ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਖੌਤੀ ਬਾਬਾਵਾਦ ਤੇ ਪਾਖੰਡ ਦਾ ਟਾਕਰਾ ਕਿਸ ਤਰ੍ਹਾਂ ਕੀਤਾ ਜਾਵੇ?


ਅਖੌਤੀ ਬਾਬਾਵਾਦ, ਡੇਰਾਵਾਦ, ਪਾਖੰਡ, ਕੂੜ-ਪ੍ਰਚਾਰ, ਢੋਂਗੀਪੁਣੇ ਦਾ ਟਾਕਰਾ ਕਿਸ ਢੰਗ ਨਾਲ ਕੀਤਾ ਜਾਵੇ? ਇਹ ਸਵਾਲ ਜੋ ਇਸ ਲੱਖ ਦਾ ਮੂਲ ਵਿਸ਼ਾ ਹੈ ਦਾ ਉਤਰ ਹੈ ਸੱਚ ਦੇ ਹਥਿਆਰ ਨਾਲ। ਇਹ ਅਖੌਤੀ ਬਾਬਾਵਾਦ ਤੇ ਪਾਖੰਡਕੂੜ ਦਾ ਪਹਿਰੇਦਾਰ ਹੈ। ਸਿੱਖੀ ਮਾਰਚ ਸੱਚ ਦਾ ਮਾਰਗ ਹੈ, ਇਸ ਲਈ ਦੋਹਾਂ ਵਿਚ ਟਕਰਾਅ ਹੋਣਾ ਲਾਜ਼ਮੀ ਹੈ। ਇਸ ਟਕਰਾਅ ਕੋਈ ਅੱਜ ਦੀ ਸਥਿਤੀ ਅੱਜ ਤੇ ਨਾ ਹੀ 1978 ਵਿਚ ਨਰਕਧਾਰੀ ਟਕਰਾਅ ਪਹਿਲਾ ਟਕਰਾਅ ਸੀ। ਇਹ ਟਕਰਾਅ ਬਹੁਤ ਪਹਿਲਾਂ ਤੋਂ ਸਿੱਖੀ ਦੇ ਜਨਮ ਤੋਂ ਹੀ ਚੱਲ ਰਿਹਾ ਹੈ। ਪ੍ਰਿਥੀਆ ਮੀਣਾ ਪੰਚਮ ਪਾਤਸ਼ਾਹ ਜੀ ਦਾ ਦੁਸ਼ਮਣ ਬਣਿਆ ਹੋਇਆ ਸੀ ਤੇ ਉਸ ਨੇ ਗੁਰੂ ਜੀ ਦੇ ਇਕੋ ਇਕ ਸਪੁੱਤਰ ਹਰਗੋਬਿੰਦ ਜੀ ਨੂੰ ਦੋ ਵਾਰ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਸਿੱਖੀ ਦੇ ਬਰਾਬਰ ਮੀਣਾ ਸੰਪਰਦਾਇ ਦੀ ਨੀਂਹ ਰੱਖੀ ਅਤੇ ਆਪਣੇ ਸਰੋਵਰ ਆਦਿ ਅੰਮ੍ਰਿਤਸਰ ਸਾਹਿਬ ਵਾਂਗ ਬਣਵਾਏ। ਇਹੀ ਕੰਮ ਅੱਗੇ ਚੱਲ ਕੇ ਧੀਰਮੱਲੀਆ ਤੇ ਰਾਮਰਾਈਆਂ ਨੇ ਜਾਰੀ ਰੱਖਿਆ। ਇਹ ਸਭ ਕੂੜ ਦੇ ਪਾਂਧੀ ਸਨ। ਇਨ੍ਹਾਂ ਦੇ ਕੂੜ ਦਾ ਟਾਕਰਾ ਕਰਨਾ ਵੀ ਖਾਲਸਾ ਸਾਜਨਾ ਦਾ ਇਕ ਮੰਤਵ ਸੀ।
ਇਹ ਕੂੜੇ ਮਾਰਗ ਕਦੇ ਬੰਦ ਨਾ ਹੋਏ ਸਗੋਂ ਵਧਦੇ ਗਏ ਤੇ ਸਮੇਂ ਦੀ ਧੂੜ ਵਿਚ ਗਵਾਚਦੇ ਗਏ। ਇਨ੍ਹਾਂ ਸਭਨਾਂ ਦਾ ਟਾਕਰਾ ਸਿੰਘਾਂ ਨੇ ਸੱਚ ਦੇ ਮਾਰਗ ਉਤੇ ਚੱਲ ਕੇ ਕੀਤਾ। ਪੰਜਾਬ ਵਿਚ ਸ਼ਾਨਦਾਰ ਇਤਿਹਾਸ ਸਿਰਜਿਆ ਗਿਆ। 1708 ਈ. ਤੋਂ ਸੰਘਰਸ਼ ਆਰੰਭਿਆ ਗਿਆ ਤੇ 1799 ਈ. ਵਿਚ ਸਰਕਾਰ ਏ ਖਾਲਸਾ ਵੱਲੋਂ ਖਾਲਸਾ ਰਾਜ ਦੀ ਸਥਾਪਨਾ ਹੋਈ। ਇਹ ਰਾਜ 1849 ਈ. ਤੱਕ ਚੱਲਦਾ ਰਿਹਾ। 1849 ਈ. ਵਿਚ ਸਿੱਖ ਰਾਜ ਦੇ ਖਾਤਮੇ ਨਾਲ ਸਿੱਖਾਂ ਵਿਚ ਹਰ ਤਰ੍ਹਾਂ ਨਾਲ ਨਿਰਾਸ਼ਤਾ ਫੈਲ ਗਈ।
ਸਿੱਖ 80 ਲੱਖ ਤੋਂ ਘਟ ਕੇ 18 ਲੱਖ ਰਹਿ ਗਏ। ਅਜਿਹੇ ਭੀਹਾਵਲੇ ਸਮੇਂ ਵਿਚ ਹੀ ਸ਼ੇਰ ਉਠਿਆ। ਬਾਬਾ ਰਾਮ ਸਿੰਘ। ਉਸ ਨਾਮਧਾਰੀ ਜਾਂ ਕੂਕਾ ਲਹਿਰ ਦਾ ਮੁੱਢ ਬੰਨ੍ਹਿਆ ਅਤੇ ਖਾਲਸਾ ਰਾਜ ਦੀ ਮੁੜ ਕਾਇਮੀ ਦਾ ਸੱਦਾ ਦਿੱਤਾ। ਭਾਵੇਂ ਕਿ ਉਸ ਕਾਫਲੇ ਦੇ ਰਹਿਨੁਮਾ ਮਗਰੋਂ ਕੂੜ ਮਾਰਗ ਵੱਲ ਹੀ ਝੁਕ ਗਏ, ਕਿਸੇ ਡਰ ਜਾਂ ਮਜ਼ਬੂਰੀ ਵੱਸ ਜਾਂ ਫਿਰ ਦੁਨਿਆਵੀ ਲਾਲਸਾਵਾਂ ਖਾਤਿਰ।
ਉਸ ਮਗਰੋਂ ਅੰਗਰੇਜ਼ੀ ਰਾਤ ਵਿਚ ਰਾਧਾ ਸੁਆਮੀ ਆਏ ਜੋ ਸਰਕਾਰੀ ਸ਼ਹਿ ਨਾਲ ਹੀ ਹੋਂਦ ਵਿਚ ਆਏ ਸਨ ਤੇ ਹੁਣ ਵੀ ਸਰਕਾਰੀ ਢਹੇ ਚੜ੍ਹੇ ਹੋਏ ਹਨ ਅਤੇ ਸਿੱਖਾਂ ਨੂੰ ਉਨ੍ਹਾਂ ਦੇ ਅਮਲ ਮਾਰਗ ਤੋਂ ਭਟਕਾ ਰਹੇ ਹਨ।
ਇਨ੍ਹਾਂ ਮੁਸੀਬਤਾਂ ਦੇ ਹੱਲ ਲਈ ਅਤੇ ਸਿੱਖ ਪੰਥ ਦੀ ਸੇਵਾ ਲਈ ਇਕ ਲਹਿਰ ਅੱਜ ਤੋਂ 100 ਸਾਲ ਪਹਿਲਾਂ ਉਭਰੀ ਸਿੰਘ ਸਭਾ ਲਹਿਰ। ਸਿੰਘ ਸਭਾ ਲਹਿਰ ਨੇ ਪੂਰੀ ਕੌਮ ਵਿਚ ਜਾਗ੍ਰਿਤੀ ਲਿਆਂਦੀ। ਖਾਲਸਾ ਸਕੂਲਾਂ ਰਾਹੀਂ ਸਿੱਖਾਂ ਨੂੰ ਗਿਆਨਵਾਨ ਬਣਾਇਆ। ਪੰਜਾਬੀ ਅਖ਼ਬਾਰ, ਰਸਾਲੇ ਕੱਢੇ ਤੇ ਸ਼ਾਨਦਾਰ ਸਿੱਖ ਸਾਹਿਤ ਦੀ ਰਚਨਾ ਕੀਤੀ। ਪੰਜਾਬੀ ਭਾਸ਼ਾ ਨੂੰ ਵਿਕਸਿਤ ਕੀਤਾ। ਸਿੱਖੀ 'ਤੇ ਹੋ ਰਹੇ ਸਭ ਤਰ੍ਹਾਂ ਦੇ ਹਮਲੇ ਇਸ ਲਹਿਰ ਨੇ ਪਛਾੜੇ। ਇਸ ਤਰ੍ਹਾਂ ਦੀ ਲਹਿਰ ਦੀ ਹੀ ਸਿੱਖ ਕੌਮ ਨੂੰ ਅੱਜ ਜ਼ਰੂਰਤ ਹੈ।
ਸਿੰਘ ਸਭਾ ਲਹਿਰ ਨੇ ਸਿੱਖੀ ਨੂੰ ਨਵੀਂ ਨੁਹਾਰ ਦੇਣ ਲਈ ਹੇਠ ਲਿਖੇ ਕਾਰਜ ਕੀਤੇ।
(1) ਸਿੱਖ ਧਰਮ ਦੇ ਸੁਤੰਤਰ ਵਜੂਦ ਤੇ ਮੌਲਿਕ ਸਰੂਪ ਦੀ ਪਛਾਣ।
(2) ਗੁਰਬਾਣੀ ਦੀ ਕਸਵੱਟੀ ਨਾਲ ਸਿੱਖ ਸਾਹਿਤ ਦੀ ਪਰਖ।
(3) ਰਹੁ-ਰੀਤਾਂ ਅਤੇ ਮਰਿਆਦਾ ਦੇ ਆਡੰਬਰੀ ਰੂਪਾਂ ਤੋਂ ਬਚਾਉ।
(4) ਵਿਦਵਤਾ ਤੇ ਯੁਕਤੀ ਦੇ ਬਲ ਨਾਲ ਬ੍ਰਾਹਮਣੀ ਧਰਮ ਤੋਂ ਛੁਟਕਾਰਾ।
(5) ਸਿੱਖ ਧਰਮ ਦੇ ਮਨੋਰਥਾਂ ਤੇ ਆਸ਼ਿਆਂ ਨੂੰ ਨਵੀਨ ਚੇਤਨਾ ਤੇ ਵਿਗਿਆਨਕ ਢੰਗ ਨਾਲ ਪ੍ਰਚਾਰਨਾ।
ਇਹ ਪੰਜ ਕਾਰਜ ਹੀ ਅੱਜ 21ਵੀਂ ਸਦੀ ਵਿਚ ਸਿੱਖਾਂ ਲਈ ਕਰਨੇ ਜ਼ਰੂਰੀ ਹਨ। ਜੇ ਅਸੀਂ ਇਹ ਕਰ ਸਕੀਏ ਤਾਂ ਸਿੱਖ ਕੌਮ ਦੁਬਾਰਾ ਮਜ਼ਬੂਤ ਹੋ ਕੇ ਮੰਜਲੇ ਮਕਸੂਦ ਵੱਲ ਕਦਮ ਪੁੱਟ ਸਕਦੀ ਹੈ।
ਜਦੋਂ ਅੰਗਰੇਜ਼ ਭਾਰਤ ਵਿਚੋਂ ਨਿਕਲੇ ਤੇ ਮੁਸਲਮਾਨਾਂ ਨੇ ਪਾਕਿਸਤਾਨ ਲੈ ਲਿਆ ਤੇ ਹਿੰਦੂ ਬਹੁਗਿਣਤੀ ਵਾਲਾ ਅਜ਼ਾਦ ਭਾਰਤ ਹੋਂਦ ਵਿਚ ਆ ਗਿਆ ਤਾਂ ਅਖੌਤੀ ਬਾਬਿਆਂ ਦੀ ਫੌਜ ਸਿੱਖਾਂ ਵੱਲ ਭੇਜੀ ਗਈ, ਜਿਨ੍ਹਾਂ ਨੇ ਸਿੱਖੀ ਦੇ ਸ਼ਰੀਕ ਬਣ ਕੇ ਭੋਲੇ-ਭਾਲੇ ਸਿੱਖਾਂ ਨੂੰ ਆਪਣੇ ਮਗਰ ਲਾਇਆ ਤੇ ਸਿੱਖਾਂ ਦੇ ਕੌਮੀ ਸੰਕਟਾਂ ਵਿਚ ਵਾਧਾ ਕੀਤਾ। ਰਾਧਾ ਸੁਆਮੀਆਂ ਤੋਂ ਮਗਰੋਂ ਡੇਰਾ ਸੱਚਾ ਸੌਦਾ, ਨਰਕਧਾਰੀਏ ਆਦਿ ਵੀ ਖੁਫੀਆ ਏਜੰਸੀਆਂ ਦੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਹਨ।
ਨਰਕਧਾਰੀਆਂ ਨੇ ਇੰਦਰਾ ਗਾਂਧੀ ਦੀ ਸ਼ਹਿ ਨਾਲ ਸਿੱਖਾਂ ਨੂੰ ਸਪੱਸ਼ਟ ਤੌਰ 'ਤੇ ਲਲਕਾਰਨਾ ਸ਼ੁਰੂ ਕਰ ਦਿੱਤਾ। ਸਿੱਖ ਗੁਰੂਆਂ ਖਿਲਾਫ਼ ਭੜਕਾਊ ਭਾਸ਼ਣ ਸ਼ੁਰੂ ਕਰ ਦਿੱਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਆਪਣੀਆਂ ਕੂੜ ਕਿਤਾਬਾਂ ਦੀ ਰਚਨਾ ਕਰ ਲਈ। ਅਜਿਹੇ ਹੀ ਸਮੇਂ ਦਮਦਮੀ ਟਕਸਾਲ ਦੇ ਤੇਰਵੇਂ ਜਥੇਦਾਰ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਨੇ ਕੌਮ ਨੂੰ ਹਲੂਣ ਕੇ ਜਗਾਇਆ ਤੇ ਨਰਕਧਾਰੀਆਂ ਖਿਲਾਫ਼ ਲਾਮਬੰਦੀ ਕੀਤੀ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਮੁਹਿੰਮ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਚਲਾਈ ਤੇ ਨਰਕਧਾਰੀਆਂ ਨਾਲ ਕਰੜੇ ਹੱਥੀਂ ਨਿਪਟਣ ਦਾ ਸੱਦਾ ਦਿੱਤਾ। ਇਸ ਤਰ੍ਹਾਂ ਹੀ 1978 ਦੀ ਉਹ ਵਿਸਾਖੀ ਆਈ ਜਦੋਂ ਤੇਰਾਂ ਸਿੰਘਾਂ ਨੇ ਸ਼ਹੀਦੀ ਪਾਈ ਤੇ ਉਸੇ ਦਿਨ ਹੀ ਨਰਕਧਾਰੀਆਂ ਦੀ ਸਿੱਖਾਂ ਹੱਥੋਂ ਮੌਤ ਦੇ ਵਾਰੰਟ ਨਿਕਲੇ। ਇਥੋਂ ਹੀ ਸਿੱਖ ਕੌਮ ਤੇ ਸਾੜ੍ਹਸਤੀ ਆਈ ਅਤੇ ਦਿੱਲੀ ਦੀ ਹਿੰਦੂ ਸਰਕਾਰ ਨਾਲ ਸਿੱਖੀ ਟੱਕਰ ਆਰੰਭ ਹੋਈ, ਜਿਸ ਦੇ ਸਿੱਟੇ ਵਜੋਂ ਸਾਕਾ ਨੀਲਾ ਤਾਰਾ, ਸਾਕਾ ਵੁੱਡ-ਰੋਜ, ਸਾਕਾ ਕਾਲੀ ਗਰਜ਼, ਨਵੰਬਰ 84 ਦਾ ਸਿੱਖ ਕਤਲੇਆਮ, ਸਿੱਖ ਕੌਮ ਦੀ ਨਸਲਕੁਸ਼ੀ, ਸਿੱਖ ਨੌਜਵਾਨੀ ਦਾ ਘਾਣ ਤੇ ਇਕ ਲੰਬਾ ਸੰਘਰਸ਼ ਹੋਇਆ, ਜਿਸ ਵਿਚ ਸਿੱਖ ਨੈਤਿਕ ਤੌਰ 'ਤੇ ਜਿੱਤੇ ਹਨ ਪਰ ਅਗਵਾਈ ਸਹੀ ਨਾ ਹੋਣ ਕਾਰਨ ਸਰੀਰਕ ਤੌਰ 'ਤੇ ਹਕੂਮਤ ਹੱਥੋਂ ਦਬ ਗਏ ਹਨ।
1997 ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਆਰ. ਐਸ. ਐਸ. ਦੇ ਤੰਦੂਆਂ ਜਾਲ ਨੂੰ ਫੈਲਣ ਵਿਚ ਬਹੁਤ ਮਦਦ ਮਿਲੀ। ਇਸਨੇ ਹੀ ਅਖੌਤੀ ਬਾਬਾਵਾਦ ਨੂੰ ਵਧਣ ਫੁੱਲਣ ਲਈ ਉਤਸ਼ਾਹ ਤੇ ਮਦਦ ਦਿੱਤੀ, ਜਿਸਦੇ ਸਿੱਟੇ ਵਜੋਂ ਅੱਜ ਘਰ-ਘਰ ਵਿਚ ਸਾਧ-ਬੂਬਨੇ ਬਣੇ ਬੈਠੇ ਹਨ ਤੇ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਹਨ। ਪਾਖੰਡੀ ਸਾਧ ਭਨਿਆਰਾਂ ਵਾਲੇ ਪਿਆਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤਾਂ ਸਿੱਖਾਂ ਦੀਆਂ ਅੱਖਾਂ ਖੁੱਲ੍ਹੀਆਂ। ਉਸ ਤੋਂ ਮਗਰੋਂ ਨੂਰਮਹਿਲੀਏ ਵਰਗੀ ਚੁਣੌਤੀ ਬਣ ਕੇ ਉਭਰੇ ਹਨ। ਤਰਨਤਾਰਨ ਵਿਚ ਜੋ ਹੋਇਆ ਉਹ ਇਨ੍ਹਾਂ ਦੀ ਅਤਿ ਦੀ ਸਿਖਰ ਸੀ। ਉਸ ਤੋਂ ਪਹਿਲਾਂ ਵੀ ਕਈ ਥਾਵਾਂ 'ਤੇ ਸਿੱਖਾਂ ਦਾ ਇਨ੍ਹਾਂ ਨਾਲ ਟਕਰਾਅ ਹੁੰਦਾ-ਹੁੰਦਾ ਮਸਾਂ ਟਲਿਆ। ਹੁਣ ਜਦ ਕਿ ਨੂਰਮਹਿਲੀਆਂ ਨੇ ਸਿੱਧੇ ਤੌਰ 'ਤੇ ਸਿੱਖ ਕੌਮ ਨੂੰ ਚੁਣੌਤੀ ਦੇ ਦਿੱਤੀ ਹੈ ਤਾਂ ਇਹ ਸਵਾਲ ਅੱਜ ਹਰ ਗੁਰਸਿੱਖ ਨੂੰ ਦਰਪੇਸ਼ ਹੈ ਕਿ ਹੁਣ ਕੀ ਕੀਤਾ ਜਾਵੇ? ਇਸ ਸਵਾਲ ਦਾ ਜਵਾਬ ਹੈ ਕਿ ਸ਼ਬਦ ਗੁਰੂ ਦੇ ਸਿਧਾਂਤ ਦੀ ਪ੍ਰਮੁੱਖਤਾ ਬਾਰੇ ਪੂਰੀ ਸਿੱਖ ਕੌਮ ਨੂੰ ਜਾਣੂ ਤੇ ਦ੍ਰਿੜ ਕਰਵਾਇਆ ਜਾਵੇ। ਨਾਲ ਹੀ ਸਿੱਖ ਨੌਜਵਾਨੀ ਨੂੰ ਖੰਡੇ ਦੀ ਧਾਰ 'ਤੇ ਚੱਲ ਸਕਣ ਦੀ ਜਾਂਚ ਸਿਖਾਈ ਜਾਵੇ। ਸੰਤ ਜਰਨੈਲ ਸਿੰਘ ਦੇ ਕੀਤੇ ਹੋਏ ਹੁਕਮ ਸਾਰੇ ਸਿੱਖਾਂ ਨੂੰ ਤਹਿ ਦਿਲੋਂ ਮੰਨਣੇ ਚਾਹੀਦੇ ਹਨ। ਹੁਣ ਫੌਰੀ ਤੌਰ 'ਤੇ ਜਾਗਰੂਕ ਸਿੱਖ ਧਿਰਾਂ ਵੱਲੋਂ ਇਕ ਸਰਬ-ਸਾਂਝੀ ਬੈਠਕ ਬੁਲਾਈ ਜਾਣੀ ਚਾਹੀਦੀ ਹੈ। ਇਸ ਵਿਚ ਸਭ ਸਭਾ-ਸੁਸਾਇਟੀਆਂ, ਸਾਰੀਆਂ ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਮਿਸ਼ਨਰੀ ਸੰਸਥਾਵਾਂ ਤੇ ਸਾਰੇ ਅਕਾਲੀ ਦਲਾਂ ਨੂੰ ਸੱਦਿਆ ਜਾਣਾ ਚਾਹੀਦਾ ਹੈ। ਇਸ ਤੋਂ ਇਹ ਪਤਾ ਲੱਗੇ ਕਿ ਅੱਜ ਦੇ ਕੌਮੀ ਸੰਕਟ ਸਮੇਂ ਕੌਣ ਕਿੱਥੇ ਖੜ੍ਹਾ ਹੈ? ਇਸ ਤੋਂ ਬਾਅਦ ਜੋ ਧਿਰਾਂ ਸੱਚ ਦੇ ਮਾਰਗ 'ਤੇ ਚੱਲ ਕੇ ਇਸ ਕੂੜ ਪਸਾਰੇ, ਜੋ ਰਾਧਾ ਸੁਆਮੀਆਂ, ਸੱਚਾ ਸੌਦਾ, ਨਰਕਧਾਰੀਆਂ ਜਾਂ ਨੂਰਮਹਿਲੀਆਂ ਦੇ ਰੂਪ ਵਿਚ ਫੈਲਿਆ ਹੋਇਆ ਹੈ, ਨੂੰ ਹੂੰਝਣ ਲਈ ਹੁੰਗਾਰਾ ਭਰਨ, ਉਹ ਸਭ ਧਿਰਾਂ ਰਲ ਕੇ ਇਕ 35-40 ਮੈਂਬਰੀ ਕੌਮੀ ਮੁਹਿੰਮ ਸੰਮਤੀ ਗਠਿਤ ਕਰਨ ਜੋ ਇਸ ਕੂੜ ਪਸਾਰੇ ਨੂੰ ਰੋਕਣ ਹਿੱਤ ਨੀਤੀਆਂ ਬਣਾਏ ਕਿ ਕੌਮ ਨੂੰ ਲਾਮਬੰਦ ਕਰੇ। ਇਹ ਕੌਮੀ ਮੁਹਿੰਮ ਸੰਮਤੀ ਹਰ ਤਹਿਸੀਲ ਪੱਧਰ 'ਤੇ ਗੁਰਸਿੱਖਾਂ ਦੀਆਂ 15-20 ਮੈਂਬਰੀ ਮੁਹਿੰਮ ਸੰਮਤੀਆਂ ਬਣਾਵੇ ਜੋ ਪਿੰਡਾਂ ਵਿਚ ਜਾ ਕੇ ਸਿੱਖਾਂ ਨੂੰ ਜਾਗਰੂਕ ਕਰੇ ਤੇ ਇਸ ਕੂੜ ਪਸਾਰੇ ਦੇ ਟਾਕਰੇ ਲਈ ਆਦੇਸ਼ ਕਰੇ। ਦੂਜਾ ਉਹ ਸਾਰੇ ਕਾਰਜ ਜੋ ਸਿੱਖੀ ਨੂੰ ਨਵੀਂ ਨੁਹਾਰ ਦੇਣ ਲਈ ਸਿੰਘ ਸਭਾ ਲਹਿਰ ਨੇ ਕੀਤੇ, ਅੱਜ ਫਿਰ ਕਰਨ ਦੀ ਲੋੜ ਹੈ। ਨਕਲੀ ਕਾਮਰੇਡਾਂ ਵੱਲੋਂ ਉਧਾਲਿਆ ਗਿਆ ਪੰਜਾਬੀ ਸਾਹਿਤ, ਰੰਗ-ਮੰਚ ਤੇ ਵਿਦਵਤਾ ਦਾ ਖੇਤਰ ਉਨ੍ਹਾਂ ਤੋਂ ਛੁਡਾਉਣ ਦੀ ਲੋੜ ਹੈ। ਇਕ ਰੋਜ਼ਾਨਾ ਅਖ਼ਬਾਰ ਅਤੇ ਇਕ ਸਿੱਖ ਟੀ.