ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੌਮੀ ਏਕਤਾ, ਧਰਮ ਨਿਰਪੱਖਤਾ ਅਤੇ ਰਾਸ਼ਟਰਵਾਦ ਨਾਲ ਬੰਨੇ ਲੋਕ


17 ਅਕਤੂਬਰ ਦੇ 'ਪੰਜਾਬੀ ਟ੍ਰਿਬਿਊਨ' ਵਿਚ 'ਕੌਮੀ ਏਕਤਾ ਦਾ ਮਹੱਤਵ' ਲੇਖ ਵਿਚ ਸੁਖਬੀਰ ਕੌਰ (ਪ੍ਰਿੰਸੀਪਲ) ਨੇ ਭਾਰਤ ਵਿਚ ਏਕਤਾ ਲਈ 'ਭਾਰਤੀ ਏਕਤਾ ਪ੍ਰੀਸ਼ਦ' ਦੀਆਂ ਸਿਫਾਰਸ਼ਾਂ ਨੂੰ ਮੰਨਣ ਦੇ ਸੁਝਾਅ ਦਿੱਤੇ ਹਨ। ਇਸ ਲੇਖਕਾ ਦਾ ਮੰਨਣਾ ਹੈ ਕਿ ਸਾਡੇ ਦੇਸ਼ ਵਿਚ ਭਾਸ਼ਾ ਦੀ ਸਮੱਸਿਆ ਨੇ ਰਾਸ਼ਟਰੀ ਏਕਤਾ ਨੂੰ ਡੂੰਘੀ ਸੱਟ ਮਾਰੀ ਹੈ। ਇਸ ਬੀਬੀ ਨੂੰ ਰੰਜ਼ ਹੈ ਕਿ ਭਾਰਤੀ ਸਰਕਾਰ ਦੇ ਰਾਸ਼ਟਰੀ ਏਕਤਾ ਵਾਲੇ ਭਾਸ਼ਾਈ ਨੁਕਤੇ ਨੂੰ ਦੱਖਣੀ ਰਾਜਾਂ ਨੇ ਮਨਜ਼ੂਰ ਨਹੀਂ ਕੀਤਾ ਉਹ ਕੇਵਲ ਆਪਣੀ ਮਾਂ ਬੋਲੀ ਅਤੇ ਅੰਗਰੇਜ਼ੀ ਨੂੰ ਹੀ ਤਰਜੀਹ ਦਿੰਦੇ ਹਨ ਜਿਸ ਕਾਰਨ ਉਹਨਾਂ ਦਾ ਭਾਸ਼ਾਈ ਜਨੂੰਨ ਕਈ ਵਾਰ ਮਾਰੂ ਰੂਪ ਧਾਰਨ ਕਰ ਲੈਂਦਾ ਹੈ। ਕੌਮੀ ਏਕਤਾ ਖਿਲਾਫ਼ ਪੰਜਾਬ, ਆਸਾਮ, ਜੰਮੂ-ਕਸ਼ਮੀਰ ਅਤੇ ਦੇਸ਼ ਦੇ ਕਈ ਹੋਰ ਸੂਬਿਆਂ ਵਿਚ ਵੀ ਏਕੀਕਰਨ ਦੀ ਭਾਵਨਾ ਵਿਰੁੱਧ ਕਾਰਵਾਈਆਂ ਸਾਹਮਣੇ ਆਉਂਦੀਆਂ ਹਨ। ਲੇਖਕ ਨੇ ਅਖੀਰ ਸੁਝਾਅ ਦਿੱਤਾ ਹੈ ਕਿ ਕੌਮੀ ਮਾਮਲੇ ਨੂੰ ਰਾਸ਼ਟਰੀ ਮੁੱਦਾ ਸਮਝ ਕੇ ਦੇਸ਼ ਦੇ ਬੁੱਧੀਜੀਵੀ ਵਰਗ ਨੂੰ ਇਸ ਦਾ ਸਾਥ ਦੇਣਾ ਚਾਹੀਦਾ ਹੈ।
ਬੀਬੀ ਸੁਖਬੀਰ ਕੌਰ ਦੇ ਵਿਚਾਰ ਅਸਲ ਵਿਚ ਉਹਨਾਂ ਲੋਕਾਂ ਦੇ ਵਿਚਾਰਾਂ ਦੀ ਪੁਸ਼ਟੀ ਹੈ ਜਿਹੜੇ ਪੂਰੇ ਭਾਰਤ ਨੂੰ ਇਕ ਰਾਸ਼ਟਰ ਮੰਨ ਕੇ ਇਥੇ ਹਿੰਦੂ, ਹਿੰਦੀ ਹਿੰਦੋਸਤਾਨ ਦੇ ਹਿਮੈਤੀ ਹਨ। ਸੱਚ ਇਹ ਹੈ ਕਿ ਭਾਰਤ ਕਦੇ ਵੀ ਇਕ ਰਾਸ਼ਟਰ ਨਹੀਂ ਰਿਹਾ ਸਗੋਂ ਭੂਗੋਲਿਕ ਅਧਾਰ 'ਤੇ ਇਹ ਵੱਖ-ਵੱਖ ਕੌਮਾਂ ਦਾ ਇਕ ਸਮੂਹ ਹੈ ਜਦੋਂ ਪੂਰੇ ਦੇਸ਼ ਨੂੰ ਇਕ ਕੌਮੀਅਤ ਦੇ ਰੱਸੇ ਨਾਲ ਬੰਨ ਕੇ ਫੈਸਲੇ ਕੀਤੇ ਜਾਂਦੇ ਹਨ ਤਾਂ ਦੇਸ਼ ਵਿਚ ਆਪਣੀ ਬੋਲੀ, ਸਭਿਅਤਾ, ਧਰਮ ਅਤੇ ਜਨ-ਜੀਵਨ ਦੇ ਢੰਗਾਂ ਦਾ ਕਤਲ ਹੋਣ ਦਿਸ ਰਿਹਾ ਹੁੰਦਾ ਹੈ। ਇਹ ਦੇ ਬਚਾਅ ਲਈ ਕੀਤੀ ਜੱਦੋ ਜਹਿਦ ਨੂੰ ਰਾਸ਼ਟਰਵਾਦੀ ਲੋਕ ਅੱਤਵਾਦ ਦਾ ਨਾਮ ਦਿੰਦੇ ਹਨ। ਜਿਵੇਂ ਲੇਖਕਾ ਨੇ ਵੀ ਮੰਨਿਆ ਹੈ ਕਿ ਦੱਖਣੀ ਰਾਜ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਉੱਤਰ ਵਿਚ ਪੰਜਾਬ, ਜੰਮੂ-ਕਸ਼ਮੀਰ 'ਚ ਵੀ ਇਸ ਨੁਕਤੇ ਦਾ ਵਿਰੋਧ ਹੈ। ਭਾਵੇਂ ਇਸ ਲੇਖਕਾ ਨੇ ਉਤਰ-ਪੂਰਬੀ ਰਾਜਾਂ ਦੀ ਗੱਲ ਨਹੀਂ ਕੀਤੀ ਪਰ ਇਹਨਾਂ ਰਾਜਾਂ ਦੇ ਆਦਿ ਵਾਸੀ ਲੋਕ ਵੀ ਭਾਰਤ ਨੂੰ ਆਪਣਾ ਦੇਸ਼ ਮੰਨਣ ਤੋਂ ਤਾਂ ਹੀ ਇਨਕਾਰੀ ਹਨ ਕਿਉਂਕਿ ਉਹ ਇਸ ਵਿਚ ਰਹਿ ਕੇ ਆਪਣੇ ਆਪ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝਦੇ ਹਨ। ਪਿਛਲੇ ਦਿਨੀਂ ਬਾਬਾ ਆਮਟੇ ਦਾ 'ਭਾਰਤ ਜੋੜੋ' ਅੰਦੋਲਨ ਚਲਾ ਰਹੀ ਟੀਮ ਨੇ ਇਸ ਗੱਲ ਦੇ ਖੁਲਾਸੇ ਕੀਤੇ ਹਨ ਕਿ ਕੋਹੀਮਾ, ਮਿਜੋਰਮ, ਐਜੋਅਲ ਟੀਫਾਲ ਸਮੇਤ ਹੋਰ ਖਿੱਤਿਆਂ ਵਿਚ ਭਾਰਤ ਦੇ ਦਬਾਅ ਸਦਕਾ ਉਹਨਾਂ ਦੀ ਬੋਲੀ ਅਤੇ ਸਭਿਅਤਾ ਖਤਮ ਹੋ ਰਹੀ ਹੈ ਜਿਸ ਦਾ ਟਾਕਰਾ ਕਰਨ ਲਈ ਉਹਨਾਂ ਨੇ ਯੰਗ ਮਿਜੋ ਐਸੋਸੀਏਸ਼ਨ ਅਤੇ ਨਾਗਾ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਵਿਚ ਜੱਦੋ-ਜਹਿਦ ਸ਼ੁਰੂ ਕੀਤੀ ਹੋਈ ਹੈ। ਇਹਨਾਂ ਲੋਕਾਂ ਨੂੰ ਭਾਰਤ 'ਤੇ ਰੋਸ ਹੈ ਕਿ ਦੇਸ਼ ਵਿਚ ਸਾਡੇ ਨਾਗਰਿਕਾਂ ਨੂੰ ਯੂ.ਪੀ., ਬਿਹਾਰ ਅਤੇ ਗੁਜਰਾਤ ਵਰਗੇ ਹਿੰਦੂ ਬਣਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਦ ਕਿ ਅਸੀਂ ਆਪਣੀ ਵਿਰਾਸਤ ਨਾਲ ਜੁੜੇ ਰਹਿਣਾ ਚਾਹੁੰਦੇ ਹਾਂ (ਇਸ ਮਾਮਲੇ ਬਾਰੇ ਪੂਰੀ ਰਿਪੋਰਟ ਇਸੇ ਅੰਕ ਦੇ ਪੰਨਾਂ ਨੰਬਰ 2 'ਤੇ ਪੜ੍ਹੋ ਜੀ) ਇਥੇ ਇਹ ਦੱਸਣ ਦਾ ਭਾਵ ਹੈ ਕਿ ਪੂਰੇ ਭਾਰਤ ਦਾ ਹਰ ਕੋਨਾ ਇਸ ਵੇਲੇ ਚਾਹੁੰਦਾ ਹੈ ਕਿ ਭਾਰਤ ਦੇਸ਼ ਉਹਨਾਂ ਦੀਆਂ ਸਭਿਅਕ ਅਤੇ ਵਿਰਾਸਤੀ ਮਾਨਤਾਵਾਂ ਦਾ ਸਤਿਕਾਰ ਕਰੇ।
ਹੁਣ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਲਗਾਤਾਰ ਪੈਦਾ ਹੋ ਰਹੀ ਅਸ਼ਾਂਤੀ ਪਿੱਛੇ 'ਰਾਸ਼ਟਰਵਾਦ' ਦਾ ਸੰਕਲਪ ਹੀ ਦੋਸ਼ੀ ਸਿੱਧ ਹੁੰਦਾ ਹੈ। ਪੰਜਾਬ ਦਾ ਸਿੱਖ ਭਾਈਚਾਰਾ ਸਮਝਦਾ ਹੈ ਕਿ ਰਾਸ਼ਟਰੀ ਏਕਤਾ ਦੇ ਨਾਮ ਹੇਠ ਇਕ ਬੋਲੀ, ਇਕ ਸਭਿਆਚਾਰ ਇਕ ਰਾਸ਼ਟਰ ਉਹਨਾਂ ਦੀ ਪੰਜਾਬੀ ਬੋਲੀ, ਸਿੱਖ ਸਭਿਅਤਾ, ਜੀਵਨ ਸ਼ੈਲੀ ਅਤੇ ਸਰੂਪ ਨੂੰ ਖਤਮ ਕਰ ਰਿਹਾ ਹੈ। ਜੇ ਉਹਨਾਂ ਨੇ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਇਸ ਦੋਸ਼ ਵਿਚ 'ਸਿੰਗਲ ਇੰਡੀਅਨ ਨੇਸ਼ਨ' ਦੇ ਵਰਤਾਰੇ ਦਾ ਵਿਰੋਧ ਕਰਨਾ ਪਵੇਗਾ। ਜਦੋਂ ਪੰਜਾਬ ਦੇ ਸਿੱਖ ਇਸ ਮਾਰੂ ਵਰਤਾਰੇ ਦਾ ਵਿਰੋਧ ਕਰਦੇ ਹਨ ਤਾਂ ਦੇਸ਼ ਦੇ ਰਾਸ਼ਟਰਵਾਦੀਆਂ ਨੂੰ ਆਪਣਾ ਚਿਤਵਿਆਂ ਢਾਂਚਾ ਡਿਗਦਾ ਪ੍ਰਤੀਤ ਹੁੰਦਾ ਹੈ, ਉਹ ਇਸ ਮੰਗ ਨੂੰ ਅੱਤਵਾਦ ਦਾ ਰੂਪ ਦੇ ਕੇ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਦੀਆਂ ਕਈ ਮਸਾਲਾਂ ਪਹਿਲਾਂ ਹੀ ਸਾਡੇ ਸਾਹਮਣੇ ਹਨ। ਇਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਬਣ ਰਹੀ 'ਸ਼ਹੀਦੀ ਯਾਦਗਾਰ' ਦਾ ਵਿਰੋਧ ਵੀ ਇਸੇ 'ਰਾਸ਼ਟਰਵਾਦ ਜਾਂ ਕੌਮੀ ਏਕਤਾ' ਵਿਚੋਂ ਪੈਦਾ ਹੋਈ ਸੋਚ ਦਾ ਸਿੱਟਾ ਹੈ। ਹਾਲਾਂਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਬਣ ਰਹੀ 'ਸ਼ਹੀਦੀ ਯਾਦਗਾਰ' ਅਯੁੱਧਿਆ ਵਿਚ ਬਾਬਰੀ ਮਸਜਿਦ ਨੂੰ ਢਾਹ ਕੇ ਰਾਮ ਮੰਦਰ ਬਣਾਉਣ ਨਾਲੋਂ ਕਿਤੇ ਛੋਟਾ ਮੁੱਦਾ ਹੈ ਪਰ ਕਿਉਂਕਿ 'ਰਾਸ਼ਟਰਵਾਦ ਦਾ ਸੰਕਲਪ' ਇਸ ਦੀ ਇਜਾਜ਼ਤ ਨਹੀਂ ਦਿੰਦਾ ਇਸ ਲਈ ਇਸਦਾ ਵਿਰੋਧ ਕਰਨ ਲਈ ਕਿਹਾ ਇਹ ਜਾ ਰਿਹਾ ਹੈ ਕਿ ਇਸ ਦੇ ਬਣਨ ਨਾਲ ਦੇਸ਼ ਦੇ ਹਾਲਾਤ ਖਰਾਬ ਹੋ ਸਕਦੇ ਹਨ। ਅਯੁੱਧਿਆ ਵਿਚ ਜੇ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਵੀ ਬਣਾਉਣਾ ਪਵੇ ਤਾਂ ਭਾਵੇਂ ਦੇਸ਼ ਦੇ ਹਾਲਾਤ ਖਰਾਬ ਵੀ ਹੋ ਜਾਣ ਤਾਂ ਵੀ ਇਹ ਕੰਮ ਨੂੰ ਨੇਪਰੇ ਚਾੜ੍ਹਨ ਲਈ ਦੇਸ਼ ਪੱਧਰੀ ਮੁਹਿੰਮ ਸ਼ਰੇਆਮ ਚਲਾਈ ਜਾ ਰਹੀ ਹੈ ਕਿਉਂਕਿ ਇਹ ਕੰਮ ਕੌਮੀ ਏਕਤਾ ਦੇ ਹਿਤ ਵਿਚ ਸਮਝਿਆ ਜਾ ਰਿਹਾ ਹੈ। 'ਕੌਮੀ ਏਕਤਾ' ਦੇ ਸੰਕਲਪ ਵਾਂਗੂ ਇਸ ਦੇਸ਼ ਵਿਚ 'ਧਰਮ ਨਿਰਪੱਖਤਾ' ਦਾ ਭਾਵ ਵੀ ਵੱਖੋ-ਵੱਖ ਕੌਮਾਂ ਦਾ ਖਾਤਮਾ ਕਰਕੇ ਹਿੰਦੂ ਰਾਸ਼ਟਰ ਦਾ ਅੰਗ ਬਣਨ ਤੋਂ ਹੀ ਹੈ। ਇਸ ਤਰ੍ਹਾਂ ਕੌਮੀ ਏਕਤਾ, ਧਰਮ ਨਿਰਪੱਖਤਾ ਅਤੇ ਰਾਸ਼ਟਰਵਾਦ ਦੇ ਰੱਸੇ ਨਾਲ ਵੱਖ-ਵੱਖ ਕੌਮਾਂ ਦਾ ਬੰਨਿਆ ਜਾਣਾ ਭਾਰਤ ਵਿਚ ਅਸ਼ਾਂਤੀ ਦਾ ਮੂਲ ਕਾਰਨ ਹੈ। ਇਸ ਵਿਚ ਸਦੀਵੀਂ ਸ਼ਾਂਤੀ ਲਈ ਦੇਸ਼ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਨੂੰ 'ਇਕ ਰਾਸ਼ਟਰੀ ਕੌਮ' ਦੇ ਸੰਕਲਪ ਨੂੰ ਛੱਡ ਕੇ ਵੱਖ-ਵੱਖ ਕੌਮਾਂ ਦੀ ਸਮੂਹ ਤਸਲੀਮ ਕਰੇ ਜਿਹੜਾ ਕਿ ਇਸ ਦੇ ਭੂਗੋਲਿਕ ਖਿੱਤੇ ਨੂੰ ਦੇਖਦਿਆਂ ਜਾਇਜ਼ ਵੀ ਹੈ। ਦੇਸ਼ ਦੇ ਆਗੂ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਦੇਸ਼ ਵਿਚ ਹਰ ਕੌਮ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਬਰਾਬਰ ਸਨਮਾਨ ਹੋਵੇ। ਕੌਮੀ ਏਕਤਾ, ਧਰਮ ਨਿਰਪੱਖਤਾ ਅਤੇ ਰਾਸ਼ਟਰਵਾਦ ਦਾ ਦਬਾਅ ਦੇਸ਼ ਲਈ ਅਖੀਰ ਖਤਰਨਾਕ ਸਿੱਧ ਹੋ ਸਕਦਾ ਹੈ।