ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਨਸਲਕੁਸ਼ੀ ਲਈ ਤਿੰਨ ਦਹਾਕਿਆਂ ਤੋਂ ਇਨਸਾਫ਼ ਕਿਉਂ ਨਹੀਂ ਮਿਲਿਆ?


ਕਿਉਂਕੇ ਕਾਤਲ ਅਤੇ ਇਨਸਾਫ਼ ਦੇਣ ਵਾਲੇ ਦੀ ਭਾਵਨਾ ਇਕੋ ਹੀ ਹੈ
ਨਵੰਬਰ 1984 ਦੇ ਸਿੱਖ ਕਤਲੇਆਮ ਦਾ ਕਾਰਨ ਭਾਵੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਕਿਹਾ ਜਾਂਦਾ ਹੈ ਪਰ ਇਹ ਪੂਰਾ ਸੱਚ ਨਹੀਂ ਕਿਹਾ ਜਾ ਸਕਦਾ। ਜੇ ਇਸ ਦਾ ਕਾਰਨ ਸਿਰਫ਼ ਤੇ ਸਿਰਫ਼ ਇੰਦਰਾ ਗਾਂਧੀ ਦੀ ਮੌਤ ਹੀ ਹੁੰਦਾ ਤਾਂ ਇਸ ਦੇ ਤੌਰ ਤਰੀਕੇ ਅਤੇ ਢੰਗ ਹੋਰ ਹੋਣੇ ਸਨ। ਹਾਂ ਇਹ ਗੱਲ ਸੱਚ ਹੈ ਕਿ ਦੇਸ਼ ਦੀ ਰਾਸ਼ਟਰਵਾਦੀ ਸੋਚ ਨੂੰ ਇਕ ਫੌਰੀ ਮੌਕਾ ਮਿਲ ਗਿਆ ਸੀ ਕਿ ਉਹ ਇਸ ਕਤਲ ਦੀ ਆੜ ਵਿਚ ਆਪਣੀ ਸਦੀਆਂ ਪੁਰਾਣੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦਾ ਕਾਰਨ ਮੰਨ ਕੇ ਚੱਲਣ। ਦੇਸ਼ ਭਰ ਵਿਚ ਜਿਨ੍ਹਾਂ ਥਾਵਾਂ 'ਤੇ ਸਮੂਹਿਕ ਸਿੱਖ ਕਤਲੇਆਮ ਹੋਇਆ, ਸਿੱਖ ਬੀਬੀਆਂ ਦੀ ਬੇਪਤੀ ਅਤੇ ਆਰਥਿਕ ਪੂੰਜੀ ਦੀ ਤਬਾਹੀ ਕੀਤੀ ਗਈ ਉਹਨਾਂ ਵਿਚ ਬਹੁਤੇ ਸਿੱਖ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ। ਇਹਨਾਂ ਵਿਚੋਂ ਬਹੁਤੇ ਤਾਂ ਗਰਮਦਲੀ ਸਿੱਖਾਂ ਦਾ ਵਿਰੋਧ ਵੀ ਕਰਦੇ ਸਨ। ਇਹ ਵੀ ਸਭ ਸਿੱਖ ਪਰਿਵਾਰ 'ਸਿੱਖ ਨਸਲਕੁਸ਼ੀ ਲਹਿਰ' ਦੇ ਲਪੇਟੇ ਵਿਚ ਆ ਗਏ। ਸਿੱਖਾਂ ਵਿਰੁੱਧ ਇਸ ਵਿਆਪਕ ਹਮਲੇ ਵਿਚ ਹਮਲਾ ਕਰਨ ਵਾਲੇ ਸਿਰਫ਼ ਹਿੰਦੂਵਾਦੀ ਲੋਕ ਸਨ ਜਦਕਿ ਹਮਲੇ ਦਾ ਸ਼ਿਕਾਰ ਹੋਣ ਵਾਲੇ ਇਕੱਲੇ ਸਿੱਖ ਹੀ ਸਨ। ਦੇਸ਼ ਦੀ ਮਾਰੀ ਗਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਕੱਲੇ ਹਿੰਦੂਆਂ ਨੂੰ ਹੀ ਹਰਮਨਪਿਆਰੀ ਨਹੀਂ ਸੀ। ਭਾਰਤ ਦੇਸ਼ ਵਿਚ ਹਿੰਦੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਮਾਨਾਂ, ਈਸਾਈਆਂ ਅਤੇ ਹੋਰ ਛੋਟੀਆਂ ਕੌਮਾਂ ਵੀ ਵਸਦੀਆਂ ਹਨ। ਇਹਨਾਂ ਕੌਮਾਂ ਵਿਚੋਂ ਕਿਸੇ ਇਕ ਨੇ ਵੀ ਸਿੱਖਾਂ ਨੂੰ ਤਬਾਹ ਕਰਨ ਲਈ ਬੁਰਾ ਨਹੀਂ ਚਿਤਵਿਆ ਅਤੇ ਨਾ ਹੀ ਸਿੱਖ ਕਤਲੇਆਮ ਵਿਚ ਸਿੱਖਾਂ ਦਾ ਕੋਈ ਨੁਕਸਾਨ ਕੀਤਾ। ਜੇ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਦਾ ਦੁੱਖ ਸਿਰਫ਼ ਹਿੰਦੂਤਵ ਨੂੰ ਹੀ ਹੋਇਆ ਸੀ ਤਾਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਹ ਬਹੁਕੌਮੀ ਦੇਸ਼ ਦੀ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਸਿਰਫ਼ ਹਿੰਦੂਤਵੀ ਲੋਕਾਂ ਦੀ ਹੀ ਨੁਮਾਇੰਦਾ ਆਗੂ ਸੀ। ਬਹੁਕੌਮੀ ਦੇਸ਼ਾਂ ਦੇ ਸਾਂਝੇ ਸਭਿਆਚਾਰ ਦੇ ਮੁੱਖ ਨੇਤਾਵਾਂ ਦਾ ਫਿਰਕਾਪ੍ਰਸਤ ਹੋਣਾ ਕਦੇ ਵੀ ਦੇਸ਼ ਦੀ ਰਾਸ਼ਟਰੀ ਭਾਵਨਾ ਨੂੰ ਪੱਕਾ ਨਹੀਂ ਕਰ ਸਕਦਾ ਪਰ ਜਦੋਂ ਇਹ ਵਰਤਾਰਾ ਕਿਸੇ ਖਾਸ ਸਭਿਅਤਾ ਨੂੰ ਖਤਮ ਕਰਨ ਅਤੇ ਇਕ ਸਭਿਅਤਾ ਨੂੰ ਵਿਕਸਤ ਕਰਨ ਵੱਲ ਹੀ ਕੇਂਦਰਿਤ ਹੋ ਗਿਆ ਹੋਵੇ ਤਾਂ ਆਪਣੇ ਖਾਤਮੇ ਨੂੰ ਮਹਿਸੂਸ ਕਰ ਰਹੀਆਂ ਕੌਮਾਂ ਦਾ ਦੇਸ਼ ਪ੍ਰਤੀ ਨਜ਼ਰੀਆ ਬਦਲ ਜਾਣਾ ਸੁਭਾਵਿਕ ਕੁਦਰਤੀ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਮਾਰੇ ਗਏ ਸਿੱਖਾਂ ਦਾ ਸਿਰਫ਼ ਤੇ ਸਿਰਫ਼ ਕਸੂਰ ਇਹ ਮੰਨਿਆ ਗਿਆ ਕਿ ਉਹਨਾਂ ਦਾ ਜਨਮ ਸਿੱਖ ਧਰਮ ਨੂੰ ਮੰਨਣ ਵਾਲੇ ਪਰਿਵਾਰ ਵਿਚ ਕਿਉਂ ਹੋਇਆ ਹੈ? ਇਹ ਕਿ ਉਹ ਧਰਮ ਸਾਡੇ ਸਦੀਆਂ ਪੁਰਾਣੇ ਯਤਨਾਂ ਦੇ ਬਾਵਜੂਦ ਵੀ ਆਪਣੀ ਵਿਲੱਖਣ ਪਛਾਣ ਕਾਇਮ ਰੱਖ ਕੇ ਕਿਉਂ ਤੁਰ ਰਿਹਾ ਹੈ। ਇਸ ਲਈ ਹੁਣ ਮੌਕਾ ਹੈ ਕਿ ਇਕ ਵੱਡੀ ਵਾਰਦਾਤ ਦੀ ਆੜ ਵਿਚ ਸਿੱਖ ਸਭਿਅਤਾ ਨੂੰ ਇਸ ਹੱਦ ਤੱਕ ਫਨਾਅ ਕਰ ਦਿੱਤਾ ਜਾਵੇ ਕਿ ਉਹਨਾਂ ਦਾ ਜਾਂ ਤਾਂ ਪੂਰੀ ਤਰ੍ਹਾਂ ਖਾਤਮਾ ਹੋ ਜਾਵੇ ਅਤੇ ਜਾਂ ਫਿਰ ਬਚ ਕੇ ਰਹੇ ਸਿੱਖਾਂ ਦੇ ਮਨ ਵਿਚ ਇੰਨੀ ਹੀਣਭਾਵਨਾ ਪੈਦਾ ਹੋ ਜਾਵੇ ਕਿ ਉਹ ਆਪ ਹੀ ਸਿੱਖ ਧਰਮ ਵਿਚ ਜਨਮ ਲੈਣਾ ਵੀ ਗੁਨਾਹ ਮੰਨਣ ਲੱਗ ਜਾਣ।
ਇਸ ਵੇਲੇ ਜਦੋਂ ਦੁਨੀਆਂ ਭਰ ਦੇ ਸਿੱਖ ਸਾਂਝੀ ਆਵਾਜ਼ ਬੁਲੰਦ ਕਰਕੇ ਸਿੱਖ ਨਸਲਕੁਸ਼ੀ ਦਾ ਇਨਸਾਫ਼ ਲੈਣ ਦੀ ਮੰਗ ਕਰ ਰਹੇ ਹਨ ਤਾਂ 1984 ਵਾਲਾ ਹਿੰਦੂਤਵੀ ਭਾਵਨਾ ਵਾਲਾ ਉਹ ਹੀ ਸਵਾਲ ਫਿਰ ਖੜ੍ਹਾ ਹੋ ਜਾਂਦਾ ਹੈ ਜਿਸ ਤਹਿਤ ਉਸ ਵੇਲੇ ਸਿੱਖਾਂ ਨੂੰ ਤਬਾਹ ਕਰਨ ਦੀ ਵਿਆਪਕ ਯੋਜਨਾਬੰਦੀ ਕੀਤੀ ਗਈ ਸੀ। ਇਨਸਾਫ਼ ਦੇਣ ਲਈ ਤਿੰਨ ਦਹਾਕਿਆਂ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ ਅਤੇ ਨਾ ਹੀ ਕੋਈ ਅਜਿਹੇ ਹਾਲਾਤ ਹੀ ਹੁੰਦੇ ਹਨ ਜਿਹੜੇ ਕਿਸੇ ਕਿਸਮ ਨਾਲ ਇਨਸਾਫ਼ ਦੇ ਰਾਹ ਵਿਚ ਲੰਮਾਂ ਸਮਾਂ ਰੋੜਾ ਬਣ ਕੇ ਅਟਕ ਗਏ ਹੋਣ। ਇਨਸਾਫ਼ ਨਾ ਮਿਲਣ ਦਾ ਇਕੋ ਇਕ ਕਾਰਨ ਉਹ ਹੀ ਭਾਰਤ ਨੂੰ ਹਿੰਦੂਤਵ ਦੇਸ਼ ਵਜੋਂ ਵਿਕਸਤ ਕਰਨ ਦੀ ਭਾਵਨਾ ਹੈ ਜਿਹੜੀ ਸਿੱਖ ਕਤਲੇਆਮ ਸਮੇਂ ਵੀ ਜ਼ਿੰਮੇਵਾਰ ਸੀ। ਜਦੋਂ ਕਤਲ ਕਰਨ ਅਤੇ ਇਨਸਾ ਦੇਣ ਵਾਲਿਆਂ ਦੀ ਭਾਵਨਾ ਇਕ ਹੋਵੇ ਤਾਂ ਇਨਸਾਫ਼ ਮੰਗਣ ਵਾਲੇ ਦੀ ਦਸ਼ਾ ਹਮੇਸ਼ਾ ਤਰਸਯੋਗ ਹੋ ਕੇ ਰਹਿ ਜਾਂਦੀ ਹੈ। ਸਿੱਖਾਂ ਨਾਲ ਵੀ ਹੁਣ ਤੱਕ ਇਹੀ ਕੁਝ ਹੋ ਰਿਹਾ ਹੈ। ਸਰਕਾਰ ਵੱਲੋਂ ਇਸ ਕਤਲੇਆਮ ਵਿਚ ਆਪਣੇ ਤੌਰ 'ਤੇ ਅਠਾਈ ਸਾਲਾਂ ਵਿਚ ਇੰਨਾ ਕੁ ਕੰਮ ਹੀ ਕੀਤਾ ਗਿਆ ਹੈ ਜਿੰਨਾ ਸਿਰਫ਼ ਅਠਾਈ ਦਿਨਾਂ ਦੇ ਸਮੇਂ 'ਚ ਹੀ ਹੋ ਸਕਦਾ ਹੈ। ਜਦੋਂ ਤੱਕ ਇਹਨਾਂ ਕੇਸਾਂ ਨੇ ਕਿਸੇ ਕਿਨਾਰੇ ਲੱਗਣਾ ਹੈ ਉਸ ਸਮੇਂ ਤੱਕ ਨਾ ਤਾਂ ਕਾਤਲਾਂ ਨੇ ਇਸ ਧਰਤੀ 'ਤੇ ਹੋਣਾ ਹੈ ਅਤੇ ਨਾ ਹੀ ਪੀੜਤ ਲੋਕਾਂ ਨੇ ਹੀ ਇਨਸਾਫ਼ ਦੇ ਫੈਸਲੇ ਆਪਣੇ ਕੰਨਾਂ ਨਾਲ ਸੁਣਨੇ ਹਨ ਸਿਰਫ਼ ਮਰ ਚੁੱਕੇ ਲੋਕਾਂ ਨੂੰ ਹੀ ਸਜ਼ਾਵਾਂ ਹੋ ਸਕਦੀਆਂ ਹਨ। ਇਸ ਵੇਲੇ ਜ਼ਰੂਰੀ ਹੋ ਗਿਆ ਹੈ ਕਿ ਸਭ ਸਿੱਖ ਭਾਰਤੀ ਨਿਆਂ ਪ੍ਰਣਾਲੀ ਉਤੇ ਇਨਸਾਫ਼ ਦੀ ਆਸ ਛੱਡ ਕੇ ਅੰਤਰਰਾਸ਼ਟਰੀ ਅਦਾਲਤਾਂ ਵੱਲ ਨੂੰ ਮੂੰਹ ਕਰੇ। ਅਜਿਹਾ ਕਰਦੇ ਸਮੇਂ ਸਿੱਖਾਂ ਦੇ ਇਸ ਵੇਲੇ ਦੇ ਰਾਜਨੀਤਕ ਅਤੇ ਧਾਰਮਿਕ ਆਗੂਆਂ 'ਤੇ ਟੇਕ ਰੱਖਣੀ ਵੀ ਗਲਤ ਗੱਲ ਹੋਵੇਗੀ। ਜ਼ਰੂਰੀ ਹੈ ਕਿ ਦੇਸ਼-ਵਿਦੇਸ਼ ਵਿਚ ਵਸਦੇ ਸਿੱਖ ਸਾਂਝੇ ਤੌਰ 'ਤੇ ਇਕ ਨਵੀਂ ਜਥੇਬੰਦੀ ਦਾ ਗਠਨ ਕਰਨ ਜਿਹੜੀ ਹਰ ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਦੇ ਪ੍ਰਭਾਵ ਤੋਂ ਮੁਕਤ ਹੋਵੇ। ਇਸ ਨਵੀਂ ਗਠਤ ਜਥੇਬੰਦੀ ਦਾ ਇਕੋ ਇਕ ਮਕਸਦ ਸਿੱਖ ਨਸਲਕੁਸ਼ੀ ਦਾ ਇਨਸਾਫ਼ ਲੈਣਾ ਹੀ ਹੋਵੇ। ਅੰਤਰਰਾਸ਼ਟਰੀ ਅਦਾਲਤਾਂ ਵਿਚ ਸਿੱਖਾਂ ਦਾ ਇਹ ਕੇਸ ਪੂਰੀ ਤਰ੍ਹਾਂ ਮਜ਼ਬੂਤ ਹੈ ਜਿਸ ਵਿਚ ਨਾ ਹੀ ਸਬੂਤਾਂ ਦੀ ਘਾਟ ਹੈ ਨਾ ਹੀ ਗਵਾਹੀਆਂ ਦੀ, ਸਿਰਫ਼ ਸਿੱਖਾਂ ਨੂੰ ਸਾਂਝਾ ਮੁਹਾਜ਼ ਖੜ੍ਹਾ ਕਰਨ ਦੀ ਲੋੜ ਹੈ।