ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਧੰਨਵਾਦ! ਬਾਬਾ ਬਲਜੀਤ ਸਿੰਘ ਦਾਦੂਵਾਲ


ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਸਰਕਾਰ ਦੀਆਂ ਸਿੱਖ ਵਿਰੋਧੀ ਚਾਲਾਂ ਨੂੰ ਠੱਲਣ ਲਈ ਹਮੇਸ਼ਾ ਸਰਗਰਮ ਰਹੇ ਹਨ। ਸੌਦਾ ਸਾਧ ਦੀਆਂ ਪੰਜਾਬ ਵਿਚ ਸਿੱਖ ਸਰਗਰਮੀਆਂ ਨੂੰ ਰੋਕਣ, ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਪ੍ਰਾਪਤੀ ਲਈ ਯਤਨ ਅਤੇ ਦੇਸ਼ ਵਿਦੇਸ਼ ਵਿਚ ਸਿੱਖੀ ਪ੍ਰਚਾਰ ਲਈ ਦੀਵਾਨ ਲਾਉਣ ਵਿਚ ਅਣਥੱਕ ਰਹੇ ਇਸ ਗੁਰੂ ਕੇ ਸਿੱਖ ਆਗੂ ਨੇ ਹੁਣ ਨਾਨਕਸ਼ਾਹੀ ਕੈਲੰਡਰ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਾਫ਼ ਕੀਤਾ ਹੈ ਕਿ ਇਸ ਮਸਲੇ ਨੂੰ ਭਗੋਲ ਦੇ ਗਿਆਤਾ ਵਿਦਵਾਨਾਂ 'ਤੇ ਛੱਡ ਦੇਣਾ ਚਾਹੀਦਾ ਹੈ। ਬਾਬਾ ਦਾਦੂਵਾਲ ਦੇ ਇਸ ਬਿਆਨ ਨੇ ਇਕ ਵਾਰ ਫਿਰ ਸਿੱਖ ਕੌਮ ਵਿਚ ਉਸ ਸਿੱਖ ਕੈਲੰਡਰ ਬਾਰੇ ਚਰਚਾ ਛੇੜ ਦਿੱਤੀ ਹੈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਕਥਿਤ ਸੋਧਾਂ ਦੇ ਨਾਮ 'ਤੇ ਉਸ ਦਾ ਮੁੜ ਬਿਕਰਮੀਕਰਨ ਕਰ ਦਿੱਤਾ ਹੈ। ਜਿਥੇ ਬਾਬਾ ਦਾਦੂਵਾਲ ਦੇ ਇਸ ਬਿਆਨ ਦੀ ਸਿੱਖ ਜਗਤ ਨੇ ਪ੍ਰਸੰਸਾ ਕੀਤੀ ਹੈ ਉਥੇ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ ਨੇ ਵੀ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ ਹੈ। ਬਾਬਾ ਦਾਦੂਵਾਲ ਕਿਉਂਕਿ ਉਸ ਕਥਿਤ ਸੰਤ ਸਮਾਜ ਨਾਲ ਵੀ ਜੁੜੇ ਹੋਏ ਹਨ ਜਿਨ੍ਹਾਂ ਦਾ ਸਾਰਾ ਜ਼ੋਰ ਸਿੱਖ ਧਰਮ ਨੂੰ ਰੀਤਾਂ-ਰਸਮਾਂ ਦਾ ਧਰਮ ਬਣਾਉਣ 'ਤੇ ਲੱਗਿਆ ਹੋਇਆ ਹੈ। ਇਹਨਾਂ ਸਾਧਾਂ ਦੇ ਡੇਰਿਆਂ ਵਿਚ ਮਨਾਏ ਜਾਂਦੇ ਦਿਨ-ਤਿਉਹਾਰ ਬਿਕਰਮੀ ਕੈਲੰਡਰ ਅਨੁਸਾਰ ਹੀ ਹਨ ਜਿਨ੍ਹਾਂ ਦੇ ਆਧਾਰ 'ਤੇ ਇਹਨਾਂ ਦੇ ਸਿੱਖ ਸੰਗਤ ਨੂੰ ਚਾਟ 'ਤੇ ਲਾਇਆ ਹੋਇਆ ਹੈ। ਇਹਨਾਂ ਡੇਰੇਦਾਰਾਂ ਨੇ ਸ਼ੁੱਧ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਵੀ ਤਾਂ ਹੀ ਕੀਤਾ ਹੈ ਕਿ ਜੇ ਸਿੱਖ ਇਸ ਕਰਮਕਾਂਡੀ ਕੈਲੰਡਰ ਤੋਂ ਪਾਸੇ ਚਲੇ ਗਏ ਤਾਂ ਉਹਨਾਂ ਦੇ ਡੇਰਿਆਂ ਵਿਚ ਗਾਹਕਾਂ ਦੀ ਗਿਣਤੀ ਘੱਟ ਰਹਿ ਜਾਵੇਗੀ। ਕਥਿਤ ਸੰਤ ਸਮਾਜ ਵਿਚ ਵੀ ਬਹੁਗਿਣਤੀ ਡੇਰੇਦਾਰ ਸਾਧ ਹੀ ਹਨ ਇਹੀ ਕਾਰਨ ਹੈ ਕਿ ਜਦੋਂ ਪਾਲ ਸਿੰਘ ਪੁਰੇਵਾਲ ਨੇ ਦਹਾਕਿਆਂ ਦੀ ਮਿਹਨਤ ਤੋਂ ਬਾਅਦ ਸਿੱਖ ਕੈਲੰਡਰ ਜਾਰੀ ਕੀਤਾ ਤਾਂ ਸੰਤ ਸਮਾਜ ਨੇ ਇਸ ਦਾ ਪੂਰੀ ਸ਼ਕਤੀ ਨਾਲ ਵਿਰੋਧ ਕੀਤਾ। ਇਹ 'ਸੰਤ ਸਮਾਜ' ਨੇ ਕਦੇ ਇਹ ਦਾਅਵਾ ਵੀ ਨਹੀਂ ਕੀਤਾ ਕਿ ਉਹਨਾਂ ਦਾ ਇਹ ਗਰੁੱਪ 'ਸਿੱਖ ਸੰਤ ਸਮਾਜ' ਹੈ ਇਸ ਸੰਤ ਸਮਾਜ ਵਿਚ ਸਿੱਖਾਂ ਤੋਂ ਇਲਾਵਾ ਹੋਰ ਸੰਪਰਦਾਵਾਂ ਵੀ ਸ਼ਾਮਲ ਹਨ ਜਿਹੜੀਆਂ ਸਿੱਖ ਫਿਲਾਸਫੀ ਦੀਆਂ ਮੂਲ ਰੂਪ ਵਿਚ ਵਿਰੋਧੀ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰ ਸਾਰੇ ਦੇ ਸਾਰੇ ਪੰਜਾਬ ਦੀ ਅਕਾਲੀ ਸਰਕਾਰ ਦੇ ਕਾਬੂ ਵਿਚ ਹੋਣ ਕਰਕੇ ਉਹ ਇਹਨਾਂ 'ਸੰਤ ਸਮਾਜ' ਦੇ ਹੁਕਮਾਂ ਤੋਂ ਪਾਸਾ ਨਹੀਂ ਵੱਟ ਸਕਦੇ। ਆਖਰ ਸੰਤ ਸਮਾਜ ਦੇ ਪਿਛਲੱਗ ਲੱਖਾਂ ਸਿੱਖ ਸੇਵਕਾਂ ਨੇ ਵੋਟਾਂ ਰਾਹੀਂ ਫਿਰ ਸਰਕਾਰ ਦੀ ਨਿਯੁਕਤੀ ਕਰਨੀ ਹੈ। ਹੁਣ ਜੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸ਼ੁੱਧ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਵਿਚਾਰ ਪ੍ਰਗਟ ਕੀਤੇ ਹਨ ਤਾਂ ਸੰਭਵ ਹੈ ਕਿ 'ਸੰਤ ਸਮਾਜ' ਵਿਚ ਇਸ ਦਾ ਕੋਈ ਵਿਰੋਧ ਵੀ ਹੋਇਆ ਹੋਵੇ ਪਰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿਚ ਬਾਬਾ ਬਲਜੀਤ ਸਿੰਘ ਦਾਦੂਵਾਲ ਸਤਿਕਾਰ ਦੀਆਂ ਨਜ਼ਰਾਂ ਵਿਚ ਉੱਚੇ ਹੋ ਗਏ ਹਨ।
ਅਸੀਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੀਆਂ ਹੋਰ ਸਿੱਖ ਸੰਸਥਾਵਾਂ ਨੂੰ ਵੀ ਅਪੀਲ ਕਰਾਂਗੇ ਕਿ ਸਿੱਖ ਕੌਮ ਦੀ ਵਿਲੱਖਣਤਾ ਅਤੇ ਚੜ੍ਹਦੀ ਕਲਾ ਲਈ ਜ਼ਰੂਰੀ ਹੈ ਕਿ ਉਸ ਦੇ ਆਪਣੇ ਅਸਾਸੇ ਮਜ਼ਬੂਤ ਹੋਣ ਜਿਨ੍ਹਾਂ ਵਿਚ ਆਪਣੇ ਵੱਖਰੇ ਕੈਲੰਡਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਉਹ ਕੌਮ ਦੀ ਭਲਾਈ ਲਈ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਲਈ ਅੱਗੇ ਆਉਣ। ਸੰਤ ਸਮਾਜ ਦਾ ਵੀ ਫਰਜ਼ ਹੈ ਕਿ ਜੇ ਉਹ ਆਪਣੇ ਆਪ ਨੂੰ ਸਿੱਖਾਂ ਦੇ ਪ੍ਰਚਾਰਕ ਹੋਣ ਦਾ ਦਾਅਵਾ ਕਰਦੇ ਹਨ ਤਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਵਿਚਾਰਾਂ ਨਾਲ ਸਹਿਮਤ ਹੋ ਕੇ ਸਿੱਖ ਕੈਲੰਡਰ ਦਾ ਮਾਮਲਾ ਭੁਗੋਲ ਦੇ ਮਾਹਿਰਾਂ 'ਤੇ ਛੱਡ ਦੇਣ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਿਛਲੀ ਗੱਲ ਯਾਦ ਕਰਕੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਜਿਸ ਵੇਲੇ ਉਹਨਾਂ ਨੇ ਸ਼ੁੱਧ-ਕੈਲੰਡਰ ਵਿਚ ਸੋਧਾਂ ਦੇ ਨਾਮ 'ਤੇ ਫੇਰ-ਬਦਲ ਕਰਕੇ ਸਿੱਖ ਸੰਗਤ ਦੇ ਨਾਮ ਸੰਦੇਸ਼ ਵਿਚ ਕਿਹਾ ਸੀ ਕਿ ਇਹਨਾਂ ਸੋਧਾਂ ਨਾਲ ਪੂਰੀ ਸਿੱਖ ਕੌਮ ਵਿਚ ਏਕਤਾ ਬਣ ਜਾਵੇਗੀ। ਹੁਣ ਸੋਧਾਂ ਤੋਂ ਬਾਅਦ ਸਿੱਖਾਂ ਵਿਚ ਇਕ ਦੀ ਥਾਂ ਦੋ ਕੈਲੰਡਰਾਂ ਅਨੁਸਾਰ ਮਨਾਏ ਜਾ ਰਹੇ ਤਿਉਹਾਰਾਂ ਨਾਲ ਕੈਲੰਡਰ ਵਿਚ ਸੋਧਾਂ ਦਾ ਮਨੋਰਥ ਫੇਲ ਹੋ ਗਿਆ ਹੈ ਇਸ ਲਈ ਕੌਮ ਦੇ ਹਿੱਤਾਂ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ। ਇਸ ਸਮੇਂ ਅਸੀਂ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੱਚ ਬੋਲ ਕੇ ਕੌਮ ਦੇ ਪੱਖ ਨੂੰ ਮਜ਼ਬੂਤ ਕੀਤਾ ਹੈ।