ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਵੱਖ-ਵੱਖ ਉਮਰ ਵਿਚ ਰੀੜ੍ਹ ਦੀ ਹੱਡੀ ਦੀ ਦਰਦ ਕਿਉਂ?


ਵੱਖ-ਵੱਖ ਉਮਰ ਵਿਚ ਹੁੰਦੀ ਰੀੜ੍ਹ ਦੀ ਹੱਡੀ ਦੀ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਸਾਡੇ ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਤੇ ਵਿਗਿਆਨੀਆਂ ਨੇ ਵੱਖ-ਵੱਖ ਉਮਰ ਵਿਚ ਹੁੰਦੀ ਰੀੜ੍ਹ ਦੀ ਹੱਡੀ ਦੀ ਦਰਦ ਦੇ ਕਾਰਨਾਂ, ਲੱਛਣਾਂ ਨੂੰ ਦੱਸ ਕੇ ਸਾਡੇ ਵਾਸਤੇ ਇਸ ਦਾ ਇਲਾਜ ਕਰਨਾ ਬਹੁਤ ਸੌਖਾ ਕਰ ਦਿੱਤਾ ਹੈ ਕਿਉਂ ਕਿ ਅਸੀਂ ਇਸ ਬਿਮਾਰੀ ਦੇ ਪਿੱਛੇ ਛੁਪੇ ਕਾਰਨਾਂ ਨੂੰ ਲੱਭਣ ਲਈ ਉਮਰ ਦੇ ਵਰਗ ਅਨੁਸਾਰ ਹੀ ਹੁੰਦੀ ਰੀੜ੍ਹ ਦੀ ਹੱਡੀ ਦੀ ਦਰਦ ਦੇ ਕਾਰਨਾਂ 'ਤੇ ਆਪਣਾ ਧਿਆਨ ਕੇਂਦਰਿਤ ਕਰ ਸਕਦੇ ਹਾਂ। ਅੱਜ ਅਸੀਂ ਵੱਖ-ਵੱਖ ਉਮਰ ਵਿਚ ਹੁੰਦੀ ਰੀੜ੍ਹ ਦੀ ਹੱਡੀ ਦੇ ਦਰਦ ਦੇ ਕਾਰਨਾਂ ਤੇ ਇਸਦੇ ਇਲਾਜ ਬਾਰੇ ਗੱਲ ਕਰਾਂਗੇ।
ਬੱਚਿਆਂ ਵਿਚ ਰੀੜ੍ਹ ਦੀ ਹੱਡੀ ਦੀ ਦਰਦ: ਇਸ ਵਰਗ ਵਿਚ 18 ਸਾਲ ਦੀ ਉਮਰ ਤੱਕ ਦੇ ਬੱਚੇ ਸ਼ਾਮਿਲ ਕੀਤੇ ਗਏ ਹਨ। ਬੱਚਿਆਂ ਵਿਚ ਜ਼ਿਆਦਾਤਰ ਰੀੜ੍ਹ ਦੀ ਹੱਡੀ ਦੀ ਦਰਦ ਹੱਡੀਆਂ ਦੀ ਇਨਫੈਕਸ਼ਨ ਜਾਂ ਰਸੌਲੀਆਂ ਕਾਰਨ ਹੁੰਦੀ ਹੈ। ਇਹ ਰਸੌਲੀ ਜਨਮ ਸਮੇਂ ਵੀ ਹੋ ਸਕਦੀ ਹੈ ਪਰ ਇਸ ਉਮਰ ਵਿਚ ਜ਼ਿਆਦਾਤਰ ਰਸੌਲੀ ਕੈਂਸਰ ਰਹਿਤ ਹੁੰਦੀ ਹੈ। ਬੱਚਿਆਂ ਵਿਚ ਕਦੇ-ਕਦੇ ਹੱਡੀਆਂ ਦੀ ਬਨਾਵਟ ਵਿਚ ਜਮਾਂਦਰੂ ਨੁਕਸ ਕਾਰਨ ਵੀ ਰੀੜ੍ਹ ਦੀ ਹੱਡੀ ਵਿਚ ਦਰਦ ਰਹਿਣੀ ਸ਼ੁਰੂ ਹੋ ਜਾਂਦੀ ਹੈ।
ਜਵਾਨੀ ਵਿਚ ਰੀੜ੍ਹ ਦੀ ਹੱਡੀ ਦੀ ਦਰਦ : ਅਸੀਂ ਇਸ ਵਰਗ ਵਿਚ 18 ਤੋਂ 35 ਸਾਲ ਤਕ ਦੇ ਮਰੀਜ਼ ਸ਼ਾਮਿਲ ਕੀਤੇ ਹਨ। ਇਸ ਉਮਰ ਵਿਚ ਰੀੜ੍ਹ ਦੀ ਹੱਡੀ ਦੀ ਦਰਦ ਸੱਟ ਜਾਂ ਕਿਸੇ ਬਿਮਾਰੀ ਜਿਵੇਂ ਆਰਥਰੋਪੈਥੀ (ਗੰਠੀਆ ਆਦਿ) ਜਾਂ ਐਨਕਲੋਜ਼ਿੰਗ ਸਪੌਂਡੀਲਾਈਟਿਸ (ਇੱਕ ਅਜਿਹੀ ਬਿਮਾਰੀ ਜਿਸ ਨਾਲ ਸਰੀਰ ਕੁੱਬਾ ਹੋਣਾ ਸ਼ੁਰੂ ਹੋ ਜਾਂਦਾ ਹੈ) ਕਾਰਨ ਰੀੜ੍ਹ ਦੀ ਹੱਡੀ ਵਿਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ।
ਅਧਖੜ੍ਹ ਉਮਰ ਵਿਚ ਰੀੜ੍ਹ ਦੀ ਹੱਡੀ ਦੀ ਦਰਦ : ਇਸ ਵਰਗ ਵਿਚ 35 ਤੋਂ 60 ਸਾਲ ਦੇ ਮਰੀਜ਼ ਸ਼ਾਮਿਲ ਹਨ। ਇਸ ਉਮਰ ਵਿਚ ਜ਼ਿਆਦਾਤਰ ਰੀੜ੍ਹ ਦੀ ਹੱਡੀ ਦੀ ਦਰਦ ਸਲਿਪ ਡਿਸਕ ਕਾਰਨ ਹੁੰਦੀ ਹੈ। ਜਦ ਡਿਸਕ ਆਪਣੀ ਥਾਂ ਤੋਂ ਖਿਸਕ ਕੇ ਨਰਵ 'ਤੇ ਦਬਾਅ ਪਾਉਂਦੀ ਹੈ ਤਾਂ ਰੀੜ੍ਹ ਦੀ ਹੱਡੀ ਵਿਚ ਦਰਦ ਰਹਿਣੀ ਸ਼ੁਰੂ ਹੋ ਜਾਂਦੀ ਹੈ । ਇਹ ਦਰਦ ਰੀੜ੍ਹ ਦੀ ਹੱਡੀ ਵਿਚੋਂ ਨਿਕਲ ਕੇ ਲੱਤ ਵੱਲ ਵੀ ਜਾ ਸਕਦੀ ਹੈ।
ਬਜ਼ੁਰਗਾਂ ਵਿਚ ਰੀੜ੍ਹ ਦੀ ਹੱਡੀ ਦੀ ਦਰਦ : ਇਸ ਵਰਗ ਵਿਚ 60 ਸਾਲ ਦੀ ਉਮਰ ਤੋਂ ਉਪਰ ਦੇ ਮਰੀਜ਼ ਸ਼ਾਮਿਲ ਹਨ। ਬਜ਼ੁਰਗਾਂ ਵਿਚ ਜ਼ਿਆਦਾਤਰ ਰੀੜ੍ਹ ਦੀ ਹੱਡੀ ਦੀ ਦਰਦ ਰੀੜ੍ਹ ਦੀ ਹੱਡੀ ਦੀਆਂ ਨੁੱਕਰਾਂ ਵਧਣ, ਹੱਡੀਆਂ ਦਾ ਖੋਖਲਾਪਣ, ਜਾਨਲੇਵਾ ਰਸੌਲੀਆਂ ਤੇ ਕਈ ਵਾਰ ਹੱਡੀਆਂ 'ਚ ਟੀ. ਬੀ. ਦੀ ਇਨਫੈਕਸ਼ਨ ਕਾਰਨ ਵੀ ਹੋ ਸਕਦੀ ਹੈ। ਜਾਨ ਲੇਵਾ ਰਸੌਲੀਆਂ ਕਾਰਨ ਜ਼ਿਆਦਾਤਰ ਦਰਦ ਜ਼ਿਆਦਾ ਆਰਾਮ ਕਰਨ ਨਾਲ ਹੁੰਦੀ ਹੈ ਤੇ ਰਾਤ ਨੂੰ ਹੁੰਦੀ ਹੈ।
ਇਲਾਜ : ਜੇਕਰ ਰੀੜ੍ਹ ਦੀ ਹੱਡੀ ਦੀ ਦਰਦ ਹੱਡੀਆਂ ਦੀ ਜਮਾਂਦਰੂ ਬਨਾਵਟ ਵਿਚ ਨੁਕਸ ਕਾਰਨ ਹੋਵੇ ਤਾਂ ਪਿੱਠ ਨੂੰ ਪੇਟੀ ਬੰਨ੍ਹ ਕੇ ਦਰਦ ਨੂੰ ਰੋਕਣ ਦੇ ਨਾਲ-ਨਾਲ ਦਵਾਈਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ ਪਰ ਜੇਕਰ ਆਰਥਰੋਪੈਥੀ ਤੇ ਐਨਕਲੋਜ਼ਿੰਗ ਦੀ ਬਿਮਾਰੀ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਇਸ ਬਿਮਾਰੀ ਦੀ ਰੋਕਥਾਮ ਹੀ ਇਸਦਾ ਇਲਾਜ ਹੁੰਦਾ ਹੈ। ਸਲਿਪ ਡਿਸਕ ਜਾਂ ਹੱਡੀਆਂ ਦੀਆਂ ਨੁੱਕਰਾਂ ਵਧੀਆਂ ਹੋਣ ਕਾਰਨ ਰੀੜ੍ਹ ਦੀ ਹੱਡੀ ਦੀ ਦਰਦ ਹੋਵੇ ਤਾਂ ਹੁਣ ਸੀ. ਡੀ. ਡੀ. ਥੈਰੇਪੀ ਨਾਲ ਇਲਾਜ ਬਹੁਤ ਸੌਖਾ ਹੋ ਗਿਆ ਹੈ ਤੇ ਮਰੀਜ਼ ਨੂੰ ਓਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਜੇਕਰ ਹੱਡੀਆਂ ਵਿਚ ਕੈਲਸ਼ੀਅਮ ਦੀ ਘਾਟ ਹੋਵੇ ਤਾਂ ਟੀਕਿਆਂ ਨਾਲ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ ਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਹੱਡੀਆਂ ਦਾ ਕੈਂਸਰ ਫੈਲੇ ਹੋਣ ਦਾ ਬੋਨ ਸਕੈਨ ਤੋਂ ਪਤਾ ਲੱਗ ਜਾਂਦਾ ਹੈ ਤੇ ਇਸਦਾ ਇਲਾਜ ਵੀ ਹੁਣ ਦਵਾਈਆਂ ਨਾਲ ਹੋ ਸਕਦਾ ਹੈ। ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਜਾਂ ਦਰਦ ਤੋਂ ਬਚਣ ਲਈ ਸਾਨੂੰ ਬੈਠਣ ਦੇ ਸਹੀ ਤੌਰ ਤਰੀਕਿਆਂ ਨੂੰ ਹੀ ਅਪਣਾਉਣਾ ਚਾਹੀਦਾ ਹੈ ਕਿਉਂਕਿ ਨੱਬੇ ਫ਼ੀਸਦੀ ਬਿਮਾਰੀਆਂ ਤਾਂ ਬੈਠਣ ਦੇ ਗਲਤ ਤਰੀਕਿਆਂ ਨਾਲ ਹੀ ਹੋ ਜਾਂਦੀਆਂ ਹਨ।
ਡਾ. ਰਵੀਪਾਲ ਸਿੰਘ