ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦਿਲ-ਦਰਿਆਵਾਂ ਦੇ ਮੁਹਾਣ


ਸਮਾਂ ਕਰਵਟ ਬਦਲੇ ਤਾਂ ਦਰਿਆਵਾਂ ਦੇ ਮੁਹਾਣ ਬਦਲ ਜਾਂਦੇ ਹਨ। ਇਹੀ ਹਾਲ ਦਿਲ-ਦਰਿਆਵਾਂ ਦੇ ਵਹਿਣ ਦਾ ਹੁੰਦਾ ਹੈ।
ਬਿਆਸ ਦਰਿਆ, ਪੰਜਾਬ ਦੇ ਉਨ੍ਹਾਂ ਪੰਜ ਦਰਿਆਵਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਨਾਂ 'ਤੇ ਇਸ ਦਾ ਨਾਂ ਪਿਆ ਹੈ। ਬਿਆਸ ਦਾ ਸ਼ਾਬਦਿਕ ਅਰਥ ਭਾਵੇਂ ਬੇ-ਆਸ ਹੈ ਪਰ ਇਸ ਨੇ ਪੰਜਾਬੀਆਂ ਨੂੰ ਕਦੇ ਨਿਰਾਸ਼ ਨਹੀਂ ਕੀਤਾ। ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਮ ਸ਼ਰਧਾਲੂ ਵਾਂਗ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਨਾਲ ਇਹ ਦਰਿਆ ਮੁੜ ਚਰਚਾ ਵਿੱਚ ਆਇਆ ਹੈ। ਇਸ ਨਾਲ ਬਿਆਸ ਦਰਿਆ ਵਿੱਚੋਂ ਆਸ ਦੀ ਇੱਕ ਨਵੀਂ ਤਰੰਗ ਉੱਠੀ ਹੈ। ਸ਼ਰਧਾ, ਸੇਵਾ-ਸਿਮਰਨ, ਮਾਨਸਿਕ ਤ੍ਰਿਪਤੀ ਅਤੇ ਕੁਰਬਾਨੀ ਦੇ ਪ੍ਰੇਰਣਾ ਸਰੋਤ ਵਜੋਂ ਜਾਣੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਗੁਰਬਾਣੀ ਵਿੱਚ ਅੰਕਿਤ ਹੈ, 'ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ'।
ਪੰਜਾਬ ਨੂੰ ਵਿਸ਼ਵ ਸੱਭਿਅਤਾ ਦਾ ਪੰਘੂੜਾ ਮੰਨਿਆ ਜਾਂਦਾ ਹੈ। ਇਹ ਉਹ ਸੁਹਾਵੀ ਧਰਤੀ ਹੈ ਜਿੱਥੇ ਵੇਦਿਕ ਸੱਭਿਅਤਾ ਜੰਮੀ-ਪਲੀ ਅਤੇ ਪਰਵਾਨ ਚੜ੍ਹੀ। ਇਸ ਜ਼ਰਖ਼ੇਜ਼ ਧਰਤੀ 'ਤੇ ਅਠਖੇਲੀਆਂ ਕਰਦੇ ਦਰਿਆਵਾਂ ਦੇ ਕੰਢੇ ਸੰਸਾਰ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਰਿਗਵੇਦ ਰਚਿਆ ਗਿਆ ਸੀ। ਜਦੋਂ ਵਿਸ਼ਵ ਦੇ ਬਾਕੀ ਹਿੱਸਿਆਂ ਵਿੱਚ ਧੁੰਦੂਕਾਰਾ ਸੀ, ਉਸ ਵੇਲੇ ਪੰਜਾਬ ਨੂੰ ਵਿਦਵਤਾ ਅਤੇ ਗਿਆਨ ਦੀ ਧਰਤੀ ਮੰਨਿਆ ਜਾਂਦਾ ਸੀ। ਜਦੋਂ ਪੰਜਾਬੀਆਂ ਦੇ ਬਾਹੂ-ਬਲ ਦੀ ਗੱਲ ਚੱਲਦੀ ਹੈ ਤਾਂ ਇਹ ਬਿਆਸ ਦੇ ਜ਼ਿਕਰ ਬਿਨਾਂ ਅਧੂਰੀ ਹੁੰਦੀ ਹੈ। ਯੂਨਾਨ ਦੇ ਬਾਦਸ਼ਾਹ ਸਿਕੰਦਰ ਨੇ ਈਰਾਨ ਨੂੰ ਫ਼ਤਿਹ ਕਰ ਕੇ 326 ਪੂਰਵ ਈਸਵੀ ਵਿੱਚ ਹਿੰਦੁਸਤਾਨ 'ਤੇ ਧਾਵਾ ਬੋਲਿਆ ਸੀ ਤਾਂ ਉਸ ਨੂੰ ਪੰਜਾਬੀਆਂ ਵੱਲੋਂ ਮਿਲੇ ਮੂੰਹ-ਤੋੜ ਜਵਾਬ ਕਰਕੇ ਬਿਆਸ ਦਰਿਆ ਤੋਂ ਹੀ ਵਾਪਸ ਮੁੜਨਾ ਪਿਆ ਜਿਸ ਨਾਲ ਉਸ ਦਾ ਭਾਰਤ ਨੂੰ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਸੀ।
ਸਿੱਖ ਇਤਿਹਾਸ ਵਿਚ ਬਿਆਸ ਦਾ ਜ਼ਿਕਰ ਪਹਿਲੀ ਜੋਤ, ਗੁਰੂ ਨਾਨਕ ਦੇਵ ਨਾਲ ਜੁੜਿਆ ਹੋਇਆ ਹੈ। ਪਹਿਲੀ ਉਦਾਸੀ ਸਮੇਂ ਆਪ ਨੇ ਸੁਲਤਾਨਪੁਰ ਲੋਧੀ ਤੋਂ ਬਿਆਸ ਦਰਿਆ ਪਾਰ ਕਰ ਕੇ ਫ਼ਤਿਆਬਾਦ ਰਾਤ ਕੱਟਣ ਉਪਰੰਤ ਸੁਲਤਾਨਵਿੰਡ ਪਿੰਡ ਦੀ ਜੂਹ ਵਿਚ ਵਿਸ਼ਰਾਮ ਕੀਤਾ ਜਿੱਥੇ ਬਾਅਦ ਵਿੱਚ ਹਰਿਮੰਦਰ ਸਾਹਿਬ ਦੀ ਮੋਹੜੀ ਗੱਡੀ ਗਈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਸ਼ਹਿਰ ਵਿੱਚ ਸਮੁੰਦਰ ਤਲ ਤੋਂ ਕੋਈ 13,326 ਫੁੱਟ ਦੀ ਉਚਾਈ 'ਤੇ ਰੋਹਤਾਂਗ ਦੱਰੇ ਦੇ ਦੱਖਣ ਵਿੱਚੋਂ ਨਿਕਲਣ ਵਾਲਾ ਬਿਆਸ ਦਰਿਆ ਸਦੀਆਂ ਤੋਂ ਪੰਜਾਬ ਦੀ ਧਰਤੀ ਨੂੰ ਸਿੰਜਦਾ ਆ ਰਿਹਾ ਹੈ। ਉਚਾਣ ਤੋਂ ਨਿਵਾਣ ਵੱਲ ਵਹਿ ਰਿਹਾ ਦਰਿਆ ਮਨ ਨੂੰ ਨੀਵਾਂ ਰੱਖਣ ਦਾ ਸੁਨੇਹਾ ਦਿੰਦਾ ਆ ਰਿਹਾ ਹੈ। ਰਮਣੀਕ ਪਹਾੜੀਆਂ ਦੇ ਵਹਿਣ ਉਪਰੰਤ ਨੀਵੀਆਂ ਥਾਵਾਂ 'ਤੇ ਇਸ ਦੇ ਕਈ ਪੱਤਣ ਹਨ। ਪੱਤਣਾਂ 'ਤੇ ਮੇਲੇ ਲੱਗਣ ਦਾ ਆਪਣਾ ਵੱਖਰਾ ਇਤਿਹਾਸ ਹੈ। ਕਿਸੇ ਸਮੇਂ ਬਰਸਾਤਾਂ ਵਿਚ ਇਨ੍ਹਾਂ ਪੱਤਣਾਂ 'ਤੇ ਬੇੜੀਆਂ ਦੇ ਆਰਜ਼ੀ ਪੁਲ਼ ਬੰਨ੍ਹੇ ਜਾਂਦੇ ਸਨ। ਸ਼ਿਵਾਲਿਕ ਦੀਆਂ ਪਹਾੜੀਆਂ ਥਾਣੀਂ ਲੰਘਣ ਵੇਲੇ ਇਹ ਹੁਸ਼ਿਆਰਪੁਰ ਅਤੇ ਕਾਂਗੜਾ ਜ਼ਿਲ੍ਹਿਆਂ ਦੀ ਹੱਦਬੰਦੀ ਕਰਦਾ ਹੈ। ਮੁਹਾਣ ਬਦਲਣ ਨਾਲ ਇਹ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਨੂੰ ਵੰਡ ਕੇ ਅੱਗੇ ਜਾ ਕੇ ਅੰਮ੍ਰਿਤਸਰ ਅਤੇ ਕਪੂਰਥਲਾ ਨੂੰ ਵੰਡਦਾ ਹੋਇਆ ਆਖਰ ਸਤਲੁਜ ਵਿਚ ਸਮੋ ਜਾਂਦਾ ਹੈ। ਬਿਆਸ ਸ਼ਹਿਰ ਦਾ ਨਾਂ ਵੀ ਇਸ ਦਰਿਆ 'ਤੇ ਪਿਆ ਹੈ। ਡੇਰਾ ਬਾਬਾ ਜੈਮਲ ਸਿੰਘ ਦੀ 1891 ਵਿੱਚ ਹੋਈ ਸਥਾਪਨਾ ਤੋਂ ਪਹਿਲਾਂ ਇੱਥੇ ਜੰਗਲ-ਬੀਆਬਾਨ ਸੀ। ਇਸ ਦੇ ਮੋਢੀ ਬਾਬਾ ਜੈਮਲ ਸਿੰਘ ਦਾ ਜਨਮ ਜੁਲਾਈ 1839  ਮੁਤਾਬਕ ਸੰਮਤ 1896 ਬਿਕਰਮੀ ਸਾਵਣ ਦੇ ਮਹੀਨੇ ਪਿੰਡ ਘੁਮਾਣ, ਤਹਿਸੀਲ ਬਟਾਲਾ ਦੇ ਸਿੱਖ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ ਸੀ। ਘੁਮਾਣ ਵਿੱਚ ਭਗਤ ਨਾਮਦੇਵ ਦਾ ਇੱਕ ਦੇਹੁਰਾ ਹੈ ਜਿੱਥੇ ਉਨ੍ਹਾਂ ਆਪਣੇ ਜੀਵਨ ਦੇ ਕੁਝ ਆਖਰੀ ਵਰ੍ਹੇ ਗੁਜ਼ਾਰੇ ਸਨ। ਬਾਬਾ ਜੈਮਲ ਸਿੰਘ ਛੋਟੀ ਉਮਰ ਤੋਂ ਹੀ ਇੱਥੇ ਜਾਂਦੇ ਤੇ ਘੰਟਿਆਂ ਬੱਧੀ ਬਾਬਾ ਖੇਮ ਦਾਸ ਕੋਲ ਬੈਠ ਕੇ ਗੁਰਬਾਣੀ ਸਰਵਣ ਕਰਦੇ ਸਨ। ਆਪ ਨੇ ਛੋਟੀ ਉਮਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਸਿੱਖਣ ਤੋਂ ਇਲਾਵਾ ਜਪੁਜੀ ਸਾਹਿਬ  ਅਤੇ ਸੁਖਮਨੀ ਕੰਠ ਕਰ ਲਿਆ ਸੀ। ਰਾਧਾ ਸੁਆਮੀ ਸਤਿਸੰਗ, ਬਿਆਸ ਵੱਲੋਂ ਪ੍ਰਕਾਸ਼ਤ 'ਧਰਤੀ ਉੱਤੇ ਸਵਰਗ' ਵਿੱਚ ਕਈ ਥਾਂ ਜ਼ਿਕਰ ਕੀਤਾ ਗਿਆ ਹੈ ਕਿ ਬਾਬਾ ਜੈਮਲ ਸਿੰਘ ਅਤੇ ਉਨ੍ਹਾਂ ਦੇ ਗੱਦੀ-ਨਸ਼ੀਨ ਗੁਰਬਾਣੀ ਦਾ ਓਟ-ਆਸਰਾ ਲੈ ਕੇ ਹੀ ਉਪਦੇਸ਼ ਦਿੰਦੇ ਆ ਰਹੇ ਹਨ। ਮੌਜੂਦਾ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹਰਿਮੰਦਰ ਸਾਹਿਬ ਵਿੱਚ ਆਮ ਸ਼ਰਧਾਲੂ ਵਾਂਗ ਜਾ ਕੇ ਇੱਕ ਘੰਟਾ ਕੀਰਤਨ ਸਰਵਣ ਕਰਨਾ ਭਾਵੇਂ ਚਰਚਾ ਵਿੱਚ ਹੈ ਪਰ ਸੱਚਾਈ ਇਹ ਹੈ ਕਿ ਉਹ ਪਹਿਲਾਂ ਵੀ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਪਹਿਲਾਂ ਉਨ੍ਹਾਂ ਨੂੰ ਕਿਸੇ ਨੇ ਪਛਾਣਿਆ ਨਹੀਂ ਸੀ। ਇਸ ਵਾਰ ਦੀ ਯਾਤਰਾ ਬਾਰੇ ਭਾਫ਼ ਸ਼ਾਇਦ ਡੇਰੇ ਵੱਲੋਂ ਬਿਆਸ ਦੇ ਇੱਕ ਪਿੰਡ ਵੜੈਚ ਵਿੱਚ ਗੁਰਦੁਆਰਾ ਢਾਹੁਣ ਤੋਂ ਬਾਅਦ ਛਿੜੇ ਵਿਵਾਦ ਨੂੰ ਠੱਲ੍ਹ ਪਾਉਣ ਲਈ ਕੱਢੀ ਗਈ ਜਾਪਦੀ ਹੈ। ਇਸ ਯਾਤਰਾ ਨੇ ਸਪਸ਼ਟ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਡੇਰਾ ਬਿਆਸ ਦਾ ਕਿਸੇ ਧਰਮ ਨਾਲ ਕੋਈ ਵਿਰੋਧ ਨਹੀਂ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਲਾਰੰਸ ਸਕੂਲ ਸਨਾਵਰ ਦੇ ਪੜ੍ਹੇ ਹਨ, ਜੋ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ। ਉਹ ਬਾਬਾ ਚਰਨ ਸਿੰਘ (1916-1990) ਦੀ ਗੱਦੀ 'ਤੇ ਬੈਠੇ ਹਨ। ਇਹ ਗੱਦੀ ਹਾਸਲ ਕਰਨ ਤੋਂ ਪਹਿਲਾਂ ਉਨ੍ਹਾਂ ਦੇਸ਼-ਵਿਦੇਸ਼ ਵਿੱਚ ਪ੍ਰਮੁੱਖ ਨਿੱਜੀ ਅਦਾਰਿਆਂ ਵਿੱਚ ਦਸਾਂ ਨਹੁੰਆਂ ਦੀ ਕਿਰਤ ਕੀਤੀ ਸੀ। ਹੁਣ ਵੀ ਉਹ ਡੇਰਾ ਬਿਆਸ ਤੋਂ ਕਿਸੇ ਕਿਸਮ ਦਾ ਚੜ੍ਹਾਵਾ ਸਵੀਕਾਰ ਨਹੀਂ ਕਰਦੇ। ਪਹਿਲੀ ਜੂਨ 1990 ਨੂੰ ਗੱਦੀ-ਨਸ਼ੀਨ ਹੋਣ ਵੇਲੇ ਉਨ੍ਹਾਂ ਦੀ ਉਮਰ ਸਿਰਫ਼ 36 ਸਾਲ ਸੀ। ਅਜੇ ਵੀ ਉਨ੍ਹਾਂ ਦੀਆਂ ਉਸ ਵੇਲੇ ਖਿੱਚੀਆਂ ਹੋਈਆਂ ਤਸਵੀਰਾਂ ਹੀ ਅਖ਼ਬਾਰਾਂ ਵਿੱਚ ਛਪਦੀਆਂ ਹਨ। ਇਹੀ ਕਾਰਨ ਹੈ ਕਿ ਜਦੋਂ ਉਹ ਆਮ ਸ਼ਰਧਾਲੂ ਵਾਂਗ ਹਰਿਮੰਦਰ ਸਾਹਿਬ ਗਏ ਤਾਂ ਉਨ੍ਹਾਂ ਨੂੰ ਕੋਈ ਪਛਾਣ ਨਾ ਸਕਿਆ। ਉਨ੍ਹਾਂ ਦੀ ਇਸ ਫੇਰੀ ਦਾ ਰਲਿਆ-ਮਿਲਿਆ ਹੁੰਗਾਰਾ ਮਿਲਿਆ ਹੈ। ਵਿਦਵਾਨ ਕਹਿੰਦੇ ਹਨ ਕਿ ਸਿਰ ਕਲਮ ਕਰਨ ਲਈ ਤਲਵਾਰ ਦੀ ਲੋੜ ਪੈਂਦੀ ਹੈ ਜਦੋਂਕਿ ਨਤਮਸਤਕ ਹੋਣ ਲਈ ਸਿਰ ਦੀ ਲੋੜ ਹੁੰਦੀ ਹੈ। ਉੱਚੇ ਆਤਮਿਕ ਮੰਡਲਾਂ 'ਤੇ ਵਿਚਰਨ ਵਾਲੇ ਸਵਾਰਥ ਦੀ ਬਜਾਏ ਪਰਮਾਰਥ ਦੀ ਗੱਲ ਕਰਦੇ ਹਨ। ਜਥੇਦਾਰ ਅਕਾਲ ਤਖ਼ਤ ਦਾ ਕਹਿਣਾ ਹੈ ਕਿ ਡੇਰਾ ਮੁਖੀ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਸਿਰ ਝੁਕਾਉਣ ਤੋਂ ਸਪਸ਼ਟ ਹੈ ਕਿ ਅਸਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਹਰਿਮੰਦਰ ਸਾਹਿਬ  ਉਹ ਪਵਿੱਤਰ ਅਸਥਾਨ ਹੈ ਜਿੱਥੇ 'ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ' ਦੀ ਆਰਤੀ ਹੁੰਦੀ ਹੈ ਜਿਸ ਵਿੱਚ ਸੂਰਜ ਅਤੇ ਚੰਦਰਮਾ ਦੀਆਂ ਜੋਤਾਂ ਨੂੰ ਦੀਪਕ ਦਾ ਰੂਪ ਪ੍ਰਦਾਨ ਕੀਤਾ ਗਿਆ ਹੈ। ਧਰਤੀ, ਅੰਬਰ ਅਤੇ ਪਾਤਾਲ ਦੇ ਕਣ-ਕਣ ਵਿਚੋਂ ਇਕੋ ਸ਼ਬਦ ਦੇ ਪਸਾਰੇ ਦੇ ਦਰਸ਼ਨ-ਦੀਦਾਰ ਹੁੰਦੇ ਹਨ।
