ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਬਾਣੀ ਵਿਚ ਨਿਮਰਤਾ ਦਾ ਸੰਕਲਪ


ਨਿਮਰਤਾ ਮਨੁੱਖੀ ਜੀਵਨ ਦਾ ਇਕ ਬਹੁਮੁੱਲਾ ਗੁਣ ਹੈ ਜੋ ਸਾਡੀ ਜ਼ਿੰਦਗੀ ਨੂੰ ਸਰਲ, ਸਪੱਸ਼ਟ ਅਤੇ ਸੁਚੱਜਾ ਬਨਾਉਣ ਵਿਚ ਅਹਿਮ ਯੋਗਦਾਨ ਪਾਉਂਦਾ ਹੈ। ਦੁਨੀਆਂ ਨਿਮਰ, ਮਿੱਠਬੋਲੜੇ ਅਤੇ ਹੱਸਮੁਖੇ ਸੁਭਾਅ ਵਾਲੇ ਮਨੁੱਖਾਂ ਨੂੰ ਹੀ ਪਸੰਦ ਕਰਦੀ ਅਤੇ ਸਤਿਕਾਰਦੀ ਹੈ। ਜੋ ਵਿਅਕਤੀ ਆਪਣੇ ਦੋਸਤਾਂ, ਸਾਥੀਆਂ, ਵੱਡਿਆਂ, ਛੋਟਿਆਂ ਅਤੇ ਨੌਕਰਾਂ ਨਾਲ  ਵੀ ਨਿਮਰਤਾ ਭਰਪੂਰ ਵਿਹਾਰ ਕਰਦਾ ਹੈ, ਉਹ ਦੂਜਿਆਂ ਤੋਂ ਸਦਾ ਸੁਖ ਅਤੇ ਸਹਿਯੋਗ ਪ੍ਰਾਪਤ ਕਰਦਾ ਹੈ। ਨਿਮਰਤਾ ਹੀ ਸਾਡੇ ਰੋਜ਼ਾਨਾ ਜੀਵਨ ਦੀ ਇਕ ਅਜਿਹੀ ਚਾਬੀ ਹੈ ਜਿਸ ਨਾਲ ਅਸੀਂ ਹਰੇਕ ਦੇ ਦਿਲ ਵਿਚ ਪ੍ਰਵੇਸ਼ ਕਰਨ ਦੇ ਯੋਗ ਬਣ ਜਾਂਦੇ ਹਾਂ। ਇਹ ਸਾਨੂੰ ਕੇਵਲ ਇਸ ਸੰਸਾਰ ਵਿਚ ਹੀ ਸਫਲਤਾ ਨਹੀਂ ਬਖਸ਼ਦੀ ਸਗੋਂ ਨਿਰੰਕਾਰ ਪਾਸ ਪਹੁੰਚਣ ਲਈ ਵੀ ਇਕ ਮਹੱਤਵਪੂਰਨ ਕਦਮ ਦਾ ਕੰਮ ਕਰਦੀ ਹੈ।
ਗੁਰਬਾਣੀ ਨੂੰ ਗਹੁ ਨਾਲ ਵਿਚਾਰਿਆਂ ਸਾਨੂੰ ਨਿਮਰਤਾ, ਅਹਿੰਸਾ ਅਤੇ ਸਾਦਗੀ ਦਾ ਜੀਵਨ ਬਤੀਤ ਕਰਨ ਲਈ ਸਿੱਖਿਆ ਮਿਲਦੀ ਹੈ। ਪ੍ਰਾਚੀਨ ਵੇਦਾਂ, ਉਪਨਿਸ਼ਦਾਂ, ਪੁਰਾਣਾਂ, ਧਾਰਮਿਕ ਗ੍ਰੰਥਾਂ ਅਤੇ ਜਨਮਸਾਖੀਆਂ ਵਿਚ ਇਸ ਦੀ ਮਹਾਨਤਾ ਦੱਸੀ ਗਈ ਹੈ। ਰੂਹਾਨੀ ਪੰਜਾਬੀ ਕਵਿਤਾ ਦੇ ਬਾਨੀ ਸ਼ੇਖ਼ ਫਰੀਦ ਨੇ ਆਪਣੀ ਬਾਣੀ ਵਿਚ ਸਾਨੂੰ ਨਿਮਰਤਾ ਅਤੇ ਪ੍ਰੇਮਭਾਵ ਦਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਹੈ। ਅਜਿਹਾ ਕਰਨ ਨਾਲ ਅਸੀਂ ਨਾ ਕੇਵਲ ਆਪਣੇ ਸਾਥੀਆਂ  ਦਾ ਸਹਿਯੋਗ ਪ੍ਰਾਪਤ ਕਰਨ ਦੇ ਯੋਗ ਬਣਦੇ ਹਾਂ ਸਗੋਂ ਰੂਹਾਨੀਅਤ ਵਾਲੇ ਰਸਤੇ ਦੇ ਅਧਾਰ ਨੂੰ ਵੀ ਸਮਝਣ ਲੱਗ ਜਾਂਦੇ ਹਾਂ। ਹਰੇਕ ਮਨੁੱਖ ਨਾਲ ਪਿਆਰ, ਨਿਮਰਤਾ ਦਾ ਵਿਹਾਰ, ਦੁੱਖ-ਸੁੱਖ ਦੀ ਭਾਈਵਾਲੀ, ਨਿਵ-ਚਲਣਾ, ਅਹਿੰਸਾ ਦਾ ਜੀਵਨ, ਸ਼ਾਕਾਹਾਰੀ ਭੋਜਨ ਅਤੇ ਹਊਮੈਂ ਦਾ ਤਿਆਗ ਕਰਨ ਵਰਗੇ ਅਜਿਹੇ ਗੁਣ ਹਨ ਜੋ ਰੂਹਾਨੀਅਤ ਦੇ ਰਸਤੇ ਦੇ ਮੀਲਪੱਥਰ ਮੰਨੇ ਜਾਂਦੇ ਹਨ। ਉਹ ਸਾਨੂੰ ਅੱਤ ਦਰਜੇ ਦੀ ਨਿਮਰਤਾ ਸਮਝਾਉਂਦੇ ਹੋਏ ਦੱਸਦੇ ਹਨ ਕਿ ਜੇਕਰ ਤੁਹਾਨੂੰ ਕੋਈ ਮਾਰ-ਕੁੱਟ ਵੀ ਲਵੇ ਤਾਂ ਉਸ ਕੋਲੋਂ ਬਦਲਾ ਨਾ ਲਓ, ਸਗੋਂ ਉਸ ਦੇ ਪੈਰੀਂ ਹੱਥ ਲਗਾ ਕੇ ਆਰਾਮ ਨਾਲ ਆਪਣੇ ਘਰ ਨੂੰ ਪਰਤ ਆਓ। ਬਾਬਾ ਫਰੀਦ ਜੀ ਦਾ ਇਹ ਵੀ ਕਹਿਣਾ ਹੈ ਕਿ ਹੇ ਮਨੁੱਖ ! ਤੂੰ ਰੱਬ ਦੇ ਘਰ ਨੂੰ ਜਾਂਦੇ ਰਸਤੇ ਦੀ ਦਭੁ ਬਣ ਜਾਹ, ਭਗਤ ਲੋਕ ਤੇਰੇ ਉੱਪਰ ਦੀ ਲੰਘਦੇ ਹੋਏ ਰੱਬ ਪਾਸ ਪਹੁੰਚਣਗੇ ਅਤੇ ਜੇਕਰ ਰੱਬ ਨੂੰ ਤੇਰੀ ਇਹ ਨਿਮਰਤਾ ਪਸੰਦ ਆਵੇਗੀ ਤਾਂ ਉਹ ਭਗਤ ਆਪਣੇ ਪੈਰਾਂ ਨਾਲ ਘੜੀਸਦੇ ਹੋਏ  ਤੈਨੂੰ ਵੀ ਰੱਬ ਦੇ ਘਰ  ਲੈ ਜਾਣਗੇ। ਸੋ ਇਸ  ਤਰ੍ਹਾਂ  ਅੱਤ ਦਰਜੇ ਦੀ ਨਿਮਰਤਾ, ਹਊਮੈਂ ਦਾ ਤਿਆਗ ਅਤੇ ਸਾਦਾ ਜੀਵਨ ਇਸ ਆਸ਼ੇ ਦੀ ਪ੍ਰਾਪਤੀ ਵਿਚ ਸਾਡੀ ਬਹੁਤ ਮਦਦ ਕਰ ਸਕਦਾ  ਹੈ। ਸ਼ੇਖ ਫਰੀਦ ਜੀ ਲਿਖਦੇ ਹਨ -
ਫਰੀਦਾ ਥੀਉ ਪਵਾਹੀ ਦਭ£
ਜੇ ਸਾਈਂ ਲੋੜਹਿ ਸਭੁ£
ਇਕ ਛਿਜਹਿ ਬਿਆ ਲਤਾੜੀਅਹਿ,
ਤਾਂ  ਸਾਈਂ ਦੇ ਦਰਿ ਵਾੜੀਅਹਿ£
