ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦਾਸਤਾਇ ਅਜ਼ਾਦੀ - ਗੁਰੂ ਕੇ ਬਾਗ ਦੀ


ਸਿੱਖੀ ਦਾ ਜੀਵਨ ਸਭ ਤੋਂ ਪਹਿਲਾਂ ਧਾਰਮਿਕ ਜੀਵਨ ਹੈ ਅਤੇ ਭਾਈਚਾਰਕ ਜਾਂ ਵਿਹਾਰਕ ਜੀਵਨ ਇਸ ਤੋਂ ਮਗਰੋਂ ਹੈ। ਕੋਈ ਲਾਲਚ, ਰੋਹਬ ਜਾਂ ਡਰ ਸਿੱਖ ਨੂੰ ਆਪਣੇ ਧਾਰਮਿਕ ਜੀਵਨ ਤੋਂ ਟਾਲ ਨਹੀਂ ਸਕਦਾ। ਸਿੱਖਾਂ ਦਾ ਇਹ ਨਿਸਚਾ ਹੈ ਕਿ ਧਰਮ ਖਾਤਰ ਜਿਤਨੇ ਦੁੱਖ ਸਹਾਰੇ ਜਾਣ ਉਤਨੇ ਹੀ ਧੰਨਭਾਗ ਹਨ। ਧਰਮ ਖਾਤਰ ਸੀਸ ਦੇਣ ਦਾ ਜਦ ਸਮਾਂ ਆਵੇ ਤਾਂ ਸਿੱਖਾਂ ਨੂੰ ਚਾਉ ਚੜ੍ਹ ਜਾਂਦਾ ਹੈ। ਐਸੀ ਸੂਰਤ ਵਿਚ ਉਹ ਹਾਣ ਲਾਭ ਨਹੀਂ ਵਿਚਾਰਦੇ, ਕੁਝ ਅੱਗਾ ਪਿੱਛਾ ਨਹੀਂ ਸੋਚਦੇ। ਹਰ ਇਕ ਸਿੱਖ ਦੀ ਇਹੋ ਚਾਹਨਾ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਉਸ ਦਾ ਸੀਸ ਲੱਗੇ।
ਖਾਲਸਾਈ ਖੂਨ ਨੂੰ ਕੋਈ ਗੱਲ ਐਡੀ ਛੇਤੀ ਜੋਸ਼ ਵਿਚ ਨਹੀਂ ਲਿਆਉਂਦੀ ਜਿੰਨੀ ਛੇਤੀ ਕਿ ਗੁਰਦੁਆਰਿਆਂ ਦੀ ਬੇਅਦਬੀ ਦੀ ਖ਼ਬਰ ਅਤੇ ਕੁਰਬਾਨੀ ਕਰਨ ਲਈ ਖਾਲਸਾ ਐਤਨਾ ਕਾਹਲਾ ਕਦੇ ਨਹੀਂ ਹੋਇਆ ਜਿਤਨਾ ਕਿ ਗੁਰਦੁਆਰਿਆਂ ਖਾਤਰ। ਜਦ ਧਰਮ ਦੀ ਆਨ ਆਵੇਗੀ ਤਾਂ ਨਰਮ ਤੋਂ ਨਰਮ ਸਿੱਖ ਵੀ ਕੁਰਬਾਨੀ ਲਈ ਤਿਆਰ ਹੋ ਜਾਵੇਗਾ। ਮਿਲਵਰਤਣ ਜਾਂ ਨਾ-ਮਿਲਵਰਤਣ ਇਹ ਦੁਨੀਆਂਦਾਰੀ ਦੇ ਭੇਦ ਹਨ। ਜਿਥੇ ਦੁਨੀਆਂਦਾਰੀ ਦਾ ਸਬੰਧ ਹੈ ਉਥੇ ਇਕ ਸਿੱਖ ਮਿਲਵਰਤਨੀਆਂ ਹੈ ਅਤੇ ਦੂਜਾ ਨਾ-ਮਿਲਵਰਤਨੀਆ। ਪਰ ਜਿਥੇ ਧਰਮ ਦੀ ਆਣ ਹੈ ਉਥੇ ਮਿਲਵਰਤਣੀਆਂ ਕੀ ਤੇ ਨਾ-ਮਿਲਵਰਤਣੀਆ ਕੀ ਦੋਵੇਂ ਹੀ ਕੁਰਬਾਨੀ ਲਈ ਇਕੋ ਜਿਹੇ ਕਾਹਲੇ ਹਨ।
