ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਹਾਂ ਪੰਜਾਬ ਦੇ ਮਹਾਨ ਸ਼ਾਇਰ ਬਾਬੂ ਰਜਬ ਅਲੀ ਨੂੰ ਚੜ੍ਹਦੇ ਪੰਜਾਬ ਦੇ ਪਾਠਕਾਂ ਨਾਲੋਂ ਤੋੜਨ ਦੀ ਸਾਜਿਸ਼


ਪਿਛਲੇ ਦਿਨੀਂ ਬਰਨਾਲਾ ਪੁਲਿਸ ਵੱਲੋਂ ਪੰਜਾਬੀ ਦੇ ਮਹਾਨ ਸ਼ਾਇਰ ਬਾਬੂ ਰਜਬ ਅਲੀ ਦੀ ਇਕ ਰਚਨਾ ਨੂੰ ਅਧਾਰ ਬਣਾ ਕੇ ਜਿਸ ਤਰ੍ਹਾਂ ਕੁਝ ਲੇਖਕਾਂ, ਪ੍ਰਕਾਸ਼ਿਕਾਂ ਅਤੇ ਪਿ੍ਰਟਿੰਗ ਪ੍ਰੈਸ ਵਾਲਿਆਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਉਸ ਨਾਲ ਇਕ ਨਹੀਂ ਅਨੇਕਾਂ ਹੀ ਅਜਿਹੇ ਸਵਾਲ ਪੈਦਾ ਹੋ ਗਹੇ ਹਨ ਕਿ ਇਸ ਦੇ ਪਿੱਛੇ ਅਸਲ ਕੀ ਕਾਰਨ ਹਨ। ਇਸ ਕੇਸ ਦੇ ਨਾਲ ਜਿਥੇ ਕਵੀਸਰ ਜਗਜੀਤ ਸਿੰਘ ਸਾਹੋਕੇ, ਅਮਿੱਤ ਮਿੱਤਰ ਅਤੇ ਪਿ੍ਰੰਟਿੰਗ ਪੈ੍ਰਸ ਵਾਲਿਆਂ ਲਈ ਦਿਕਤਾਂ ਖੜੀਆਂ ਹੋਈਆਂ ਹਨ, ਉਥੇ ਦੋਵਾਂ ਪੰਜਾਬ ਦੀ ਸਾਂਝ ਦੇ ਮੁੱਦਈ ਉਸ ਮਹਾਨ ਪੰਜਾਬੀ ਸ਼ਾਇਰ ਬਾਬੂ ਰਜਬ ਅਲੀ ਨੂੰ (ਚੜਦੇ) ਇਧਰਲੇ ਪੰਜਾਬ ਦੇ ਪਾਠਕਾਂ ਤੋਂ ਬਿਲਕੁਲ ਤੋੜ ਦੇਣ ਦੀ ਸਾਜਿਸ਼ ਸਾਹਮਣੇ ਆਈ ਹੈ। ਇਹ ਮੁਕਦਮਾ ਦਰਜ ਕੀਤੇ ਜਾਣ ਤੋਂ ਪਿਛੋਂ ਇਸ ਸਾਜਿਸ਼ ਦਾ ਪ੍ਰਤੱਖ ਪ੍ਰਮਾਣ ਇਹ ਮਿਲਦਾ ਹੈ ਕਿ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੇ ਮੇਲੇ ’ਤੇ ਕਿਤਾਬਾਂ ਦੀਆਂ ਲੱਗੀਆਂ ਸਾਰੀਆਂ ਸਟਾਲਾਂ ਅਤੇ ਅਤੇ ਹੋਰ ਸਾਹਿਤਕ ਇੱਕਠਾਂ ਦੌਰਾਨ ਬਾਬੂ ਰਜਬ ਅਲੀ ਦੀਆਂ ਕਿਤਾਬਾਂ ਕਿੱਸੇ ਬਿਲਕੁਲ ਗਾਇਬ ਹੀ ਕਰ ਦਿੱਤੀਆਂ ਗਈਆਂ ਹਨ। ਬਾਬੂ ਰਜਬ ਅਲੀ ਦੀ ਰਚਨਾ ‘ਹਰਫੂਲ ਸਿੰਘ ਸੂਰਮਾ’ ਦੇ ਕਿਸੇ ਸੂਰਮਿਆਂ ਦੀ ਕਿਤਾਬ ਵਿਚੋਂ ਬਾਬੂ ਰਜਬ ਅਲੀ ਦੀ ਰਚਨਾ ਹਰਫੂਲ ਸਿੰਘ ਸੂਰਮਾ ਦੇ ਕਿਸੇ ਵਿਚਲੇ ਕੁਝ ਜਾਤੀ ਸੂਚਕ ਸ਼ਬਦਾਂ ਨੂੰ ਅਧਾਰ ਬਣਾ ਦਰਜ ਕੀਤੇ ਗਏ ਇਸ ਕੇਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ ਕਿਸੇ ਕਿਤਾਬ ਬਾਰੇ ਕੋਈ ਵੀ ਵਿਵਾਦ ਪੈਦਾ ਹੋਣ ਤੋਂ ਪਹਿਲਾਂ ਹੀ ਕੁਝ ਅਨੁਸੂਚਿਤ ਜਾਤੀ ਲਈ ਵਰਤੇ ਗਏ ਨੂੰ ਅਧਾਰ ਬਣਾਕੇ ਬਿਨਾਂ ਕਿਸੇ ਸ਼ਿਕਾਇਤ ਕਰਤਾ ਦੇ ਇਕ ਐਸ.ਸੀ. ਕਵੀਸ਼ਰ ਜਗਜੀਤ ਸਿੰਘ ਸਾਹੋਕੇ ਉਪਰ ਹੀ ਐਸ.ਸੀ.,ਐਸ.ਟੀ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ ਭੇਜ ਦਿੱਤਾ ਗਿਆ ਹੈ ਜਦਕਿ ਪ੍ਰਕਾਸ਼ਕ ਅਮਿੱਤ ਮਿੱਤਰ ਸਮੇਤ ਸੁਖਵਿੰਦਰ ਸਿੰਘ ਸੁਤੰੰਤਰ ਨੂੰ ਵੀ ਇਹਨਾਂ ਕੇਸਾਂ ਵਿਚ ਉਲਝਾਇਆ ਗਿਆ ਹੈ ਜਦੋਂਕਿ ਇਹਨਾਂ ਵੱਲੋਂ ਲੇਖਕ ਬਾਬੂ ਰਜਬ ਅਲੀ ਦੀ ਰਚਨਾ ਨੂੰ ਬਿਨਾਂ ਕਿਸੇ ਛੇੜਛਾੜ ਦੇ ਪ੍ਰਕਾਸ਼ਿਤ ਕੀਤਾ ਗਿਆ। ਉਸ ਤੋਂ ਵੱਡੀ ਗੱਲ ਇਸ ਕੇਸ ਨਾਲ ਇਸ ਜੁੜਦੀ ਹੈ ਕਿ ਜਿਸ ਦਿਨ ਬਰਨਾਲਾ ਦੀ ਧਰਤੀ ਦੇ ਪੰਜਾਬੀ ਦੇ ਲੱਗਭਗ 350 ਲੇਖਕ ਜਿੰਨਾਂ ਵਿਚ ਡਾ. ਜੋਗਾ ਸਿੰਘ (ਪਟਿਆਲਾ) ਯੂਨੀਵਰਸਿਟੀ, ਕਰਨੈਲ ਸਿੰਘ ਨਿੱਝਰ, ਡਾ. ਅਨੂਪ ਸਿੰਘ, ਤੇਜਵੰਤ ਸਿੰਘ ਮਾਨ, ਸੰਧੂ ਵਰਿਆਮਣਵੀਂ ਜਗਤਾਰ ਸਿੰਘ ਜਗਤਾਰ ਵਰਗੇ ਨਾਮ ਵਰ ਲੇਖਕਾਂ ਵੱਲੋਂ ਕਲਮਾਂ ਦੀ ਸਿਰਜਨਾ ਉਪਰ ਲਗਾਈ ਜਾ ਹੀ ਲੁਕਵੀਂ ਪਾਬੰਦੀ ’ਤੇ ਸੈਮੀਨਾਰ ਆਯੋਜਿਤ ਕੀਤਾ ਸੀ। ਉਸੇ ਦਿਨ ਬਰਨਾਲਾ ਪੁਲਿਸ ਵੱਲੋਂ ਬਾਬੂ ਰਜਬ ਅਲੀ ਦੀ ਜਿਸ ਪੁਸਤਕ ਗਾਧਾ ਸੂਰਮਿਆਂ ਦੀ, ਨੂੰ ਅਧਾਰ ਬਣਾਕੇ ਇਹ ਕੇਸ ਦਰਜ ਕੀਤਾ ਗਿਆ ਹੈ। ਜੋ ਸਾਬਤ ਕਰਦਾ ਹੈ ਕਲਮਾਂ ਦੀ ਸਿਰਜਨਾਂ ’ਤੇ ਲੁਕਵੀਂ ਨਹੀਂ, ਸਗੋਂ ਸਰਕਾਰ ਖੁਲੇ੍ਹਆਮ ਪਾਬੰਦੀ ਲਾਉਣ ਦੀ ਗੁਰੇਜ ਨਹੀਂ ਕਰਦੀ।
            ਮੋਗਾ ਨੇੜਲੇ ਪਿੰਡ ‘ਸਾਹੋਕੇ’ ਵਿੱਚ10 ਅਗਸਤ 1894 ਨੂੰ  ਪਿਤਾ ਧਮਾਲੀ ਖਾਂ ਦੇ ਘਰ ਮਾਤਾ ਜਿੳੂਣੀ ਦੀ ਕੁਖੋਂ ਜਨਮਿਆਂ ਬਾਬੂ ਰਜਬ ਅਲੀ ਪੰਜਾਬੀ ਦਾ ਉਹ ਅਲਵੇਲਾ ਸਾਇਰ ਹੈ, ਜਿਸ ਨੇ ਕਈ ਛੰਦ ਪਿੰਗਲ ਤੋਂ ਵੀ ਬਾਹਰ ਈਜਾਦ ਕੀਤੇ ਹਨ, ਜਿਵੇਂ ਕਿ ‘ਬਹੱਤਰ ਕਲਾ ਛੰਦ, ਤਰਜ਼ ਦੋਤਾਰਾ, ਡੂਢੀ ਅਤੇ ਆਪਣੇ ਹੀ ਨਾਮ ‘ਬਾਬੂ ਚਾਲ ਛੰਦ’ ਪੰਜਾਬੀ ਗਾਇਕੀ ਨੂੰ ਸਮਰਪਿਤ ਕੀਤੇ ਹਨ। ਇਥੇ ਇਹ ਜਿਕਰ ਕਰਨਾਂ ਵੀ ਕੁਥਾਂ ਨਹੀਂ ਹੋਵੇਗਾਂ ਕਿ ਪੰਜਾਬੀ ਦਾ ਅਜੋਕਾ ਸੂਫੀ ਗਾਇਕ ‘ਸਤਿੰਦਰ ਸਰਤਾਜ’ ਆਪਣੀ ਗਾਇਕੀ ਵਿੱਚ ਬਾਬੂ ਰਜਬ ਅਲੀ ਦੇ ‘ਬਹੱਤਰ ਕਲਾ ਛੰਦ’ ਅਤੇ ਹੋਰ ਛੰਦਾਂ ਦੀ ਭਰਪੂਰ ਵਰਤੋਂ ਕਰ ਰਿਹਾ ਹੈ। ਪੜ ਲਿਖ ਕੇ ਨਹਿਰੀ ਮਹਿਕਮੇ ਵਿੱਚ ਉਵਰਸੀਅਰ ਦੇ ਤੌਰ ’ਤੇ ਨੌਕਰੀ ਕਰਨ ਵਾਲੇ ਇਸ ਮਹਾਨ ਸਾਇਰ ਨੂੰ ਭਾਵੇਂ ਆਜ਼ਾਦੀ (ਪੰੰਜਾਬ ਦੀ ਵੰਡ) ਤੋਂ ਬਾਅਦ ਪਾਕਿਸਤਾਨ ਵਿੱਚ ਜਾਕੇ ਵਸਣਾ ਪਿਆ, ਪਰ ਆਪਣੇ ਬਚਪਨ ਦੇ ਸਾਥੀਆਂ ਅਤੇ ਜੱਦੀ ਪਿੰਡ ਸਾਹੋਕੇ ਦੇ ਮੋਹ ਬਾਰੇ ਬਾਬੂ ਰਜਬ ਅਲੀ ਲਿਖਦਾ ਹੈ।
ਸੋਹਣੀ ਸਾਹੋ ਪਿੰਡ ਦੀਏ ਬੀਹੇ, ਬਚਪਨ ਦੇ ਵਿੱਚ ਪੜੇ ਬੰਬੀਹੇ।
ਚੂਰੀ ਖੂਆ ਮਾਂ ਪਾਤੇ ਰਸਤੇ, ਚੱਕ ਲੈ ਕਲਮ ਦਵਾਤਾਂ ਬਸਤੇ।
ਸ਼ੇਰ, ਨਿਰੰਜਣ ਮਹਿੰਗੇ ਨੇ, ਭੁਲਦੀਆਂ ਨਾ ਭਰਜਾਈਆਂ ਘੁੰਮਰਾਂ ਪਾਈਆਂ ਲਹਿੰਗੇ ਨੇ।
ਪੰਜ ਪਾਸ ਕਰਕੇ ਵੱਗਗੇ ਮੋਗੇ, ਮਾਪਿਆਂ ਜਿੳੂਂਦਿਆਂ ਤੋਂ ਸੂਖ ਭੋਗੇ।
ਪੈਸੇ ਖਾ ਮਿਠਾਈਆਂ ਬਚਦੇ, ਵੇਂਹਦੇ ਸ਼ਹਿਰ ਸੜਕ ਪਰ ਨਚਦੇ।
ਠੁੰਮ ਠੰੁਮ ਚੱਕਦੇ ਪੱਬਤਾਂ ਜੀ। ਆਵੇ ਵਤਨ ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ।
ਇਸ ਤਰਾਂ ਅੱਠਵੀਂ ਮੋਗੇ ਤੋਂ ਕੀਤੀ ਅਤੇ ਬਾਅਦ ਵਿੱਚ ਮੈਟਿ੍ਰਕ ਫਰੀਦਕੋਟ ਤੋਂ ਕਰਨ ਗੁਜਰਾਤ ਵਿੱਚ ਰਸੂਲੋਂ ਉਵਰਸੀਅਰ ਦੀ ਡਿਗਰੀ ਲੈ ਨਹਿਰੀ ਬਾਬੂ ਲੱਗੇ ਰਜਬ ਅਲੀ ਨੇ 1915 ਤੋਂ ਲੈ ਕੇ ਸਰਹੰਦ ਬਰਾਂਚ ਨਹਿਰ ’ਤੇ ਅਖਾੜਾ ਨਹਿਰੀ ਕੋਠੀ ਤੋਂ ਨੌਕਰੀ ਸ਼ੁਰੂ ਕੀਤੀ ਅਤੇ ਸਾਰੇ ਮਾਲਵੇ ਦੇ ਵਿੱਚ ਉਹ ਵਿਚਰੇ। ਬਾਬੂ ਰਜਬ ਅਲੀ ਨੇ ਜਿਥੇ ਮਾਲਵੇ ਪਿੰਡਾਂ ਦੇ ਲੋਕਾਂ ਦੇ ਸੁਭਾਅ, ਰਹਿਣੀ, ਸਹਿਣੀ, ਖਾਣ ਪੀਣ ਅਤੇ ਆਦਤਾਂ ਬਾਰੇ ਖੁੱਲਕੇ ਲਿਖਿਆ, ਉਥੇ ਉਹਨਾਂ ਮਾਲਵੇ ਦੀ ਧਰਤੀ ’ਤੇ ਵਰਸਦੀਆਂ ਜਾਂਤਾਂ ਅਤੇ ਗੋਤਾਂ ਦੇ ਸੁਭਾਅ ਅਤੇ ਵਰਤਾਰੇ ਬਾਰੇ ਵੀ ਬੜੀ ਬੇਬਾਕੀ ਨਾਲ ਜਿਕਰ ਕੀਤਾ ਹੈ। ਪੰਜਾਬੀ ਬੋਲੀ ਨੂੰ ਜਿੰਦ ਜਾਨ ਤੋਂ ਵੱਧ ਪਿਆਰ ਕਰਨ ਵਾਲਾ ਬਾਬੂ ਰਜਬ ਅਲੀ ਲਿਖਦਾ ਹੈ।
ਏਸੀਆ ’ਚ ਏਹੋ ਜਿਹੀ ਜ਼ੁਬਾਨ ਮਿੱਠੀ ਨਾ,
ਯੂਰਪ ’ਫਰੀਕਾ ਅਮਰੀਕਾ ਡਿੱਠੀ ਨਾ।
ਦੁੱਧ ਵਿੱਚ ਖੰਡ ਦੇ ਪਤਾਸੇ ਘੋਲੀ ਦੇ, ਮਿੱਠੇ ਬੋਲ ਬੋਲੀਏ ਪੰਜਾਬੀ ਬੋਲੀ ਦੇ।
ਆਜੋ ਜੇ ਗੁਰਮੁੱਖੀ ਕਿਸੇ ਨੇ ਸਿਖਣੀ,
ਪੜ੍ਹਨੀ ਅਸਾਨ ਤੇ ਸੁਖਾਲੀ ਲਿਖਣੀ,
ਅੱਖਰ ਜੇ ਫਾਗ ਜਿਉ ਜਲੇਬੀ ਪੋਲੀ ਦੇ, ਮਿੱਠੇ ਬੋਲ ਬੋਲੀਏ ਪੰਜਾਬੀ ਬੋਲੀ ਦੇ।
ਇਥੇ ਹੀ ਬਸ ਨਹੀਂ ਬਾਬੂ ਰਜਬ ਅਲੀ ਪੰਜਾਬੀ ਬੋਲੀ ਤੋਂ ਮੁਨਕਰ ਹੋ ਰਹੀ ਨਵੀਂ ਪੀੜ੍ਹੀ ਨੂੰ ਵੀ ਵਰਜਦਾ ਹੋਇਆ ਕਹਿੰਦਾ ਹੈ ਕਿ
ਆਪਣੀ ਜ਼ੁਬਾਨ ਛੱਡ ਗੈਰਾਂ ਦੇ ਮਗਰ ਲੱਗਾ,
ਏਦੂੰ ਵੱਧ ਬੇਵਕੂਫ ਕਿਹੜੀ ਗੱਲ ਪਾਪ ਦੀ।
ਬਾਬੂ ਜੀ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਬਾਪ ਦੀ।
ਕੋਇਲ ਕੂ ਕੂ ਕਰੇ ਸਦਾ ਆਪਣੀ ਜ਼ੁਬਾਨ ਵਿੱਚ,
ਬੁਲਬੁਲ ਸਦਾ ਆਪਣੀ ਅਲਾਪਦੀ ।
ਬਾਬੂ ਜੀ, ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ, ਪੰਜਾਬੀ ਬੋਲੀ ਤੇਰੇ ਮਾਂ ਬਾਪ ਦੀ।
ਬਾਬੂ ਰਜਬ ਅਲੀ ਜਿਥੇ ਪੰਜਾਬੀ ਨੂੰ ਰੱਜ ਕੇ ਪਿਆਰ ਕਰਦਾ ਹੈ, ਉਥੇ ਪੰਜਾਬ ਨੂੰ ਵੀ ਪੁੂਰੀ ਦੁਨੀਆਂ ਤੋਂ ਸੋਹਣਾ ਮੁਲਕ ਤਸਵਰ ਕਰਦਾ ਹੈੇ
ਜੁਆਨ ਸੋਹਣੇ ਸ਼ਾਮ ਫਰਾਸੋਂ, ਗੋਲ ਗਰਦਨ ਕੰਚ ਗਲਾਸੋ,
ਸ਼ੇਰਾਂ ਵਰਗੇ ਉਭਰੇ ਸੀਨ੍ਹੇ, ਚਿਹਰੇ ਝਗਰੇ ਤੇ ਨੈਣ ਨਗੀਨੇ,
ਐਸਾ ਗੱਭਰੂ ਜੱਗ ਵਿੱਚ ਹੋਣਾ ਨਾ,
ਵੇਖੇ ਦੇਸ਼ ਵਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ।
