ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਮਰੀਕਾ ਦੇ ਪਹਿਲੇ ਗੁਰਦੁਆਰੇ ਦੇ ਸੰਘਰਸ਼ ਦੀ ਗਾਥਾ


ਅਮਰੀਕਾ ਦੀ ਧਰਤੀ 'ਤੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ 100 ਸਾਲ ਹੋ ਚੁੱਕੇ ਹਨ। ਅੱਜ ਇਸ ਮੁਲਕ 'ਚ ਲੱਖਾਂ ਸਿੱਖ ਵਸਦੇ ਹਨ ਅਤੇ ਸੈਂਕੜੇ ਗੁਰਦੁਆਰੇ ਬਣ ਚੁੱਕੇ ਹਨ। ਸੰਨ 2012 ਜਿਥੇ ਅਮਰੀਕਨ ਸਿੱਖਾਂ ਲਈ ਗੁਰਦੁਆਰਾ ਸ਼ਤਾਬਦੀ ਦਾ ਖੁਸ਼ੀਆਂ ਭਰਿਆ ਸਾਲ ਹੈ, ਉਥੇ ਇਸੇ ਵਰ੍ਹੇ ਵਿਸਕਾਨਸਿਨ ਗੁਰਦੁਆਰੇ 'ਚ ਹੋਏ ਸ਼ਹੀਦੀ ਸਾਕੇ ਕਾਰਨ ਕੌੜੀਆਂ ਯਾਦਾਂ ਵੀ ਆ ਜੁੜੀਆਂ ਹਨ। ਅਜਿਹੇ ਮੌਕੇ ਅਮਰੀਕਾ 'ਚ ਸਿੱਖਾਂ ਦੀ ਆਮਦ, ਸੰਘਰਸ਼ ਤੇ ਸਥਾਪਨਾ ਬਾਰੇ ਜਾਨਣ ਨਾਲ, ਸਿੱਖਾਂ ਦੀ ਅਗਲੀ ਪੀੜ੍ਹੀ ਤੇ ਹੋਰ ਕੌਮਾਂ ਸਿੱਖੀ ਤੇ ਸਿੱਖਾਂ ਬਾਰੇ ਵਧੇਰੇ ਗਿਆਨ ਲੈ ਸਕਦੀਆਂ ਹਨ। ਦਰਅਸਲ ਅਮਰੀਕਾ 'ਚ ਸਿੱਖਾਂ ਦੇ ਆਉਣ ਤੋਂ ਪਹਿਲਾਂ ਕੈਨੇਡਾ 'ਚ ਆਏ ਸਿੱਖਾਂ ਨਾਲ ਵਿਤਕਰਾ, ਬੇਇਨਸਾਫ਼ੀ ਤੇ ਧੱਕੇਸ਼ਾਹੀ ਵਧ ਰਹੀ ਸੀ ਤੇ ਹੋਰਨਾਂ ਏਸ਼ੀਅਨ ਲੋਕਾਂ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਘੱਟ ਰਹੀ ਸੀ। ਸਰਕਾਰੀ ਅੰਕੜਿਆਂ ਦੇ ਹਵਾਲੇ ਅਨੁਸਾਰ ਕੈਨੇਡਾ ਸਰਕਾਰ ਨੇ ਸੰਨ 1911 ਈ: ਦੇ ਵਰ੍ਹੇ ਦੌਰਾਨ 11932 ਚੀਨੀਆਂ ਤੇ 2986 ਜਾਪਾਨੀਆਂ ਨੂੰ ਦੇਸ਼ ਆਉਣ ਦੀ ਆਗਿਆ ਦੇ ਦਿੱਤੀ ਪਰ ਏਸ਼ੀਆ ਦੇ ਮੁਲਕ ਭਾਰਤ ਤੋਂ 1910 ਈ: ਵਿਚ 5, 1911 ਈ: ਵਿਚ 37 ਤੇ 