ਗੁਰਬਾਣੀ ਦੇ ਰਚਨਹਾਰ ਸਮੂਹ ਗੁਰੂਆਂ, ਪੀਰਾਂ ਅਤੇ ਭਗਤਾਂ ਦੀ ਤਰ੍ਹਾਂ  ਸੰਤ ਕਬੀਰ ਵੀ ਮਨੁੱਖ ਨੂੰ ਨਿਮਰਤਾ ਦਾ ਜੀਵਨ ਬਤੀਤ ਕਰਨ ਦੀ ਹੀ ਸਿੱਖਿਆ ਦਿੰਦੇ ਹਨ। ਦੂਜੇ ਮਹਾਂਪੁਰਖਾਂ ਦੀ ਤਰ੍ਹਾਂ ਉਨ੍ਹਾਂ ਦਾ ਨਿੱਜੀ ਜੀਵਨ ਵੀ ਮਿਹਨਤ, ਸਾਦਗੀ, ਤਿਆਗ ਅਤੇ ਨਿਮਰਤਾ ਨਾਲ ਭਰਪੂਰ ਸੀ। ਉਹ ਆਪਣੇ ਪਰਿਵਾਰਕ ਜੀਵਨ ਦੇ ਨਿਰਭਾਹ ਲਈ ਕੱਪੜਾ ਬੁਣਨ ਦਾ ਕੰਮ ਕਰਦੇ ਹੋਏ ਹਰੇਕ ਮਨੁੱਖ ਨਾਲ ਹਊਮੈਂ ਰਹਿਤ ਹੋ ਕੇ ਨਿਮਰਤਾ ਨਾਲ ਹੀ ਪੇਸ਼ ਆਉਂਦੇ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਜੇ ਅਸੀਂ ਰੱਬ ਦੀ ਪ੍ਰਾਪਤੀ ਦੇ ਰਾਹ 'ਤੇ  ਚਲਣਾ ਚਾਹੁੰਦੇ ਹਾਂ ਤਾਂ ਸਾਨੂੰ ਹਊਮੈਂ ਰਹਿਤ ਹੋ ਕੇ  ਉਸ ਰਸਤੇ  ਦੇ ਰੋੜੇ ਦੀ ਤਰ੍ਹਾਂ ਜੀਵਨ ਬਤੀਤ ਕਰਨਾ ਚਾਹੀਦਾ ਹੈ  ਜੋ ਲੋਕਾਂ ਦੇ ਠੁੱਡੇ ਖਾਂਦਾ ਹੋਇਆ ਵੀ ਖੁਸ਼ ਹੈ। ਉਹ ਸਮਝਦਾ ਹੈ ਕਿ ਜੋ ਮਨੁੱਖ ਰੱਬ ਦੇ ਰਾਹ 'ਤੇ ਚੱਲਦੇ ਹਨ, ਰੱਬੀ ਦਰਗਾਹ ਵਿਚ ਪਹੁੰਚ ਰੱਖਦੇ ਹਨ, ਉਹ  ਰੋੜਾ ਉਨ੍ਹਾਂ ਦੇ ਠੁੱਡੇ ਖਾਂਦਾ ਹੋਇਆ ਵੀ ਉਨ੍ਹਾਂ ਦੀ ਚਰਨਧੂੜ ਬਣ ਕੇ ਇਕ ਦਿਨ ਜ਼ਰੂਰ ਰੱਬੀ ਦਰਗਾਹ ਵਿਚ ਪਹੁੰਚ  ਜਾਵੇਗਾ। ਰੱਬ ਪਾਸ ਪਹੁੰਚਣ ਲਈ ਗੁਰਬਾਣੀ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਊਮੈਂ ਵਰਗੇ ਔਗੁਣਾਂ ਨੂੰ ਤਿਆਗ ਕੇ ਨਿਮਰਤਾ, ਹਲੀਮੀ, ਸ਼ਰਾਫ਼ਤ ਅਤੇ ਸਾਦਗੀ ਦਾ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੰਦੀ ਹੈ। ਭਗਤ ਕਬੀਰ ਨੇ ਲਿਖਿਆ ਹੈ:-
ਕਬੀਰਾ ਰੋੜਾ ਹੂਆ ਰਹੁ ਬਾਟ ਕਾ£
ਤਜਿ ਮਨ ਕਾ ਅਭਿਮਾਨ£
ਹਰਿ ਜਨ ਐਸਾ ਚਾਹੀਐ£
ਤਾਹਿ ਮਿਲੇ ਭਗਵਾਨ£
