ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੇਵਾ, ਸਿਮਰਨ ਅਤੇ ਸੇਵਕੀ ਭਾਵਨਾ ਦੇ ਪ੍ਰਤੀਕ ਗੁਰੂ ਅੰਗਦ ਦੇਵ ਜੀ


ਗੁਰਗੱਦੀ ਦਿਵਸ 'ਤੇ ਵਿਸ਼ੇਸ਼
ਭਾਈ ਲਹਿਣਾ ਜੀ ਦਾ ਜਨਮ 31 ਮਾਰਚ, 1504 ਨੂੰ ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ (ਹੁਣ ਮੁਕਤਸਰ) ਵਿਖੇ ਭਾਈ ਫੇਰੂ ਮੱਲ ਜੀ ਦੇ ਘਰ ਮਾਤਾ ਸਭਰਾਈ ਦੀ ਕੁੱਖੋਂ ਹੋਇਆ।
ਭਾਈ ਲਹਿਣਾ ਜੀ ਦੀ ਭੂਆ ਮਾਤਾ ਵਿਰਾਈ ਜੀ ਮਾਝੇ ਦੇ ਪਿੰਡ ਖਡੂਰ ਵਿਖੇ ਮਹਿਮੇ ਚੌਧਰੀ ਨਾਲ ਵਿਆਹੇ ਹੋਏ ਸਨ। ਮਾਤਾ ਵਿਰਾਈ ਨੇ ਭਾਈ ਲਹਿਣੇ ਦਾ ਰਿਸ਼ਤਾ ਖਡੂਰ ਸਾਹਿਬ ਦੇ ਨੇੜੇ ਪਿੰਡ ਸੰਘਰ ਦੇ ਵਸਨੀਕ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਨਾਲ ਕਰਵਾਇਆ। ਆਪ ਦਾ ਵਿਆਹ 1519 ਈ: ਵਿਚ ਹੋਇਆ, ਜਦੋਂ ਆਪ 15 ਸਾਲ ਦੇ ਸਨ। ਆਪ ਦੇ ਘਰ ਦੋ ਸਪੁੱਤਰ ਭਾਈ ਦਾਸੂ ਅਤੇ ਭਾਈ ਦਾਤੂ ਅਤੇ ਦੋ ਸਪੁੱਤਰੀਅ ਬੀਬੀ ਅਮਰੋ ਅਤੇ ਬੀਬੀ ਅਨੋਖੀ ਨੇ ਜਨਮ ਲਿਆ। ਰਾਜਸੀ ਹਲਚਲ ਸਮੇਂ ਜਦੋਂ ਮੱਤੇ ਦੀ ਸਰਾਂ ਵੀ ਧਾੜਵੀਆਂ ਦਾ ਸ਼ਿਕਾਰ ਹੋਈ ਤਾਂ ਭਾਈ ਫੇਰੂ ਮੱਲ ਵੀ ਪਰਿਵਾਰ ਸਮੇਤ ਬਚੀ ਹੋਈ ਪੂੰਜੀ ਤੇ ਧਨ-ਦੌਲਤ ਲੈ ਕੇ ਹਰੀਕੇ ਹੁੰਦੇ ਹੋਏ ਖਡੂਰ ਆ ਗਏ, ਜਿਥੇ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਭਾਈ ਫੇਰੂ ਮੱਲ ਆਪਣੇ ਪ੍ਰੰਪਰਿਕ, ਪਰਿਵਾਰਕ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹਰ ਸਾਲ ਦੇਵੀ ਦਰਸ਼ਨਾਂ ਲਈ ਜਵਾਲਾ ਜੀ ਜਾਇਆ ਕਰਦੇ ਸਨ। ਭਾਈ ਲਹਿਣਾ ਜੀ ਦੇ ਆਪਣੇ ਬਾਪ ਨਾਲ ਇਸ ਯਾਤਰਾ ਵਿਚ ਸਾਥ ਦੇਣ ਕਰਕੇ ਜਿਥੇ ਉਨ੍ਹਾਂ ਦੀ ਧਾਰਮਿਕ ਰੁਚੀਆਂ ਵਿਚ ਬਿਰਤੀ ਵਧੀ, ਉਥੇ ਸਾਧਾਂ, ਸੰਤਾਂ ਅਤੇ ਯੋਗੀਆਂ ਨਾਲ ਮੇਲ-ਮਿਲਾਪ ਵਧਣਾ ਵੀ ਸੁਭਾਵਿਕ ਸੀ। ਫਲਸਰੂਪ ਆਪ ਜਵਾਨੀ ਵਿਚ ਹੀ ਭਗਤੀ ਭਾਵਨਾ ਵਿਚ ਰੰਗੇ ਗਏ। ਭਾਈ ਫੇਰੂ ਮੱਲ ਦੇ 1526 ਈ: ਵਿਚ ਪਿਆਨਾ ਕਰ ਜਾਣ ਉਪਰੰਤ ਆਪ ਸੰਗਤ ਨਾਲ ਦੇਵੀ ਦਰਸ਼ਨਾਂ ਲਈ ਜਾਣ ਵਾਲੇ ਜਥੇ ਦੀ ਅਗਵਾਈ ਕਰਨ ਲੱਗੇ। ਇਤਿਹਾਸ ਜ਼ਿਕਰ ਕਰਦਾ ਹੈ ਕਿ ਇਕ ਦਿਨ ਭਾਈ ਲਹਿਣਾ ਜੀ ਅੰਮ੍ਰਿਤ ਵੇਲੇ ਟੋਭੇ ਵਿਚ ਇਸ਼ਨਾਨ ਕਰਨ ਗਏ ਤਾਂ ਭਾਈ ਜੋਧ ਦੇ ਮੁਖਾਰਬਿੰਦ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਗਦਗਦ ਹੋ ਉਠੇ-
ਜਿਤੁ ਸੇਵਿਐ ਸੁਖੁ ਪਾਈਐ£
ਸੋ ਸਾਹਿਬ ਸਦਾ ਸਮਾਲੀਐ£ (ਪੰਨਾ 474)
ਬਾਣੀ ਸੁਣਨ ਉਪਰੰਤ ਭਾਈ ਲਹਿਣਾ ਜੀ ਨੂੰ ਸੱਚ ਦਾ ਪ੍ਰਕਾਸ਼ ਹੋ ਗਿਆ। ਮਨ ਵਿਚ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਦੀ ਚਾਹ ਪੈਦਾ ਹੋਈ। ਇਤਿਹਾਸ ਮੁਤਾਬਿਕ ਸੰਨ 1532 ਈ: ਨੂੰ ਆਪ ਦੇਵੀ ਦਰਸ਼ਨ ਨੂੰ ਜਾਂਦੇ ਕਰਤਾਰਪੁਰ ਪਹੁੰਚ ਗਏ। ਰੱਬੀ ਸ਼ਖ਼ਸੀਅਤ ਨੂੰ ਮਿਲਣ ਉਪਰੰਤ ਬੱਸ ਉਨ੍ਹਾਂ ਦੇ ਹੋ ਕੇ ਰਹਿ ਗਏ। ਦੱਸਦੇ ਹਨ ਕਿ ਬਾਬੇ ਨਾਨਕ ਨੇ ਸਹਿਜ ਸੁਭਾਅ ਪੁੱਛਿਆ, 'ਭਾਈ ਤੇਰਾ ਨਾਂਅ ਕੀ ਹੈ?'
'ਜੀ ਮੇਰਾ ਨਾਂਅ ਲਹਿਣਾ ਹੈ।'
ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਕਿਹਾ ਭਾਈ ਤੂੰ 'ਲਹਿਣਾ' ਹੈ ਅਤੇ ਅਸੀਂ ਤੇਰਾ ਕੁਝ 'ਦੇਣਾ' ਹੈ। ਬਸ ਫਿਰ ਕੀ ਸੀ, ਗੁਰੂ ਨਾਨਕ ਸਾਹਿਬ ਦੇ ਰਮਜ਼ ਭਰੇ ਬੋਲਾਂ ਨੇ ਆਪ ਵਿਚ ਅਗੰਮੀ ਜੋਤਿ ਜਗਾ ਦਿੱਤੀ ਅਤੇ ਆਪ ਸਦਾ ਲਈ ਕਰਤਾਰਪੁਰ ਰਹਿ ਕਰਤਾਰ ਦੇ ਹੋ ਗਏ।
ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪਰਿਵਾਰ ਦੇ ਸਪੁਰਦ ਕਰਨ ਹਿਤ ਆਪ ਆਪਣੇ ਪਿੰਡ ਆਏ ਅਤੇ ਫਿਰ ਮੁੜ ਕਰਤਾਰਪੁਰ ਪਹੁੰਚ ਗਏ, ਕਿਉਂਕਿ ਹੁਣ ਆਪ 'ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ' ਵਾਲੀ ਅਵਸਥਾ ਵਿਚ ਪਹੁੰਚ ਚੁੱਕੇ ਸਨ। ਹੁਣ ਭਾਈ ਲਹਿਣਾ ਜੀ ਹੁਕਮ ਮੰਨਣ ਦੇ ਸਿਧਾਂਤ ਨੂੰ ਸਮਝ ਚੁੱਕੇ ਸਨ। ਉਹ ਸਮਝ ਚੁੱਕੇ ਸਨ ਕਿ ਗੁਰਿਆਈ ਕੋਈ ਐਸ਼ ਜਾਂ ਦਿਖਾਵੇ ਦੀ ਚੀਜ਼ ਨਹੀਂ, ਇਹ ਤਾਂ ਲੋਕ-ਪ੍ਰਲੋਕ ਦੇ ਦਿਸਦੇ-ਅਣਦਿਸਦੇ ਭਾਰਾਂ ਦਾ ਜੋੜ ਹੈ। ਅਸਲ ਵਿਚ ਕਿਰਤ ਦਾ ਘਰ ਹੀ ਉੱਚਾ ਤੇ ਸੁੱਚਾ ਹੈ। ਕਿਰਤ ਸੰਗ ਮੇਲੇ ਹੋਏ ਕਰ ਅਤੇ ਪੈਰ ਕੇਸਰ ਸਮਾਨ ਹਨ। ਬਸ ਫਿਰ ਉਨ੍ਹਾਂ ਨੂੰ ਹਰ ਕਿਰਤ ਅਤੇ ਹਰ ਇਨਸਾਨ ਵਿਚੋਂ ਪ੍ਰਮਾਤਮਾ ਨਜ਼ਰ ਆਉਣ ਲੱਗਾ ਅਤੇ ਸੇਵਾ ਹੀ ਉਨ੍ਹਾਂ ਦਾ ਧਰਮ ਬਣ ਗਿਆ।
ਸੇਵਕ ਕੋ ਸੇਵਾ ਬਨਿ ਆਈ
ਹੁਕਮ ਬੂਝ ਪਰਮ ਪਦ ਪਾਈ£