1912 ਈ: ਵਿਚ ਕੇਵਲ 3 ਪਰਵਾਸੀ ਹੀ ਕੈਨੇਡਾ ਆ ਸਕੇ। ਦੂਸਰਾ ਦੁਖਾਂਤ ਇਹ ਸੀ ਕਿ ਚੀਨੀ ਸਿਰਫ਼ ਹੈਂਡ ਟੈਕਸ ਭਰ ਕੇ ਹੀ ਇਥੇ ਆ ਸਕਦੇ ਸਨ ਤੇ ਜਾਪਾਨੀ ਤਾਂ ਬਿਨਾਂ ਹੈਂਡ ਟੈਕਸ ਦੇ ਵੀ, ਕੁੱਲ 50 ਡਾਲਰ ਅਦਾ ਕਰਕੇ ਕੈਨੇਡਾ ਵਸ ਸਕਦੇ ਸਨ, ਜਦ ਕਿ ਭਾਰਤੀ ਅਵਾਸੀਆਂ ਵਾਸਤੇ ਮੂਲ ਦੇਸ਼ ਤੋਂ ਦੋ ਸੌ ਡਾਲਰ ਦੀ ਟਿਕਟ ਲੈ ਕੇ, ਉਥੋਂ ਹੀ ਜਹਾਜ਼ ਚੜ੍ਹ ਕੇ ਕੈਨੇਡਾ ਸਿੱਧੇ ਆਉਣ ਦੀ ਸਖ਼ਤ ਸ਼ਰਤ ਸੀ। ਈਸਟ ਇੰਡੀਅਨ ਨਾਲ ਇਤਿਹਾਸ ਵਿਚ ਹੋਏ ਅਜਿਹੇ ਦੋਹਰੇ ਜਬਰ ਨੇ ਕੈਨੇਡਾ ਤਰਫ਼ੋਂ ਉਨ੍ਹਾਂ ਦਾ ਮੂੰਹ ਮੋੜ ਦਿੱਤਾ ਤੇ ਅਗਲੇ 26 ਵਰ੍ਹਿਆਂ ਵਿਚ ਕੇਵਲ 675 ਅਵਾਸੀ ਇਸ ਧਰਤੀ 'ਤੇ ਪਹੁੰਚੇ ਜਦੋਂ ਕਿ ਵੱਡੀ ਗਿਣਤੀ ਵਿਚ ਸਿੱਖ ਕੈਨੇਡਾ ਤੋਂ ਜਾਂ ਤਾਂ ਭਾਰਤ ਵਾਪਸ ਪਰਤ ਗਏ ਤੇ ਜਾਂ ਫਿਰ ਅਮਰੀਕਾ ਵੱਲ ਨੂੰ ਹੋ ਤੁਰੇ।
20ਵੀਂ ਸਦੀ ਦੌਰਾਨ ਪੰਜਾਬ ਤੋਂ ਅਮਰੀਕਾ ਵਿਚ ਆ ਵਸੇ ਸਿੱਖਾਂ ਦੇ ਸੰਦਰਭ ਵਿਚ, ਵਿਸ਼ਲੇਸ਼ਣਾਤਮਕ ਅਧਿਐਨ ਕਰਨਾ ਇਤਿਹਾਸਕ ਪੱਖੋਂ ਖਾਸ ਸਥਾਨ ਰੱਖਦਾ ਹੈ। ਇਸ ਖਿੱਤੇ 'ਚ ਵਸਦੇ ਆਜ਼ਾਦੀਪਸੰਦ ਲੋਕਾਂ ਨੇ 1776 ਈ: ਵਿਚ ਜ਼ਬਰਦਸਤ ਇਨਕਲਾਬ ਮਗਰੋਂ ਸੁਤੰਤਰਤਾ ਦਾ ਨਿੱਘ ਮਾਣਿਆ। ਇਸ ਮੁਲਕ ਦੀ ਮਾਲੀ ਹਾਲਤ ਵੀ ਕਾਫ਼ੀ ਚੰਗੀ ਸੀ। ਰੁਜ਼ਗਾਰ ਦੇ ਮੌਕੇ ਵੀ ਉਪਲਬੱਧ ਸਨ। ਮਿਹਨਤਾਨਾ ਹੋਰਨਾਂ ਦੇਸ਼ਾਂ ਦੇ ਮੁਕਾਬਲਤਨ ਬਹੁਤ ਉੱਚਾ ਸੀ। ਇਥੋਂ ਦੇ ਕਈ ਖੇਤਰਾਂ ਦੀ ਭੂਗੋਲਿਕ ਸਥਿਤੀ ਤੇ ਵਾਯੂਮੰਡਲ ਬਿਲਕੁਲ ਪੰਜਾਬ ਵਰਗਾ ਸੀ। ਪੰਜਾਬ ਵਾਂਗ ਹੀ ਸਮਤਲ ਜ਼ਮੀਨ 'ਤੇ ਖੇਤੀ ਕਰਕੇ ਕਿਸਾਨੀ ਵਰਤਾਰਾ ਬਣਾਈ ਰੱਖਣ ਦੀ ਪ੍ਰਕਿਰਿਆ ਵੀ ਅਮਰੀਕਾ ਵਿਚ ਪੂਰੀ ਹੋ ਸਕਦੀ ਸੀ। ਇਨ੍ਹਾਂ ਸਾਰੇ ਕਾਰਨਾਂ ਨੇ ਸ਼ਾਹੂਕਾਰਾਂ ਦੇ ਕਰਜ਼ਿਆਂ ਹੇਠਾਂ ਦੱਬੇ ਕਿਸਾਨਾਂ ਅਤੇ ਸਾਬਕਾ ਸਿੱਖ ਫ਼ੌਜੀਆਂ ਨੂੰ ਇਥੇ ਵਸਣ ਲਈ ਉਤਸ਼ਾਹਿਤ ਕੀਤਾ। ਬਹੁਤ ਸਾਰੇ ਸਿੱਖ ਮਲੇਸ਼ੀਆ, ਚੀਨ, ਹਾਂਗਕਾਂਗ ਤੇ ਫਿਲਪਾਈਨ ਆਦਿ ਮੁਲਕਾਂ ਤੋਂ ਹੁੰਦੇ ਹੋਏ ਵੀ ਅਮਰੀਕਾ ਵਿਚ ਪਹੁੰਚ ਗਏ।
ਇਤਿਹਾਸਕਾਰਾਂ ਅਨੁਸਾਰ 1904 ਤੋਂ 1906 ਦੌਰਾਨ ਅਮਰੀਕਾ ਵਿਚ ਪਹੁੰਚਣ ਵਾਲੇ ਸਿੱਖਾਂ ਦੀ ਗਿਣਤੀ ਕਰੀਬਨ 1000 ਸੀ। ਇਸ ਤੋਂ ਮਗਰੋਂ ਇਥੇ ਸਿੱਖਾਂ ਦੀ ਆਮਦ ਵਿਚ ਤੇਜ਼ੀ ਨਾਲ ਵਾਧਾ ਹੋਇਆ। ਬਹੁਤੇ ਪ੍ਰਵਾਸੀ ਸਿੱਖ ਪੰਜਾਬ ਦੇ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਅਮਰੀਕਾ ਆਏ ਤੇ ਨੌਕਰੀਆਂ ਕਰਕੇ ਆਪਣਾ ਚੰਗਾ ਗੁਜ਼ਾਰਾ ਸ਼ੁਰੂ ਕਰ ਦਿੱਤਾ। ਉਸ ਸਮੇਂ ਦੌਰਾਨ ਬਣੇ ਪੁਲਾਂ, ਸੜਕਾਂ ਤੇ ਰੇਲਵੇ ਲਾਈਨਾਂ ਦੇ ਨਿਰਮਾਣ ਵਿਚ ਸਿੱਖਾਂ ਦਾ ਖਾਸ ਯੋਗਦਾਨ ਹੈ। ਅਮਰੀਕਾ ਦੇ ਓਰਗਨ, ਵਾਸ਼ਿੰਗਟਨ ਤੇ ਕੈਲੇਫੋਰਨੀਆ ਆਦਿ ਸਟੇਟਾਂ ਵਿਚ ਸਿੱਖਾਂ ਨੇ ਲੰਬਰ ਮਿੱਲਾਂ ਵਿਚ ਮੁਸ਼ੱਕਤ ਕਰਕੇ ਆਪਣੀ ਆਰਥਿਕ ਸਥਿਤੀ ਕਾਫ਼ੀ ਬਿਹਤਰ ਬਣਾ ਲਈ। ਇਸ ਤੋਂ ਇਲਾਵਾ ਉਨ੍ਹਾਂ ਇੰਪੀਰੀਅਲ ਵੈਲੀ ਵਿਚ ਜ਼ਮੀਨਾਂ ਵੀ ਕਰਜ਼ੇ ਚੁੱਕ ਕੇ ਖਰੀਦ ਲਈਆਂ। ਵਿੱਤੀ ਪੱਖੋਂ ਉਨ੍ਹਾਂ ਕੋਲ 10 ਹਜ਼ਾਰ ਡਾਲਰ ਦੇ ਕਰੀਬ ਰਾਸ਼ੀ ਆਮ ਹੀ ਹੁੰਦੀ ਸੀ। ਫਿਰ ਹਾਲਾਤ ਪੂਰੀ ਤਰ੍ਹਾਂ ਅਨੁਕੂਲ ਹੋਣ ਕਰਕੇ ਅਮਰੀਕਾ ਵਸਦੇ ਸਿੱਖਾਂ ਨੇ ਆਪਣੇ ਨਜ਼ਦੀਕੀਆਂ ਨੂੰ ਵੀ ਇਥੇ ਬੁਲਾਉਣਾ ਸ਼ੁਰੂ ਕਰ ਦਿੱਤਾ। ਇਕ ਵੇਰਵੇ ਮੁਤਾਬਿਕ 1907 ਈਸਵੀ ਵਿਚ 1072 ਅਤੇ 1908 ਈਸਵੀ ਵਿਚ 1710 ਸਿੱਖ ਅਮਰੀਕਾ ਪਹੁੰਚੇ। ਪ੍ਰਵਾਸੀ ਸਿੱਖਾਂ ਦੀ ਅਮਰੀਕਾ ਵਿਚ ਸੰਨ 1908 ਤੱਕ ਕੁੱਲ ਗਿਣਤੀ 3 ਹਜ਼ਾਰ ਤੱਕ ਪਹੁੰਚ ਚੁੱਕੀ ਸੀ।
ਅਮਰੀਕਨ ਲੋਕਾਂ ਅੰਦਰ ਰੰਗ ਨਸਲ ਦੇ ਦ੍ਰਿਸ਼ਟੀਕੋਣ ਤੋਂ ਪਹਿਲਾਂ ਪਹਿਲ ਕੋਈ ਵਿਤਕਰਾ ਨਜ਼ਰ ਨਹੀਂ ਸੀ ਆਇਆ। ਇਥੋਂ ਤੱਕ ਕਿ 4 ਜੁਲਾਈ 1776 ਈਸਵੀ ਵਿਚ ਹੋਏ ਅਮਰੀਕਨ ਸੁਤੰਤਰਤਾ ਐਲਾਨ ਵਿਚ ਇਹ ਸ਼ਬਦ ਸਾਫ਼ ਲਿਖੇ ਮਿਲਦੇ ਹਨ, 'ਸਾਰੇ ਮਨੁੱਖ ਸਮਾਨ ਪੈਦਾ ਹੋਏ ਹਨ ਅਤੇ ਹਰੇਕ ਨੂੰ ਆਪਣਾ ਜੀਵਨ, ਸੁਤੰਤਰਤਾ ਤੇ ਆਨੰਦ ਮਾਣਨ ਦਾ ਜਨਮ ਸਿੱਧ ਅਧਿਕਾਰ ਹੈ।' ਪਰ ਇਕ ਸਦੀ ਬੀਤਣ ਮਗਰੋਂ ਇਸ ਐਲਾਨਨਾਮੇ ਦੀ ਵਿਹਾਰਕਤਾ 'ਤੇ ਅਮਰੀਕਨਾਂ ਨੇ ਸਵਾਲੀਆ ਚਿੰਨ੍ਹ ਲਾ ਦਿੱਤੇ। ਬਰਤਾਨੀਆ ਦੀ ਕਾਲੋਨੀ ਭਾਰਤ ਤੋਂ ਆ ਕੇ ਅਮਰੀਕਾ ਵਸੇ ਸਿੱਖਾਂ ਦੀ ਆਰਥਿਕ ਚੜ੍ਹਤ ਦੇਖ ਕੇ ਉਨ੍ਹਾਂ ਨਸਲੀ ਭਿੰਨਤਾ ਦੀ ਅਜਿਹੀ ਸ਼ਰਮਨਾਕ ਹਰਕਤ ਕੀਤੀ, ਜਿਸ ਨੇ ਦੱਖਣੀ ਅਫਰੀਕਾ 'ਚ ਹੋ ਰਹੇ ਰੰਗ-ਭੇਦ ਦੇ ਵਿਤਕਰੇ ਨੂੰ ਵੀ ਮਾਤ ਪਾ ਦਿੱਤੀ। 5 ਸਤੰਬਰ 1907 ਦੀ ਰਾਤ ਅਮਰੀਕਾ ਵਸਦੇ ਪ੍ਰਵਾਸੀ ਸਿੱਖਾਂ ਲਈ ਕਹਿਰ ਭਰੀ ਦੁਖਾਂਤਕ ਰਾਤ ਬਣ ਗਈ ਜਦੋਂ 600 ਤੋਂ ਵਧ ਯੂਰਪੀਅਨਾਂ ਦੇ ਹਜ਼ੂਮ ਨੇ ਬਲਿੰਗਮ ਦੇ ਸਿੱਖ ਮਿੱਲ ਵਰਕਰਾਂ 'ਤੇ ਹਮਲਾ ਕਰ ਦਿੱਤਾ। ਕੰਮ ਕਰ ਰਹੇ ਸਿੱਖਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਜਿਹੜੇ ਸੌਂ ਰਹੇ ਸਨ, ਉਨ੍ਹਾਂ ਨੂੰ ਕੁੱਟ-ਮਾਰ ਕਰਕੇ ਭਜਾ ਦਿੱਤਾ ਗਿਆ। ਕਾਮਿਆਂ ਦਾ ਖਾਣ-ਪੀਣ ਦਾ ਸਾਮਾਨ, ਲੀੜੇ-ਕੱਪੜੇ ਤੇ ਬੈੱਡ ਆਦਿ ਸੜਕਾਂ 'ਤੇ ਸੁੱਟ ਦਿੱਤੇ ਗਏ। ਇਸ ਸਥਿਤੀ ਨੂੰ ਵੇਖ ਰਹੀ ਅਮਰੀਕਨ ਪੁਲਿਸ ਨੇ, ਨਸਲੀ ਗੁੰਡਿਆਂ ਨੂੰ ਬਿਲਕੁਲ ਨਾ ਰੋਕਿਆ ਤੇ ਨਿਆਂ ਅਤੇ ਕਾਨੂੰਨ ਦੀਆਂ ਧੱਜੀਆਂ ਉਡਦੀਆਂ ਵੇਖਦੀ ਰਹੀ। ਦਰਅਸਲ ਪੁਲਿਸ ਵੀ ਸਿੱਖਾਂ ਨੂੰ ਉਥੋਂ ਬਾਹਰ ਕੱਢਣਾ ਚਾਹੁੰਦੀ ਸੀ। ਅਮਰੀਕਾ ਦੇ ਅਖ਼ਬਾਰਾਂ ਤੇ ਮੈਗਜ਼ੀਨਾਂ ਨੇ ਵੀ ਇਸ ਖੌਫ਼ਨਾਕ ਘਟਨਾ ਦੀ ਬਿਲਕੁਲ ਨਿਖੇਧੀ ਨਾ ਕੀਤੀ। ਦੁਖੀ ਹੋਏ ਬਹੁਤ ਸਾਰੇ ਸਿੱਖ ਕੈਨੇਡਾ ਦੇ ਬਾਰਡਰ ਨੂੰ ਭੱਜ ਤੁਰੇ, ਜਿਥੇ ਚਾਰ ਸੌ ਦੇ ਕਰੀਬ ਨੂੰ 'ਕਾਨੂੰਨ ਤੋੜਨ' ਦੀ ਉਲੰਘਣਾ ਦੇ ਦੋਸ਼ ਵਿਚ ਜੇਲ੍ਹਾਂ ਅੰਦਰ ਸੁੱਟ ਦਿੱਤਾ ਗਿਆ।
ਅਮਰੀਕਾ ਦੀ ਉਪਰੋਕਤ ਘਟਨਾ ਮਗਰੋਂ, ਸਿੱਖਾਂ ਅੰਦਰ ਆਪਣੇ ਜਨਮ ਸਿੱਧ ਅਧਿਕਾਰਾਂ ਦੀ ਸੁਰੱਖਿਆ ਲਈ ਸੰਘਰਸ਼ ਸ਼ੁਰੂ ਹੋ ਗਿਆ। ਜੀਵਨ, ਆਜ਼ਾਦੀ ਤੇ ਖੁਸ਼ੀ ਲਈ ਮਨੁੱਖੀ ਬਰਾਬਰੀ ਨੂੰ ਬਿਆਨ ਕਰਨ ਵਾਲੇ ਇਹ ਉਹੀ ਹੱਕ ਸਨ, ਜੋ ਅਮਰੀਕੀ ਐਲਾਨਨਾਮੇ ਵਿਚ ਸ਼ਾਮਿਲ ਸਨ। 1907 ਵਿਚ ਹੋਂਦ ਵਿਚ ਆਈ 'ਇੰਡੀਅਨ ਇੰਡੀਪੈਨਡੈਂਸ ਲੀਗ ਸੰਸਥਾ ਨੇ ਭਾਰਤੀਆਂ ਨੂੰ ਜਥੇਬੰਦ ਕਰਨ ਦਾ ਅਹਿਮ ਉਪਰਾਲਾ ਕੀਤਾ। ਪਰਵਾਸੀ ਭਾਰਤੀਆਂ ਨੂੰ ਭਾਰਤ, ਕੈਨੇਡਾ ਤੇ ਅਮਰੀਕਾ ਵਿਚ ਹੋ ਰਹੇ ਜ਼ੁਲਮ-ਸਿਤਮ ਤੋਂ ਜਾਣੂੰ ਕਰਵਾ ਕੇ ਜਾਗ੍ਰਿਤ ਕਰਨ ਲਈ ਤਾਰਿਕਨਾਥ ਦਾਸ ਨੇ 1908 ਈ: ਵਿਚ 'ਫਰੀ ਹਿੰਦੁਸਤਾਨ' ਅਖ਼ਬਾਰ ਅਮਰੀਕਾ ਤੋਂ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸੰਚਾਰ ਮਾਧਿਅਮਾਂ ਕਾਰਨ ਬਹੁਤ ਸਾਰੇ ਅਮਰੀਕਨ ਤੇ ਆਇਰਿਸ਼ ਲੋਕਾਂ ਨੇ ਵੀ ਭਾਰਤੀਆਂ ਨਾਲ ਹਮਦਰਦੀ ਪ੍ਰਗਟਾਈ, ਪਰ ਦੂਜੇ ਪਾਸੇ ਵਿਰੋਧੀਆਂ ਨੇ ਕੈਨੇਡਾ ਵਾਂਗ ਹੀ ਅਮਰੀਕਾ 'ਚ 'ਏਸ਼ੀਆਟਿਕ ਐਕਸਕਲੂਜ਼ਨ ਲੀਗ' ਹਿੰਦ ਵਿਰੋਧੀ ਨਾਂਅ ਦੀ ਜਥੇਬੰਦੀ ਸੰਨ 1908 ਵਿਚ ਬਣਾ ਕੇ, ਆਪਣੀਆਂ ਕਾਰਵਾਈਆਂ ਨੂੰ ਲਗਾਤਾਰ ਜਾਰੀ ਰੱਖਿਆ।
ਅਜਿਹੇ ਸਮੇਂ ਕੈਨੇਡਾ ਦੀ 'ਖਾਲਸਾ ਦੀਵਾਨ ਸੁਸਾਇਟੀ' ਵਰਗੀ ਅਜਿਹੀ ਸ਼ਕਤੀਸ਼ਾਲੀ ਸੰਸਥਾ ਦੀ ਲੋੜ ਸੀ, ਜਿਸ ਰਾਹੀਂ ਅਮਰੀਕਾ ਵਸਦੇ ਪੰਜਾਬੀਆਂ ਦੀਆਂ ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਕ ਭਾਵਨਾਵਾਂ ਨੂੰ ਸੰਗਠਿਤ ਕੀਤਾ ਜਾ ਸਕੇ। ਇਸ ਮਕਸਦ ਦੀ ਪੂਰਤੀ ਲਈ ਕੈਲੀਫੋਰਨੀਆ ਦੇ 'ਪਟੈਟੋ ਕਿੰਗ' ਵਜੋਂ ਜਾਣੇ ਜਾਂਦੇ ਜੁਝਾਰੂ ਸਿੱਖ ਸ: ਜਵਾਲਾ ਸਿੰਘ ਅਤੇ ਧਾਰਮਿਕ ਸ਼ਖ਼ਸੀਅਤ ਸੰਤ ਵਸਾਖਾ ਸਿੰਘ ਨੇ ਸ਼ਲਾਘਾਯੋਗ ਯਤਨ ਕੀਤੇ, ਜਿਸ ਦੇ ਸਿੱਟੇ ਵਜੋਂ ਸੰਨ 1909 ਈ: ਨੂੰ 'ਪੈਸਿਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ' ਦਾ ਜਨਮ ਹੋਇਆ। ਅਜਿਹੀ ਮਜ਼ਬੂਤ ਧਾਰਮਿਕ ਤੇ ਸਿਆਸੀ ਜਥੇਬੰਦੀ ਦੇ ਹੋਂਦ ਵਿਚ ਆਉਣ ਮਗਰੋਂ, ਸਹੀ ਅਰਥਾਂ ਵਿਚ ਪਰਵਾਸੀ ਸਿੱਖਾਂ ਦਾ, ਦੇਸ਼ ਦੀ ਆਜ਼ਾਦੀ ਵਾਸਤੇ ਸੰਗਠਿਤ ਸੰਘਰਸ਼ ਆਰੰਭ ਹੋਇਆ। ਭਾਈਚਾਰੇ ਵਿਚ ਡੂੰਘੀ ਨੇੜਤਾ ਸਥਾਪਿਤ ਹੋ ਗਈ। ਸਮੱਸਿਆਵਾਂ ਨੂੰ ਸੁਲਝਾਉਣ ਲਈ ਰਸਤੇ ਲੱਭੇ ਜਾਣ ਲੱਗੇ। ਇਸ ਦੇ ਨਾਲ ਹੀ ਸੰਨ 1910 ਤੱਕ ਕੈਲੀਫੋਰਨੀਆ ਵਸਦੇ ਸਿੱਖਾਂ ਦੀ ਗਿਣਤੀ ਵੀ 6 ਹਜ਼ਾਰ ਤੱਕ ਪਹੁੰਚ ਗਈ। ਅਜਿਹੇ ਸਮੇਂ ਧਾਰਮਿਕ ਤੇ ਰੂਹਾਨੀ ਲੋੜਾਂ ਅਨੁਸਾਰ ਬਣੇ ਪਹਿਲੇ ਗੁਰਦੁਆਰੇ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਅਤੇ ਬੇਇਨਸਾਫ਼ੀ ਖਿਲਾਫ਼ ਸੰਘਰਸ਼ ਛੇੜਨ ਦਾ ਰਾਹ ਸਿਰਜਿਆ ਤੇ ਉੱਤਰੀ ਅਮਰੀਕਾ ਦੀ ਧਰਤੀ 'ਤੇ ਆਰੰਭ ਹੋਈ ਗ਼ਦਰ ਲਹਿਰ ਦੇ ਜਨਮਦਾਤਾ ਕੈਨੇਡਾ ਦੇ ਪਹਿਲੇ ਗੁਰਦੁਆਰੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੇ ਅਮਰੀਕਾ ਦੇ ਪਹਿਲੇ ਗੁਰਦੁਆਰੇ ਪੈਸਿਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਕਹੇ ਜਾ ਸਕਦੇ ਹਨ। ਇਸ ਦੀ ਮਿਸਾਲ ਹੈ ਕਿ ਗੁਰਦੁਆਰਾ ਸਟਾਕਟਨ ਦੇ ਮੋਢੀ ਭਾਈ ਜਵਾਲਾ ਸਿੰਘ ਠਠੀਆਂ, ਸੰਤ ਵਸਾਖਾ ਸਿੰਘ ਦਦੇਹਰ ਤੇ ਭਾਈ ਸੰਤੋਖ ਸਿੰਘ ਧਰਦੇਵ ਵਰਗੇ ਸਿੱਖਾਂ ਦੇ ਖੇਤਾਂ ਦੀ ਆਮਦਨ ਨਾਲ ਹੀ ਗ਼ਦਰ ਪਾਰਟੀ ਦੀ ਸਥਾਪਨਾ ਲਈ ਮੁਢਲੇ ਫੰਡ ਇਕੱਤਰ ਹੋਏ ਤੇ ਅਗਲੇ ਵਰ੍ਹੇ 1913 ਵਿਚ ਬਾਕਾਇਦਾ ਜਥੇਬੰਦੀ ਖੜ੍ਹੀ ਕਰ ਲਈ ਗਈ। ਇਹ ਗੱਲ ਹੋਰ ਵੀ ਅਹਿਮ ਹੈ ਕਿ ਗੁਰਦੁਆਰੇ ਦੇ ਸਾਰੇ ਸੇਵਾਦਾਰ ਪਾਰਟੀ ਮੈਂਬਰ ਬਣੇ ਤੇ ਭਾਈ ਜਵਾਲਾ ਸਿੰਘ ਉੱਪ ਪ੍ਰਧਾਨ ਚੁਣੇ ਗਏ ਜਦੋਂ ਕਿ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸਨ। ਪਚਾਨਵੇਂ ਫ਼ੀਸਦੀ ਤੋਂ ਵੱਧ ਸਿੱਖਾਂ ਨੇ ਗ਼ਦਰ ਲਹਿਰ 'ਚ ਹੋਣ ਦੇ ਬਾਵਜੂਦ ਸਿੱਖ ਫਲਸਫ਼ੇ 'ਏਕ ਪਿਤਾ ਏਕਸ ਕੇ ਹਮ ਬਾਰਿਕ' ਅਨੁਸਾਰ ਹਿੰਦੂ ਤੇ ਮੁਸਲਿਮ ਮੈਂਬਰ ਵੀ ਪੂਰੇ ਸਤਿਕਾਰੇ ਜਾਂਦੇ ਰਹੇ ਤੇ ਗੁਰਦੁਆਰਾ ਸਾਹਿਬ ਤੋਂ ਭੇਜੇ ਜਾਂਦੇ ਸਿਆਸੀ ਵਫ਼ਦ 'ਚ ਸਾਰਿਆਂ ਨੂੰ ਪ੍ਰਤੀਨਿਧਤਾ ਦਿੱਤੀ ਜਾਂਦੀ ਰਹੀ। ਸੌ ਸਾਲ ਪਹਿਲਾਂ ਦੀਆਂ ਇਤਿਹਾਸਕ ਤਸਵੀਰਾਂ, ਲਿਖਤਾਂ, ਸਾਈਕਲੋਸਟਾਈਲ ਛਪਾਈ, ਪ੍ਰਿੰਟਿੰਗ ਪ੍ਰੈੱਸ ਤੇ ਹੋਰ ਦਸਤਾਵੇਜ਼, ਜਿਹੜੇ ਪਹਿਲੀ ਸ਼ਤਾਬਦੀ ਮੌਕੇ ਸਟਾਕਟਨ 'ਚ ਸਿੱਖ ਮਿਊਜ਼ੀਅਮ ਅੰਦਰ ਸੰਭਾਲੇ ਗਏ ਹਨ, ਉਹ ਅਮਰੀਕਾ ਦੇ ਮੋਢੀ ਸਿੱਖਾਂ ਦੀ ਚੁਣੌਤੀਆਂ ਭਰੀ ਜ਼ਿੰਦਗੀ ਤੇ ਸਵੈਧੀਨਤਾ ਦੀ ਭਾਵਨਾ ਕਾਇਮ ਰੱਖਣ ਦੀ ਤਰਜਮਾਨੀ ਕਰਦੇ ਹਨ। ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਜਿਸ ਹੱਥ ਚਾਲਕ ਪ੍ਰੈੱਸ ਰਾਹੀਂ 'ਗ਼ਦਰ' ਪੰਜਾਬੀ ਅਖ਼ਬਾਰ ਕੱਢਿਆ ਜਾਂਦਾ ਸੀ, ਉਸ ਨੂੰ ਵਿਰਾਸਤੀ ਨਿਸ਼ਾਨੀ ਵਜੋਂ ਸੰਭਾਲਣਾ ਅਤੇ ਪਹਿਲੀ ਸ਼ਤਾਬਦੀ ਨੂੰ ਵਿਚਾਰ ਚਿੰਤਨ ਵਜੋਂ ਕਾਨਫ਼ਰੰਸ ਰੂਪ 'ਚ ਮਨਾਉਣਾ ਅਮਰੀਕਨ ਸਿੱਖਾਂ ਦੀ ਵਿਹਾਰਕ ਚੇਤਨਾ ਦਾ ਸ਼ਾਨਦਾਰ ਉਪਰਾਲਾ ਹਨ।
ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