ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਨਰਲ ਬਰਾੜ 'ਤੇ ਹਮਲਾ?


ਸਾਕਾ ਦਰਬਾਰ ਸਾਹਿਬ 1984 ਸਮੇਂ ਭਾਰਤੀ ਫੌਜਾਂ ਦੀ ਸਿੱਖਾਂ ਖਿਲਾਫ਼ ਅਗਵਾਈ ਕਰਨ ਵਾਲੇ ਲੈਫਟੀਨੈਟ ਜਨਰਲ ਕੁਲਦੀਪ ਬਰਾੜ 'ਤੇ ਲੰਡਨ ਵਿਚ ਹੋਏ ਕਥਿਤ ਹਮਲੇ ਨੇ ਸਿੱਖਾਂ ਦਾ ਧਿਆਨ ਖਿੱਚਿਆ ਹੈ। ਸਿੱਖਾਂ ਵਿਚ ਕੌਮਪ੍ਰਸਤੀ ਵਾਲੀ ਭਾਵਨਾ ਨੂੰ ਭਾਰਤੀ ਖੂਫੀਆ ਏਜੰਸੀਆਂ ਅੰਤਰਰਾਸ਼ਟਰੀ ਪੱਧਰ 'ਤੇ ਬਦਨਾਮ ਕਰਨ ਲਈ ਵਰਤਦੀਆਂ ਆ ਰਹੀਆਂ ਹਨ ਇਸ ਸਮੇਂ ਭਾਰਤ ਸਰਕਾਰ ਦਾ ਪੂਰਾ ਤਾਣ ਇਸ ਗੱਲ ਵੱਲ ਲੱਗਿਆ ਹੋਇਆ ਹੈ ਕਿ ਭਾਰਤ ਵਿਚੋਂ ਸਿੱਖ ਕੌਮ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ। ਇਸ ਭਾਵਨਾ ਪਿੱਛੇ ਉਹਨਾਂ ਦੇ ਪਿੱਤਰੀ ਖਿਆਲਾਂ ਨੂੰ ਪੂਰਾ ਕਰਨ ਦੀ ਭਾਵਨਾ ਕੰਮ ਕਰ ਰਹੀ ਹੈ। ਸਿੱਖ ਕੌਮ ਨਾਲ ਪੰਜਾਬ ਵਿਚ ਕੀਤੀਆਂ ਜਾਂਦੀਆਂ ਬੇਇਨਸਾਫ਼ੀਆਂ ਵਿਰੁੱਧ ਜੇ ਪੰਜਾਬ ਵਿਚ ਅਵਾਜ਼ ਉਠਦੀ ਹੈ ਤਾਂ ਸਰਕਾਰਾਂ ਕਈ ਹੱਥ-ਕੰਡੇ ਵਰਤ ਕੇ ਉਸ ਨੂੰ ਦਬਾਉਣ ਲਈ ਤਾਕਤਵਰ ਹਨ ਪਰ ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਸਿੱਖਾਂ ਨਾਲ ਬੇਇਨਸਾਫ਼ੀਆਂ ਦੀ ਅਵਾਜ਼ ਬੁਲੰਦ ਹੁੰਦੀ ਹੈ ਤਾਂ ਸਰਕਾਰ ਕੋਲ ਫੌਰੀ ਤੌਰ 'ਤੇ ਕੋਈ ਅਜਿਹਾ ਹੱਲ ਨਹੀਂ ਹੁੰਦਾ ਜਿਸ ਦੀ ਵਰਤੋਂ ਕਰਕੇ ਉਹ ਭਾਰਤ ਦੀਆਂ ਧੱਕੇਸ਼ਾਹੀਆਂ 'ਤੇ ਪਿਆ ਪੜਦਾ ਬਰਕਰਾਰ ਰੱਖ ਲੈਣ। ਭਾਰਤੀ ਏਜੰਸੀਆਂ ਇਸ ਦਾ ਸਦੀਵੀਂ ਹੱਲ ਇਹ ਸਮਝਦੀਆਂ ਹਨ ਕਿ ਸਿੱਖਾਂ ਨੂੰ ਦੁਨੀਆਂ ਭਰ ਵਿਚ 'ਅੱਤਵਾਦੀ ਖਿਆਲਾਂ ਵਾਲੀ ਕੌਮ' ਵਜੋਂ ਪ੍ਰਸਿੱਧ ਕਰ ਦਿੱਤਾ ਜਾਵੇ। ਇਹ ਭਾਵਨਾ ਭਾਰਤ ਦੀ ਅਜ਼ਾਦੀ ਤੋਂ ਤੁਰੰਤ ਬਾਅਦ ਪੰਜਾਬ ਦੇ ਤਤਕਾਲੀ ਗਵਰਨਰ ਸ੍ਰੀ ਚੰਦੂ ਲਾਲ ਤ੍ਰਿਵੇਦੀ ਵੱਲੋਂ 10 ਅਕਤੂਬਰ 1947 ਨੂੰ ਜਾਰੀ ਕੀਤੇ ਇਕ ਸਰਕੁਲਰ ਕਿ ''ਸਿੱਖ ਇਕ ਕਾਨੂੰਨ ਨਾ ਮੰਨਣ ਵਾਲੀ ਕੌਮ ਹਨ ਅਤੇ ਸੂਬੇ ਵਿਚ ਕਾਨੂੰਨ ਦੀ ਪਾਲਣਾ ਕਰਨ ਵਾਲੇ ਹਿੰਦੂਆਂ ਲਈ ਖ਼ਤਰਾ ਹਨ। ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਵਿਰੁੱਧ ਖਾਸ ਕਦਮ ਚੁੱਕਣੇ ਚਾਹੀਦੇ ਹਨ।'' ਲਿਖੀ ਚਿੱਠੀ ਤੋਂ ਹੀ ਸਾਫ਼ ਹੋ ਗਈ ਸੀ। ਸਿੱਖਾਂ ਦਾ ਭਾਰਤ ਸਰਕਾਰ ਨਾਲ ਹਮੇਸ਼ਾ ਇਹ ਹੀ ਰੇੜਕਾ ਰਿਹਾ ਹੈ ਕਿ ਉਹ ਸਿੱਖ ਕੌਮ ਨੂੰ ਦੇਸ਼ ਵਿਚ ਬਰਾਬਰ ਦੇ ਸ਼ਹਿਰੀ ਨਹੀਂ ਮੰਨਦੀ। ਜੇ ਸਿੱਖ ਵਿਸ਼ਵ ਪੱਧਰ 'ਤੇ ਆਪਣੇ ਹੱਕਾਂ ਦੀ ਗੱਲ ਕਰਦੇ ਹਨ ਤਾਂ ਦੇਸ਼ ਦੀਆਂ ਸਰਕਾਰੀ ਏਜੰਸੀਆਂ ਸਿੱਖਾਂ ਨੂੰ 'ਜੁਰਮ ਕਰਨ ਵਾਲੇ ਲੋਕ' ਘੋਸ਼ਿਤ ਕਰਕੇ ਅਵਾਜ਼ ਖਤਮ ਕਰਨ ਲਈ ਤਤਪਰ ਰਹਿੰਦੀਆਂ ਹਨ। ਆਪਣੇ ਇਸ ਮਨਸ਼ੇ ਨੂੰ ਲੈ ਕੇ ਭਾਰਤੀ ਏਜੰਸੀਆਂ ਦੇ ਗੈਰਮਨੁੱਖੀ ਕਾਰੇ ਪਹਿਲਾਂ ਵੀ ਜੱਗ ਜਾਹਿਰ ਹੋ ਚੁੱਕੇ ਹਨ। ਇਹੋ ਜਿਹਾ ਕੋਝਾ ਹੱਥ ਕੰਡਾ ਵਰਤ ਕੇ ਜਦੋਂ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ 24 ਮਾਰਚ 2000 ਵਿਚ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਸਮੇਂ ਜੰਮੂ ਕਸ਼ਮੀਰ ਦੇ ਚਿੱਟੀਸਿੰਘਪੁਰਾ ਵਿਚ 35 ਬੇਕਸੂਰ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਭਾਵੇਂ ਇਸ ਦਾ ਦੋਸ਼ ਮੁਸਲਮਾਨਾਂ 'ਤੇ ਲਾਇਆ ਗਿਆ ਸੀ ਪਰ ਬਾਅਦ ਵਿਚ ਇਹ ਕਾਰਾ ਭਾਰਤੀ ਏਜੰਸੀਆਂ ਦਾ ਹੀ ਸਿੱਧ ਹੋ ਗਿਆ ਸੀ।
ਇਸੇ ਤਰ੍ਹਾਂ 23 ਜੂਨ 1995 ਵਿਚ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਨੂੰ ਉਡਾਏ ਜਾਣ ਪਿੱਛੇ ਸਿੱਖਾਂ ਦਾ ਹੱਥ ਹੋਣ ਬਾਰੇ ਇਹਨਾਂ ਏਜੰਸੀਆਂ ਨੇ ਪੂਰਾ ਤਾਣ ਲਾਇਆ। ਕੈਨੇਡਾ ਸਰਕਾਰ ਦੇ ਹੁਣ ਤੱਕ ਸਭ ਤੋਂ ਖਰਚੀਲੇ ਅਤੇ ਲੰਮੇ ਸਮੇਂ ਤੱਕ ਚੱਲੇ ਇਸ ਮੁਕੱਦਮੇ ਵਿਚ ਪੁਲਿਸ ਸਿੱਖਾਂ ਦਾ ਹੱਥ ਹੋਣਾ ਸਿੱਧ ਨਾ ਕਰ ਸਕੀ ਭਾਵੇਂ ਕਿ 'ਇੰਡੋ-ਕੈਨੇਡੀਅਨ ਟਾਈਮਜ਼' ਅਖ਼ਬਾਰ ਦੇ ਸੰਪਾਦਕ ਤਾਰਾ ਸਿੰਘ ਹੇਅਰ ਦੇ ਹੋਏ ਕਤਲ ਵਿਚ ਦਿਲਚਸਪੀ ਰੱਖਣ ਵਾਲੇ ਕਾਮਰੇਡਾਂ ਦੀ ਮਦਦ ਨਾਲ ਭਾਰਤੀ ਏਜੰਸੀਆਂ ਕਈ ਝੂਠੇ ਗਵਾਹਾਂ ਨੂੰ ਪੇਸ਼ ਕਰਨ ਵਿਚ ਸਫਲ ਵੀ ਰਹੀਆਂ। ਇਹਨਾਂ ਸਾਰੀਆਂ ਕੋਝੀਆਂ ਚਾਲਾਂ ਦਾ ਭਾਂਡਾ ਉਸ ਸਮੇਂ ਫੁੱਟ ਗਿਆ ਸੀ ਜਦੋਂ ਦੋ ਗੈਰਸਿੱਖ ਪੱਤਰਕਾਰਾਂ ਬਰੀਅਨ ਮੈਕ ਐਂਡਰਿਊ (ਟੋਰਾਂਟੋ ਸਟਾਰ) ਅਤੇ ਜੂਹੈਰ ਕਸ਼ਮੀਰੀ (ਗਲੋਬ ਐਂਡ ਮੇਲ) ਨੇ ਤੱਥਾਂ ਦੇ ਅਧਾਰ 'ਤੇ ਪੁਸਤਕ 'ਸਾਫਟ ਟਾਰਗੈਟ' ਲਿਖ ਕੇ ਸਾਬਤ ਕਰ ਦਿੱਤਾ ਕਿ ਏਅਰ ਇੰਡੀਆ ਜਹਾਜ਼ ਨੂੰ ਉਡਾਉਣ ਪਿੱਛੇ ਭਾਰਤੀ ਏਜੰਸੀਆਂ ਕੰਮ ਕਰ ਰਹੀਆਂ ਸਨ।
ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 27 ਜੂਨ 2010 ਨੂੰ ਟੋਰਾਂਟੋ ਵਿਚ ਹੋਏ ਜੀ-20 ਸਿਖਰ ਸੰਮੇਲਨ ਸਮੇਂ ਸਿੱਖਾਂ ਦੀ ਤੀਜੀ ਪੀੜ੍ਹੀ ਨੂੰ ਅੱਤਵਾਦੀ ਕਹਿਣ ਅਤੇ ਹੁਣ 12 ਸਤੰਬਰ 2012 ਨੂੰ ਕੈਨੇਡਾ ਦੇ ਵਿਦੇਸ਼ ਮੰਤਰੀ ਜੌਹਨ ਬੇਅਰਡ ਅਤੇ ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਦੀ ਦਿੱਲੀ ਵਿਚ ਹੋਈ ਮਿਲਣੀ ਸਮੇਂ ਵੀ ਭਾਰਤ ਵੱਲੋਂ ਕੈਨੇਡਾ ਦੇ ਮਨ ਵਿਚ ਸਿੱਖਾਂ ਖਿਲਾਫ਼ ਜ਼ਹਿਰ ਭਰਨ ਦਾ ਯਤਨ ਕੀਤਾ ਗਿਆ ਸੀ। ਇਸ ਤਾਜ਼ਾ ਘਟਨਾ ਵਿਚ ਕੈਨੇਡੀਅਨ ਸਿੱਖਾਂ ਵੱਲੋਂ ਵਿਦੇਸ਼ ਮੰਤਰੀ ਸ੍ਰੀ ਜੌਹਨ ਬੇਅਰਡ 'ਤੇ ਪਾਏ ਗਏ ਦਬਾਅ ਸਦਕਾ ਉਹਨਾਂ ਨੂੰ ਸਪੱਸ਼ਟ ਕਰਨਾ ਪਿਆ ਸੀ ਕਿ ਕੈਨੇਡਾ ਸਰਕਾਰ ਵੱਲੋਂ ਦਿੱਤਾ ਗਿਆ ਬਿਆਨ ਸਿਰਫ਼ ਸਿੱਖਾਂ ਲਈ ਨਹੀਂ ਸਗੋਂ ਆਲਮੀ ਅੱਤਵਾਦ ਨਾਲ ਸਬੰਧ ਰੱਖਦਾ ਸੀ।
ਸਿੱਖਾਂ ਨੂੰ ਆਲਮੀ ਪੱਧਰ 'ਤੇ ਅੱਤਵਾਦ ਸਿੱਧ ਕਰਨ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਉਸ ਸਮੇਂ ਠੱਲ ਪੈ ਗਈ ਜਦੋਂ 5 ਅਗਸਤ 2012 ਅਮਰੀਕਾ ਦੇ ਓਕ ਕਰੀਕ ਗੁਰਦੁਆਰਾ ਸਾਹਿਬ ਵਿਚ ਹੋਏ ਗੋਲੀਕਾਂਡ ਵਿਚ ਛੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। ਭਾਰਤੀ ਏਜੰਸੀਆਂ ਦੀ ਆਸ ਦੇ ਉਲਟ ਅਮਰੀਕੀ ਸਰਕਾਰ ਵੱਲੋਂ ਇਨਸਾਫ਼ ਦਿੱਤੇ ਜਾਣ ਦੇ ਭਰੋਸੇ ਅਤੇ ਤੁਰੰਤ ਕੀਤੀਆਂ ਕਾਰਵਾਈਆਂ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਨੇ ਪੁਰ-ਅਮਨ ਤਰੀਕੇ ਨਾਲ ਆਪਣੀ ਗੱਲ ਦੁਨੀਆਂ ਅੱਗੇ ਰੱਖ ਕੇ 'ਸਿੱਖ ਇਕ ਅਮਨ ਪਸੰਦ ਕੌਮ ਹੈ' ਦਾ ਪ੍ਰਗਟਾਵਾ ਕੀਤਾ ਸੀ।
