ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਤੇਜ਼ਾਬੀ ਮਾਦਾ ਜਾਂ ਅਲਸਰ ਹੋਣ 'ਤੇ...


ਇਹ ਰੋਗ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਤੇਜ਼ਾਬ ਬਣਨਾ, ਬਦਹਜ਼ਮੀ, ਮਿਹਦੇ ਦੀ ਜਲਣ ਆਦਿ। ਇਹ ਇਕੋ ਹੀ ਗੱਲ ਹੁੰਦੀ ਹੈ। ਇਹ ਤਕਲੀਫ਼ ਤਦ ਪੇਸ਼ ਆਉਂਦੀ ਹੈ, ਜਦ ਅਸੀਂ ਜ਼ਿਆਦਾ ਥੰਦਿਆਈ ਵਾਲੀ ਖੁਰਾਕ ਜਾਂ ਬਹੁਤ ਭਾਰੀ ਜਾਂ ਬਾਸੀ ਖਾਣਾ ਖਾਂਦੇ ਹਾਂ ਜਾਂ ਅਤਿ ਜ਼ਿਆਦਾ ਦਾਰੂ ਜਾਂ ਕਾਫੀ ਪੀਂਦੇ ਹਾਂ। ਇਸ ਨਾਲ ਮਿਹਦੇ ਵਿਚ ਬੇਚੈਨੀ ਮਹਿਸੂਸ ਹੁੰਦੀ ਹੈ ਭਾਵ ਕਿ ਜੀਅ ਘਬਰਾਉਂਦਾ ਹੈ। ਕਈ ਵਾਰ ਇਹ ਤਕਲੀਫ਼ ਦਿਲ ਦੀ ਦਰਦ ਸਮਝ ਲਈ ਜਾਂਦੀ ਹੈ। ਇਸ ਵਿਚ ਫਰਕ ਇਹ ਹੁੰਦਾ ਹੈ ਕਿ ਜੇਕਰ ਇਹ ਪੀੜ ਲੰਮੇ ਪੈਣ 'ਤੇ ਵਧ ਜਾਏ ਤਾਂ ਇਹ ਮਿਹਦੇ ਦੀ ਹੁੰਦੀ ਹੈ ਅਤੇ ਨਾ ਵਧੇ ਤਾਂ ਦਿਲ ਦੀ ਹੋ ਸਕਦੀ ਹੈ।
ਇਹ ਗੱਲ ਖਾਸ ਧਿਆਨ ਦੇਣ ਯੋਗ ਹੈ ਕਿ ਵਾਰ-ਵਾਰ ਬਦਹਜ਼ਮੀ ਹੋਣਾ ਜਾਂ ਕਾਫ਼ੀ ਲੰਮੇ ਸਮੇਂ ਤੱਕ ਰਹਿਣਾ ਅਲਸਰ ਦੀ ਸ਼ੁਰੂਆਤ ਦੀ ਪਹਿਲੀ ਅਲਾਮਤ ਹੁੰਦੀ ਹੈ।
ਅਲਸਰ ਕੀ ਹੁੰਦਾ ਹੈ? : ਇਹ ਮਿਹਦੇ ਜਾਂ ਛੋਟੀ ਆਂਤੜੀ ਵਿਚ ਤੇਜ਼ਾਬੀ ਮਾਦੇ ਕਾਰਨ ਹੋਇਆ ਪੁਰਾਣਾ ਜ਼ਖ਼ਮ ਹੁੰਦਾ ਹੈ। ਇਸ ਦੇ ਹੋਣ 'ਤੇ ਰੋਗੀ ਦੀ ਧੁਨੀ ਦੇ ਆਸਪਾਸ ਲਗਾਤਾਰ ਹਲਕੀ ਦਰਦ ਰਹਿੰਦੀ ਹੈ, ਜੋ ਕਦੇ-ਕਦੇ ਬੜੀ ਤੀਬਰ ਹੋ ਜਾਂਦੀ ਹੈ। ਜ਼ਿਆਦਾ ਮਾਤਰਾ ਵਿਚ ਪਾਣੀ ਪੀਣ 'ਤੇ ਬਹੁਤ ਭਾਰੀ ਮਾਤਰਾ ਵਿਚ ਭੋਜਨ ਖਾਣ 'ਤੇ ਅਕਸਰ ਇਹ ਦਰਦ ਮੱਠੀ ਪੈ ਜਾਂਦੀ ਹੈ ਕਿਉਂਕਿ ਖਾਣੇ ਜਾਂ ਪਾਣੀ ਦੀ ਵੱਧ ਮਾਤਰਾ ਕਾਰਨ ਤੇਜ਼ਾਬੀ ਮਾਦਾ ਕੁਝ ਦੇਰ ਲਈ ਹਲਕਾ ਪੈ ਜਾਂਦਾ ਹੈ। ਖਾਣਾ ਅੱਗੇ ਲੰਘਣ ਤੇ ਫਿਰ ਦਰਦ ਸ਼ੁਰੂ ਹੋ ਜਾਂਦੀ ਹੈ।
ਜੇ ਅਲਸਰ ਦਾ ਰੋਗੀ ਜ਼ਿਆਦਾ ਥੰਦਿਆਈ ਅਤੇ ਮਸਾਲੇਦਾਰ ਚੀਜ਼ਾਂ ਖਾ ਲੈਂਦਾ ਹੈ, ਤਾਂ ਉਸ ਦੀ ਦਰਦ ਤੀਬਰ ਹੋ ਜਾਂਦੀ ਹੈ। ਸ਼ਰਾਬ ਸੇਵਨ ਕਰਨ 'ਤੇ ਵੀ ਦਰਦ ਵਧਦੀ ਹੈ। ਰਾਤ ਸਮੇਂ ਉਂਝ ਹੀ ਹਰ ਦਰਦ ਵਾਂਗ ਤੀਬਰ ਹੋ ਜਾਂਦੀ ਹੈ।
ਪੇਟ ਯਾਨਿ ਮਿਹਦੇ ਦਾ ਇਕ ਖਾਸ ਟੈਸਟ 'ਐਂਡੋਸਕੋਪੀ' ਇਕ ਅਜਿਹਾ ਟੈਸਟ ਹੈ, ਜਿਸ ਵਿਚ ਇਹ ਪਤਾ ਲੱਗ ਸਕਦਾ ਹੈ ਕਿ ਰੋਗੀ ਨੂੰ ਅਲਸਰ ਹੈ ਜਾਂ ਨਹੀਂ। ਗੰਭੀਰ ਅਵਸਥਾ ਜੇ ਇਲਾਜ ਨਾ ਕੀਤਾ ਜਾਵੇ ਤਾਂ ਅਲਸਰ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ ਅਤੇ ਰੋਗੀ ਨੂੰ ਉਲਟੀਆਂ ਵੀ ਆ ਸਕਦੀਆਂ ਹਨ। ਕਈ ਵਾਰ ਉਲਟੀ ਵਿਚ ਤਾਜ਼ਾ ਲਹੂ ਜਾਂ ਕੌਫ਼ੀ ਦੇ ਰੰਗ ਦਾ ਗੰਦਾ ਲਹੂ ਵੀ ਆ ਸਕਦਾ ਹੈ। ਜੇਕਰ ਪਖਾਨੇ ਵਿਚ ਲਹੂ ਆਵੇ ਤਾਂ ਉਸਦੀ ਰੰਗਤ ਤਾਰਕੋਲ ਵਰਗੀ ਕਾਲੀ ਹੋਵੇਗੀ।
ਨੋਟ : ਕੁਝ ਅਲਸਰ ਅੰਦਰੋ-ਅੰਦਰ ਚੁੱਪ-ਚਾਪ ਵਧਦੇ ਰਹਿੰਦੇ ਹਨ ਅਤੇ ਰੋਗੀ ਨੂੰ ਕੋਈ ਤਕਲੀਫ਼ ਨਹੀਂ ਹੁੰਦੀ। ਉਨ੍ਹਾਂ ਦੀ ਪਹਿਲੀ ਅਲਾਮਤ ਉਲਟੀ ਵਿਚ ਲਹੂ ਦਾ ਹੋਣਾ ਜਾਂ ਕਾਲੇ ਲੇਸਦਾਰ ਪਖਾਨੇ ਦਾ ਆਉਣਾ ਹੀ ਹੁੰਦੀ ਹੈ। ਅਜਿਹੀ ਹਾਲਤ ਵਿਚ ਰੋਗੀ ਦੀ ਝੱਟ ਹੀ ਮੌਤ ਹੋ ਜਾਂਦੀ ਹੈ ਕਿਉਂਕਿ ਉਸ ਦੇ ਅੰਦਰ ਪੁਰਾਣਾ ਅਲਸਰ ਵੱਧ ਚੁੱਕਾ ਹੁੰਦਾ ਹੈ। ਸੋ, ਉਸ ਨੂੰ ਉਲਟੀ ਆਉਣ ਤੋਂ ਛੇਤੀ ਡਾਕਟਰ ਕੋਲ ਲੈ ਜਾਓ।
ਜੇਕਰ ਇਹ ਪੱਕਾ ਪਤਾ ਚੱਲ ਜਾਵੇ ਕਿ ਰੋਗੀ ਜਾਂ ਪੇਟ ਦਰਦ ਅਲਸਰ ਦੇ ਕਾਰਨ ਹੀ ਹੈ ਤਾਂ ਹੇਠ ਲਿਖੀਆਂ ਸਾਵਧਾਨੀਆਂ ਨਾਲ ਇਸ ਦਰਦ ਨੂੰ ਹਲਕਾ ਕੀਤਾ ਜਾ ਸਕਦਾ ਹੈ:-
