ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਨਸਲਕੁਸ਼ੀ ਦੀ 28ਵੀਂ ਵਰ੍ਹੇਗੰਢ: ਅਠਾਈ ਸਾਲਾਂ ਦਾ ਤਜ਼ਰਬਾ ਸਿੱਖਾਂ ਨੂੰ ਕੀ ਦੱਸਦਾ ਹੈ


ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨੂੰ ਅਠਾਈ ਸਾਲ ਬੀਤ ਚੁੱਕੇ ਹਨ। ਸਾਰੇ ਯਤਨਾਂ ਦੇ ਬਾਵਜੂਦ ਵੀ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲ ਸਕਿਆ। ਕਿਸੇ ਲੋਕਤੰਤਰ ਦੇਸ਼ ਵਿਚ ਜਿਹੜਾ ਇਨਸਾਫ਼ ਅਠਾਈ ਦਿਨਾਂ ਤੋਂ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਉਸ ਲਈ ਤਿੰਨ ਦਹਾਕਿਆਂ ਦਾ ਸਮਾਂ ਲੱਗ ਕੇ ਵੀ ਗੱਲ ਅਜੇ ਉਥੇ ਹੀ ਖੜ੍ਹੀ ਹੈ। ਰਾਸ਼ਟਰਵਾਦ ਨੂੰ ਪ੍ਰਣਾਏ ਸਿੱਖਾਂ ਨੂੰ ਅਜੇ ਵੀ ਉਮੀਦ ਹੈ ਕਿ ਉਹਨਾਂ ਨੂੰ ਅਦਾਲਤਾਂ ਵੱਲੋਂ ਇਨਸਾਫ਼ ਜ਼ਰੂਰ ਮਿਲੇਗਾ। ਇਨਸਾਫ਼ ਮਿਲਣ ਦੀ ਇਹ ਉਡੀਕ ਸਿੱਖਾਂ ਦਾ ਬੌਧਿਕ ਨੁਕਸਾਨ ਕਰ ਰਹੀ ਹੈ। ਇਸ ਵੇਲੇ ਚਾਹੀਦਾ ਇਹ ਹੈ ਕਿ ਸਿੱਖ ਕੌਮ ਦਾ ਬੁੱਧੀਜੀਵੀ ਵਰਗ 'ਸਿੱਖ ਨਸਲਕੁਸ਼ੀ' ਲਈ ਸਿੱਖਾਂ ਦੇ ਸ਼ਿਕਾਰ ਹੋ ਜਾਣ, ਭਾਰਤੀ ਮਨੋਵਿਰਤੀ ਦਾ ਵਿਸ਼ਲੇਸਨ ਕਰਨ ਵਿਚ ਜੁੱਟ ਜਾਵੇ ਪਰ 'ਇਨਸਾਫ਼ ਦੀ ਉਡੀਕ' ਸਾਨੂੰ ਅਜੇ ਅਜਿਹੀ ਸੋਚ ਵੱਲ ਪਰਤਨ ਦੇ ਰਾਹ ਚਿ ਰੁਕਾਵਟ ਬਣੀ ਹੋਈ ਹੈ। ਅਸੀਂ ਪਿਛਲੇ ਸਾਲ ਵੀ ਇਹ ਹੀ ਕਿਹਾ ਸੀ ਕਿ ਜਦੋਂ ਭਾਰਤੀ ਖਾਸਾ ਅਦਾਲਤਾਂ ਰਾਹੀਂ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਰਿਹਾ ਤਾਂ ਕਿਉਂ ਨਾ ਇਸ ਨਸਲਕੁਸ਼ੀ ਨਾਲ ਸਬੰਧਿਤ ਸਾਰੇ ਕੇਸ ਅਦਾਲਤਾਂ ਵਿਚੋਂ ਵਾਪਸ ਹੀ ਲੈ ਲਏ ਜਾਣ? ਇਸ ਤਰ੍ਹਾਂ ਕਰਨ ਨਾਲ ਜਿੱਥੇ ਦੁਨੀਆਂ ਭਰ ਵਿਚ ਸਿੱਖ ਆਪਣੀ ਹੋਣੀ ਦਾ ਸੰਦੇਸ਼ ਦੇ ਸਕਣਗੇ ਉਥੇ ਪੋਟਾ-ਪੋਟਾ ਦੁਖੀ ਹੋਏ ਪੀੜਤ ਸਿੱਖ ਅਦਾਲਤਾਂ ਵਿਚ ਖੱਜਲ-ਖੁਆਰ ਹੋਣ ਤੋਂ ਵੀ ਬਚ ਜਾਣਗੇ।
ਇਸ ਨਸਲਘਾਤ ਵਿਚ ਸਿੱਖ ਜਿਸ ਸੀ.ਬੀ.ਆਈ. ਜਾਂ ਭਾਰਤੀ ਅਦਾਲਤਾਂ ਤੋਂ ਇਨਸਾਫ਼ ਦੀ ਮੰਗ ਕਰਨ ਲੱਗੇ ਹੋਏ ਹਨ ਉਸ ਦਾ ਅਸਲੀ ਮੁਹਾਂਦਰਾ ਹੁਣ ਨਕਾਬ ਤੋਂ ਬਾਹਰ ਆ ਚੁੱਕਿਆ ਹੈ। ਨਾਨਾਵਤੀ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਅੱਖੋਂ ਉਹਲੇ ਕਰਕੇ ਵਾਰ-ਵਾਰ ਜਾਂਚ ਦੀ ਆੜ ਹੇਠ ਇਕੱਲੇ-ਇਕੱਲੇ ਕਰਕੇ ਤਕਰੀਬਨ ਸਭ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਕੱਠੀ ਰਾਜਧਾਨੀ ਵਿਚ ਹੋਏ ਪੰਜ ਹਜ਼ਾਰ ਸਿੱਖਾਂ ਦੇ ਕਤਲ ਹੋਏ ਪਰਿਵਾਰਾਂ ਵਿਚੋਂ ਇਸ ਸੀ.ਬੀ.ਆਈ. ਨੂੰ ਭਰੋਸਾ ਨਹੀਂ ਹੈ। ਉਹ ਜਗਦੀਸ਼ ਟਾਈਟਲਰ ਖਿਲਾਫ਼ ਮੁਕੱਦਮੇ ਵਿਚ ਅਦਾਲਤ ਨੂੰ ਲਿਖਤੀ ਤੌਰ 'ਤੇ ਦੇ ਚੁੱਕੀ ਹੈ ਕਿ ਉਸ ਵਿਰੁੱਧ ਭੁਗਤੇ ਗਵਾਹ ਭਰੋਸੇਯੋਗ ਨਹੀਂ ਹਨ ਇਸ ਲਈ ਉਸ ਨੂੰ ਇਸ ਕੇਸ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਬੀਬੀ ਅਨੇਕ ਕੌਰ ਸਮੇਤ ਪ੍ਰਮੁੱਖ ਗਵਾਹ ਅਤੇ ਇਨਸਾਫ਼ ਮੰਗਣ ਵਾਲੇ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਇਸ ਵੇਲੇ ਜਿਹੜੇ ਸੱਜਣ ਕੁਮਾਰ ਨੂੰ ਅਦਾਲਤੀ ਸ਼ਿਕੰਜੇ ਵਿਚ ਫਸਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਉਹ ਰਾਜੇ-ਮਹਾਰਾਜਿਆਂ ਵਰਗਾ ਜੀਵਨ ਜੀਅ ਰਿਹਾ ਹੈ ਉਸ ਖਿਲਾਫ਼ ਕੇਸ ਵੀ 'ਗਵਾਹ ਭਰੋਸੇਯੋਗ ਨਹੀਂ' ਕਹਿ ਕੇ ਮੁਕੱਦਮਾ ਖਤਮ ਕੀਤਾ ਜਾ ਸਕਦਾ ਹੈ। ਜੇ ਅਸੀਂ ਇਸ ਨੂੰ ਕੁਝ ਮਹੀਨੇ ਕਿਸੇ ਜੇਲ੍ਹ ਵਿਚ ਬੰਦ ਕਰਨ ਵਿਚ ਸਫਲ ਵੀ ਹੋ ਗਏ ਤਾਂ ਵੀ ਕੀ ਦੇਸ਼ ਭਰ ਵਿਚ ਸਿੱਖਾਂ ਦੇ ਹੋਏ ਸਮੂਹਿਕ ਕਤਲੇਆਮ ਦਾ ਇਨਸਾਫ਼ ਸਾਨੂੰ ਮਿਲ ਜਾਵੇਗਾ! ਇਹ ਸੋਚਣ ਵਾਲੀ ਗੱਲ ਹੈ। ਕਿੰਨੀ ਹੈਰਾਨੀ ਅਤੇ ਸ਼ਰਮਨਾਕ ਗੱਲ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ 28 ਸਾਲਾਂ ਬਾਅਦ ਵੀ ਇਹ ਪਤਾ ਨਹੀਂ ਲਗਾ ਸਕੀ ਕਿ ਦੇਸ਼ ਭਰ ਵਿਚ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਕਿੰਨੇ ਸਿੱਖਾਂ ਨੂੰ ਮਾਰਿਆ ਗਿਆ ਸੀ? ਤਿੰਨ ਦਹਾਕਿਆਂ ਬਾਅਦ ਵੀ ਹੋਂਦ ਚਿੱਲੜ, ਪਟੌਦੀ, ਗੁੜਗਾਉਂ ਆਦਿ ਥਾਵਾਂ 'ਤੇ ਹੋਏ ਸਿੱਖਾਂ ਦੇ ਸਮੂਹਿਕ ਕਤਲੇਆਮ ਦੀ ਜਾਂਚ ਚੱਲ ਰਹੀ ਹੈ। ਦਿੱਲੀ, ਕਾਨਪੁਰ, ਬੋਕਾਰੋ ਦੇ ਵੱਡੇ ਕਤਲੇਆਮ ਤੋਂ ਇਲਾਵਾ ਭਾਰਤ ਦੇ ਛੱਬੀ ਸੂਬਿਆਂ ਵਿਚ ਹੋਏ ਕਤਲੇਆਮ ਵਿਚ ਗੁੜਾ, ਫਰੀਦਾਬਾਦ, ਰੇਵਾੜੀ, ਰੋਹਤਕ, ਤਾਵਰੂ, ਮਹਿੰਦਰਗੜ੍ਹ, ਕਰਨਾਲ, ਹਿਸਾਰ, ਸਿਰਸਾ, ਭਿਵਾਨੀ, ਜੀਂਦ-ਕੁਰੂਕਸ਼ੇਤਰ, ਪਾਣੀਪਤ, ਯਮੁਨਾਨਗਰ, ਗੋਹਾਨਾ, ਹੇਲੀਮੰਡ, ਝੱਜਰ, ਪਟਨਾ, ਧਨਬਾਦ, ਰਾਂਚੀ, ਦੌਲਤਗੰਜ, ਹਜ਼ਾਰੀਬਾਗ, ਮੁਜੱਫਰਪੁਰ, ਪਲਾਮੂ, ਸਮਸਤਪੁਰ, ਸਿਵਾਨ, ਕਾਂਗੜਾ, ਕੁੱਲੂ, ਮੰਡੀ, ਭੁੰਤਰ ਊਧਮਪੁਰ, ਇੰਦੌਰ, ਗਵਾਲੀਅਰ, ਜੱਬਲਪੁਰ, ਬੰਬੇ, ਸ੍ਰੀ ਰਾਮਪੁਰ, ਜਲਗਾਉ, ਕੋਪਰਗਾਓ, ਕਾਲਾਹਾਂਡੀ, ਜੋਧਪੁਰ, ਭਰਤਪੁਰ, ਅਲਵਰ, ਰਾਏ ਬਰੇਲੀ, ਲਲਿਤਪੁਰ, ਗਾਜੀਆਬਾਦ, ਵਾਰਾਨਸੀ, ਖੀਰੀ, ਆਗਰਾ ਇਟਾਵਾ, ਲਖਨਊ, ਜੌਲੌਨ, ਲਖੀਮਪੁਰ, ਖੀਰੀ, ਵਰਧਮਾਨ, ਕਲਕੱਤਾ, ਕੁਕਰਾਝਾਰ, ਸਨੀਤਪੁਰ, ਸਿਵਸਾਗਰ, ਬਿਚੋਲਮ, ਅਹਿਮਦਾਬਾਦ, ਬੰਗਲੌਰ, ਕੋਇੰਬਟੂਰ ਅਤੇ ਨੇਪਾਲ ਦੇ ਹਿੰਦੂ ਬਹੁਤ ਗਿਣਤੀ ਵਾਲੇ ਖੇਤਰ ਕਾਠਮੰਡੂ ਵਿਚ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਜਾਇਦਾਦਾਂ ਤਬਾਹ ਕੀਤੀਆਂ ਅਤੇ ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ ਇਹਨਾਂ ਵਿਚੋਂ ਅਜੇ ਕਈ ਅਜਿਹੇ ਥਾਂ ਹਨ ਜਿਨ੍ਹਾਂ ਵਿਚ ਅਜੇ ਮੁੱਢਲੀ ਜਾਂਚ ਸ਼ੁਰੂ ਵੀ ਨਹੀਂ ਹੋਈ। ਕਈ ਅਜਿਹੀਆਂ ਥਾਵਾਂ ਦਾ ਹੋਰ ਪਤਾ ਲੱਗ ਰਿਹਾ ਹੈ ਜਿੱਥੇ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ ਸੀ। ਸਰਕਾਰ ਦਾ ਰਵੱਈਆ ਇਹੋ ਜਿਹਾ ਹੈ ਕਿ ਜਿਸ ਢੰਗ ਤਰੀਕੇ ਨਾਲ ਸਿੱਖ ਨਸਲਕੁਸ਼ੀ ਦੇ ਇਨਸਾਫ਼ ਦਾ ਕੰਮ ਚੱਲ ਰਿਹਾ ਹੈ ਇਸ ਹਿਸਾਬ ਨਾਲ ਤਾਂ ਜਾਂਚ ਦਾ ਕੰਮ ਨਿਬੜਨ ਲਈ ਵੀ ਅਜੇ ਹੋਰ ਦਹਾਕਿਆਂ ਦਾ ਸਮਾਂ ਚਾਹੀਦਾ ਹੈ। ਇਹ ਸਮਾਂ ਉਡੀਕਦੇ-ਉਡੀਕਦੇ ਇਨਸਾਫ਼ ਮੰਗਣ ਵਾਲੇ ਪੀੜਤ ਲੋਕਾਂ ਵਿਚੋਂ ਜਿਨ੍ਹਾਂ ਨੇ ਇਹ ਕਤਲੇਆਮ ਆਪਣੇ ਅੱਖੀਂ ਦੇਖਿਆ ਹੈ ਵਿਚੋਂ ਸ਼ਾਇਦ ਹੀ ਕੋਈ ਇਸ ਧਰਤੀ 'ਤੇ ਹੋਵੇ। ਇਸ ਸਾਰੇ ਘਟਨਾਕਰਮ ਨੂੰ ਧਿਆਨ ਵਿਚ ਰੱਖ ਕੇ ਹੁਣ ਸਿੱਖਾਂ ਨੂੰ ਭਾਰਤੀ ਸਟੇਟ ਦਾ ਖਾਸਾ ਸਮਝਣ ਦੀ ਲੋੜ ਹੈ। ਇਥੇ ਸਾਨੂੰ ਇਹ ਗੱਲ ਸਮਝਣ ਦੀ ਵੀ ਜ਼ਰੂਰਤ ਹੈ ਕਿ ਪੰਜਾਬ ਵਿਚ ਬਣਦੀਆਂ ਵੱਖ-ਵੱਖ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪ੍ਰਦੇਸ਼ ਕਾਂਗਰਸ ਜਾਂ ਸਰਕਾਰਾਂ ਦੀਆਂ ਹਿੱਸੇਦਾਰ ਪਾਰਟੀਆਂ ਵੀ ਉਸੇ ਭਾਰਤੀ ਸਿਸਟਮ ਦਾ ਹਿੱਸਾ ਹਨ ਜਿਹੜੀ 'ਸਿੱਖ ਨਸਲਕੁਸ਼ੀ' ਲਈ ਜ਼ਿੰਮੇਵਾਰ ਹੈ। ਇਹ ਪਾਰਟੀਆਂ ਸਿੱਖਾਂ ਨੂੰ ਵੋਟ-ਰਾਜਨੀਤੀ ਤਹਿਤ ਕੁਝ ਸਮੇਂ ਲਈ ਇਨਸਾਫ਼ ਹਾਸਲ ਕਰਨ ਲਈ ਜੱਦੋ ਜਹਿਦ ਦਾ ਡਰਾਮਾ ਤਾਂ ਕਰ ਸਕਦੀਆਂ ਹਨ ਪਰ ਇਹਨਾਂ ਦਾ ਮਨੋਰਥ ਸਿੱਖ ਪੱਖ ਵਿਚ ਕਦੇ ਹੋਵੇਗਾ ਹੀ ਨਹੀਂ। ਸਿੱਖਾਂ ਨੂੰ ਇਹ ਗੱਲ ਮੰਨਣੀ ਪਵੇਗੀ ਕਿ ਇਹ ਸਿੱਖ ਕਤਲੇਆਮ ਕੋਈ ਪਹਿਲਾ ਕਤਲੇਆਮ ਨਹੀਂ ਸੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਜਨਿਊ ਪਹਿਨਣ ਤੋਂ ਕੀਤੇ ਇਨਕਾਰ ਤੋਂ ਬਾਅਦ ਬਹੁਗਿਣਤੀ ਕੌਮ ਨੇ ਸਿੱਖਾਂ ਵਿਰੁੱਧ ਜਿਹੜਾ ਵਿਰਾਟ ਰੂਪ ਧਾਰ ਕੇ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਨੂੰ ਜਾਲਮਾਨਾ ਢੰਗ ਨਾਲ ਸ਼ਹੀਦ ਕੀਤਾ ਸੀ ਤੋਂ ਲੈ ਕੇ ਹੁਣ ਤੱਕ ਦੇ ਸਭ ਕਤਲੇਆਮ ਪਿੱਛੇ ਇਕੋ ਰਾਸ਼ਟਰਵਾਦ ਦੀ 'ਕੁਣੱਖੀ ਸੋਚ' ਕੰਮ ਕਰ ਰਹੀ ਹੈ। ਜਿਸ ਦਾ ਅੰਤਿਮ ਟੀਚਾ ਸਿੱਖਾਂ ਨੂੰ ਹਿੰਦੂ ਭਾਈਚਾਰੇ ਦਾ ਅੰਗ ਬਣਾਉਣ ਤੱਕ ਵੱਖ-ਵੱਖ ਢੰਗ-ਤਰੀਕੇ ਅਪਣਾਉਣਾ ਹੈ। ਨਵੰਬਰ 1984 ਦਾ ਸਿੱਖ ਕਤਲੇਆਮ ਵੀ ਇਸ ਕੜੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਪਿਛਲੇ ਇਤਿਹਾਸ ਵੱਲ ਝਾਤੀ ਮਾਰਨ ਤੋਂ ਇਹ ਗੱਲ ਲੁਕੀ-ਛੁਪੀ ਨਹੀਂ ਰਹਿ ਜਾਂਦੀ ਕਿ ਇਹਨਾਂ ਸਭ ਕਤਲੇਆਮਾਂ ਵਿਚ ਕਦੇ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਿਹੜੇ ਸਿੱਖ ਇਸ ਵੇਲੇ ਭਾਰਤੀ ਲੋਕਤੰਤਰ ਦੀ ਗੱਲ ਛੂਹ ਕੇ ਇਨਸਾਫ ਦੀ ਆਸ 'ਤੇ ਟੇਕ ਰੱਖੀ ਬੈਠੇ ਹਨ ਉਹ ਵੀ ਇਹ ਗੱਲ ਪੱਲੇ ਬੰਨ ਲੈਣ ਕਿ ਜਿੰਨਾਂ ਸਮਾਂ ਇਸ ਵਿਚ ਰਾਜਨੀਤਕ ਆਗੂਆਂ ਦੇ ਮਨ ਵਿਚ ਹਿੰਦੂਵਾਦ ਦੇ ਵਿਸ਼ਵਾਸ ਵਸੇ ਹੋਏ ਹਨ ਓਨਾ ਸਮਾਂ ਉਹਨਾਂ ਦੇ ਮਨ ਵਿਚ ਸਿੱਖਾਂ ਦੀ ਵੱਖਰੀ ਪਛਾਣ ਚੁਭਦੀ ਰਹੇਗੀ। ਸਿੱਖ ਆਪਣੇ ਆਪ ਨੂੰ ਜਿੰਨਾ-ਮਰਜ਼ੀ ਦੇਸ਼ ਭਗਤ ਸਾਬਤ ਕਰਦੇ ਰਹਿਣ ਪਰ 'ਇਕ ਭਾਰਤੀ ਕੌਮ' ਦਾ ਸੰਕਲਪ ਉਹਨਾਂ ਨੂੰ ਆਪਣੇ ਨਾਗਰਿਕ ਨਹੀਂ ਮੰਨੇਗਾ। 1984 ਦੀ 'ਸਿੱਖ ਨਸਲਕੁਸ਼ੀ' ਵੀ ਇੰਡੀਅਨ ਨੇਸ਼ਨ ਦੀ ਸਿੱਖ ਨੇਸ਼ਨ ਨੂੰ ਤਬਾਹ ਕਰਨ ਦਾ ਇਕ ਵਿਆਪਕ ਹਮਲਾ ਸੀ। ਹੁਣ ਉਸੇ ਦੇਸ਼ ਵਿਚ ਰਹਿ ਕੇ ਇਨਸਾਫ਼ ਦੀ ਆਸ ਨਹੀਂ ਰੱਖਣੀ ਚਾਹੀਦੀ। ਸਿੱਖ ਬੁੱਧੀਜੀਵੀ ਵਰਗ ਵੀ ਇਸ ਸਮੇਂ ਆਪਣਾ ਫਰਜ਼ ਪਛਾਣ ਕੇ ਸਮੇਂ ਦੇ ਇਤਿਹਾਸ ਨੂੰ ਸਾਂਭਣ ਲਈ ਦਿਨ-ਰਾਤ ਇਕ ਕਰ ਦੇਵੇ ਤਾਂ ਕਿ ਆਉਣ ਵਾਲੀਆਂ ਨਸਲਾਂ 'ਸਿੱਖ ਨਸਲਕੁਸ਼ੀ' ਦੇ ਹਮਲੇ ਨੂੰ ਸਹੀ ਪਰਿਪੇਖ ਵਿਚ ਦੇਖ ਸਕਣ।