ਅਮਰੀਕਾ ਗੋਲੀ ਕਾਂਡ ਵਿਚ ਸਿੱਖਾਂ ਦੀ ਅਮਨ ਪਸੰਦ ਕੌਮ ਵਜੋਂ ਬਣੀ ਛਬੀ ਤੋਂ ਬਾਅਦ ਲੰਡਨ ਵਿਚ ਲੈਫਟੀਨੈਟ ਜਨਰਲ (ਰਿਟਾ.) ਕੁਲਦੀਪ ਬਰਾੜ 'ਤੇ ਹੋਇਆ ਕਥਿਤ ਹਮਲਾ ਭਾਰਤੀ ਏਜੰਸੀਆਂ ਅਤੇ ਸਰਕਾਰ ਦੀ ਮਿਲੀਭੁਗਤ ਵੀ ਹੋ ਸਕਦਾ ਹੈ? ਜੇਕਰ 1 ਅਕਤੂਬਰ ਜਨਰਲ ਬਰਾੜ 'ਤੇ ਹੋਏ ਕਥਿਤ ਹਮਲੇ ਦੀ ਪੁਛ-ਛਾਣ ਕੀਤੀ ਜਾਵੇ ਤਾਂ ਸਮਝ ਪੈ ਜਾਵੇਗੀ ਕਿ ਇਹ ਭਾਰਤੀ ਏਜੰਸੀਆਂ ਦੀ ਕਾਰਵਾਈ ਹੋ ਸਕਦੀ ਹੈ। ਇਹ ਤਤਕਾਲੀ ਲੈਫਟੀਨੈਟ ਜਨਰਲ ਬਰਾੜ ਜਿਹੜਾ ਕਿ ਆਪਣੇ ਪਰਿਵਾਰ ਸਮੇਤ ਫੌਜੀ ਛਾਉਣੀਆਂ ਵਿਚ ਵੀ ਜੈਡ ਸੁਰੱਖਿਆ ਵਿਚ ਰਹਿੰਦਾ ਹੈ ਜੇ ਉਹ ਵਿਦੇਸ਼ ਵਿਚ ਗਿਆ ਹੈ ਤਾਂ ਉਸ ਦੀ ਆਮਦ ਦਾ ਪਤਾ ਇੰਨੀ ਛੇਤੀ ਨਹੀਂ ਲੱਗ ਸਕਦਾ। ਦੂਸਰਾ ਕਥਿਤ ਹਮਲੇ ਸਮੇਂ ਉਸ ਦਾ ਇਕੱਲਿਆਂ ਹੋਟਲਾਂ ਵਿਚ ਘੁੰਮਣਾ ਫਿਰਨਾ ਵੀ ਸ਼ੱਕੀ ਜਾਪਦਾ ਹੈ। ਤੀਸਰਾ ਮਿਲੀਆਂ ਖ਼ਬਰਾਂ ਅਨੁਸਾਰ ਜੇ ਚਾਰ ਵਿਅਕਤੀ ਬਜ਼ੁਰਗ ਕੁਲਦੀਪ ਬਰਾੜ 'ਤੇ ਹਮਲਾ ਕਰਦੇ ਹਨ ਤਾਂ ਉਸ ਨੇ ਮਾਮੂਲੀ ਜ਼ਖਮੀ ਨਹੀਂ ਸੀ ਹੋਣਾ। ਹਮਲੇ ਤੋਂ ਬਾਅਦ ਤਿੰਨ ਮਿੰਟਾਂ ਵਿਚ ਪੁਲਿਸ ਦਾ ਪੁੱਜਣਾ ਅਤੇ ਹਮਲਾਵਰਾਂ ਦਾ ਬਚ ਨਿਕਲਣਾ ਵੀ ਸਾਜਿਸ਼ ਨੂੰ ਪਹਿਲਾਂ ਰੂਪ ਦਿੱਤੇ ਜਾਣ ਵੱਲ ਇਸ਼ਾਰਾ ਕਰਦਾ ਹੈ। ਜੇ ਇਹ ਹਮਲਾ ਭਾਰਤ ਵਿਚ ਹੋਇਆ ਹੁੰਦਾ ਤਾਂ ਸੱਚ ਉਹ ਹੀ ਮੰਨਿਆ ਜਾਣਾ ਸੀ ਜੋ ਭਾਰਤ ਦੀ ਸਰਕਾਰ ਅਤੇ ਏਜੰਸੀਆਂ ਦੇ ਮਨਭਾਉਂਦਾ ਸੀ ਹੁਣ ਜਦੋਂ ਇਹ ਹਮਲਾ ਭਾਰਤ ਦੀ ਥਾਂ ਲੰਡਨ ਵਿਚ ਹੋਇਆ ਹੈ ਤਾਂ ਅਸੀਂ ਇੰਗਲੈਂਡ ਦੀ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਉਹ ਇਸ ਹਮਲੇ ਦਾ ਸੱਚ ਦੁਨੀਆਂ ਸਾਹਮਦੇ ਲਿਆਵੇ।