ਭਾਈ ਲਹਿਣਾ ਜੀ ਨੇ ਰਾਤ-ਦਿਨ ਨਿਮਰਤਾ, ਸੇਵਾ, ਸਿਮਰਨ ਅਤੇ ਹੁਕਮ ਮੰਨਣ ਦੀ ਸਮਰੱਥਾ ਪ੍ਰਾਪਤ ਕਰਕੇ ਮਿੱਠਤ, ਗਰੀਬੀ ਅਤੇ ਸਹਿਣਸ਼ੀਲਤਾ ਆਦਿ ਗੁਣਾਂ ਦੇ ਧਾਰਨੀ ਬਣ ਅਧਿਆਤਮਿਕ ਅਤੇ ਆਗਿਆਕਾਰੀ ਪੁੱਤਰ ਦਾ ਰੁਤਬਾ ਹਾਸਲ ਕਰ ਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਕਾਲੀ ਪੱਧਰ 'ਤੇ ਸਮਾਜਿਕ ਬੁਰਾਈਆਂ ਅਤੇ ਧਰਮ ਦੀਆਂ ਮਨਮਤੀਆਂ ਗਤੀਵਿਧੀਆਂ ਨੂੰ ਰੋਕਣ ਲਈ ਅਤੇ ਵਿਸ਼ੇਸ਼ ਆਦਰਸ਼ਾਂ ਤੇ ਜਜ਼ਬਾਤਾਂ ਭਰਪੂਰ ਸਮਾਜ, ਧਰਮ ਅਤੇ ਕੌਮ ਦੀ ਸਿਰਜਣਾ ਕਰਨ ਲਈ ਭਾਈ ਲਹਿਣਾ ਜੀ ਦੇ ਸਿਰ 'ਤੇ ਰਹਿਮਤ ਅਤੇ ਬਖਸ਼ਿਸ਼ ਭਰਪੂਰ ਹੱਥਾਂ ਦੀ ਛਾਂ ਕਰ ਦਿੱਤੀ।
ਲਹਿਣੇ ਤੋਂ ਅੰਗਦ ਅਤੇ ਅੰਗਦ ਤੋਂ ਗੁਰੂ ਅੰਗਦ ਦੇਵ ਬਣ ਕੇ ਆਪ ਕਰਤਾਰਪੁਰ ਤੋਂ ਖਡੂਰ ਸਾਹਿਬ ਆ ਗਏ। ਆਪ ਨੇ ਗੁਰੂ ਅੰਗਦ ਦੇ ਰੂਪ ਵਿਚ ਕਰਤਾਰਪੁਰ ਨਗਰ ਨੂੰ ਤਾਂ ਛੱਡ ਦਿੱਤਾ ਪਰ ਕਰਤਾਰਪੁਰ ਦੀ ਸੰਗਤ-ਧਰਮਸ਼ਾਲਾ ਦਾ ਅਮਲ ਮਨੋਂ ਨਾ ਵਿਸਾਰਿਆ।
ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਧਰਮਸ਼ਾਲਾ ਸਥਾਪਿਤ ਕਰਕੇ ਸਿੱਖ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਦਾ ਯਤਨ ਕੀਤਾ। ਸਿੱਖੀ ਦੇ ਨਵੇਂ ਪ੍ਰਚਾਰ ਅਤੇ ਪ੍ਰਸਾਰ ਲਈ ਕੇਂਦਰ ਸਥਾਪਿਤ ਕੀਤੇ। ਕੀਰਤਨ ਅਤੇ ਲੰਗਰ ਦਾ ਪ੍ਰਵਾਹ ਬੇਜੋੜ ਸ਼ੁਰੂ ਹੋਇਆ। ਸੰਗਤ ਅਤੇ ਪੰਗਤ ਦੇ ਸਿਧਾਂਤ ਨੂੰ ਅਮਲੀ ਰੂਪ ਵਿਚ ਗੁਰੂ ਅੰਗਦ ਦੇਵ ਜੀ ਨੇ ਸਫਲਤਾਪੂਰਵਕ ਸਿਰੇ ਚੜ੍ਹਾਇਆ। ਲੰਗਰ ਦੇ ਪ੍ਰਬੰਧ ਵਿਚ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਅਤੇ ਸੰਗਤ ਨੂੰ ਵਰਤਾਉਣਾ ਕਰਦੇ।
