ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨਾ ਜ਼ਰੂਰੀ ਸੀ?


30 ਸਤੰਬਰ ਨੂੰ ਲੰਡਨ ਵਿਚ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਫੌਜ ਦੇ ਸਾਬਕਾ ਲੈਫਟੀਨੈਟ ਜਨਰਲ ਕੁਲਦੀਪ ਬਰਾੜ ਨੇ ਭਾਰਤ ਪੁੱਜ ਕੇ ਆਖਿਆ ਹੈ ਕਿ ਜੇ ''ਅਪਰੇਸ਼ਨ ਬਲਿਊ ਸਟਾਰ ਨਾ ਕੀਤਾ ਜਾਂਦਾ ਤਾਂ ਭਿੰਡਰਾਂਵਾਲਾ ਨੇ ਖਾਲਿਸਤਾਨ ਦਾ ਐਲਾਨ ਕਰਨਾ ਸੀ ਅਤੇ ਪਾਕਿਸਤਾਨ ਨੇ ਇਸ ਨੂੰ ਮਾਨਤਾ ਪ੍ਰਦਾਨ ਕਰਨੀ ਸੀ ਪੁਲਸ ਨੂੰ ਭੰਗ ਕਰ ਦੇਣ ਤੋਂ ਬਾਅਦ ਹਿੰਦੂਆਂ ਨੂੰ ਬਚਾਉਣ ਵਾਲੀ ਕੋਈ ਸ਼ਕਤੀ ਨਹੀਂ ਸੀ ਰਹਿ ਜਾਣੀ ਅਪਰੇਸ਼ਨ ਬਲਿਊ ਸਟਾਰ ਨਾਲ ਇਹ ਸਥਿਤੀ ਟਲ ਗਈ''। ਇਸ ਤੋਂ ਪਹਿਲਾਂ ਹਮਲਾ ਹੋਣ ਸਮੇਂ ਤੋਂ ਤੁਰੰਤ ਬਾਅਦ ਵੀ ਸ੍ਰੀ ਬਰਾੜ ਨੇ ਕਿਹਾ ਸੀ ਕਿ ਖਾਲਿਸਤਾਨੀ ਗਰੁੱਪ ਉਸ ਦੀ ਜਾਨ ਲੈਣੀ ਚਾਹੁੰਦੇ ਸਨ ਭਾਵੇਂ ਕਿ ਕਿਸੇ ਵੀ ਅਜਿਹੇ ਗਰੁੱਪ ਨੇ ਇਸ ਹਮਲੇ ਦੀ ਕੋਈ ਜ਼ਿੰਮੇਵਾਰੀ ਅਜੇ ਤੱਕ ਨਹੀਂ ਲਈ। ਸ੍ਰੀ ਬਰਾੜ ਦੇ ਹਮਲੇ ਤੋਂ ਬਾਅਦ ਇਸ ਘਟਨਾ ਨੂੰ ਤੁਰੰਤ ਸ਼ੱਕੀ ਹਾਲਤਾਂ ਵਿਚ ਰੱਖ ਕੇ ਪਰਖਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਹਾਲਤਾਂ ਦੇ ਮੱਦੇਨਜ਼ਰ ਕਈ ਕਿਸਮ ਦੀਆਂ ਗੱਲਾਂ ਅਸਲੀ ਸਿੱਟਿਆਂ ਨਾਲ ਮੇਲ ਨਹੀਂ ਸੀ ਖਾਂਦੀਆਂ। ਇਸ ਵੇਲੇ ਜਿਹੜੀ ਗੱਲ ਸਭ ਤੋਂ ਵੱਧ ਚਰਚਾ ਵਿਚ ਚੱਲ ਰਹੀ ਹੈ ਉਹ ਸਿੱਖ ਕੌਮ ਦਾ ਵਿਰੋਧ ਕਮਾ ਰਹੀਆਂ ਤਾਕਤਾਂ ਵੱਲੋਂ ਸਾਂਝੇ ਤੌਰ 'ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਅੱਤਵਾਦ ਸਿਰ ਚੁੱਕ ਰਿਹਾ ਹੈ ਜਿਸ ਦਾ ਕਾਰਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਉਸਾਰੀ ਜਾ ਰਹੀ ਸ਼ਹੀਦਾਂ ਦੀ ਯਾਦਗਾਰ ਦਾ ਬਣਨਾ ਹੈ। 