ਵੀ. ਚੈਨਲ ਦੀ ਅੱਜ ਸਿੱਖਾਂ ਨੂੰ ਸਖ਼ਤ ਜ਼ਰੂਰਤ ਹੈ। ਸ਼੍ਰੋਮਣੀ ਕਮੇਟੀ ਨੂੰ 'ਬੰਦਿਆਂ ਦੇ ਬੰਦਿਆਂ' ਕੋਲੋਂ ਛੁਡਾ ਕੇ 'ਅਕਾਲ ਪੁਰਖ ਦੇ ਬੰਦਿਆਂ' ਦੇ ਹਵਾਲੇ ਕਰਨ ਦੀ ਲੋੜ ਹੈ। ਨਾਲ ਹੀ ਲੋੜ ਹੈ ਮੌਜੂਦਾ ਅਕਾਲੀਆਂ, ਜੋ ਕੂੜ ਦੇ ਰਖਵਾਲੇ ਹਨ, ਦਾ ਭੋਗ ਪਾ ਕੇ ਨਵੇਂ ਅਕਾਲੀ ਸਿਰਜਣ ਦੀ ਜੋ 'ਪੰਥ ਵਸੇ ਮੈਂ ਉੱਜੜਾ' ਤੇ 'ਹਮ ਲੇ ਜਾਵਹੁੰ ਪੰਥ ਉਚੇਰੇ' ਦੀ ਸੋਚਣੀ ਦੇ ਧਾਰਨੀ ਹੋਣ। ਹੁਣ ਦੇ ਬਾਹਰਮੁਖੀ ਸੰਕਟ ਨਾਲ ਨਜਿੱਠਣ ਲਈ ਕੌਮੀ ਏਕਤਾ ਦੀ ਲੋੜ ਹੈ ਜਿਸ ਲਈ ਹਰ ਧਿਰ ਨੂੰ ਡੂੰਘੀ ਸੋਚ ਤੇ ਚੇਤੰਨ ਦਿਮਾਗ ਨਾਲ ਹਰ ਗੱਲ ਕਰਨੀ ਤੇ ਹਰ ਕਾਰਜ ਵਿੱਢਣਾ ਚਾਹੀਦਾ ਹੈ। ਆਓ ਸਾਰੇ ਰਲ ਮਿਲ ਕੇ ਇਨ੍ਹਾਂ ਨੂਰਮਹਿਲੀਏ ਅਤੇ ਆਰ. ਐਸ. ਐਸ. ਏਜੰਸੀਆਂ ਵੱਲੋਂ ਛੱਡੇ ਹੋਏ ਅਖੌਤੀ ਬੂਬਨਿਆਂ ਨੂੰ ਪੰਜਾਬ ਦੀ ਪਾਕਿ ਸਰਜਮੀ ਤੋਂ ਕੱਢ ਦੇਈਏ ਤੇ ਐਸਾ ਕੁਝ ਕਰੀਏ ਕਿ ਫਿਰ ਇਹ ਕਦੀ ਏਧਰ ਮੂੰਹ ਕਰਨ ਦੀ ਹਿੰਮਤ ਨਾ ਕਰਨ। ਜੇ ਅਸੀਂ ਨਿਆਰੇਪਣ ਤੇ ਸਿੱਖੀ ਸਿਧਾਂਤਾਂ 'ਤੇ ਕਾਇਮ ਰਹਿ ਕੇ ਅਤੇ ਅਕਾਲ ਪੁਰਖ 'ਤੇ ਭਰੋਸਾ ਰੱਖ ਕੇ ਅੱਗੇ ਤੁਰੀਏ ਤਾਂ ਜ਼ਰੂਰ ਹੀ ਸਫ਼ਲ ਹੋਵਾਂਗੇ।
ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ।
ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹੀ ਭਉ£
ਕੰਵਰਜੀਤ ਸਿੰਘ ਸੰਗੂਧੌਣ