਇਸ ਸਮੇਂ ਦੇਵੀ ਪੂਜਾ ਦਾ ਇਹ ਤਿਉਹਾਰ ਸਿੱਖ ਸਭਿਅਤਾ ਨੂੰ ਖੋਰਾ ਲਾ ਕੇ ਇਸ ਦੀ ਵਿਲੱਖਣਤਾ ਨੂੰ ਖਤਮ ਕਰਨ ਵੱਲ ਵਧ ਰਿਹਾ ਹੈ। ਭਾਈਚਾਰਕ ਤੌਰ 'ਤੇ ਸਿੱਖਾਂ ਨੂੰ ਦੀਵਾਲੀ ਦਾ ਤਿਉਹਾਰ ਹਿੰਦੂ ਧਰਮ ਦੇ ਲੋਕਾਂ ਨਾਲ ਮਿਲ ਕੇ ਮਨਾਉਣ ਵਿਚ ਕੋਈ ਮੁਸ਼ਕਲ ਵੀ ਨਹੀਂ ਹੈ ਪਰ ਜਦੋਂ ਧਾਰਮਿਕ ਪੱਧਰ 'ਤੇ ਹਿੰਦੂ ਰਹੁ ਰੀਤਾਂ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਨੂੰ ਖਤਮ ਕਰਨ ਵੱਲ ਵਧ ਰਹੀਆਂ ਹੋਣ ਤਾਂ ਆਪਦੇ ਸਿਧਾਂਤਾਂ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਸ ਲਈ ਹੁਣ ਇਹ ਸੋਚਣ ਦਾ ਸਮਾਂ ਆ ਗਿਆ ਹੈ ਕਿ ਸਿੱਖ ਬੁੱਧੀਜੀਵੀ ਵਰਗ ਇਸ ਸਮੱਸਿਆ ਤੋਂ ਆਪਣੀ ਕੌਮ ਨੂੰ ਬਚਾਉਣ ਲਈ ਕੀ ਉਪਰਾਲੇ ਕਰੇ?
ਜਿਸ ਤਰ੍ਹਾਂ ਸ਼ੁਰੂ ਵਿਚ ਗੱਲ ਕੀਤੀ ਗਈ ਸੀ ਕਿ ਦੀਵਾਲੀ ਦੇ ਤਿਉਹਾਰ ਨੂੰ ਸਫਲ ਕਰਨ ਵਿਚ ਮੌਸਮ ਅਤੇ ਆਰਥਿਕਤਾ ਦਾ ਸਬੰਧ ਵੀ ਅਸਰ ਰੱਖਦਾ ਹੈ ਇਸ ਲਈ ਸਿੱਖਾਂ ਵਿਚ ਦੀਵਾਲੀ ਦੇ ਬਦਲ ਨੂੰ ਉਹ ਤੌਰ ਤਰੀਕੇ ਹੀ ਕਾਮਯਾਬ ਹੋ ਸਕਦੇ ਹਨ ਜਿਹੜੇ ਦੀਵਾਲੀ ਨਾਲ ਭੂਗੋਲਿਕ ਤੌਰ 'ਤੇ ਇਕੋ ਜਿਹੇ ਹੋਣ। ਪਿਛਲੇ ਕੁਝ ਸਮੇਂ ਤੋਂ ਸਿੱਖਾਂ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਹੜਾ ਕਿ ਕਈ ਪੱਖਾਂ ਤੋਂ ਦੀਵਾਲੀ ਦਾ ਬਦਲ ਹੋ ਸਕਦਾ ਹੈ। ਇਸੇ ਤਰ੍ਹਾਂ ਵਿਸਾਖੀ ਦਾ ਤਿਉਹਾਰ, ਗੁਰੂ ਅਰਜਨ ਸਾਹਿਬ ਜੀ ਸਮੇਤ ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ, ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਅਤੇ ਜੋਤੀ ਜੋਤ ਦਿਵਸ ਅਤੇ ਹੋਰ ਅਨੇਕਾਂ ਗੁਰਪੁਰਬਾਂ ਵਿਚੋਂ ਸਾਨੂੰ ਕੋਈ ਅਜਿਹਾ ਦਿਨ ਨਿਸਚਿਤ ਕਰਨਾ ਪਵੇਗਾ ਜਿਹੜਾ ਕਿ ਸਿੱਖ ਜਗਤ ਸਮੁੱਚੇ ਰੂਪ ਵਿਚ ਮਨਾ ਕੇ ਆਪਣੀ ਮਾਨਸਿਕ ਤਸੱਲੀ ਕਰ ਸਕੇ। ਸਿੱਖ ਕੌਮ ਅਜਿਹੇ ਸਿੱਖ ਦਿਹਾੜੇ ਮਨਾਉਣ ਸਮੇਂ ਬੱਚਿਆਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖੇ। ਕੋਈ ਅਜਿਹੇ ਬਦਲ ਸੋਚੇ ਜਿਸ ਨਾਲ ਦੀਵਾਲੀ ਵਰਗੇ ਪਟਾਕੇ ਚਲਾਉਣ ਦੀ ਰੀਤ ਨੂੰ ਰੋਕ ਕੇ ਉਹ ਹੱਸਣ ਖੇਡਣ ਦਾ ਖੂਬ ਆਨੰਦ ਮਾਨਣ।
ਜਿਸ ਤਰ੍ਹਾਂ ਮੁਸਲਮਾਨਾਂ ਵਿਚ ਈਦ, ਬਕਰੀਦ, ਈਸਾਈਆਂ ਵਿਚ ਕ੍ਰਿਸਮਿਸ ਅਤੇ ਹਿੰਦੂਆਂ ਵਿਚ ਦੀਵਾਲੀ ਸਰਬ ਸਾਂਝੇ ਵੱਡੀ ਪੱਧਰ 'ਤੇ ਮਨਾਏ ਜਾਣ ਵਾਲੇ ਤਿਉਹਾਰ ਹਨ ਇਸੇ ਤਰ੍ਹਾਂ ਸਿੱਖਾਂ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਵਿਸਾਖੀ ਨੂੰ ਉਤਸ਼ਾਹ ਜਨਕ ਤਿਉਹਾਰ ਦੇ ਰੂਪ ਵਿਚ ਮਨਾਉਣ ਦੀ ਰੀਤ ਚਾਲੂ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਕਿਸੇ ਹੋਰ ਧਰਮ ਦੇ ਤਿਉਹਾਰ ਦੀ ਉਡੀਕ ਨਾ ਕਰੀਏ। ਸਿੱਖਾਂ ਵਿਚ ਕਿਹੜਾ ਦਿਨ ਤਿਉਹਾਰ ਕਿਸ ਢੰਗ ਨਾਲ ਮਨਾਇਆ ਜਾਵੇ ਜੋ ਕਿ ਪੂਰੀ ਤਰ੍ਹਾਂ ਕੌਮ ਵਿਚ ਛਾ ਜਾਵੇ ਅਤੇ ਇਹ ਕਿਸੇ ਢੰਗ ਨਾਲ ਮਨਾਇਆ ਜਾਵੇ ਇਸ ਦਾ ਫੈਸਲਾ ਕੌਮੀ ਆਗੂ ਛੇਤੀ ਤੋਂ ਛੇਤੀ ਕਰਨ।