'ਸ਼ਹੀਦੀ ਯਾਦਗਾਰ' ਦਾ ਜ਼ੋਰਦਾਰ ਵਿਰੋਧ ਅਤੇ ਆਲਮੀ ਪੱਧਰ 'ਤੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਤੇਜ਼ ਹੋਈਆਂ ਗਤੀਵਿਧੀਆਂ ਸਦਕਾ ਬਰਾੜ 'ਤੇ ਹੋਏ ਹਮਲੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਵਾਲੀਆਂ ਦਲੀਲਾਂ ਭਾਰੂ ਹੋ ਗਈਆਂ ਹਨ। ਇਸ ਲੜੀਬੱਧ ਮੁਹਿੰਮ ਨੇ ਸਾਬਤ ਕੀਤਾ ਹੈ ਕਿ ਸ੍ਰੀ ਬਰਾੜ 'ਤੇ ਕੀਤਾ ਗਿਆ ਹਮਲਾ ਸਿੱਖਾਂ ਵਿਰੁੱਧ ਭੰਡੀ-ਪ੍ਰਚਾਰ ਨੂੰ ਮਾਨਤਾ ਦੇਣ ਲਈ ਪਿੜ ਪੈਦਾ ਕਰਨ ਲਈ ਹੀ ਸੀ। ਇਸੇ ਘਟਨਾਕ੍ਰਮ ਵਿਚ ਸਭ ਤੋਂ ਮਾੜੀ ਗੱਲ ਇਹ ਹੋਈ ਜਦੋਂ ਸ੍ਰੀ ਬਰਾੜ ਨੇ ਅਪਰੇਸ਼ਨ ਬਲਿਊ ਸਟਾਰ ਨੂੰ ਮਾਨਤਾ ਦੇਣ ਸਮੇਂ ਇਥੋਂ ਤੱਕ ਆਖ ਦਿੱਤਾ ਕਿ ਜੇ ਇਹ ਹਮਲਾ ਨਾ ਕੀਤਾ ਜਾਂਦਾ ਤਾਂ ਹਿੰਦੂਆਂ ਨੂੰ ਬਚਾਉਣ ਵਾਲੀ ਕੋਈ ਸ਼ਕਤੀ ਨਹੀਂ ਸੀ ਰਹਿ ਜਾਣੀ। ਸ੍ਰੀ ਬਰਾੜ ਦਾ ਇਹ ਬਿਆਨ ਜਿੱਥੇ ਗੈਰਜ਼ਿੰਮੇਵਾਰਨਾ ਹੈ ਉਥੇ ਇਹ ਸਿੱਖਾਂ ਅਤੇ ਹਿੰਦੂਆਂ ਵਿਚ ਫਸਾਦ ਖੜ੍ਹਾ ਕਰਨ ਲਈ ਬਰੂਦ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਸ੍ਰੀ ਬਰਾੜ ਦੇ ਇਸ ਬਿਆਨ ਦੇ ਸੰਦਰਭ ਵਿਚ ਅਸੀਂ ਭਾਰਤੀ ਫੌਜ ਦੇ ਸਾਬਕਾ ਲੈਫਟੀਨੈਟ ਜਨਰਲ ਐਸ. ਕੇ. ਸਿਨਹਾ ਦੇ ਵਿਚਾਰਾਂ ਨੂੰ ਅੱਗੇ ਰੱਖਣਾ ਜ਼ਰੂਰੀ ਸਮਝਦੇ ਹਾਂ। ਸ੍ਰੀ ਹਰਿਮੰਦਰ ਸਾਹਿਬ ਦੇ ਹਮਲੇ ਤੋਂ ਬਾਅਦ ਸ੍ਰੀ ਸਿਨਹਾ ਨੇ ਸਾਫ਼ ਤੌਰ 'ਤੇ ਕਿਹਾ ਸੀ ਕਿ ਬਲਿਊ ਸਟਾਰ ਅਪਰੇਸ਼ਨ ਕੋਈ ਆਖਰੀ ਰਸਤਾ ਨਹੀਂ ਸੀ। ਸ੍ਰੀ ਸਿਨਹਾ ਅਨੁਸਾਰ ਇੰਦਰਾ ਗਾਂਧੀ ਦੇ ਦਿਮਾਗ ਵਿਚ ਫੌਜੀ ਹਮਲੇ ਦਾ ਫਤੂਰ 18 ਮਹੀਨਿਆਂ ਤੋਂ ਘੁੰਮ ਰਿਹਾ ਸੀ ਉਸ ਸਾਨੂੰ ਇਹ ਮੰਨਵਾ ਲੈਦਾ ਚਾਹੁੰਦੀ ਸੀ ਕਿ ਅਸੀਂ ਉਸ ਨਾਲ ਸਹਿਮਤ ਹੋ ਜਾਈਏ। ਸ੍ਰੀ ਸਿਨਹਾ ਨੇ ਭੇਦ ਖੋਲਦਿਆਂ ਦੱਸਿਆ ਕਿ 1982 ਵਿਚ ਹੀ ਦੂਨ ਵਾਦੀ ਨੇੜੇ ਚਕਰਾਤਾ ਛਾਉਣੀ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਫੌਜ ਨੇ ਕਮਾਂਡੋ ਐਕਸ਼ਨ ਅਤੇ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਸੀ। ਸਾਬਕਾ ਫੌਜੀ ਅਫ਼ਸਰ ਦੇ ਭਾਵਪੂਰਵਕ ਸ਼ਬਦ ਬੜੇ ਮਾਹਣੇ ਰੱਖਦੇ ਹਨ ਕਿ ''ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਘਰ 'ਤੇ ਕੋਈ ਹਮਲਾ ਕਰਨ ਵਾਲਾ ਹੈ ਤਾਂ ਇਹ ਤੁਹਾਡਾ ਕਾਨੂੰਨ ਅਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦੇਵੋਂ। ਇਸ ਮਾਮਲੇ 'ਚ ਹਮਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਿਮੰਦਰ ਸਾਹਿਬ ਸੀ''।
ਸ੍ਰੀ ਬਰਾੜ ਦੇ ਹਮ-ਰੁਤਬਾ ਸਿਨਹਾ ਸਾਹਿਬ ਦੇ ਇਹਨਾਂ ਵਿਚਾਰਾਂ ਨਾਲ ਸ੍ਰੀ ਬਰਾੜ ਦੇ ਉਸ ਖਿਆਲ ਵਿਚ ਦਮ ਨਹੀਂ ਰਹਿ ਜਾਂਦਾ ਜਿਸ ਨਾਲ ਉਹ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਫੌਜੀ ਹਮਲੇ ਨੂੰ ਜਾਇਜ਼ ਠਹਿਰਾਅ ਰਹੇ ਹਨ। ਹੁਣ ਤੱਕ ਦੀਆਂ ਹੋਈਆਂ ਖੋਜਾਂ ਤੋਂ ਇਹ ਸਿੱਟਾ ਕੱਢਿਆ ਜਾ ਸਕਿਆ ਹੈ ਕਿ ਇੰਦਰਾ ਗਾਂਧੀ ਵੱਲੋਂ ਹਿੰਦੂ ਭਾਵਨਾਵਾਂ ਨੂੰ ਹਵਾ ਦੇਣ ਪਿੱਛੇ ਆਪਣੀ ਰਾਜ-ਸੱਤਾ ਕਾਇਮ ਕਰਨ ਦੀ ਮੰਦਭਾਵਨਾ ਕੰਮ ਕਰ ਰਹੀ ਸੀ। ਉਸ ਨੂੰ ਸਭ ਤੋਂ ਚੰਗਾ ਤਰੀਕਾ ਇਹ ਲੱਗਦਾ ਸੀ ਕਿ ਉਹ ਹਿੰਦੂਆਂ ਦੇ ਮਨ ਵਿਚ ਇਕ ਹੀਰੋ ਵਾਲੀ ਤਸਵੀਰ ਪੈਦਾ ਕਰਨ ਲਈ ਦੇਸ਼ ਵਿਚ ਹਿੰਦੂਆਂ ਨੂੰ ਖਤਰਾ ਦੱਸ ਕੇ ਸਿੱਖਾਂ ਦੀ ਬਰਬਾਦੀ ਕਰਨੀ ਵੀ ਹਿਚਕਾਹਟ ਮਹਿਸੂਸ ਨਾ ਕਰੇ। ਇੰਦਰਾ ਗਾਂਧੀ ਨੇ ਇਹੀ ਕੁਝ ਕੀਤਾ ਵੀ। ਦੇਸ਼ ਵਿਚ ਇਹ ਗੱਲ ਜ਼ੋਰ-ਸ਼ੋਰ ਨਾਲ ਫੈਲਾਅ ਦਿੱਤੀ ਗਈ ਕਿ ਜੇ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਨਾ ਕੀਤਾ ਗਿਆ ਤਾਂ ਦੇਸ਼ ਵਿਚ ਹਿੰਦੂਆਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਹ ਇੰਦਰਾ ਗਾਂਧੀ ਦੇ ਕੂੜ-ਪ੍ਰਚਾਰ ਦੀ ਰਹਿੰਦ-ਖੂੰਹਦ ਹੀ ਸਮਝੀ ਜਾਵੇਗੀ ਕਿ ਸ੍ਰੀ ਕੁਲਦੀਪ ਬਰਾੜ ਅਜੇ ਵੀ ਇੰਦਰਾ ਗਾਂਧੀ ਦੀ ਬੋਲੀ ਬੋਲ ਰਿਹਾ ਹੈ। ਜੇ ਜਨਰਲ ਕੁਲਦੀਪ ਬਰਾੜ ਦੇ ਇਸ ਬਿਆਨ ਨੂੰ ਕੁਝ ਸਮੇਂ ਲਈ ਠੀਕ ਵੀ ਮੰਨ ਲਿਆ ਜਾਵੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਾਲਿਸਤਾਨ ਦੇ ਕੀਤੇ ਜਾਣ ਵਾਲੇ ਸੰਭਾਵੀ ਐਲਾਨ ਨੂੰ ਰੋਕਣ ਲਈ ਫੌਜੀ ਅਪਰੇਸ਼ਨ ਦੀ ਲੋੜ ਪੈ ਗਈ ਸੀ ਤਾਂ ਵੀ ਭਾਰਤੀ ਹੁਕਮਰਾਨ ਅਤੇ ਫੌਜ ਦੇ ਆਹਲਾ ਅਫ਼ਸਰ (ਸਮੇਤ ਸ੍ਰੀ ਕੁਲਦੀਪ ਬਰਾੜ ਦੇ) ਦੋਸ਼ੀ ਹੋਣ ਦੇ ਦੋਸ਼ ਤੋਂ ਬਚ ਨਹੀਂ ਸਕਦੇ। ਜੇ ਉਸ ਸਮੇਂ ਦਰਬਾਰ ਸਾਹਿਬ 'ਤੇ ਹਮਲਾ ਠੀਕ ਸੀ ਤਾਂ ਹਮਲੇ ਤੋਂ ਬਾਅਦ ਇਥੇ ਮਾਰੇ ਗਏ ਸ਼ਰਧਾਲੂਆਂ, ਛੋਟੇ ਬੱਚਿਆਂ ਅਤੇ ਸਿੱਖ ਬੀਬੀਆਂ ਦੇ ਜਾਲਮਾਨਾ ਕਤਲਾਂ ਨੂੰ ਕਿਸ ਖਾਤੇ ਰੱਖਿਆ ਜਾਵੇਗਾ ਜਿਨ੍ਹਾਂ ਨੂੰ ਫੌਜ ਨੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਾਰ ਦਿੱਤਾ ਸੀ। ਹਮਲੇ ਤੋਂ ਬਾਅਦ 7 ਜੂਨ ਨੂੰ ਜਿਸ ਵੇਲੇ ਪੂਰਾ ਹਰਿਮੰਦਰ ਸਾਹਿਬ ਕੰਪਲੈਕਸ ਫੌਜ ਦੇ ਕੰਟਰੌਲ ਵਿਚ ਸੀ ਤਾਂ 'ਸਿੱਖ ਰੈਫਰੈਂਸ ਲਾਇਬਰੇਰੀ' ਨੂੰ ਸਾੜ ਦੇਣ ਅਤੇ ਹੋਰ ਸਿੱਖ ਸਾਹਿਤ ਨੂੰ ਚੁੱਕ ਕੇ ਲੈ ਜਾਣ ਪਿੱਛੇ ਕਿਹੜੀ ਨੀਤੀ ਕੰਮ ਕਰਦੀ ਹੈ? ਕੀ ਬਰਾੜ ਸਾਹਿਬ ਇਹ ਦੱਸ ਸਕਣਗੇ ਕਿ ਸ੍ਰੀ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਭਰ ਵਿਚ ਕੋਈ ਦੋ ਲੱਖ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਕੀ ਖਾਲਿਸਤਾਨ ਦੇ ਐਲਾਨ ਨੂੰ ਰੋਕਣ ਵਾਸਤੇ ਹੀ ਕੀਤਾ ਗਿਆ ਸੀ? ਸਾਫ਼ ਹੈ ਕਿ ਇੰਦਰਾ ਗਾਂਧੀ ਨੇ ਆਪਣੀ ਰਾਜਸੱਤਾ ਦੀ ਕੁਰਸੀ ਪੱਕੀ ਕਰਨ ਲਈ ਭਾਰਤ ਵਿਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਸੀ ਹਰਿਮੰਦਰ ਸਾਹਿਬ 'ਤੇ ਹਮਲਾ ਇਸ ਕਰੂਰ ਸੋਚ ਦੀ ਸਿਖਰ ਸੀ। ਸਾਬਕਾ ਫੌਜੀ ਜਰਨੈਲ ਹੁਣ ਉਹਨਾਂ ਗਲਤ ਗੱਲਾਂ ਦਾ ਦੁਹਰਾਅ ਕਰਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਤੋਂ ਬਾਜ ਆਵੇ।