? ਖਾਣਾ ਸਮੇਂ ਸਿਰ ਖਾਓ ਅਤੇ ਬਹੁਤਾ ਜ਼ਿਆਦਾ ਨਾ ਖਾਓ। ਖਾਣਾ ਉਹੀ ਖਾਓ ਜੋ ਤੁਹਾਡੀ ਪੀੜ ਨੂੰ ਘਟਾਉਂਦਾ ਹੈ।
? ਜਿਨ੍ਹਾਂ ਖਾਣਿਆਂ ਨਾਲ ਪੀੜ ਵਧਦੀ ਹੋਵੇ, ਉਹ ਨਾ ਖਾਓ, ਜਿਵੇਂ ਸ਼ਰਾਬ, ਕੋਫ਼ੀ, ਕਾਲੀ ਮਿਰਚ, ਮਸਾਲੇ, ਬਾਜ਼ਾਰੂ ਪੀਣ ਦੀਆਂ ਚੀਜ਼ਾਂ (ਸੋਡਾ, ਕੋਲਾ ਆਦਿ) ਅਤੇ ਚਰਬੀਯੁਕਤ ਆਹਾਰ ਆਦਿ।
? ਜੇਕਰ ਰਾਤ ਨੂੰ ਸਿੱਧੇ ਲੇਟਣ 'ਤੇ ਜਲਣ ਜ਼ਿਆਦਾ ਹੁੰਦੀ ਹੋਵੇ ਤਾਂ ਸਰੀਰ ਦਾ ਉਪਰਲਾ ਹਿੱਸਾ ਜ਼ਰਾ ਉਤਾਂਹ ਵੱਲ ਰੱਖ ਕੇ ਸੌਣ ਦੀ ਕੋਸ਼ਿਸ਼ ਕਰੋ।
? ਪਾਣੀ ਬਹੁਤੀ ਮਾਤਰਾ ਵਿਚ ਪੀਣਾ ਚਾਹੀਦਾ ਹੈ। ਖਾਣੇ ਤੋਂ ਪਹਿਲਾਂ ਵੀ, ਵਿਚਕਾਰ ਵੀ ਅਤੇ ਬਾਅਦ ਵਿਚ ਵੀ ਬਹੁਤ ਸਾਰਾ ਪਾਣੀ ਪੀਓ।
? ਤੰਬਾਕੂਨੋਸ਼ੀ ਤੋਂ ਪ੍ਰਹੇਜ਼ ਕਰੋ। ਇਸ ਨਾਲ ਮਿਹਦੇ ਦਾ ਤੇਜ਼ਾਬ ਵਧ ਕੇ ਤਕਲੀਫ਼ ਵਧਾਉਂਦਾ ਹੈ।
? ਡਾਕਟਰ ਦੀ ਸਲਾਹ ਨਾਲ ਕੋਈ ਤੇਜ਼ਾਬ ਵਿਰੋਧੀ ਦਵਾਈ (ਮੈਗਨੀਸ਼ੀਅਮ ਜਾਂ ਐਲੂਮੀਨੀਅਮ ਵਾਲੀ) ਲਵੋ।
? ਜੇਕਰ ਅਲਸਰ ਠੀਕ ਨਾ ਹੁੰਦਾ ਹੋਵੇ ਤਾਂ ਰੈਨੀਟੀਡਿਨ ਗੋਲੀਆਂ ਲੈ ਕੇ ਦੇਖੋ। ਵਧੇਰੇ ਅਸਰਦਾਰ ਹੈ।
ਸੋ, ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਅਲਸਰ ਦਾ ਇਲਾਜ ਜਲਦੀ ਕਰਨਾ ਚਾਹੀਦਾ ਹੈ। ਦੇਰ ਹੋਣ 'ਤੇ ਅੰਦਰੂਨੀ ਵਿਗਾੜ ਪਾ ਸਕਦਾ ਹੈ। ਇਸ ਤੋਂ ਛੁੱਟ ਅਲਸਰ ਤੋਂ ਬਚਣ ਲਈ ਗੁੱਸਾ, ਤਣਾਅ, ਚਿੰਤਾ ਅਤੇ ਘਬਰਾਹਟ ਤੋਂ ਬਚਣਾ ਚਾਹੀਦਾ ਹੈ। ਇਕ ਵਾਰ ਇਹ ਠੀਕ ਹੋ ਜਾਵੇ ਤਾਂ ਦੁਬਾਰਾ ਬਚਣ ਲਈ ਖ਼ਬਰਦਾਰ ਰਹਿਣਾ ਚਾਹੀਦਾ ਹੈ।
ਡਾ. ਕਿਰਨ ਚੋਪੜਾ