ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਸਟੂਡੈਂਟਸ ਫੈਡਰੇਸ਼ਨ ਕਿੱਥੋ-ਕਿੱਥੇ ਤੱਕ?


ਕਿਸੇ ਸਮੇਂ ਸਿੱਖ ਪੰਥ ਦਾ ਹਰਿਆਵਲ ਦਸਤਾ ਮੰਨੀ ਜਾਂਦੀ ਰਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਹੜੀਆਂ ਅੱਜ ਕੱਲ੍ਹ ਸੱਤਾ ਦੀ ਲਾਲਸਾ 'ਚ ਗੋਤੇ ਖਾਂਦੀ ਖੱਖੜੀਆਂ ਕਰੇਲੇ ਹੋ ਚੁੱਕੀ ਹੈ ਅਤੇ ਫੈਡਰੇਸ਼ਨਾਂ ਦੀ ਗਿਣਤੀ ਔਖੀ ਹੋ ਚੁੱਕੀ ਹੈ, ਇਸ ਹਰਿਆਵਲ ਦਸਤੇ, ਜਿਹੜਾ ਹੁਣ ਰੁੰਡ-ਮੁਰੰਡ ਹੋ ਚੁੱਕਾ ਹੈ, ਦੀ ਬੁਨਿਆਦ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਨਮ ਦਿਹਾੜਾ ਮਨਾਇਆ ਗਿਆ, ਪ੍ਰੰਤੂ ਸਿੱਖ ਨੌਜਵਾਨਾਂ ਨੂੰ ਰੂਹ ਤੱਕ ਝੰਜੋੜਣ ਵਾਲੀ ਉਨ੍ਹਾਂ 'ਚ ਸਿੱਖੀ ਜ਼ਜਬਾਤ ਜਗਾਉਣ ਵਾਲੀ ਇਸ ਜਥੇਬੰਦੀ ਦਾ ਜਨਮ ਦਿਹਾੜਾ ਕਦੋਂ ਆਇਆ ਤੇ ਕਦੋਂ ਲੰਘ ਗਿਆ, ਕਿਸੇ ਸਿੱਖ ਨੌਜਵਾਨ ਨੂੰ ਕੰਨੋ-ਕੰਨ ਖ਼ਬਰ ਨਹੀਂ ਹੋਈ। ਜੁਆਨੀ ਇਤਿਹਾਸ ਸਿਰਜਦੀ ਹੈ, ਜੁਆਨੀ ਇਨਕਲਾਬ ਦਾ ਮੁੱਢ ਬੰਨ੍ਹਦੀ ਹੈ, ਜੁਆਨੀ ਦਰਿਆਵਾਂ ਦੇ ਵਹਿਣ ਤੱਕ ਮੋੜ ਦਿੰਦੀ ਹੈ, ਪ੍ਰੰਤੂ ਇਹ ਤਦ ਹੀ ਸੰਭਵ ਹੁੰਦਾ ਹੈ ਜੇ ਜੁਆਨੀ ਨੂੰ 'ਜੁਆਨੀ' ਦੇ ਸਹੀ ਅਰਥ ਸਮਝ ਆ ਚੁੱਕੇ ਹੋਣ ਅਤੇ ਜਿਸ ਕੌਮ ਦੀ ਜੁਆਨੀ ਕੁਰਾਹੇ ਪੈ ਜਾਵੇ ਅਤੇ ਜੁਆਨੀ ਦੀ ਲੀਡਰਸ਼ਿਪ ਵਿਕਾਊਮਾਲ ਤੇ ਸੁਆਰਥੀ ਬਣ ਜਾਵੇ, ਫਿਰ ਉਸ ਕੌਮ 'ਚ ਸਿਵਾਏ ਨਿਘਾਰ ਤੋਂ ਹੋਰ ਕੁਝ ਨਹੀਂ ਆ ਸਕਦਾ। ਅੱਜ ਜਦੋਂ ਸਿੱਖ ਨੌਜਵਾਨਾਂ 'ਚ ਸਿੱਖੀ ਚੇਤਨਾ ਜਗਾਉਣ ਵਾਲੀ ਇਸ ਨੌਜਵਾਨ ਸਿੱਖ ਜਥੇਬੰਦੀ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਤਾਂ ਸਿੱਖ ਜੁਆਨੀ ਕਿੱਥੇ ਖੜ੍ਹੀ ਹੈ, ਇਸਦਾ ਲੇਖਾ-ਜੋਖਾ ਨਹੀਂ ਹੋਇਆ, ਸਿੱਖ ਜੁਆਨੀ 'ਚ ਆ ਚੁੱਕੇ ਨਿਘਾਰ ਤੇ ਸਿਵਾਏ ਮੱਗਰਮੱਛੀ ਹੰਝੂ ਵਗਾਉਣ ਦੇ ਫੈਡਰੇਸ਼ਨ ਆਗੂਆਂ ਦੇ ਪੱਲੇ ਹੋਰ ਕੁਝ ਨਹੀਂ। ਕਿਉਂਕਿ ਉਨ੍ਹਾਂ ਨੇ ਆਪਣੀਆਂ ਖ਼ੁਦ ਦੀ ਨਕੇਲਾਂ 'ਰਾਜਸੀ ਧਿਰਾਂ' ਦੇ ਹੱਥ ਫੜ੍ਹਾ ਰੱਖੀਆਂ ਹਨ ਅਤੇ ਉਹ ਜਿਧਰ ਚਾਹੁੰਦੇ ਹਨ, ਉਧਰ ਨੂੰ ਇਹ ਆਗੂ ਸੱਤਾ ਲਾਲਸਾ ਅਤੇ ਨਿੱਜੀ ਸੁਆਰਥਾਂ ਲਈ ਸ਼ੂਟ ਵੱਟ ਲੈਂਂਦੇ ਹਨ। ਜਿਸ ਫੈਡਰੇਸ਼ਨ ਨੇ ਕਦੇ ਪੰਜਾਬ 'ਚ ਸਿੱਖੀ ਲਹਿਰ ਨੂੰ ਘਰ-ਘਰ, ਸਕੂਲ-ਸਕੂਲ, ਕਾਲਜ-ਕਾਲਜ ਪਹੁੰਚਾਇਆ ਸੀ ਅਤੇ ਕੌਮ ਇਸ ਜਥੇਬੰਦੀ ਤੇ ਵੱਡਾ ਮਾਣ ਕਰਦੀ ਸੀ, ਅੱਜ ਉਸ ਜਥੇਬੰਦੀ ਦੀ ਕਿਧਰੇ ਪ੍ਰਭਾਵੀ ਹੋਂਦ ਹੀ ਵਿਖਾਈ ਨਹੀਂ ਦਿੰਦੀ, ਸਿਰਫ਼ ਤੇ ਸਿਰਫ਼ ਅਖ਼ਬਾਰੀ ਖ਼ਬਰਾਂ ਲਈ ਫੈਡਰੇਸ਼ਨ ਦੇ ਨਾਮ ਦੀ ਵਰਤੋਂ ਕਰਨ ਲਈ ਹੀ ਫੈਡਰੇਸ਼ਨ ਦੀ ਹੋਂਦ ਬਾਕੀ ਹੈ। 21ਵੀਂ ਸਦੀ ਦੀ ਆਰੰਭਤਾ ਨਾਲ ਲਗਭਗ ਸਮੁੱਚੇ ਵਿਸ਼ਵ 'ਚ ਨੌਜਵਾਨ ਵਰਗ ਦੀ ਅਗਵਾਈ ਦੀ ਚਰਚਾ ਸ਼ੁਰੂ ਹੋ ਗਈ ਸੀ, ਜਿਸ ਨੂੰ 21ਵੀਂ ਸਦੀ ਦਾ ਪਹਿਲਾ ਦਹਾਕਾ ਲੰਘਣ ਤੋਂ ਬਾਅਦ ਲੋੜ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਅਤੇ ਕਈ ਦੇਸ਼ਾਂ 'ਚ ਅਗਵਾਈ ਨੌਜਵਾਨ ਹੱਥਾਂ ਨੂੰ ਸੌਂਪੀ ਗਈ ਹੈ। ਇਹ ਸੱਚ ਹੈ ਕਿ ਨੌਜਵਾਨ ਸ਼ਕਤੀ ਹੀ ਇਨਕਲਾਬੀ ਤਬਦੀਲੀ ਲਿਆਉਣ ਦੇ ਸਮਰੱਥ ਹੁੰਦੀ ਹੈ, ਅੱਜ ਜਦੋਂ ਇਕ ਪਾਸੇ 16 ਤੋਂ 40 ਸਾਲ ਉਮਰ ਵਰਗ ਦਾ ਹਿੱਸਾ 42ਫ਼ੀਸਦੀ ਹੈ ਅਤੇ ਦੂਜੇ ਪਾਸੇ ਸਿੱਖ ਕੌਮ ਦੀ ਜੁਆਨੀ 70 ਫ਼ੀਸਦੀ ਨਸ਼ਿਆਂ ਤੇ 80 ਫ਼ੀਸਦੀ ਪਤਿਤਪੁਣੇ ਦਾ ਸ਼ਿਕਾਰ ਹੈ, ਉਸ ਸਮੇਂ ਜੁਆਨੀ ਨੂੰ ਸਾਂਭਣਾ ਅਤੇ ਸਹੀ ਪਾਸੇ ਤੋਰਨਾ ਸਿੱਖ ਕੌਮ ਲਈ ਬੇਹੱਦ ਜ਼ਰੂਰੀ ਹੈ ਅਤੇ ਇਸ ਦੀ ਸਭ ਤੋਂ ਵੱਡੀ ਜ਼ੁੰਮੇਵਾਰੀ ਸਿੱਖ ਸਟੂਡੈਂਟਸ ਫੈਡਰੇਸ਼ਨ ਸਿਰ ਆਉਂਦੀ ਹੈ। ਜਿਸ ਕੌਮ ਦੀ ਜੁਆਨੀ ਨਿਰਾਸ਼ਤਾ ਦੀ ਖੱਡ 'ਚ ਡਿੱਗ ਪੈਂਦੀ ਹੈ, ਤਾਂ ਉਹ ਕੌਮ ਕਈ ਸਦੀਆਂ ਪਿੱਛੇ ਤਾਂ ਚਲੀ ਹੀ ਜਾਂਦੀ ਹੈ, ਕੌਮ ਦੇ ਕੌਮੀ ਨਿਸ਼ਾਨੇ ਵੀ ਖੁੱਸ ਜਾਂਦੇ ਹਨ। ਜਵਾਨੀ 'ਚ ਜੋਸ਼, ਉਤਸ਼ਾਹ, ਸੱਧਰਾਂ, ਉਮੀਦਾਂ ਤੇ ਕੁਝ ਕਰ ਸਕਣ ਦੇ ਜਜ਼ਬੇ ਦਾ ਸ਼ੂਕਦਾ ਵੇਗ ਹੁੰਦਾ ਹੈ, ਪ੍ਰੰਤੂ ਜਦੋਂ ਉਸਨੂੰ ਸਾਹਮਣੇ ਠੰਡੀ ਸੁਆਹ ਤੋਂ ਬਿਨਾਂ ਹੋਰ ਕੁਝ ਵਿਖਾਈ ਹੀ ਨਾ ਦਿੰਦਾ ਹੋਵੇ ਤਾਂ ਉਹ ਨਿਰਾਸ਼ਤਾ ਦੀ ਖੱਡ 'ਚ ਡਿੱਗ ਹੀ ਪੈਂਦੀ ਹੈ ਅਤੇ ਕੁਰਾਹੇ ਵੀ ਪੈ ਜਾਂਦੀ ਹੈ। ਇਹੋ ਕੁਝ ਵਰਤਮਾਨ ਸਿੱਖ ਪੀੜ੍ਹੀ ਨਾਲ ਵਾਪਰ ਰਿਹਾ ਹੈ। ਜੁਆਨੀ ਨੂੰ ਹਮੇਸ਼ਾ ਕਿਸੇ ਰੋਲ ਮਾਡਲ ਦੀ ਲੋੜ ਹੁੰਦੀ ਹੈ, ਪ੍ਰੰਤੂ ਅੱਜ ਦੂਰ-ਦੂਰ ਤੱਕ ਨਜ਼ਰ ਮਾਰਿਆ ਵੀ ਅਜਿਹਾ ਕੋਈ ਰੋਲ ਮਾਡਲ ਵਿਖਾਈ ਨਹੀਂ ਦਿੰਦਾ, ਜਿਹੜਾ ਨਵੀਂ ਪੀੜ੍ਹੀ ਨੂੰ ਉਹ ਥਾਪੜਾ ਦੇ ਸਕੇ, ਜਿਹੜਾ ਦਸਮੇਸ਼ ਪਿਤਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਸੀ, ਸਾਡੀ ਸਿੱਖ ਲੀਡਰਸ਼ਿਪ ਬੁਰੀ ਤਰ੍ਹਾਂ ਧੜੇਬੰਦੀ, ਵਿਚਾਰਧਾਰਕ ਮਤ-ਭੇਦ, ਸਿਆਸੀ ਖੁਦਗਰਜ਼ੀ 'ਚ ਫਸੀ ਹੋਈ ਹੈ। ਬੇਸ਼ੱਕ ਸਿੱਖ ਜੁਆਨੀ 'ਚ 80-90 ਫ਼ੀਸਦੀ ਹਿੱਸਾ ਨਸ਼ੇੜੀ ਅਤੇ ਪਤਿਤ ਹੋ ਚੁੱਕਾ ਹੈ, ਪ੍ਰੰਤੂ ਇਸਦੇ ਬਾਵਜੂਦ ਸਿੱਖ ਜੁਆਨੀ, ਸਿੱਖੀ ਦੀ ਮੂਲ ਧਾਰਾ 'ਚ ਆਉਣ ਦਾ ਜਜ਼ਬਾ ਰੱਖਦੀ ਹੈ, ਉਨ੍ਹਾਂ ਦੇ ਅਚੇਤ ਮਨਾਂ 'ਚ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀ ਕੁਰਬਾਨੀ ਤੇ ਬਹਾਦਰੀ ਵਾਲੀ ਵੰਗਾਰ ਬੈਠੀ ਹੋਈ ਹੈ, ਇਹੋ ਕਾਰਨ ਹੈ ਕਿ ਨਗਰ ਕੀਰਤਨਾਂ, ਲੰਗਰਾਂ ਅਤੇ ਸਿੱਖ ਕੌਮ ਨੂੰ ਵਿਰੋਧੀ ਵੰਗਾਰਾਂ ਸਮੇਂ ਇਹ ਨਸ਼ੇੜੀ ਤੇ ਘੋਨ-ਮੋਨ ਜੁਆਨੀ, ਭਰਪੂਰ ਜਜ਼ਬੇ ਨਾਲ ਅੱਗੇ ਖੜ੍ਹੀ ਵਿਖਾਈ ਦਿੰਦੀ ਹੈ। ਪ੍ਰੰਤੂ ਇਹ ਜਜ਼ਬਾਤੀ ਉਛਾਲ ਕੌਮੀ ਪ੍ਰਵਾਨੇ ਪੈਦਾ ਕਰਨ ਦੇ ਸਮਰੱਥ ਨਹੀਂ ਹੁੰਦਾ। ਕੌਮ ਦੀ ਅਗਵਾਈ ਦੀ ਅਣਹੋਂਦ ਇਸ ਜਜ਼ਬੇ ਨੂੰ ਪਸਤ ਕਰ ਰਹੀ ਹੈ। ਸਿੱਖ ਪੰਥ ਨੂੰ ਦੋਹਰੀ ਮਾਰ ਪੈ ਰਹੀ ਹੈ, ਇਕ ਪਾਸੇ ਤਾਂ ਉਹ ਆਪਣੀ ਸਿਧਾਂਤਕ ਪਛਾਣ ਤੇ ਧਾਰਮਿਕ ਅਜ਼ਾਦੀ ਨੂੰ ