ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿਸੇ ਵੀ ਓਪਰੇਸ਼ਨ ਤੋਂ ਪਹਿਲਾਂ ਹੋਮਿਓਪੈਥਿਕ ਡਾਕਟਰ ਦੀ ਸਲਾਹ ਜ਼ਰੂਰ ਲਓ


ਤੇਜ਼ ਤਰਾਰ ਜ਼ਿੰਦਗੀ ਨੇ ਜਿੱਥੇ ਬਹੁਤ ਸਾਰੀਆਂ ਬੀਮਾਰੀਆਂ ਨੂੰ ਜਨਮ ਦਿੱਤਾ ਉੱਥੇ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪੁਆਉਣ ਲਈ ਨਿੱਤ ਦਿਨ ਨਵੀਆਂ-ਨਵੀਆਂ ਤਕਨੀਕਾਂ ਵਿਕਸਤ ਹੋ ਰਹੀਆਂ ਹਨ। ਪਲਾਂ ਵਿੱਚ ਹੀ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਣ ਵਾਲੀਆਂ ਬਹੁਤ ਸਾਰੀਆਂ ਦਵਾਈਆਂ ਮਾਰਕਿਟ ਵਿੱਚ ਧੜਾਧੜ ਆ ਰਹੀਆਂ ਹਨ, ਨਿੱਤ ਦਿਨ ਨਵੀਆਂ ਕੰਪਨੀਆਂ ਆਪਣੇ ਪੈਰ ਪਾਸਾਰ ਰਹੀਆਂ ਹਨ। ਜਿਥੇ ਦਵਾਈਆਂ ਨਾਲ ਬੀਮਾਰੀਆਂ ਦੇ ਹੱਲ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਉਥੇ ਮੈਡੀਕਲ ਖੇਤਰ ਵਿੱਚ ਕਿਸੇ ਬੀਮਾਰੀ ਨੂੰ ਸਰੀਰ ਵਿੱਚੋਂ ਕੱਢਕੇ ਉਸਦਾ ਖਾਤਮਾ ਕਰਨ ਦੀਆਂ ਤਕਨੀਕਾਂ ਨਿੱਤ ਦਿਨ ਬਾਜ਼ਾਰ ਵਿੱਚ ਆ ਰਹੀਆਂ 'ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸੁਰੀ' ਦੀ ਤਰਜ਼ 'ਤੇ ਅੱਜਕੱਲ੍ਹ ਓਪਰੇਸ਼ਨ ਯੁੱਗ ਵਿੱਚ ਲੋਕ ਮਨਾਂ ਅੰਦਰ ਅਜਿਹਾ ਡਰ ਪਾਇਆ ਜਾ ਰਿਹਾ ਹੈ ਕਿ ਅਗਰ ਤੁਸੀਂ ਆਪਣੀ ਬੀਮਾਰੀ ਦਾ ਓਪਰੇਸ਼ਨ ਨਾ ਕਰਵਾਇਆ ਤਾਂ ਤੁਹਾਨੂੰ ਆਹ ਹੋ ਜਾਵੇਗਾ, ਔਹ ਹੋ ਜਾਵੇਗਾ। ਕੁੱਝ ਕੁ ਲੋਕ ਤਾਂ ਡਰ ਦੇ ਮਾਰੇ ਹੀ ਇਨ੍ਹਾਂ ਓਪਰੇਸ਼ਨ ਮਾਹਰਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ। ਇਹ ਓਪਰੇਸ਼ਨ ਕਿੰਨੇ ਕੁ ਸਫਲ ਹੁੰਦੇ ਹਨ, ਇਹ ਸਭ ਨੂੰ ਪਤਾ ਹੈ, ਸਰਜਨ ਲੋਕ ਵੀ ਇਹ ਗੱਲ ਕਹਿੰਦੇ ਹਨ ਕਿ ਕਿਸੇ ਓਪਰੇਸ਼ਨ ਦੀ ਕੋਈ ਗਾਰੰਟੀ ਨਹੀਂ, ਕੁਝ ਕੁ ਮਰਜ਼ਾਂ ਨੂੰ ਛੱਡਕੇ ਬਹੁਤ ਸਾਰੀਆਂ ਮਰਜ਼ਾਂ ਅਜਿਹੀਆਂ ਹਨ ਜਿੱਥੇ ਓਪਰੇਸ਼ਨ ਕਰਵਾਉਣ ਤੋਂ ਬਾਅਦ ਬੀਮਾਰੀ ਦੁਬਾਰਾ ਜਨਮਦੀ ਹੀ ਜਨਮਦੀ ਹੈ। ਨਾਲੇ ਇਸ ਤੋਂ ਵੀ ਖਤਰਨਾਕ ਜਾਂ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇੱਕ ਵਾਰ ਜਿਸ ਮਰਜ਼ ਦਾ ਹੱਲ ਓਪਰੇਸ਼ਨ ਨਾਲ ਕਰਨ ਦੀ ਡਾਕਟਰ ਲੋਕ ਸਲਾਹ ਦਿੰਦੇ ਹਨ, ਓਪਰੇਸ਼ਨ ਤੋਂ ਪਿੱਛੋਂ ਉਹੀ ਮਰਜ਼ ਮਰੀਜ਼ ਨੂੰ ਦੁੱਗਣੀ ਤਕਲੀਫ ਦਿੰਦੀ ਹੈ। ਬਹੁਤ ਸਾਰੇ ਓਪਰੇਸ਼ਨ ਤਾਂ ਸਰਜਨ ਲੋਕ ਲਾਲਚ ਦੇ ਮਾਰੇ ਹੀ ਕਰ ਦਿੰਦੇ ਹਨ। ਇਥੇ ਇਹ ਗੱਲ ਹਰਗਿਜ਼ ਨਹੀਂ ਕਹੀ ਜਾ ਸਕਦੀ ਕਿ ਸਾਰੇ ਇਕੋ ਜਿਹੇ ਹੀ ਹੁੰਦੇ ਹਨ ਪਰ ਬਹੁਤਾਤ ਅਜਿਹੇ ਲੋਕਾਂ ਦੀ ਹੈ ਜੋ ਲਾਲਚ ਲਈ ਕਿਸੇ ਦਾ ਵੀ ਢਿੱਡ ਵੱਢ ਕੇ ਰੱਖ ਦਿੰਦੇ ਹਨ ਅਤੇ ਮਗਰੋਂ ਟਾਂਕੇ ਲਾ ਕੇ ਆਪਣੀ ਡਿਊਟੀ ਤੋਂ ਫਾਰਗ ਹੋ ਜਾਂਦੇ ਹਨ। ਗੁਰਦਾ ਵਗੈਰਾ ਕੱਢ ਲਿਆ ਜਾਂਦਾ ਹੈ। ਬੇਸ਼ੱਕ 'ਸਰਜਨ' ਮਨੁੱਖੀ ਜਾਨਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ ਪਰ ਫਿਰ ਵੀ ਬਹੁਤ ਸਾਰੀਆਂ ਆਮ ਜੀਵਨ ਵਿੱਚ ਪਾਈਆਂ ਜਾਣ ਵਾਲੀਆਂ ਬੀਮਾਰੀਆਂ ਹਨ ਜੋ ਬਿਨਾਂ ਸਰਜਰੀ ਦੇ ਠੀਕ ਹੋ ਸਕਦੀਆਂ ਹਨ। ਜੇਕਰ 'ਓਪਰੇਸ਼ਨ ਯੁੱਗ' ਵਿੱਚ ਇਹੀ ਸਿਲਸਿਲਾ ਬਾਦਸਤੂਰ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਛੋਟੀ ਉਮਰ ਵਿੱਚ ਹੀ ਅਪੈਂਡਿਕਸ, ਪਿੱਤਾ ਅਤੇ ਔਰਤਾਂ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਬੱਚੇਦਾਨੀ ਭਾਲੀਆਂ ਨਹੀਂਓ ਥਿਆਉਣਗੀਆਂ।
ਭੌਰੀਆਂ, ਨੱਕ ਦਾ ਮਾਸ, ਟੌਂਸਿਲ, ਮਾਉਕੇ, ਨਹੁੰਆਂ ਦਾ ਅੰਦਰ ਮੁੜਨਾ, ਟੀਕਾ ਪੱਕਣਾ, ਛਾਤੀ ਦੀਆਂ ਅਤੇ ਬੱਚੇਦਾਨੀ ਦੀਆਂ ਰਸੌਲੀਆਂ, ਦਿਮਾਗ ਦੀਆਂ ਰਸੌਲੀਆਂ, ਗਲੇ ਦੀਆਂ ਰਸੌਲੀਆਂ, ਗੁਰਦੇ ਦੀ ਪੱਥਰੀ, ਬਵਾਸੀਰ, ਚਮੜੀ ਦੀਆਂ ਗੰਢਾਂ, ਪਿੱਤੇ ਦੀ ਪਥਰੀ (ਬਹੁਤ ਲੰਮਾ ਸਮਾਂ ਦਵਾਈ ਖਾਣ ਨਾਲ), ਹਰਨੀਆਂ, ਹਾਈਡਰੋਸੀਲ, ਸਿਰ 'ਚ ਪਾਣੀ ਭਰਨਾ (ਹਾਈਡਰੋਸਿਫਲਸ), ਭਾਰ ਪੈਣਾ (ਪਹਿਲੀ ਅਤੇ ਦੂਜੀ ਡਿਗਰੀ), ਅਪੈਂਡੇਸਾਇਟਸ, ਗਦੂਦ, ਹੱਡੀ ਦਾ ਵੱਧਣਾ, ਬਹੁਤ ਸਾਰੀਆਂ ਬਿਮਾਰੀਆਂ ਹਨ ਜੋ ਬਿਨਾਂ ਓਪਰੇਸ਼ਨ ਦੇ ਠੀਕ ਹੋ ਸਕਦੀਆਂ ਹਨ। ਪਰ ਜਦੋਂ ਸਰਜਨ ਡਰਾ ਦਿੰਦੇ ਹਨ ਕਿ ਅਗਰ ਇਸ ਦਾ ਓਪਰੇਸ਼ਨ ਨਾ ਕਰਵਾਇਆ ਤਾਂ ਕੈਂਸਰ ਬਣ ਜਾਵੇਗਾ। ਬੱਸ ਇਸੇ ਡਰ ਦੇ ਮਾਰੇ ਲੋਕ ਆਪਣੇ ਅੰਗ ਕਢਵਾਈ ਜਾਂਦੇ ਹਨ ਅਤੇ ਝਟਕਈਆਂ ਵਾਂਗ ਸਰਜਨ ਲੋਕਾਂ ਦੀ ਵੱਢ ਟੁੱਕ ਕਰੀ ਜਾ ਰਹੇ ਹਨ। ਇਥੇ ਇੱਕ ਗੱਲ ਦੱਸਣੀ ਜਰੂਰੀ ਹੈ ਕਿ ਉਪਰੋਕਤ ਬਿਮਾਰੀਆਂ ਜੋ ਉਪਰ ਦੱਸੀਆਂ ਹਨ ਅਗਰ ਤਾਂ ਮਰੀਜ਼ ਨੂੰ ਇਨ੍ਹਾਂ ਬੀਮਾਰੀਆਂ ਕਰਕੇ ਬਹੁਤ ਹੀ ਜ਼ਿਆਦਾ ਔਖ ਹੈ ਤਾਂ ਇਹ ਹੋਮਿਓਪੈਥਿਕ ਡਾਕਟਰ ਦੀ ਹੀ ਡਿਊਟੀ ਬਣਦੀ ਹੈ ਕਿ ਉਸ ਲਈ ਓਪਰੇਸ਼ਨ ਦੀ ਸਲਾਹ ਦੇਵੇ ਜਿਸ ਤਰ੍ਹਾਂ ਉਦਾਹਰਣ ਦੇ ਤੌਰ 'ਤੇ ਕਿਸੇ ਨੂੰ ਬਵਾਸੀਰ ਰਾਹੀਂ ਖੂਨ ਦੀਆਂ ਤਤੀਰੀਆਂ ਪੈ ਰਹੀਆਂ ਹੋਣ, ਤਾਂ ਉਥੇ ਓਪਰੇਸ਼ਨ ਦੀ ਜਰੂਰਤ ਹੈ ਪਰ ਮਾੜੇ ਮੋਟੇ ਬਵਾਸੀਰ ਦੇ ਫੋੜੇ ਨੂੰ ਚੈਕ ਕਰਕੇ ਓਪਰੇਸ਼ਨ ਕਰਵਾ ਦੇਣਾ ਜਾਂ ਕਰ ਦੇਣਾ, ਕੋਈ ਵਧੀਆ ਗੱਲ ਨਹੀਂ ਕਿਉਂਕਿ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਬੀਮਾਰੀਆਂ ਦੁਬਾਰਾ ਜਨਮ ਲੈ ਲੈਂਦੀਆਂ ਹਨ।
ਓਪਰੇਸ਼ਨ ਦੀ ਫੌਰਨ ਜ਼ਰੂਰਤ ਕਿਥੇ ਪੈਂਦੀ ਹੈ : ਡਲਿਵਰੀ ਸਮੇਂ 'ਸਿਜੇਰੀਅਨ' ਕਰਨਾ/ਕਰਵਾਉਣਾ ਆਮ ਗੱਲ ਹੈ। ਕਈ ਕੁੜੀਆਂ ਜੰਮਣ ਪੀੜਾਂ ਸਹਿਣ ਤੋਂ ਡਰ ਜਾਂਦੀਆਂ ਹਨ ਅਤੇ ਡਾਕਟਰ ਲੋਕ ਉਸਨੂੰ ਸਰਜਰੀ ਦੀ ਸਲਾਹ ਦਿੰਦੇ ਹਨ। ਪਰ 'ਡਲਿਵਰੀ' ਇੱਕ ਅਜਿਹੀ ਸਥਿਤੀ ਹੁੰਦੀ ਹੈ ਜਿੱਥੇ ਮੌਕੇ ਮੁਤਾਬਕ ਹੀ ਦੱਸਿਆ ਜਾ ਸਕਦਾ ਹੈ ਕਿ ਕੇਸ ਨਾਰਮਲ ਹੋਵੇਗਾ ਜਾਂ ਵੱਡਾ ਓਪਰੇਸ਼ਨ। ਪਰ ਕਈਆਂ ਨੂੰ ਛੱਡਕੇ ਬਹੁਤੇ ਡਾਕਟਰਾਂ ਦਾ ਤਾਂ ਇਹ 'ਧੰਦਾ' ਹੀ ਬਣ ਚੁੱਕਾ ਹੈ ਕਿ ਡਲਿਵਰੀ ਭਾਵੇਂ ਨਾਰਮਲ ਹੀ ਕਿਉਂ ਨਾ ਹੁੰਦੀ ਹੋਵੇ, ਪਰ ਢਿੱਡ ਪਾੜਨਾ ਹੀ ਪਾੜਨਾ।
ਦੂਜੀ ਸਥਿਤੀ ਸਰਜਰੀ ਦੀ ਓਦੋਂ ਪੈਦਾ ਹੋ ਜਾਂਦੀ ਹੈ ਜਦ ਕੋਈ ਹਾਦਸਾ ਹੁੰਦਾ ਹੈ। ਆਰਥੋ ਦੇ ਕੇਸਾਂ ਵਿੱਚ ਤਾਂ ਸਰਜਰੀ ਦੀ ਜਰੂਰਤ ਹੁੰਦੀ ਹੀ ਹੁੰਦੀ ਹੈ ਕਿਉਂਕਿ ਟੁੱਟ-ਭੱਜ, ਜਾਂ ਖਾਸ ਕਰਕੇ ਸਿਰ ਦੀ ਸੱਟ, ਰੀੜ ਦੀ ਹੱਡੀ ਦੀ ਸੱਟ, ਜਿੱਥੇ ਸਰਜਰੀ ਦੀ ਜਰੂਰਤ ਪੈਂਦੀ ਹੈ। ਅਗਰ ਮਾਨਯੋਗ ਸਰਜਨ ਸਾਹਿਬਾਨ, ਅਜਿਹੀਆਂ ਸਥਿਤੀਆਂ ਵਿੱਚ ਹੋਮਿਓਪੈਥਿਕ ਦਵਾਈਆਂ ਦਾ ਨਾਲੋਂ ਨਾਲ ਉਪਯੋਗ ਕਰਨ ਤਾਂ ਇਲਾਜ ਸੌਖਾ ਵੀ ਹੋ ਸਕਦੈ ਅਤੇ ਸਸਤਾ ਵੀ ਕਿਉਂਕਿ ਹੋਮਿਓਪੈਥੀ ਵਿੱਚ ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹਨ ਜੋ ਐਮਰਜੈਂਸੀ ਵਿੱਚ ਵੀ ਲਾਹੇਵੰਦ ਹਨ। ਇਹ ਹੀ ਨਹੀਂ ਕਿ ਹੋਮਿਓਪੈਥੀ ਤਾਂ ਸਿਰਫ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਲਈ ਬਣੀ ਹੋਈ ਹੈ। ਸੋ ਕਹਿਣ ਤੋਂ ਭਾਵ ਜੇਕਰ ਸਰਜਨ ਅਤੇ ਹੋਮਿਓਪੈਥਿਕ ਡਾਕਟਰ ਇੱਕ ਦੂਜੇ ਦੀ ਰਾਏ ਲੈਣ ਤੋਂ ਝਿਜਕ ਮਹਿਸੂਸ ਨਾ ਕਰਨ ਤਾਂ ਲੋਕਾਈ ਦਾ ਬਹੁਤ ਭਲਾ ਹੋ ਸਕਦਾ ਹੈ।
ਹਾਰਟ ਦੀ ਸਰਜਰੀ : ਹਾਰਟ ਦੀਆਂ ਸਾਰੀਆਂ ਬਿਮਾਰੀਆਂ ਵਿੱਚ ਸਰਜਰੀ ਦੀ ਲੋੜ ਨਹੀਂ ਹੁੰਦੀ, ਪਰ ਲਾਲਚ ਅਤੇ ਡਰ ਕੀ-ਕੀ ਨਹੀਂ ਕਰਵਾਉਂਦਾ। ਡਾਕਟਰ ਦਾ ਲਾਲਚ ਅਤੇ ਮਰੀਜ਼ ਦਾ ਡਰ ਬਹੁਤ ਸਾਰੀਆਂ ਨਵੀਆਂ ਨਵੀਆਂ ਵਿਧੀਆਂ ਨੂੰ ਜਨਮ ਦੇ ਰਿਹਾ ਹੈ। ਕਿਸੇ ਵੀ ਬੀਮਾਰੀ ਨੂੰ ਦੇਖਕੇ ਉਸਨੂੰ 'ਚੀਰ' ਦੇਣਾ ਜਾਂ ਕੱਢ ਦੇਣਾ ਕੋਈ ਇਲਾਜ ਨਹੀਂ ਸਗੋਂ ਇਹ ਜਾਣਨਾ ਜਰੂਰੀ ਹੈ ਕਿ ਇਹ ਬੀਮਾਰੀ ਕਿਉਂ ਬਣੀ। ਜੋ ਸਰੀਰਕ ਅੰਗਾਂ ਨੂੰ ਮਾਣਯੋਗ ਸਰਜਨ ਸਾਹਿਬ ਫੜ ਕੇ ਕੱਢ ਦਿੰਦੇ ਹਨ, ਕੀ ਕਦੇ ਉਨ੍ਹਾਂ ਨੇ ਸੋਚਿਆ ਹੈ ਕਿ ਕੁਦਰਤ ਨੇ ਇਹ ਅੰਗ ਮਨੁੱਖੀ ਸਰੀਰ ਵਿੱਚ ਕਿਉਂ ਲਾਏ ਜੋ ਬਿਨਾਂ ਸੋਚੇ ਸਮਝੇ ਕੱਢੇ ਜਾ ਰਹੇ ਹਨ। ਇੱਕ ਔਰਤ ਜਿਸਦੀ ਬੱਚੇਦਾਨੀ ਸਿਰਫ ਇਸ ਕਰਕੇ ਕੱਢ ਦਿੱਤੀ ਜਾਂਦੀ ਹੈ ਕਿ ਉਸਦੇ ਵਿੱਚ ਰਸੌਲੀ ਬਣ ਚੁੱਕੀ ਸੀ ਅਗਰ ਇਹ ਨਾ ਕਢਵਾਈ ਤਾਂ ਕੈਂਸਰ ਬਣ ਜਾਵੇਗਾ। ਇਹ ਗੱਲਾਂ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਲਈ ਆਖੀਆਂ ਜਾਂਦੀਆਂ ਹਨ। ਅਗਰ ਕਿਸੇ ਦੇ ਕੈਂਸਰ ਬਣਨ ਹੈ ਤਾਂ ਉਹ ਬਣਕੇ ਹੀ ਰਹੇਗਾ ਭਾਵੇਂ ਬੱਚੇਦਾਨੀ ਕੱਢ ਦਿਓ, ਉਹ ਹੋਰ ਕਿਤੇ ਬਣ ਜਾਵੇਗਾ। ਸੋ ਕਹਿਣ ਤੋਂ ਭਾਵ ਹੈ ਕਿ ਮਰੀਜ਼ ਦੀ ਪੂਰੀ ਤਫਤੀਸ਼ ਕਰਕੇ ਇਸ ਨਤੀਜੇ 'ਤੇ ਪਹੁੰਚਿਆ ਜਾਵੇ ਕਿ ਉਸਦੀ ਬੀਮਾਰੀ ਨੂੰ ਪੈਦਾ ਕਰਨ ਵਾਲੇ ਕਾਰਨ ਕਿਹੜੇ-ਕਿਹੜੇ ਹਨ, ਉਹਨਾਂ ਕਾਰਨਾਂ ਨੂੰ ਦੂਰ ਕੀਤਾ ਜਾਵੇ ਅਤੇ ਜੇਕਰ ਫਿਰ ਵੀ ਕਿਸੇ ਤਰ੍ਹਾਂ ਦੇ ਓਪਰੇਸ਼ਨ ਦੀ ਲੋੜ ਪੈਂਦੀ ਹੈ ਤਾਂ ਸਰਜਨ ਸਾਹਿਬ ਦਾ ਇਹ ਫਰਜ਼ ਬਣਦਾ ਹੈ ਕਿ ਉਹ ਮਰੀਜ਼ ਨੂੰ ਓਪਰੇਸ਼ਨ ਤੋਂ ਬਾਅਦ ਦੀਆਂ ਸਮੱਸਿਆਵਾਂ ਸਬੰਧੀ ਜ਼ਰੂਰ ਚਾਨਣਾ ਪਾ ਦੇਣ ਨਾ ਕਿ ਸਿਰਫ ਇੱਕ ਕਾਗਜ਼ 'ਤੇ ਦਸਤਖਤ ਕਰਵਾਕੇ ਕਿਸੇ ਦਾ ਚੀਰ ਹਰਨ ਕਰਨ ਦੀ ਮੰਨਜੂਰੀ ਲੈਣ।
ਡਾ. ਅਮਨਦੀਪ ਸਿੰਘ ਟੱਲੇਵਾਲੀਆ
98146-99446