ਦੇਹ ਇਕ ਵੱਖਰੀ ਕਿਸਮ ਦਾ ਵਰਤਾਰਾ ਹੈ। 'ਸ਼ਬਦਾਂ ਦੀਆਂ ਲਿਖਤਾਂ' ਵਿਚ ਜੀ. ਐੱਸ. ਰਿਆਲ ਨੇ ਕੁਝ ਸ਼ਬਦ-ਵਿਗਿਆਨਕ ਤੱਥਾਂ ਦੀ ਲੋਅ ਵਿੱਚ ਸੰਸਕ੍ਰਿਤ-ਮੂਲਕ 'ਦੇਹ' ਦੀ ਅਸਲੀਅਤ ਨੂੰ ਪਛਾਣਨ ਦਾ ਯਤਨ ਕੀਤਾ ਹੈ। ਵੱਖ-ਵੱਖ ਭਾਸ਼ਾਵਾਂ ਦੀ ਵਿਆਖਿਆ ਮੁਤਾਬਕ 'ਦੇਹ' ਸ਼ਬਦ ਤੋਂ ਭਾਵ ਗੁੰਨ੍ਹੀ ਹੋਈ ਮਿੱਟੀ ਹੈ ਜਿਸ ਤੋਂ ਮੂਰਤੀ, ਆਕ੍ਰਿਤੀ, ਮਨੁੱਖੀ ਸਰੀਰ ਦੀ ਰਚਨਾ ਹੋਈ ਹੈ। ਗੁਰਬਾਣੀ ਵਿੱਚ ਮਿੱਟੀ ਤੋਂ ਘੜੀ ਵਸਤੂ ਦੇ ਜਰਜਰੇ ਹੋਣ ਤੇ ਛਿੱਜ ਜਾਣ ਦਾ ਜ਼ਿਕਰ ਵੀ ਮਿਲਦਾ ਹੈ। ਅਜਿਹੇ ਵਿਚਾਰ ਦਾ ਪਿਛੋਕੜ ਕਿਸੇ ਵਸਤੂ ਦਾ ਸਿਰਜਤ ਹੋਣਾ ਵੀ ਹੈ, ਜੋ ਅਸਲ ਵਿੱਚ ਉਸ ਦੇ ਬਿਨਸ ਜਾਣ ਦਾ ਕਾਰਨ ਬਣਦਾ ਹੈ। ਰਚਨਾ-ਸਮੱਗਰੀ ਤੋਂ ਇਲਾਵਾ ਮੂਰਤੀ ਲਈ ਕਿਸੇ ਘਾੜੇ ਦੀ ਵੀ ਲੋੜ ਹੈ। ਬਾਣੀ ਵਿੱਚ ਸਿਰਜਣਹਾਰ ਨੂੰ ਕੁਮ੍ਹਾਰ ਦੇ ਰੂਪ ਵਿੱਚ ਚਿਤਰਿਆ ਗਿਆ ਹੈ। ਰਿਆਲ ਅਨੁਸਾਰ ਕੁਮ੍ਹਾਰ ਲਈ ਪਰਜਾਪਤੀ, ਅਰਥਾਤ ਬ੍ਰਹਮਾ ਦੀ ਉਪਾਧੀ ਵੀ ਇਸ ਸਿਲਸਿਲੇ ਦੀ ਇੱਕ ਕੜੀ ਹੈ- 'ਮਾਟੀ ਏਕ ਸਗਲ ਸੰਸਾਰਾ' (ਮਹਲਾ 3)। ਸੱਚ ਇੱਕ ਅਜਿਹਾ ਤੱਤ ਹੈ ਜੋ ਪਰਾਭੌਤਿਕਤਾ ਦੀਆਂ ਹੱਦਾਂ ਛੂੰਹਦਾ ਹੈ। ਸੱਚ ਦਾ ਭਾਈਵਾਲ ਬਣਨ ਲਈ ਅੱਗ ਦਾ ਦਰਿਆ ਪਾਰ ਕਰਨਾ ਪੈਂਦਾ ਹੈ। ਰਿਆਲ ਵੱਲੋਂ ਦਿੱਤੇ ਗਏ 'ਸਚਿਆਈ-ਸੂਚਕ ਸ਼ਬਦ' ਅਗਿਆਨ ਦੇ ਹਨੇਰੇ ਨੂੰ ਚਾਕ ਕਰਨ ਲਈ ਸਹਾਈ ਹੁੰਦੇ ਹਨ। ਉਦਾਹਰਨ ਮੂਜਬ 'ਸ਼ੇਖ਼' (ਮੂਲ ਅਰਥ ਬਜ਼ੁਰਗ) ਇੱਕ ਅਰਬੀ ਸ਼ਬਦ ਹੈ, ਜੋ ਬੜੀ ਸਤਿਕਾਰਯੋਗ ਉਪਾਧੀ ਹੈ। ਇਸ ਦੀ ਵਰਤੋਂ ਧਰਮ-ਸ਼ਾਸਤਰੀ ਲਈ ਹੁੰਦੀ ਆਈ ਹੈ (ਜਿਵੇਂ ਸ਼ੇਖ਼ ਫ਼ਰੀਦ ਜਾਂ ਸ਼ੇਖ਼ ਸਾਅਦੀ)। ਹੁੰਦੇ-ਹੁੰਦੇ ਧਾਰਮਿਕ ਰੰਗਤ ਵਿੱਚ ਗੜੁੱਚ ਸ਼ੇਖ਼ ਆਮ ਲੋਕਾਂ ਵਿਚ ਪ੍ਰਵੇਸ਼ ਕਰਦਾ ਹੈ ਅਤੇ ਸ਼ੇਖ਼ ਚਿੱਲੀ ਦੀ ਹਾਲਤ ਵਿਚ ਵਿਦਵਤਾ ਦੀ ਟੀਸੀ ਤੋਂ ਡਿੱਗ ਕੇ ਮਜ਼ਾਕ ਦਾ ਪਾਤਰ ਬਣਦਾ ਹੈ। ਫ਼ਾਰਸੀ ਅਤੇ ਉਰਦੂ ਕਵਿਤਾ ਵਿਚ ਸ਼ੇਖ਼ ਸਾਹਿਬ ਦੀ ਬੜੀ ਆਲੋਚਨਾ ਕੀਤੀ ਗਈ ਹੈ ਅਤੇ ਉਸ 'ਤੇ ਖ਼ੂਬ ਫਬਤੀਆਂ ਕੱਸੀਆਂ ਗਈਆਂ ਹਨ। ਇੱਥੇ ਹੀ ਬੱਸ ਨਹੀਂ, ਸ਼ੇਖ਼ ਹੋਣ ਦੀ ਫੋਕੀ ਸ਼ਾਨ ਦਾ ਪ੍ਰਤਿਰੂਪ ਸਾਨੂੰ ਸ਼ੇਖ਼ੀਆਂ (ਜਿਵੇਂ ਸ਼ੇਖ਼ੀਆਂ ਮਾਰਨਾ) ਵਜੋਂ ਵੀ ਮਿਲਦਾ ਹੈ। ਇਹੀ ਹਾਲ 'ਖ਼ਲੀਫ਼ਾ' ਸ਼ਬਦ ਦਾ ਹੋਇਆ, ਜੋ ਮੂਲ ਰੂਪ ਵਿਚ ਸ਼ਰਧਾ ਦਾ ਪਾਤਰ ਸੀ। 'ਗੁਰੂ ਘੰਟਾਲ' ਇੱਕ ਅਜਿਹਾ ਨਾਂ ਹੈ, ਜੋ ਮੂਲ ਤੌਰ 'ਤੇ ਅਜਿਹੇ ਪੂਜਨੀਕ ਜਾਂ ਵੱਡੇ ਗੁਰੂ ਦਾ ਸੂਚਕ ਹੈ, ਜਿਸ ਦੇ ਅੱਗੇ ਸਤਿਕਾਰ ਵਜੋਂ, ਅਰਥਾਤ ਲੋਕਾਂ ਨੂੰ ਸਾਵਧਾਨ ਕਰਨ ਲਈ ਘੜਿਆਲ ਵਜਾਇਆ ਜਾਂਦਾ ਸੀ। ਹੁਣ ਇਸ ਦੇ ਅਰਥ ਬਦਲ ਗਏ ਹਨ। ਸਮੇਂ ਦੇ ਬੀਤਣ ਨਾਲ 'ਮੁੱਲਾ', 'ਉਸਤਾਦ' ਤੇ 'ਹਜ਼ਰਤ' ਵਰਗੇ ਪੂਜਨੀਕ ਸ਼ਬਦਾਂ ਦਾ ਵੀ ਇਹੀ ਹਸ਼ਰ ਹੋਇਆ। ਸਮਾਂ ਬਹੁਤ ਬਲਵਾਨ ਹੈ, ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਅਨਹਦ-ਸ਼ਬਦ ਦੇ ਭੇਦ ਨੂੰ ਸਮਝਣ ਵਾਲੇ ਜਗਿਆਸੂ ਮੇਰ-ਤੇਰ 'ਚੋਂ ਨਿਕਲ ਕੇ ਸਾਂਝੀਵਾਲਤਾ ਦਾ ਬੀੜਾ ਚੁੱਕਦੇ ਹਨ। ਉਹ ਸ਼ਬਦ ਅੱਗੇ ਨਤਮਸਤਕ ਹੋ ਕੇ ਪੂਜਨੀਕ ਸ਼ਬਦਾਂ ਦੇ ਹਾਣ ਦਾ ਬਣਨ ਦੀ ਕੋਸ਼ਿਸ਼ ਕਰਦੇ ਹਨ।
ਵਰਿੰਦਰ ਵਾਲੀਆ