ਅੰਮ੍ਰਿਤਸਰ ਤੋਂ ਅਜਨਾਲੇ ਨੂੰ ਜਾਂਦੀ ਸੜ ਉਪਰ ਅੰਮ੍ਰਿਤਸਰ ਤੋਂ 13-14 ਮੀਲ ਦੂਰ ਅਤੇ ਸੜਕ ਤੋਂ ਥੋੜ੍ਹਾ ਲਾਂਭੇ ਪਿੰਡ ਘੁਕੇਵਾਲੀ ਰੌੜ ਜ਼ਿਲ੍ਹਾ ਅੰਮ੍ਰਿਤਸਰ ਦੀ ਜੂਹ ਵਿਚ ਗੁਰਦੁਆਰਾ ਗੁਰੂ ਕਾ ਬਾਗ ਵਾਕਿਆ ਹੈ। ਇਥੇ ਸ੍ਰੀ ਗੁਰੂ ਅਰਜਨ ਸਾਹਿਬ ਅਤੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਸਨ ਜਿਨ੍ਹਾਂ ਦੀ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ। ਗੁਰਦੁਆਰਿਆਂ ਦੇ ਲਾਗੇ ਗੁਰਦੁਆਰੇ ਦੀ ਮਲਕੀਅਤ ਕੁਝ ਜ਼ਮੀਨ ਹੈ ਜੋ ਕਿਸੇ ਦਾ ਬਾਗ ਸੀ ਪਰ ਵਾਪਰੀ ਘਟਨਾ ਸਮੇਂ ਇਹ ਜ਼ਮੀਨ ਗੈਰ-ਆਬਾਦ ਬੰਜਰ ਸੀ ਜਿਸ ਵਿਚ ਟਾਵੇਂ ਟਾਵੇਂ ਕਿੱਕਰ ਖੜ੍ਹੇ ਸਨ।
ਸਿੱਖ-ਰਾਜ ਦੇ ਵੇਲੇ ਸਿੱਖ ਸਰਦਾਰਾਂ ਤੇ ਇਲਾਕੇ ਦੀ ਸੰਗਤ ਨੇ ਇਕ ਉਦਾਸੀ ਸਿੱਖ ਨੂੰ ਇਸ ਗੁਰਦੁਆਰੇ ਦੀ ਸੇਵਾ ਵਾਸਤੇ ਮਹੰਤ ਨੀਯਤ ਕਰ ਦਿੱਤਾ। ਉਸ ਤੋਂ ਮਗਰੋਂ ਉਦਾਸੀ ਸਿੱਖਾਂ ਦੀ ਮਹੰਤੀ ਚੱਲਦੀ ਰਹੀ। ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਉਸ ਵੇਲੇ ਗੁਰੂ ਕੇ ਬਾਗ ਦਾ ਮਹੰਤ ਸੁੰਦਰ ਦਾਸ ਸੀ। ਉਹ ਹੱਦ ਦਰਜੇ ਤੱਕ ਪਹੁੰਚਿਆ ਐਬੀ, ਵੈਲੀ ਤੇ ਸ਼ਰਾਬੀ ਸੀ। ਮਹੰਤ ਨੇ ਕਈ ਬਦਚਲਣ ਔਰਤਾਂ ਰੱਖੀਆਂ ਹੋਈਆਂ ਸਨ। ਸੰਗਤਾਂ ਨੂੰ ਮਹੰਤ ਦੇ ਆਚਰਨ ਬਾਰੇ ਕਾਫ਼ੀ ਜ਼ਿਆਦਾ ਸ਼ਿਕਾਇਤਾਂ ਸਨ। ਇਹੋ ਸ਼ਿਕਾਇਤਾਂ ਜਦੋਂ ਸ਼੍ਰੋਮਣੀ ਕਮੇਟੀ ਕੋਲ ਪੁੱਜੀਆਂ ਤਾਂ ਸ਼੍ਰੋਮਣੀ ਕਮੇਟੀ ਨੇ ਜ਼ਿਲ੍ਹਾਂ ਕਮੇਟੀ ਪ੍ਰਧਾਨ ਨੂੰ ਲਿਖ ਕੇ ਭੇਜਿਆ ਕਿ ਇਸ ਸਬੰਧ ਵਿਚ ਉਹ ਮਹੰਤ ਨੂੰ ਮਿਲ ਕੇ ਗੁਰਦੁਆਰੇ ਦੇ ਪ੍ਰਬੰਧ ਵਿਚ ਸੁਧਾਰ ਕਰਵਾਏ। ਇਸ ਮੰਤਵ ਲਈ 31 ਜਨਵਰੀ, 1921 ਨੂੰ ਗੁਰੂ ਕੇ ਬਾਗ ਵਿਚ ਇਕ ਵਿਸ਼ਾਲ ਭਾਰੀ ਪੰਥਕ ਇਕੱਠ ਹੋਇਆ ਜਿਸ ਵਿਚ ਮਹੰਤ ਸੁੰਦਰ ਦਾਸ ਨੂੰ ਕਿਹਾ ਗਿਆ -
(À) ਕਿਸੇ ਵੀ ਔਰਤ ਨਾਲ ਅਯੋਗ ਸਬੰਧ ਨਾ ਰੱਖੇ। ਇਕ ਇਸਤਰੀ ਨਾਲ ਅਨੰਦ ਕਰਵਾਕੇ ਬਾਕੀ ਔਰਤਾਂ ਨੂੰ ਕੱਢ ਦੇਵੇ।
(ਅ) ਅੰਮ੍ਰਿਤ ਛਕ ਕੇ ਸਿੰਘ ਸੱਜ ਜਾਵੇ ਅਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਹੋ ਕੇ ਸੇਵਾ ਕਰੇ।
ਮਹੰਤ ਨੇ ਵਿਸ਼ਾਲ ਇਕੱਠ ਵਿਚ ਸੰਗਤ ਦੀ ਮੌਜੂਦਗੀ ਵਿਚ ਇਹ ਸ਼ਰਤਾਂ ਮੰਨ ਲਈਆਂ ਅਤੇ ਇਕਰਾਰਨਾਮੇ ਉਪਰ ਦਸਤਖ਼ਤ ਕਰ ਦਿੱਤੇ। ਇਸੇ ਇਕੱਠ ਵਿਚ ਗੁਰਦੁਆਰੇ ਦੇ ਪ੍ਰਬੰਧ ਲਈ ਗਿਆਰਾਂ ਮੈਂਬਰਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ। ਮਹੰਤ ਇਸ ਕਮੇਟੀ ਦੇ ਅਧੀਨ ਰਹਿ ਕੇ ਸੇਵਾ ਕਰਨੀ ਮੰਨ ਗਿਆ। ਮਿਤੀ 8 ਫਰਵਰੀ, 1921 ਨੂੰ ਮਹੰਤ ਨੇ ਅਕਾਲ ਤਖ਼ਤ ਸਾਹਿਬ ਹਾਜ਼ਰ ਹੋ ਕੇ ਅੰਮ੍ਰਿਤ ਛੱਕ ਲਿਆ ਅਤੇ ਉਸ ਦਾ ਨਾਂ ਜੁਗਿੰਦਰ ਸਿੰਘ ਰੱਖਿਆ ਗਿਆ। ਰਖੈਲ ਇਸਤਰੀ ਈਸ਼ਰੀ ਦਾ ਨਾਂ ਗਿਆਨ ਕੌਰ ਰੱਖਿਆ ਗਿਆ ਜਿਸ ਨਾਲ ਉਸ ਨੇ ਅਨੰਦ ਪੜ੍ਹਾ ਲਿਆ। ਉਹ ਗੁਰਦੁਆਰਾ ਕਮੇਟੀ ਦੇ ਅਧੀਨ ਕੰਮ ਕਰਨ ਲੱਗ ਪਿਆ।
ਜਦੋਂ ਅਕਾਲੀਆਂ ਵਿਰੁੱਧ ਅੰਗਰੇਜ਼ ਸਰਕਾਰ ਨੇ ਸਖ਼ਤੀ ਕਰਨੀ ਆਰੰਭੀ ਤਾਂ ਇਹ ਮਹੰਤ ਆਕੀ ਹੋ ਬੈਠਾ। ਇਹ ਮਹੰਤ ਪਹਿਲਾਂ ਵਾਂਗ ਰੰਗ-ਰਲੀਆਂ ਮਨਾਉਣ ਲੱਗ ਪਿਆ। ਇਸ ਵਤੀਰੇ ਕਾਰਨ ਸ਼੍ਰੋਮਣੀ ਕਮੇਟੀ ਨੇ 23 ਅਗਸਤ, 1921 ਨੂੰ ਜੱਥਾ ਭੇਜ ਕੇ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲਿਆ। ਮਹੰਤ ਨੇ ਸਰਕਾਰ ਤੋਂ ਮਦਦ ਮੰਗੀ। ਪੁਲਿਸ ਕਪਤਾਨ ਨੇ ਮੌਕੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਗੁਰਦੁਆਰੇ ਤੇ ਅਕਾਲੀਆਂ ਦੇ ਕਬਜ਼ੇ ਬਾਰੇ ਪੁਸ਼ਟੀ ਕਰ ਦਿੱਤੀ। ਫਰਵਰੀ 1922 ਵਿਚ ਮਹੰਤ ਦੇ ਗੁਜਾਰੇ ਲਈ 120/- ਰੁਪਏ ਮਹੀਨਾ ਨਿਸ਼ਚਿਤ ਕੀਤਾ ਗਿਆ ਅਤੇ ਅੰਮ੍ਰਿਤਸਰ ਵਿਚ ਇਕ ਰਿਹਾਇਸ਼ੀ ਮਕਾਨ ਉਸ ਨੂੰ ਦਿੱਤਾ ਗਿਆ। ਇਹ ਸਭ ਕੁਝ ਉਸ ਨੇ ਖੁਸ਼ੀ ਨਾਲ ਪ੍ਰਵਾਨ ਕਰ ਲਿਆ।
ਮਹੰਤ ਨੇ ਗੁਰਦੁਆਰੇ ਦਾ ਪ੍ਰਬੰਧ ਤਾਂ ਪੰਥ ਦੇ ਹਵਾਲੇ ਕਰ ਦਿੱਤਾ ਸੀ ਪਰ ਗੁਰਦੁਆਰੇ ਦੇ ਨਾਮ ਲੱਗੀ ਹੋਈ ਜ਼ਮੀਨ ਤੇ ਗੁਰੂ ਕੇ ਬਾਗ ਆਪਣੇ ਕਬਜ਼ੇ ਹੇਠ ਰੱਖ ਲਏ। ਜਦੋਂ ਦਾ ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਮਾਤਹਿਤ ਹੋਇਆ ਸੀ ਤਦ ਤੋਂ ਹੀ ਗੁਰੂ ਕਾ ਲੰਗਰ ਚਾਲੂ ਹੋਇਆ ਸੀ। ਲੰਗਰ ਵਾਸਤੇ ਬਾਲਣ ਗੁਰਦੁਆਰੇ ਦੇ ਨਾਲ ਲੱਗੀ ਜ਼ਮੀਨ ਵਿਚਲੀ ਕਿੱਕਰਾਂ ਦੀ ਝੰਗੀ ਵਿਚੋਂ ਕੱਢਿਆ ਜਾਂਦਾ ਸੀ।
ਮਿਤੀ 9 ਅਗਸਤ, 1922 ਨੂੰ ਗੁਰੂ ਕੇ ਬਾਗ ਗੁਰਦੁਆਰੇ ਨਾਲ ਲੱਗਦੀ ਜ਼ਮੀਨ ਵਿਚੋਂ ਪੰਜਾਂ ਅਕਾਲੀਆਂ ਜਿਹਨਾਂ ਨੇ ਇਕ ਦਿਨ ਪਹਿਲਾਂ ਬਾਲਣ ਵੱਢ ਕੇ ਲਿਆਂਦਾ ਸੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਹੁਕਮ ਨਾਲ ਪੁਲਿਸ ਨੇ ਇਨ੍ਹਾਂ ਨੂੰ ਲੱਕੜੀ ਚੋਰੀ ਕਰਨ ਦੇ ਅਪਰਾਧ ਕਰਕੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦਾ ਚਲਾਨ ਅਦਾਲਤ ਵਿਚ ਕਰ ਦਿੱਤਾ। ਅਦਾਲਤੀ ਕਾਰਵਾਈ ਪੂਰੀ ਕਰਨ ਲਈ ਗੁਰਦੁਆਰੇ ਦੇ ਸਾਬਕਾ ਮਹੰਤ ਪਾਸੋਂ ਇਕ ਇਬਤਦਾਈ ਰਿਪੋਰਟ 10 ਅਗਸਤ ਨੂੰ ਥਾਣੇ ਦਰਜ ਕਰਵਾ ਲਈ ਗਈ ਕਿ ਮੁਲਜ਼ਮਾਂ ਨੇ ਮੇਰੀ ਜ਼ਮੀਨ ਵਿਚੋਂ ਲੱਕੜੀ ਚੋਰੀ ਕੱਟੀ ਹੈ। ਅਦਾਲਤ ਨੇ ਇਨ੍ਹਾਂ ਨੂੰ ਛੇ-ਛੇ ਮਹੀਨੇ ਦੀ ਕੈਦ ਅਤੇ 50-50 ਰੁਪਏ ਜ਼ੁਰਮਾਨੇ ਦੀ ਸਜ਼ਾ ਦਿੱਤੀ।ਅਗਲੇ ਦਿਨ ਗੁਰਦੁਆਰੇ ਗੁਰੂ ਕੇ ਬਾਗ ਦੁਆਲੇ ਪੁਲਿਸ ਦੀ ਗਾਰਦ ਬਿਠਾਈ ਗਈ। ਅਕਾਲੀ ਉਸੇ ਤਰ੍ਹਾਂ ਲੰਗਰ ਵਾਸਤੇ ਬਾਲਣ ਵੱਢਦੇ ਰਹੇ। ਪੁਲਿਸ ਚੁੱਪ ਚਾਪ ਰਹੀ ਪਰ 22 ਅਗਸਤ, 1922 ਤੋਂ ਯਕਦਮ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾਂ ਲੱਕੜਾਂ ਵੱਢਣ ਵਾਲੇ ਸਿੱਖ ਫੜੀਂਦੇ ਰਹੇ ਫਿਰ ਗੁਰਦੁਆਰੇ ਅੰਦਰ ਸੇਵਾ ਕਰਨ ਵਾਲੇ ਚਾਰੋ ਸਿੱਖ ਗ੍ਰਿਫ਼ਤਾਰ ਕੀਤੇ ਗਏ।
ਮਿ: ਡੰਟ ਡਿਪਟੀ ਕਮਿਸ਼ਨਰ ਅੰਮ੍ਰਿਤਸਰ 25 ਅਗਸਤ, 1922 ਨੂੰ ਸ਼ਿਮਲੇ ਤੋਂ ਖਾਸ ਹਦਾਇਤਾਂ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ ਤੇ ਅੱਗੋਂ ਤੋਂ ਮਾਰ-ਕੁਟਾਈ ਦਾ ਕੰਮ ਵੀ ਸ਼ੁਰੂ ਹੋ ਗਿਆ। 26 ਅਗਸਤ, 1922 ਨੂੰ ਸ਼੍ਰੋਮਣੀ ਕਮੇਟੀ ਦੇ ਮੀਟਿੰਗ ਕਰ ਰਹੇ ਅੰਤਰਿਮ ਮੈਂਬਰ ਮਹਿਤਾਬ ਸਿੰਘ ਮੀਤ ਸਕੱਤਰ, ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਪ੍ਰੋ. ਸਾਹਿਬ ਸਿੰਘ ਮੀਤ ਸਕੱਤਰ, ਸੁਰਮੁਖ ਸਿੰਘ ਝਬਾਲ ਪ੍ਰਧਾਨ ਅਕਾਲੀ ਦਲ, ਮਾਸਟਰ ਤਾਰਾ ਸਿੰਘ, ਬਾਬਾ ਕੇਹਰ ਸਿੰਘ, ਰਵੇਲ ਸਿੰਘ ਫੜ ਲਏ ਗਏ। ਸਰਕਾਰ ਨੇ ਗੁਰੂ ਕੇ ਬਾਗ ਲਈ ਇਹ ਪਾਲਸੀ ਧਾਰਨ ਕੀਤੀ ਕਿ ਜੋ ਵੀ ਸਿੰਘ ਲੱਕੜਾਂ ਲੈਣ ਯਾ ਵੈਸੇ ਆਵੇ ਉਸ ਤੇ ਖੂਬ ਡਾਗਾਂ ਨਾਲ ਮਾਰ ਕੁਟਾਈ ਕੀਤੀ ਜਾਵੇ। ਸਿੰਘਾਂ ਨੇ ਵੀ ਅਕਾਲ ਤਖ਼ਤ ਸਾਹਮਣੇ ਭਰੇ ਦੀਵਾਨ ਵਿਚ ਐਲਾਨ ਕੀਤਾ ਕਿ ''ਗੁਰੂ ਕਾ ਬਾਗ ਸਿੱਖ ਕੌਮ ਦੀ ਮਲਕੀਅਤ ਹੈ। ਜੇ ਸਰਕਾਰ ਨੇ ਆਪਣਾ ਦਖਲ ਨਾ ਛੱਡਿਆ ਤਾਂ ਇਸੇ ਤਰ੍ਹਾਂ ਸ਼ਾਂਤਮਈ ਸਤਿਆਗ੍ਰਹਿ ਦਾ ਅੰਦੋਲਨ ਜਾਰੀ ਰਹੇਗਾ।''
27 ਅਗਸਤ, 1922 ਨੂੰ ਗੁਰੂ ਕਾ ਬਾਗ ਗਏ ਜਥੇ ਨੂੰ ਅੰਮ੍ਰਿਤਸਰ ਮਾਰਚ ਕਰਨ ਵਾਸਤੇ ਕਿਹਾ ਗਿਆ। ਉਨ੍ਹਾਂ ਨੂੰ ਰਸਤੇ ਵਿਚ ਡਾਗਾਂ ਮਾਰ-ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਗੁਰੂ ਕਾ ਬਾਗ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਨਾਕਾਬੰਦੀ ਕਰ ਦਿੱਤੀ ਗਈ। ਨਾਲ ਦੇ ਪਿੰਡਾਂ ਵਿਚ ਸਿੱਖਾਂ ਦੇ ਹਮਾਇਤੀਆਂ ਦੀ ਵੀ ਕੁੱਟ-ਮਾਰ ਕੀਤੀ ਗਈ ਅਤੇ ਉਨ੍ਹਾਂ ਤੋਂ ਲੰਗਰ ਤੇ ਰਸਦ ਪਾਣੀ ਵੀ ਖੋਹ ਲਿਆ ਗਿਆ। ਹੋਰ ਤਾਂ ਹੋਰ ਖਾਲਸਾ ਕਾਲਜ ਅੰਮ੍ਰਿਤਸਰ ਦਾ ਇਕ ਪ੍ਰੋਫੈਸਰ ਜੋ ਪਰਿਵਾਰ ਸਣੇ ਗੁਰੂ ਕੇ ਬਾਗ ਵੱਲ ਜਾ ਰਿਹਾ ਸੀ ਨੂੰ ਔਰਤਾਂ ਦੇ ਸਾਹਮਣੇ ਬੁਰੀ ਤਰ੍ਹਾਂ ਕੁੱਟਿਆ ਗਿਆ। ਅੰਮ੍ਰਿਤਸਰ ਜਾਣ ਵਾਲੀਆਂ ਗੱਡੀਆਂ ਅਤੇ ਮੋਟਰਾਂ ਨੂੰ ਰੋਕ ਕੇ ਸਿੱਖਾਂ ਨੂੰ ਉਤਾਰਿਆ ਗਿਆ ਅਤੇ ਜਾਂ ਤਾਂ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਾਂ ਵਾਪਸ ਭੇਜ ਦਿੱਤਾ ਗਿਆ। ਅੰਮ੍ਰਿਤਸਰ ਦੇ ਆਲੇ ਦੁਆਲੇ ਦੂਰ-ਦੂਰ ਤੱਕ ਸੜਕਾਂ, ਪੁਲਾਂ ਅਤੇ ਪੱਤਣਾਂ 'ਤੇ ਪੁਲਿਸ ਤਾਈਨਾਤ ਕਰ ਦਿੱਤੀ ਗਈ। ਇਸ ਕੁੱਟਮਾਰ ਦਾ ਇੰਚਾਰਜ ਇਕ ਗੋਰਾ ਪੁਲਿਸ ਅਫ਼ਸਰ ਬੀ.ਟੀ. ਸੀ।
ਇਨ੍ਹਾਂ ਸਖ਼ਤੀਆਂ ਦੇ ਬਾਵਜੂਦ ਸਿੱਖ ਅੰਮ੍ਰਿਤਸਰ ਪਹੁੰਚਦੇ ਰਹੇ ਅਤੇ ਹਰ ਰੋਜ਼ ਅਕਾਲ ਤਖ਼ਤ ਸਾਹਿਬ ਤੋਂ ਸਿੱਖਾਂ ਦਾ ਇਕ ਜੱਥਾ ਗੁਰੂ ਕੇ ਬਾਗ ਨੂੰ ਜਾਂਦਾ ਰਿਹਾ। ਇਸ ਤੋਂ ਇਲਾਵਾ ਇਕ ਛੋਟਾ ਜੱਥਾ ਲੱਕੜ ਕੱਟਣ ਵਾਸਤੇ ਵੀ ਭੇਜਿਆ ਜਾਂਦਾ ਰਿਹਾ। ਪੁਲਿਸ ਦੋਹਾਂ ਹੀ ਜੱਥਿਆਂ ਦੇ ਸਿੱਖਾਂ ਨੂੰ ਬੇਦਰਦੀ ਨਾਲ ਡਾਗਾਂ ਨਾਲ ਕੁੱਟਦੀ ਅਤੇ ਉਦੋਂ ਤੱਕ ਡਾਗਾਂ ਵਰਾਉਂਦੀ ਰਹਿੰਦੀਸੀ ਜਦੋਂ ਤੱਕ ਇਕ-ਇਕ ਸਿੱਖ ਬੇਹੋਸ਼ ਨਹੀਂ ਸੀ ਹੋ ਜਾਂਦਾ। ਇਨ੍ਹੀਂ ਦਿਨੀਂ ਹੀ ਪੁਲਿਸ ਨੇ ਗੁਰੂ ਕੇ ਬਾਗ ਦੇ ਆਲੇ ਦੁਆਲੇ ਦੇ ਖੇਤਾਂ ਵਿਚ ਕੰਮ ਕਰਦੇ ਸਿੱਖਾਂ ਨੂੰ ਵੀ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਇਆ। ਇਸ ਸਰਕਾਰੀ ਜ਼ੁਲਮ ਨਾਲ ਸ਼ਹੀਦ ਹੋਣ ਵਾਲੇ ਪਹਿਲੇ ਦੋ ਸਿੰਘ ਭਗਤ ਸਿੰਘ ਤੇ ਤਾਰਾ ਸਿੰਘ ਬਾਪ ਤੇ ਬੇਟਾ ਸਨ ਜਿਨ੍ਹਾਂ ਨੂੰ ਪਿੰਡ ਟੀਰਾ ਦੇ ਖੇਤਾਂ ਵਿਚ ਸ਼ਹੀਦ ਕੀਤਾ ਗਿਆ।
ਸਵਾਮੀ ਸ਼ਰਧਾ ਨੰਦ ਨੇ ਤਾਂ ਇਸ ਮੋਰਚੇ ਵਿਚ ਸ਼ਾਮਲ ਹੋ ਕੇ ਗ੍ਰਿਫ਼ਤਾਰੀ ਦਿੱਤੀ ਤੇ ਕੈਦ ਵੀ ਹੋਈ। ਇਸ ਮੋਰਚੇ ਵਿਚ ਹਜ਼ਾਰਾਂ ਸਿੰਘ ਜ਼ਖਮੀ ਹੋਏ ਅਤੇ ਬਹੁਤ ਸਾਰੇ ਸਿੱਖ ਸ਼ਹੀਦ ਵੀ ਹੋਏ। ਇਨ੍ਹਾਂ ਸ਼ਹੀਦਾਂ ਵਿਚ ਇਕ ਪ੍ਰਿਥੀਪਾਲ ਸਿੰਘ (ਜਥੇਦਾਰ ਅਕਾਲੀ ਜਥਾ ਲਾਇਲਪੁਰ) ਵੀ ਸੀ ਜੋ 5 ਸਤੰਬਰ ਦੀ ਮਾਰ ਕੁੱਟ ਨਾਲ ਸਖ਼ਤ ਜ਼ਖਮੀ ਹੋ ਗਿਆ ਸੀ। ਉਸ ਦੇ ਜਿਸਮ ਉਤੇ 100 ਤੋਂ ਵੱਧ ਜ਼ਖਮਾਂ ਦੇ ਨਿਸ਼ਾਨ ਸਨ। ਗੁਰੂ ਕੇ ਬਾਗ ਦੇ ਇਸ ਮੋਰਚੇ ਵਿਚ ਸਰਕਾਰ ਵਲੋਂ ਸਖ਼ਤੀ ਕਰਾਉਣ ਵਾਲੇ ਅਫ਼ਸਰਾਂ ਵਿਚੋਂ ਪੁਲਿਸ ਅਫ਼ਸਰ ਬੀ. ਟੀ. ਬੇਰਹਿਮੀ ਨਾਲ ਮਾਰ ਕਰਨ ਵਿਚ ਜ਼ਿਆਦਾ ਬਦਨਾਮ ਹੋਇਆ। ਕਈ ਸਾਲਾਂ ਪਿੱਛੋਂ ਕੁਝ ਮਲਵਈ ਬਹਾਦਰਾਂ-ਬਚਨ ਸਿੰਘ ਲੋਹਾ ਖੇੜਾ, ਭੋਲਾ ਸਿੰਘ ਤੇ ਕਰਤਾਰ ਸਿੰਘ ਛੀਨੀਵਾਲ ਆਦਿ ਨੇ ਇਸ ਨੂੰ ਸੁਨਾਮ ਲਾਗੇ ਪਿੰਡ ਚੱਠੇ ਜਿਥੇ ਇਸ ਦੀ ਕੋਠੀ ਸੀ ਗੋਲੀ ਦਾ ਨਿਸ਼ਾਨਾ ਬਣਾ ਕੇ ਇਸ ਕੌਮੀ ਅਪਮਾਨ ਦਾ ਬਦਲਾ ਲਿਆ ਸੀ।
ਜਦੋਂ ਸਰਕਾਰ ਨੇ ਵੇਖਿਆ ਕਿ ਅਕਾਲੀ ਲਹਿਰ 'ਚ ਸਾਬਕਾ ਫੌਜੀ ਵੀ ਗ੍ਰਿਫ਼ਤਾਰੀਆਂ ਦੇਣ ਲੱਗ ਪਏ ਹਨ ਤਾਂ ਸਰਕਾਰ ਨੇ ਇਸ ਮੋਰਚੇ ਨੂੰ ਖਤਮ ਕਰਾਉਣ ਲਈ ਸੋਚਿਆ। ਗੁਰੂ ਕੇ ਬਾਗ ਦਾ ਅਜ਼ਾਦੀ ਸਬੰਧੀ ਅੰਦੋਲਨ ਦੌਰਾਨ ਮਾਰ ਕੁਟਾਈ ਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ 17 ਨਵੰਬਰ 1922 ਨੂੰ ਖਤਮ ਹੋ ਗਿਆ। ਸਰ ਗੰਗਾ ਰਾਮ ਇੰਜੀਨੀਅਰ ਲਾਹੌਰ ਨੇ ਮਹੰਤ ਪਾਸੋਂ ਜ਼ਮੀਨ ਠੇਕੇ ਉਤੇ ਕਾਗਜ਼ਾਂ ਵਿਚ ਲੈ ਲਈ। ਉਸ ਨੇ ਸਰਕਾਰ ਨੂੰ ਲਿਖ ਕੇ ਦਿੱਤਾ ਕਿ ਮੈਨੂੰ ਪੁਲਿਸ ਦੀ ਲੋੜ ਨਹੀਂ ਅਤੇ ਨਾ ਹੀ ਮੈਂ ਸਿੰਘਾਂ ਨੂੰ ਗੁਰੂ ਕੇ ਲੰਗਰ ਵਾਸਤੇ ਬਾਲਣ ਵੱਢਣੋਂ ਰੋਕਣਾ ਚਾਹੁੰਦਾ ਹਾਂ।
17 ਨਵੰਬਰ 1922 ਤੱਕ ਗ੍ਰਿਫ਼ਤਰੀਆਂ ਦੀ ਗਿਣਤੀ 5605 ਤੱਕ ਪਹੁੰਚ ਗਈ ਸੀ ਜਿਨ੍ਹਾਂ ਵਿਚ 35 ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ। ਇਸ ਪ੍ਰਕਾਰ 17 ਨਵੰਬਰ 1922 ਨੂੰ ਗੁਰੂ ਕੇ ਬਾਗ ਦੀ ਅਜ਼ਾਦੀ ਦਾ ਮੋਰਚਾ ਫਤਹਿ ਹੋ ਗਿਆ। ਮਈ 1923 ਵਿਚ ਗੁਰੂ ਕੇ ਬਾਗ ਦੇ ਕੈਦੀ ਸਰਕਾਰ ਨੇ ਰਿਹਾ ਕਰ ਦਿੱਤੇ। ਗੁਰੂ ਕੇ ਬਾਗ ਦੇ ਮੋਰਚੇ ਨੇ ਸਿੱਖ ਇਤਿਹਾਸ ਨੂੰ ਦੁਹਰਾ ਦਿੱਤਾ। ਸਿੰਘਾਂ ਦੀ ਸ਼ਾਂਤਮਈ ਕੁਰਬਾਨੀ ਨੂੰ ਦੇਖ ਕੇ ਦੁਨੀਆਂ ਦੰਗ ਰਹਿ ਗਈ।
ਭਾਈ ਜੋਧ ਸਿੰਘ (ਰਿਟਾਇਰਡ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ) ਨੇ ਗੁਰੂ ਕੇ ਬਾਗ ਦੇ ਮੋਰਚੇ ਅੰਦਰ ਸਿੱਖਾਂ ਦੀ ਹੁੰਦੀ ਮਾਰ-ਕੁਟਾਈ ਦਾ ਆਪਣੀ ਅੱਖੀਂ ਡਿੱਠਾ ਦ੍ਰਿਸ਼ ਅਖ਼ਬਾਰ '“he Khalsa' ਦੇ ਮਿਤੀ 4 ਸਤੰਬਰ, 1922 ਦੇ ਪਰਚੇ ਵਿਚ ਲਿਖਿਆ ਸੀ-ਵੀਹ ਮਿੰਟ ਮਾਰ ਕੁਟਾਈ ਹੋਣ ਮਗਰੋਂ ਫੌਜੀਆਂ ਦੇ ਇਕ ਘੋੜ ਸਵਾਰ ਦਸਤੇ ਨੂੰ ਸਬਜ ਝੰਡੀ ਦਿੱਤੀ ਗਈ ਜਿਸ ਤੇ ਸਾਰਾ ਘੋੜ ਦਸਤਾ ਮੌਕੇ 'ਤੇ ਪਹੁੰਚ ਗਿਆ। ਇਨ੍ਹਾਂ ਵਿਚੋਂ ਤਿੰਨ ਸਵਾਰ ਅੱਗੇ ਵਧੇ ਅਤੇ ਡਿੱਗੇ ਪਏ ਅਕਾਲੀਆਂ ਦੇ ਉਪਰ ਦੀ ਦਗੜ ਲੰਘ ਗਏ। ਘੋੜਿਆਂ ਦੇ ਸੁਮਾਂ ਹੇਠ ਸਿੰਘਾਂ ਨੂੰ ਫੱਟੜ ਹੁੰਦੇ ਵੇਖ ਦਰਸ਼ਕ ਕੁਰਲਾ ਉਠੇ ਅਤੇ ਜ਼ਾਰ-ਜ਼ਾਰ ਰੋਏ।
ਸ. ਮਨਜੀਤ ਸਿੰਘ ਪਸਰੀਚਾ