ਸਿੱਖ ਧਰਮ  ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਮਨੁੱਖ ਨੂੰ ਨਿਮਰਤਾ, ਪਿਆਰ ਅਤੇ ਸ਼ਰਾਫਤ ਦਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਨੇ ਕਿਰਤ ਕਰਨੀ, ਵੰਡ ਛਕਣਾ, ਦੁਜਿਆਂ ਦਾ ਸਤਿਕਾਰ ਕਰਨਾ ਅਤੇ ਨਿਉਂ ਚੱਲਣ ਨੂੰ ਰੂਹਾਨੀ ਜੀਵਨ ਦੇ ਪੱਕੇ ਥੰਮ੍ਹ ਮੰਨਿਆ ਹੈ। ਕੋਈ ਮਨੁੱਖ ਭਾਵੇਂ ਕਿੰਨਾ ਵੀ ਚੁਸਤ, ਅਮੀਰ ਅਤੇ ਤਾਕਤਵਰ ਕਿਉਂ ਨਾ ਹੋਵੇ ਜੇਕਰ ਉਸ ਦੇ ਜੀਵਨ ਵਿੱਚ ਮਿਠਾਸ, ਨਿਮਰਤਾ, ਸਹਿਣਸ਼ੀਲਤਾ ਅਤੇ ਸਾਦਗੀ ਨਹੀਂ ਤਾਂ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਨਹੀਂ ਚਲ ਸਕਦਾ। ਅਜਿਹੇ ਮਨੁੱਖ ਦਾ  ਜੀਵਨ ਖੁਸ਼ਕ, ਰੁੱਖਾ ਅਤੇ ਦਿਸ਼ਾਹੀਣ ਹੋਵੇਗਾ ਜੋ ਨਿਰੰਕਾਰ ਦੀ ਪ੍ਰਾਪਤੀ ਤੋਂ ਕੋਹਾਂ ਦੂਰ ਰਹਿ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਅਮੀਰ, ਆਕੜਖਾਨ ਮਨੁੱਖਾਂ ਨੂੰ  ਸਿੰਮਲ ਰੁੱਖ ਨਾਲ ਉਪਮਾਇਆ ਹੈ। ਉਹ ਦੱਸਦੇ ਹਨ ਕਿ ਸਿੰਮਲ ਦਾ  ਰੁੱਖ ਬੜਾ ਮੋਟਾ, ਲੰਬਾ ਅਤੇ ਖਿਲਾਰ ਵਾਲਾ ਹੁੰਦਾ ਹੈ, ਪਰ ਜੇਕਰ ਕੋਈ ਪੰਛੀ ਇਸ ਦਰਖਤ ਦੇ ਵੱਡੇ ਪਣ ਨੂੰ ਦੇਖ ਕੇ ਇਸ ਉਪਰ  ਆ ਕੇ ਬੈਠ ਜਾਵੇ ਕਿ ਉਸ ਦੀ ਭੁੱਖ ਮਿੱਟ ਜਾਵੇਗੀ ਤਾਂ ਉਸ ਨੂੰ ਨਿਰਾਸ਼ਾ ਹੀ ਮਿਲਦੀ ਹੈ। ਉਹ  ਦੱਸਦੇ ਹਨ ਕਿ ਇਸ ਵੱਡੇ ਦਰੱਖਤ ਦੇ ਫੁੱਲ, ਫ਼ਲ ਅਤੇ ਪੱਤੇ ਵੀ  ਬੜੇ  ਕੌੜੇ  ਅਤੇ ਬੇਸੁਆਦ ਹੁੰਦੇ ਹਨ, ਜਿਸ ਕਾਰਨ ਭੁੱਖੇ ਆਸਵੰਦ ਪੰਛੀ ਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਸੋ, ਪੰਛੀ ਅਜਿਹੇ ਵੱਡੇ ਦਰੱਖਤਾਂ ਤੋਂ ਨਿਰਾਸ਼ ਅਤੇ ਦੁਖੀ ਹੋ ਕੇ ਭੁੱਖੇ ਹੀ ਵਾਪਸ ਪਰਤ ਜਾਂਦੇ ਹਨ। ਉਹ ਸਾਨੂੰ ਸਮਝਾਉਂਦੇ ਹਨ ਕਿ ਬਹੁਤੇ ਕਿਤਾਬੀ ਗਿਆਨਵਾਨ, ਅਮੀਰ, ਤਾਕਤਵਰ ਅਤੇ ਹੰਕਾਰ ਵਾਲੇ ਵਿਅਕਤੀ ਮਨੁੱਖਤਾ ਦੀ ਸੇਵਾ ਕਰਨ ਤੋਂ ਅਸਮਰਥ ਰਹਿ ਜਾਂਦੇ ਹਨ। ਅਜਿਹੇ ਮਨੁੱਖਾਂ ਦਾ ਜੀਵਨ ਖੁਸ਼ਕ, ਦਿਸ਼ਾਹੀਣ ਅਤੇ ਆਸ਼ਾ-ਰਹਿਤ ਹੁੰਦਾ ਹੈ ਅਤੇ ਉਹ ਮਨੁੱਖਤਾ ਦੀ ਸਰੀਰਕ, ਮਾਨਸਿਕ ਅਤੇ ਆਤਮਿਕ ਭੁੱਖ  ਨੂੰ ਨਹੀਂ ਮਿਟਾ ਸਕਦੇ। ਸ੍ਰੀ ਗੁਰੂ ਨਾਨਕ ਦੇਵ  ਜੀ 'ਆਸਾ ਦੀ ਵਾਰ' ਵਿਚ ਸਿੰਮਲ ਰੁਖ ਦਾ ਅਲੰਕਾਰ ਵਰਤ ਕੇ ਸਾਨੂੰ ਦਸਦੇ ਹਨ :-
ਸਿੰਮਲ ਰੁਖ ਸਰਾਇਰਾ ਅਤਿ ਦੀਰਘ ਅਤਿ ਮੁਚੁ£
ਓਇ ਜਿ ਆਵਹਿ ਆਸ ਕਰਿ ਜਾਇ ਨਿਰਾਸੇ ਕਿਤੁ£
ਫਲ ਫਿਕੇ ਫੁਲ ਬਕਬਕੇ ਕੰਮ ਨਾ ਆਵਹਿ ਪਤੁ£
ਮਿਠਤੁ  ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ£
ਇਸ ਤਰ੍ਹਾਂ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਅਸਲੀ ਵਡਿਆਈ ਨਿਮਰਤਾ ਗ੍ਰਹਿਣ ਕਰਨ, ਅਹਿੰਸਾ ਅਤੇ ਪਿਆਰ ਦਾ ਜੀਵਨ ਬਤੀਤ ਕਰਨ ਅਤੇ ਸਦਾ ਨਿਉਂ ਕੇ ਚੱਲਣ ਵਿਚ ਹੈ। ਨਿਮਰ ਮਨੁੱਖ ਹਮੇਸ਼ਾ ਆਪਣੇ ਆਪ ਨੂੰ ਨਿਮਾਣਾ, ਨਿਤਾਣਾ, ਬੇ-ਆਸਰਾ ਅਤੇ ਗੁਣ-ਹੀਨ ਮੰਨਦੇ ਹਨ ਅਤੇ ਸਹੀ ਅਰਥਾਂ ਵਿਚ ਉਹੀ ਗੁਣਵਾਨ ਅਤੇ ਪਰਮਪੂਜਨੀ ਹੁੰਦੇ ਹਨ। ਗੁਰਬਾਣੀ ਰਚਣ ਵਾਲੇ  ਮਹਾਂਪੁਰਖ ਸਦਾ  ਆਪਣੇ ਆਪ ਨੂੰ ਨੀਚ, ਮੰਦਬੁਧੀ ਵਾਲਾ ਦੱਸਦੇ ਹੋਏ ਦੂਜਿਆਂ ਨੂੰ ਸਮਝਾਉਂਦੇ ਸਮੇਂ ਉਨ੍ਹਾਂ ਲਈ 'ਸਾਧ' ਅਤੇ 'ਭਗਤ' ਵਰਗੇ ਪ੍ਰਸ਼ੰਸਾਯੋਗ ਸ਼ਬਦਾਂ ਦੀ ਵਰਤੋਂ ਕਰਦੇ ਹਨ। ਅਜਿਹੇ ਵੱਡਮੁੱਲੇ ਗੁਣਾਂ ਦੇ ਮਾਲਕ ਹੋਣ ਕਰਕੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਅਤੇ ਹੋਰ ਮਹਾਪੁਰਖਾਂ ਨੇ ਗੁਰਗੱਦੀਆਂ ਪ੍ਰਾਪਤ ਕੀਤੀਆਂ ਸਨ। ਇਸੇ ਗਾਡੀ ਰਸਤੇ 'ਤੇ ਚਲ ਕੇ ਮਨੁੱਖ ਹੁਣ ਵੀ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ ਅਤੇ ਮਰਨ-ਜੰਮਣ ਦੇ ਅਮੁੱਕ ਚੱਕਰ ਤੋਂ ਛੁਟਕਾਰਾ ਪਾ ਸਕਦਾ ਹੈ। ਗੁਰਬਾਣੀ ਵਾਰ-ਵਾਰ ਸਾਨੂੰ ਸਮਝਾਉਂਦੀ ਹੈ :-
ਨਾਨਕ ਨੀਵਾ ਜੋ ਚਲੇ ਲਗੇ ਨ ਤਾਤੀ ਵਾਉ£
ਇਸ ਤਰ੍ਹਾਂ ਗਰਬਾਣੀ ਨੂੰ ਮੰਨਦਿਆਂ ਹੋਇਆਂ ਹਰੇਕ ਮਨੁੱਖ ਨੂੰ ਮਿੱਠਾ ਬੋਲਣ, ਨਿਉਂ ਕੇ ਚਲਣ, ਅਹਿੰਸਾ ਅਤੇ ਹਲੀਮੀ ਵਰਗੇ ਗੁਣਾਂ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾਉਣਾ ਚਾਹੀਦਾ ਹੈ। ਸਾਨੂੰ ਹੰਕਾਰ, ਈਰਖਾ, ਚੁਗਲੀ ਤੇ ਨਿੰਦਿਆ ਦਾ ਤਿਆਗ ਅਤੇ ਸੱਚ, ਸੰਤੋਖ  ਪਵਿੱਤਰਤਾ ਤੇ ਉਪਕਾਰ ਵਰਗੇ ਗੁਣ ਧਾਰਨ ਕਰਨੇ ਚਾਹੀਦੇ ਹਨ। ਅਜਿਹੇ ਮਿੱਠੇ ਬੋਲ  ਬੋਲੇ ਜਾਣ  ਜੋ ਦੂਜਿਆਂ 'ਤੇ ਸਦੀਵੀ ਪ੍ਰਭਾਵ ਪਾਉਣ ਅਤੇ ਉਹ ਸਾਡੇ ਵੱਲ ਇਸ ਤਰ੍ਹਾਂ ਖਿੱਚੇ ਆਉਣ ਜਿਵੇਂ ਫੁੱਲਾਂ 'ਤੇ ਭੌਰੇ ਆਉਂਦੇ ਹਨ। ਅਜਿਹੇ ਗੁਣਾਂ ਨੂੰ ਆਪਣੇ ਜੀਵਨ ਵਿਚ ਅਮਲੀ ਜਾਮਾ ਪਹਿਨਾਉਣ ਨਾਲ ਅਸੀਂ ਸੰਸਾਰ ਅਤੇ ਨਿਰੰਕਾਰ ਦੋਨਾਂ ਦੀਆਂ ਨਜ਼ਰਾਂ ਵਿਚ  ਸਤਿਕਾਰ ਦੇ ਪਾਤਰ ਬਣ ਸਕਦੇ ਹਾਂ। ਬਾਬਾ ਫਰੀਦ ਜੀ ਤਾਂ ਇਥੋਂ ਤੱਕ ਵੀ ਲਿਖਦੇ ਹਨ ਕਿ ਨਿਮਰਤਾ। ਭਰਪੂਰ ਜੀਵਨ ਬਤੀਤ ਕਰਨ ਨਾਲ ਅਸੀਂ ਰੱਬ ਦੀ ਰੂਹਾਨੀਅਤ ਦੇ ਰਾਹ 'ਤੇ ਪਾਂਧੀ ਬਣ ਕੇ ਰੱਬ ਦੀ ਪ੍ਰਾਪਤੀ ਕਰ ਸਕਦੇ ਹਾਂ। ਉਨ੍ਹਾਂ ਨੇ ਲਿਖਿਆ ਹੈ :-
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ£
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ£
ਸੁਖਬੀਰ ਕੌਰ