ਬਲਵੰਡ ਖੀਵੀ ਨੇਕ ਜਨ
ਜਿਸੁ ਬਹੁਤੀ ਛਾਉ ਪਤ੍ਰਾਲੀ£
ਲੰਗਰਿ ਦਉਲਤਿ ਵੰਡੀਐ,
ਰਸੁ ਅੰਮ੍ਰਿਤੁ ਖੀਰ ਘਿਆਲੀ£
ਆਪ ਸਰੀਰਕ ਤੰਦਰੁਸਤੀ ਲਈ ਕੁਸ਼ਤੀਆਂ ਕਰਵਾਉਂਦੇ ਅਤੇ ਲਿਆਕਤ ਦਾ ਪਾਠ ਪੜ੍ਹਾਉਣ ਲਈ ਬਾਲ ਬੋਧ ਦੀ ਰਚਨਾ ਕਰਨਾ ਗੁਰੂ ਜੀ ਦੀਆਂ ਉੱਤਮ ਦਾਤਾਂ ਹਨ। ਬੱਚਿਆਂ ਨਾਲ ਪ੍ਰੇਮ, ਪਿਆਰ ਪਾਉਣਾ, ਗੁਰਮੁਖੀ ਭਾਸ਼ਾ ਦੇ ਸਿੱਖਣ ਲਈ ਪਾਠਸ਼ਾਲਾ ਤਿਆਰ ਕਰਨੀ, ਜਨਮ ਸਾਖੀਆਂ ਲਿਖਵਾਉਣਾ ਆਦਿ ਉਨ੍ਹਾਂ ਦੀ ਸ੍ਰੇਸ਼ਟ ਗੁਰਮਤਿ ਵਿਚਾਰਧਾਰਾ ਦੇ ਪ੍ਰਮਾਣ ਹਨ।
ਖਡੂਰ ਸਾਹਿਬ ਦੀ ਧਰਤੀ 'ਤੇ ਹੀ ਗੁਰੂ ਅਮਰਦਾਸ ਜੀ ਨੇ 12 ਸਾਲ ਦੀ ਲੰਬੀ ਘਾਲ ਕਮਾਈ ਕਰਦਿਆਂ ਹੋਇਆਂ ਬਿਆਸ ਦਰਿਆ ਤੋਂ ਜਲ ਦੀ ਗਾਗਰ ਲਿਆ ਕੇ ਇਸ਼ਨਾਨ ਕਰਾਉਣ ਦੀ ਸੇਵਾ ਕੀਤੀ ਅਤੇ ਵਰਦਾਨੀ ਵਰ ਪ੍ਰਾਪਤ ਕੀਤੇ। ਗੁਰੂ ਜੀ ਦੁਆਰਾ ਰਚੇ ਗਏ 62 ਸਲੋਕ ਵੀ ਥਾਂ-ਥਾਂ 'ਤੇ ਮਨੁੱਖ ਨੂੰ ਹਲੀਮੀ, ਨਿਮਰਤਾ ਅਤੇ ਘਾਲ ਕਮਾਈ ਕਰਨ ਦੀ ਪ੍ਰੇਰਨਾ ਕਰਦੇ ਹਨ। ਇਸ ਅੰਮ੍ਰਿਤ ਸੁਹਾਵੀ ਧਰਤੀ 'ਤੇ ਕਾਰ ਸੇਵਾ ਦੇ ਕੁੰਭ ਰਾਹੀਂ ਗੁਰੂ ਅੰਗਦ ਦੇਵ ਜੀ ਨਾਲ ਸਬੰਧਤ ਅਨੇਕਾਂ ਇਤਿਹਾਸਕ ਗੁਰਧਾਮ ਸੁਭਾਇਮਾਨ ਹਨ। ਅੱਜ ਇਸ ਪਵਿੱਤਰ ਧਰਤੀ 'ਤੇ ਦੇਸ਼-ਵਿਦੇਸ਼ ਦੀ ਸੰਗਤ ਬੜੇ ਚਾਅ ਅਤੇ ਉਮਾਹ ਨਾਲ ਗੁਰਗੱਦੀ ਦਿਵਸ ਮਨਾ ਕੇ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ।
ਪ੍ਰਿੰ. ਦਲਜੀਤ ਸਿੰਘ ਖਹਿਰਾ