ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਸਿੱਖ ਧਰਮ ਤੋਂ ਬਿਨਾਂ 'ਮੁਕਤੀ' ਨਹੀਂ ਮਿਲ ਸਕਦੀ?


ਇਹ 3 ਸਵਾਲ ਹਨ ਜੋ ਅਸਟਰੇਲੀਆ ਤੋਂ ਇਕ ਸੱਜਣ ਇੰਦਰਬੀਰ ਸਿੰਘ ਨੇ ਮੈਨੂੰ ਇਕ ਪ੍ਰਾਈਵੇਟ ਮੈਸਜ ਰਾਹੀਂ ਪੁੱਛੇ ਹਨ। ਕਿਉਂਕਿ ਇਹ ਸਭ ਵਾਸਤੇ ਸਾਂਝੇ ਹਨ ਇਸ ਕਰ ਕੇ ਸਾਰਿਆਂ ਨਾਲ ਸਾਂਝੇ ਕਰ ਰਿਹਾ ਹਾਂ।
ਦਰਅਸਲ ਇੰਦਰਬੀਰ ਸਿੰਘ ਦਾ ਮਸਲਾ ਕੁਝ ਹੋਰ ਹੈ। ਉਸ ਸੱਜਣ ਦਾ ਮਸਲਾ ਇਹ ਸੀ ਕਿ ਉਹ ਜਿਸ ਜਗਹ ਕੰਮ ਕਰਦਾ ਹੈ ਉਥੇ ਤਕਰੀਬਨ ਸਾਰੇ ਹੀ ਗੋਰੇ ਹਨ ਜੋ ਅਕਸਰ ਉਸ ਦੀ ਦਸਤਾਰ ਅਤੇ ਕੇਸਾਂ ਬਾਰੇ ਸਵਾਲ ਪੁੱਛਦੇ ਰਹਿੰਦੇ ਹਨ ਤੇ ਅਕਸਰ ਉਸ ਨੂੰ ਮੁਸਲਮਾਨ ਸਮਝਦੇ ਹਨ। ਇੰਦਰਬੀਰ ਸਿੰਘ ਦੀ ਮੁਸ਼ਕਿਲ ਹੈ ਕਿ ਉਹ ਰੋਜ਼ ਇਹੋ ਜਿਹੇ ਸਵਾਲਾਂ ਤੋਂ ਤੰਗ ਹੈ; ਅਤੇ ਉਸ ਨੇ ਸਵਾਲ ਪੁੱਛਿਆ ਹੈ ਕਿ ਕੀ ਕੇਸਾਂ ਤੋਂ ਬਿਨਾਂ ਸਿੱਖ ਨਹੀਂ ਰਿਹਾ ਜਾ ਸਕਦਾ; ਯਾਨਿ ਸਿੱਖ ਹੋਣਾ/ਰਹਿਣਾ ਕਿਉਂ ਜ਼ਰੂਰੀ ਹੈ? ਕੀ ਸਿੱਖ ਰਹੇ ਬਗ਼ੈਰ 'ਮੁਕਤੀ' ਨਹੀਂ ਮਿਲ ਸਕਦੀ? ਕੀ ਰੱਬ ਸਿਰਫ਼ ਸਿੱਖ ਰਹਿਣ ਨਾਲ ਹੀ ਮਿਲ ਸਕਦਾ ਹੈ?
ਇੰਦਰਬੀਰ ਸਿੰਘ ਦੀ ਹਾਲਤ ਵਿਚੋਂ ਦੋ ਗੱਲਾਂ ਸਾਹਮਣੇ ਆਉਂਦੀਆਂ ਹਨ :
ਗ਼ੈਰ-ਸਿੱਖਾਂ, ਖ਼ਾਸ ਕਰ ਕੇ ਗੋਰਿਆਂ, ਵੱਲੋਂ ਦਸਤਾਰ ਤੇ ਕੇਸਾਂ ਦਾ ਸਵਾਲ ਉਠਾਉਣਾ ਤੇ ਸਿੱਖਾਂ ਨੂੰ ਮੁਸਲਮਾਨ ਸਮਝਣਾ। ਹੁਣ ਇਸ ਦਾ ਨਿਖੇੜਾ ਕਰ ਕੇ ਵੇਖੋ; ਇਹ ਸਵਾਲ ਸਿਰਫ਼ ਗੋਰੇ ਉਠਾਉਂਦੇ ਹਨ, ਨੀਗਰ (ਕਾਲੇ) ਜਾਂ ਮੰਗੋਲੀਅਨ (ਫਨੇ : ਜਪਾਨੀ, ਚੀਨੀ ਤੇ ਉਸ ਜ਼ੋਨ ਦੇ ਹੋਰ ਲੋਕ) ਨਹੀਂ। ਇਸ ਦਾ ਮਾਅਨਾ ਇਹ ਹੈ ਕਿ ਇਹ ਸਵਾਲ ਦਸਤਾਰ ਜਾਂ ਕੇਸਾਂ ਕਾਰਨ ਨਹੀਂ ਹਨ ਬਲਕਿ ਗੋਰਿਆਂ ਦੇ ਨਸਲਵਾਦ ਕਰ ਕੇ ਹਨ। ਇਸ ਵਿਚੋਂ ਸਵਾਲ ਉਠਦਾ ਹੈ ਕਿ ਜੇ ਸਿੱਖ ਦੇ ਸਿਰ 'ਤੇ ਦਸਤਾਰ ਜਾਂ ਕੇਸ ਨਾ ਹੋਣ ਤਾਂ ਕੀ ਇਹ ਗੋਰੇ ਨਸਲੀ ਵਿਤਕਰਾ ਜਾਂ ਨਫ਼ਰਤ (ਉਤੋਂ ਭਾਵੇਂ ਨਾ ਕਰਨ) ਕਰਨੋਂ ਹਟ ਜਾਣਗੇ? ਜਵਾਬ ਹੈ ਨਹੀਂ; ਇਹ ਤਾਂ ਉਨ੍ਹਾਂ ਦੀ ਮਾਨਸਿਕਤਾ ਹੈ ਜੋ ਦਸਤਾਰ ਤੇ ਕੇਸ ਵਾਲਾ ਸਾਹਮਣੇ ਨਾ ਹੋਵੇ ਤਾਂ ਨੀਗਰੋ ਕਹਿ ਕੇ ਕਾਲੇ 'ਤੇ ਵਰ੍ਹ ਪੈਂਦੀ ਹੈ; ਜੇ ਇਹ ਵੀ ਨਾ ਹੋਵੇ ਤੇ ਸਾਰੇ ਗੋਰੇ ਹੀ ਹੋਣ ਤਾਂ ਈਸਟ ਤੇ ਵੈਸਟ ਯੂਰਪ ਦੇ ਗੋਰਿਆਂ ਵਿਚਲੇ ਫ਼ਰਕ 'ਤੇ ਵਰ੍ਹ ਪੈਂਦੀ ਹੈ; ਜੇ ਇਹ ਵੀ ਨਾ ਹੋਵੇ ਤੇ ਸਾਰੇ ਇਕੋ ਮੁਲਕ ਦੇ ਹੀ ਹੋਣ ਤਾਂ ਇਹ ਕੈਥੋਲਿਕ ਤੇ ਪ੍ਰੋਟੈਸਟੈਂਟ ਦੇ ਰੂਪ ਵਿਚ ਉਭਰ ਪੈਂਦੀ ਹੈ; ਹੋਰ ਤਾਂ ਹੋਰ ਇਹ ਇਕੋ ਮੁਲਕ ਦੇ ਉਤਰੀ-ਦੱਖਣੀ ਇਲਾਕੇ ਦੇ ਰੂਪ ਵਿਚ ਵੀ ਰੰਗ ਦਿਖਾ ਦੇਂਦੀ ਹੈ (ਜਿਵੇਂ ਨਾਰਵੇ ਵਿਚ ਮੈਂ ਦੇਖਿਆ ਹੈ; ਉਥੇ ਉਤਰੀ ਨਾਰਵੇ ਵਾਲਿਆਂ ਨੂੰ ਬਹੁਤ ਸਾਰੇ ਦੱਖਣੀ ਨਾਰਵੇ ਵਾਲੇ ਘਟੀਆ ਸਮਝਦੇ ਹਨ; ਨਾਰਵੇ ਹੀਂ ਨਹੀਂ ਬਾਕੀ ਯੂਰਪ ਵਿਚ ਵੀ ਇਹੀ ਮਾਹੌਲ/ਮਾਨਸਿਕਤਾ ਹੈ)। ਸੋ, ਇਹ ਨਸਲੀ ਸੋਚ ਸਿਰ ਸਿੱਖ ਜਾਂ ਏਸ਼ੀਅਨ ਵਾਸਤੇ ਨਹੀਂ ਬਲਕਿ ਇਹ ਤੰਗ ਦਿਲੀ ਇਨਸਾਨ ਵਿਚ ਸਮਾਈ ਹੋਈ ਘਟੀਆ ਫ਼ਿਤਰਤ ਹੀ ਹੈ।
ਇਹ ਸੋਚ ਸਿਰਫ਼ ਗੋਰਿਆਂ ਵਿਚ ਹੀ ਨਹੀਂ ਸਾਡੇ ਵਿਚ ਵੀ ਹੈ। ਅਸੀਂ ਇਨਸਾਨ ਨਹੀਂ, ਪੰਜਾਬੀ ਨਹੀਂ, ਸਿੱਖ ਨਹੀਂ ਹਾਂ : ਅਸੀਂ ਜੱਟ ਹਾਂ, ਭਾਪੇ ਹਾਂ, ਤਖਾਣ ਹਾਂ, ਚਮਾਰ ਹਾਂ, ਸੈਣੀ, ਜੁਲਾਹੇ, ਮਜ਼੍ਹਬੀ-ਬਾਲਮੀਕੀ, ਕੰਬੋ ਹਾਂ। ਫਿਰ ਅਸੀਂ ਮਲਵਈ, ਮਝੈਲ, ਦੁਆਬੀਏ, ਪੁਆਧੀ ਹਾਂ। ਫਿਰ ਅਸੀਂ ਪੰਜਾਬੀ, ਹਰਿਆਣਵੀ, ਕਸ਼ਮੀਰੀ, ਵਿਲਾਇਤੀ ਹਾਂ। ਅਸੀਂ ਇਨਸਾਨ ਜਾਂ ਸਿੱਖ ਕਿੱਥੇ ਹਾਂ!
ਅਗਲਾ ਅਹਿਮ ਮਸਲਾ ਇਹ ਹੈ ਕਿ ਕੀ ਸਿੱਖ ਧਰਮ ਤੋਂ ਬਿਨਾ 'ਮੁਕਤੀ' ਨਹੀਂ ਮਿਲ ਸਕਦੀ? ਕੀ ਰੱਬ ਸਿਰਫ਼ ਸਿੱਖਾਂ ਨੂੰ ਹੀ ਮਿਲ ਸਕਦਾ ਹੈ? ਸਿੱਖ ਹੋਣਾ/ਰਹਿਣਾ ਕਿਉਂ ਜ਼ਰੂਰੀ ਹੈ? ਪਹਿਲੀ ਗੱਲ ਤਾਂ ਮੁਕਤੀ ਨਾਂ ਦੀ ਕੋਈ ਚੀਜ਼ ਨਹੀਂ ਜੋ ਮਰਨ ਤੋਂ ਮਗਰੋਂ ਮਿਲਦੀ ਹੈ। ਆਪਣੇ ਆਪ ਨੂੰ ਵਿਕਾਰਾਂ ਤੋਂ ਮੁਕਤ ਕਰਨਾ ਹੀ ਮੁਕਤੀ ਹੈ। ਮਰਨ ਮਗਰੋਂ ਵਾਲੀ ਮੁਕਤੀ ਬ੍ਰਾਹਮਣਾਂ ਤੇ ਪੁਜਾਰੀਆਂ ਨੇ ਆਪਣਾ ਹਲਵਾ-ਮਾਂਡਾ ਚਲਾਉਣ ਵਾਸਤੇ ਪੈਦਾ ਕੀਤਾ ਭਰਮਜਾਲ ਹੈ। ਦੂਜਾ, ਰੱਬ ਦਾ ਮਿਲਣਾ ਵੀ ਉਲਝਣ ਬਣਾ ਦਿੱਤਾ ਗਿਆ ਹੈ। ਰੱਬ ਕੋਈ ਸਥੂਲ ਚੀਜ਼ ਜਾਂ ਕਿਸੇ ਜਗਹ ਮੌਜੂਦ ਕੋਈ ਚੀਜ਼ ਨਹੀਂ ਜਿਸ ਨੂੰ ਮਿਲਣਾ ਹੈ; ਇਹ ਤਾਂ ਆਪਣੀ ਰੂਹ ਨੂੰ ਉੱਚੀ ਹਾਲਤ ਵਿਚ ਜਾਂ ਉੱਚੇ ਮੁਕਾਮ 'ਤੇ ਲੈ ਜਾਣਾ ਹੈ। ਤੀਜਾ ਮਸਲਾ ਹੈ ਕਿ ਕੀ ਸਿੱਖ ਰਹਿਣਾ ਲਾਜ਼ਮੀ ਹੈ? ਸੱਚ ਇਹ ਹੈ ਕਿ ਮੈਂ ਸਿੱਖ ਦੇ ਘਰ ਜੰਮਿਆ ਹੋਣ ਕਰ ਕੇ ਸਿੱਖ ਹਾਂ, ਨਾ ਕਿ ਆਪਣੀ ਚੋਣ ਕਰ ਕੇ। ਜੇ ਮੈਂ ਹਿੰਦੂ ਦੇ ਘਰ ਜੰਮਿਆ ਹੁੰਦਾ ਤਾਂ ਰਾਮ, ਕਿਸ਼ਨ, ਗਣੇਸ਼, ਦੇਵੀ ਦੇ ਬੁੱਤ ਅੱਗੇ ਨੱਕ-ਮੱਥਾ ਰਗੜਦਾ ਤੇ ਕਰਮ ਕਾਂਡ ਵਿਚ ਗ਼ਲਤਾਨ ਹੁੰਦਾ। ਜੇ ਮੈਂ ਮੁਸਲਮਾਨ ਦੇ ਘਰ ਜੰਮਿਆ ਹੁੰਦਾ ਤਾਂ ਰੋਜ਼ਿਆਂ ਅਤੇ ਨਮਾਜ਼ਾਂ ਦਾ ਰਸਮੀ ਪੈਰੋਕਾਰ ਹੁੰਦਾ। ਮੈਂ ਹਜ਼ਾਰਾਂ ਲੋਕਾਂ ਨੂੰ ਨਿੱਜੀ ਤੌਰ 'ਤੇ ਜਾਣਦਾ ਹਾਂ ਜੋ ਆਪੋ ਆਪਣੇ ਧਰਮ ਵਿਚ ਕੱਟੜ ਹਨ ਪਰ ਸ਼ਾਇਦ ਹੀ ਕੋਈ ਹੋਵੇ ਜਿਸ ਦੇ ਦਿਲ ਵਿਚ ਧਰਮ ਹੋਵੇ। ਧਾਰਮਿਕ ਲੀਡਰਾਂ ਵਿਚੋਂ ਤਾਂ ਸ਼ਾਇਦ 100% ਹੀ ਧਰਮ ਤੋਂ ਦੂਰ ਹਨ। ਸੋ ਧਾਰਮਿਕ ਸ਼ਾਵਨਵਾਦ (ਇਹ ਸੋਚ ਕਿ ਮੇਰਾ ਧਰਮ ਉੱਚਾ ਹੈ ਤੇ ਦੂਜ ਘਟੀਆ ਹਨ) ਦੀਆਂ ਗੱਲਾਂ ਸਭ ਦਿਖਾਵਾ, ਡਰਾਮਾ ਤੇ ਕਰਮ ਕਾਂਡ ਹੀ ਹੈ। ਇਸ ਵਿਚ ਨਫ਼ਰਤ, ਵਿਤਕਰਾ, ਸਾੜਾ, ਸਾਜ਼ਸ਼ਾਂ, ਦੰਭ, ਪਾਖੰਡ ਦਾ ਬੋਲ ਬਾਲਾ ਹੈ।
ਪਰ, ਮੈਂ ਸਿੱਖ ਧਰਮ ਛੱਡਣ ਬਾਰੇ ਕਦੇ ਨਹੀਂ ਸੋਚਿਆ। ਇਸ ਦਾ ਕਾਰਨ ਇਹ ਹੈ ਕਿ ਮੈਨੂੰ ਸਿੱਖ ਧਰਮ ਤੋਂ ਬੇਹਤਰ ਕੋਈ ਹੋਰ ਧਰਮ ਨਹੀਂ ਦਿਸਿਆ ਤੇ ਜੇ ਕੋਈ ਸਬਿਤ ਕਰ ਦੇਵੇ ਕਿ ਉਸ ਦਾ ਧਰਮ ਸਿੱਖ ਧਰਮ ਤੋਂ ਬੇਹਤਰ ਹੈ ਤਾਂ ਮੈਂ ਜ਼ਰੂਰ ਉਸ ਦਾ ਧਰਮ ਅਖ਼ਤਿਆਰ ਕਰ ਲਵਾਂਗਾ; ਯਾਨਿ ਮੇਰੀ ਸੋਚ ਹੈ ਕਿ ਜੇ ਮੈਂ ਧਰਮ ਰੱਖਣਾ ਹੀ ਹੈ ਤਾਂ ਸਿੱਖ ਹੀ ਰਹਾਂਗਾ; ਇਸ ਨੂੰ ਛੱਡਣ ਦਾ ਮਤਲਬ ਨਾਸਤਕ ਬਣਨਾ ਹੋਵੇਗਾ।
ਫਿਰ ਸਵਾਲ ਆ ਜਾਵੇਗਾ ਕਿ ਕੀ ਧਰਮ ਜ਼ਰੂਰੀ ਹੈ? ਕੀ ਸਿੱਖੀ ਕੇਸਾਂ ਤੇ ਦਸਤਾਰ ਬਿਨਾਂ ਨਹੀਂ ਹੋ ਸਕਦੀ? ਮੇਰਾ ਜਵਾਬ ਇਹ ਹੈ ਕਿ ਧਰਮ ਲਾਜ਼ਮੀ ਹੈ; ਇਨਸਾਨ ਕਿਸੇ ਜ਼ਾਬਤੇ ਹੇਠ ਹੀ ਰਹਿ ਸਕਦਾ ਹੈ; ਬਿਨਾਂ ਕਿਸੇ ਨੇਮ ਅਤੇ ਜ਼ਾਬਤੇ ਤੋਂ ਬਿਨਾਂ ਤਾਂ ਸਿਰਫ਼ ਹਨੇਰਗਰਦੀ ਹੀ ਹੋ ਜਾਵੇਗੀ। ਦੁਨੀਆਂ ਵਿਚ ਜੋ ਕੁਝ ਜ਼ਰਾ ਮਾਸਾ ਇਨਸਾਨੀਅਤ ਬਚੀ ਹੋਈ ਹੈ ਉਹ ਧਰਮ ਦੀ ਹੀ ਦੇਣ ਹੈ (ਪਾਪ, ਜੁਰਮ, ਜ਼ੁਲਮ, ਧੱਕਾ, ਵਿਤਕਰਾ, ਨਫ਼ਰਤ ਧਰਮ ਦੀ ਦੇਣ ਨਹੀਂ ਬਲਕਿ ਧਾਰਮਿਕ ਚੌਧਰੀਆਂ ਦੀ ਦੇਣ ਹੈ)। ਜੇ ਧਰਮ ਨਾ ਹੋਵੇ ਤਾਂ ਸਾਰੇ ਪਾਸੇ ਦਿਓ-ਸੋਚ ਹਾਵੀ ਹੋ ਜਾਵੇ; ਜੰਗਲ ਤੋਂ ਵੀ ਮਾੜੀ ਹਾਲਤ ਹੋ ਜਾਵੇ।
ਇਸ ਦੇ ਨਾਲ ਹੀ ਸਵਾਲ ਹੈ ਕਿ ਕੀ ਸਿੱਖੀ ਕੇਸਾਂ ਤੇ ਦਸਤਾਰ ਬਿਨਾਂ ਨਹੀਂ ਹੋ ਸਕਦੀ? ਮੇਰਾ ਜਵਾਬ ਹੈ ਕਿ ਧਰਮ ਆਪਣੀ ਮਰਜ਼ੀ ਨਾਲ ਅਪਣਾਇਆ ਜਾਂਦਾ ਹੈ। ਕਿਸੇ ਦੀ ਮਰਜ਼ੀ ਹੈ ਕਿ ਉਹ ਕੋਈ ਧਰਮ ਰੱਖੇ ਜਾਂ ਨਾ ਰੱਖੇ ਪਰ ਜੇ ਰੱਖਣਾ ਹੈ ਤਾਂ ਇਸ ਨੂੰ ਪੂਰਾ ਰੱਖਣਾ ਪਵੇਗਾ; ਇਹ ਨਹੀਂ ਕਿ ਉਸ ਦਾ ਕੁਝ ਹਿੱਸਾ ਰੱਖ ਲਓ ਤੇ ਬਾਕੀ ਛੱਡ ਦਿਓ। ਇਹ ਤਾਂ ਕੋਈ ਨਿਜ ਦਾ ਧਰਮ ਹੋਏਗਾ ਤੇ ਨਵਾਂ ਵੀ ਤੇ ਜਾਂ ਅਜਿਹੇ ਸ਼ਖਸ ਨੂੰ ਪਤਿਤ ਕਿਹਾ ਜਾਵੇਗਾ। ਕੇਸ ਕੱਟਣ ਨਾਲ ਸਿੱਖ ਪਤਿਤ ਹੋ ਜਾਂਦਾ ਹੈ ਤੇ ਪਤਿਤ ਦਾ ਮਾਅਨਾ ਹੈ ਧਰਮ ਤੋਂ 'ਗਿਰਿਆ ਹੋਇਆ' ਜੋ ਧਰਮ ਨੂੰ ਛੱਡ ਗਿਆ ਹੈ। ਸਿਰਫ਼ ਕੇਸ ਕੱਟਣ ਵਾਲਾ ਹੀ ਪਤਿਤ ਨਹੀਂ ਬਲਕਿ 'ਉਹ ਵੀ ਪਤਿਤ ਹੈ ਜੋ ਕੇਸ ਰੱਖ ਕੇ ਸਿੱਖੀ ਦੀ ਸਿਖਿਆ ਦੇ ਉਲਟ ਜੀਵਨ ਜਿਊਂਦਾ ਹੈ।' ਅਜਿਹਾ ਸ਼ਖਸ ਦੰਭੀ ਤੇ ਪਾਖੰਡੀ ਹੈ; ਉਹ ਖ਼ੁਦ ਨੂੰ ਵੀ ਧੋਖਾ ਦੇਂਦਾ ਹੈ ਤੇ ਹੋਰਨਾਂ ਨੂੰ ਵੀ।
ਡਾ. ਹਰਜਿੰਦਰ ਸਿੰਘ ਦਿਲਗੀਰ