ਭਾਵੇਂ ਇੱਕ ਘਟੀਆ ਰਾਜਨੀਤੀ ਤਹਿਤ ਅੱਜ ਚੜਦੇ ਪੰਜਾਬ ਵਿੱਚ ਬਾਬੂ ਰਜਬ ਅਲੀ ਦੀਆਂ ਰਚਨਾਵਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਪਰ ਬਾਬੂ ਰਜਬ ਅਲੀ ਇੱਕ ਅਜਿਹਾ ਕਵੀ ਹੈ ਆਪਣੇ ਬਣਾਏ ‘ਬਾਬੂ ਚਾਲ ਛੰਦ’ ਵਿੱਚ ਲਿਖਦਾ ਹੈ ਕਿ,
ਨਾਮ ਰੱਬ ਜਪ ਕੇ ਤੇ, ਰਜਬ ਅਲੀ ਰੱਖਦਾ ਦਿਲਾਂ ਨੂੰ ਮਾਂਜੀ, ਧਰਮ ਦਾ ਸੋਮਾਂ
ਸਿਆਣੇ ਮੰਨਦੇ ਉਸੇ ਨੂੰ ਜੀ, ਸ਼ਾਇਰ ਜਿਹੜਾ ਨਜ਼ਮ ਬਣਾਏ ਸਾਂਝੀ, ਸੁਣਨ ਤਿੰਨ ਕੌਮਾਂ।
ਬਾਬੂ ਰਜਬ ਅਲੀ ਨੇ ਮੁਸਲਮਾਨ ਹੁੰਦਿਆਂ ਜਿਥੇ ਰਮਾਇਣ, ਪ੍ਰਹਿਲਾਦ ਭਗਤ,  ਿਸ਼ਨ ਅਵਤਾਰ ਸਬੰਧੀ ਕਿੱਸੇ ਲਿਖੇ, ਉਥੇ ਮਾਤਾ ਸੁਰਸਤੀ ਦਾ ਮੰਗਲਾਚਰਨ ਕਰਕੇ ਆਪਣੀ ਕਲਮ ਲਈ ਤਾਕਤ ਵੀ ਮੰਗੀ। ਬਾਬੂ ਰਜਬ ਅਲੀ ਨੇ ਦਸ ਗੁਰੂ ਸਾਹਿਬਾਨ, ਪੰਚਮ ਪਾਤਿਸ਼ਾਹ ਦੀ ਸ਼ਹੀਦੀ, ਬੰਦਾ ਬਹਾਦਰ, ਬਾਬਾ ਦੀਪ ਸਿੰਘ, ਸਾਹਿਬਜਾਦਿਆਂ ਦੀ ਸ਼ਹੀਦੀ ਆਦਿ ਅਨੇਕਾਂ ਅਜਿਹੇ ਕਿਸੇ ਲਿਖੇ ਹਨ, ਜੋ ਉਹਨਾਂ ਦੀ ਧਰਮ ਨਿਰਪੱਖ ਸੋਚ ਨੂੰ ਉਜਾਗਰ ਕਰਦੇ ਹਨ।
ਰਾਮ  ਿਸ਼ਨ, ਔਤਾਰ, ਲਾਹਗੇ ਪਾਪੀਆਂ ਦੇ ਭਾਰ, ਦਾਸ ਦੀ ਨਮਸਕਾਰ,
ਉਨ੍ਹਾਂ ਦੀ ਜਨਾਬ ਨੂੰ, ਦਸਾਂ ਗਰੂਆਂ ਨੇ ਤਾਰਤਾ ਪੰਜਾਬ ਨੂੰ।
ਬਾਬੂ ਮੌਜ ਲੈ ਮੌਜੀ, ਪੀਕੇ ਅੰਮਿ੍ਰਤ ਸੌਹਜੀ, ਬਣੀ ਸਿੱਖ ਕੌਮ ਫੌਜੀ,
ਸ਼੍ਰੀ ਗੁਰੂ ਗੋਬਿੰਦ ਤੋਂ, ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ।
ਉਸ ਸਮੇਂ ਫਿਰਕੂਪੁਣੇ ਦੀ ਅੱਗ ਵਿੱਚ ਸਾਂਝੀਵਾਲਤਾ ਦਾ ਦੀਵਾ ਜਗਾਈ ਰੱਖਣ ਵਾਲਾ ਬਾਬੂ ਰਜਬ ਅਲੀ ਅੰਗਰੇਜ ਸਰਕਾਰ ਦੀ ਨੌਕਰੀ ਕਰਦਾ ਹੋਇਆ ਵੀ ਅਜ਼ਾਦੀ ਦਾ ਪ੍ਰਵਾਨਾ ਬਣਿਆ, ਜਿਸ ਦਾ ਪੁਖਤਾ ਸਬੂਤ ਹੈ ਕਿ 1940 ਦੇ ਦਹਾਕੇ ਵਿੱਚ ਜਦ ਬਾਬੂ ਰਜਬ ਅਲੀ ਉਵਰਸੀਅਰ ਤੋਂ ਐਸ. ਡੀ. ਓ. ਬਣਨ ਵਾਲਾ ਸੀ ਤਾਂ ਸ਼ਹੀਦੇ ਆਜਮ ਸ੍ਰ. ਭਗਤ ਸਿੰਘ ਦੇ ਪ੍ਰਸੰਗ ਵਿੱਚ ਉਸ ਵੱਲੋਂ ਲਿਖੀ ਗਈ ਕਵਿਤਾ ਕਿ
ਥੋਡਾ ਥੰਨ ਲੁਟ ਕੇ ਬਣਾ ਲੇ ਬੰਗਲੇ, ਬਲੈਤ ਵਾਲੇ ਗੋਰਿਆਂ ਨੇ।
ਹਿੰਦ ਦੇ ਧਨਾਢ ਸਾਰੇ ਕੀਤੇ ਕੰਗਲੇ, ਸੁਕਾਤੇ ਚੰਮ ਝੋਰਿਆਂ ਨੇ।
ਐਹੋ ਜੀ ਖਰੀ ਸਾਮੀ ਦੇ, ਲਾਹ ਦਿਓ ਗਲਾਂ ’ਚ ਤਵਕ ਗੁਲਾਮੀ ਦੇ
ਕਹਿਣਾ ਸਿੱਖਾਂ ਹਿੰਦੂਆਂ ਮੁਸਲਮਾਨਾਂ ਨੂੰ, ਪੁੱਤਰ ਇੱਕ ਮਾਂ ਦਿੳੂ।
ਬੁਰਜ ਉਸਰੇ ਜਿਹੜੇ ਦੇ ਕੇ ਜਾਨਾਂ ਨੂੰ, ਗਿਰਨ ਹੇਠਾਂ ਬਾਂਹ ਦਿੳੂ।
ਲੰਮੀ ਫਰਿਆਦ ਗੱਭਰੂਓ, ਕਰਲੋ ਵਤਨ ਨੂੰ ਅਜਾਦ ਗੱਭਰੂਓ।
ਕਿਸੇ ਵੱਲੋਂ ਅੰਗਰੇਜ ਸਰਕਾਰ ਕੋਲ ਇਹ ਚੁਗਲੀ ਕਰ ਦਿੱਤੀ ਗਈ ਕਿ ਬਾਬੂ ਰਜਬ ਅਲੀ ਲੋਕਾਂ ਵਿੱਚ ਬਗਾਵਤੀ ਸਾਹਿਤ ਲਿਖ ਕੇ ਵੰਡ ਰਿਹਾ ਹੈ, ਜਦੋਂ ਇੱਕ ਅੰਗਰੇਜ ਅਫਸਰ ਨੇ ਇਸ ਦੀ ਤਫਤੀਸ ਕੀਤੀ ਤਾਂ ਕੁਦਰਤੀ ਇਹ ਕਵਿਤਾ ਰੋਜਨਾਮਚੇ ਵਿੱਚੋਂ ਉਹਨਾਂ ਨੂੰ ਮਿਲ ਗਈ, ਜਿਸ ਤੋਂ ਭਾਰੀ ਨਰਾਜ਼ ਹੋ ਕੇ ਉਸ ਅੰਗਰੇਜ ਅਫਸਰ ਨੇ ਬਾਬੂ ਰਜਬ ਅਲੀ ਦੀ ਪ੍ਰਮੋਸ਼ਨ ਫਾਇਲ ਸੀਲ ਕਰ ਦਿੱਤੀ। ਇਸ ਕਵੀ ਦੀ ਕਲਮ ਨੇ ਜਿਥੇ ਜੰਗ ਚਮਕੌਰ ਦੀ, ਵਿਧੀ ਚੰਦ ਦੇ ਦੁਸ਼ਾਲੇ, ਸੁੱਚਾ ਸਿੰਘ ਸੂਰਮਾ, ਨਲ ਦਮਿਅੰਤੀ, ਸਾਹਣੀ ਕੌਲਾਂ, ਪੈਂਦ ਦਾ ਮਹੱਲਾ ਅਤੇ ਮਾਲਵੇ ਇਲਾਕੇ ਵਿੱਚ ਹੋਏ ਕਈ ਨਾਮਵਰ ਯੋਧਿਆਂ ਅਤੇ ਸੂਰਮਿਆਂ ਦੇ ਕਿੱਸੇ ਬਹੁਤ ਹੀ ਬਾਕਮਾਲ ਸੈਲੀ ਵਿੱਚ ਲਿਖੇ ਹਨ,ਜਿਹਨਾਂ ਨੂੰ ਪੰਜਾਬ ਦੇ ਤਕਰੀਬਨ ਸਾਰੇ ਹੀ ਕਵੀਸਰ ਅੱਧੀ ਸਦੀ ਤੋਂ ਪੰਜਾਬ ਪਿੰਡਾਂ ਵਿੱਚ ਲੱਗਦੇ ਖੁਲੇ ਅਖਾੜਿਆਂ ਵਿੱਚ ਸੁਣਾੳਂਦੇ ਆ ਰਹੇ ਹਨ। ਧਰਮਾਂ ਕੌਮਾਂ ਅਤੇ ਫਿਰਕੂਪੁਣੇ ਤੋਂ ਬਹੁਤ ਉਚੇ ਅਤੇ ਸੁੱਚੇ ਇਨਸ਼ਾਨ, ਆਜ਼ਾਦੀ ਦੇ ਪ੍ਰਵਾਨੇ, ਤਿੰਨ ਕੌਮਾਂ ਦੇ ਉਸ ਸਾਂਝੇ ਉਸ ਸਾਇਰ ਨੂੰ ਜੋ ਦੋਵਾਂ ਪੰਜਾਬ ਨੂੰ ਨੇੜੇ ਲਿਆਉਂਦਾ ਹੈ, ਉਸ ਨੂੰ ਚੜਦੇ ਪੰਜਾਬ ਦੇ ਲੋਕਾਂ ਤੋਂ ਦੂਰ ਕਰਨ ਦੀ ਇਸ ਡੂੰਘੀ ਸਾਜਿਸ਼ ਨੂੰ ਸਮਝਣ ਦੀ ਬਹੁਤ ਜਰੂਰਤ ਹੈ ਅਤੇ ਪੰਜਾਬੀ ਬੁੱਧੀਜੀਵੀ ਵਰਗ ਅਤੇ ਸਮੂੰਹ ਲੇਖਕ ਭਾਈਚਾਰੇ ਨੂੰ ਲਾਮਬੰਦ ਹੋ ਕੇ ਇਸ ਪਾਸੇ ਬਹੁਤ ਸੁਹਿਰਦਤਾ ਨਾਲ ਧਿਆਨ ਦੇ ਕੇ ਇਸ ਸਾਜਿਸ਼ ਦਾ ਪਰਦਾ ਫਾਸ਼ ਕਰਨਾ ਚਾਹੀਦਾ ਹੈ।
                                                                                                                                             ਜਗਸੀਰ ਸਿੰਘ ਸੰਧੂ
                                                                                                                                     9876416009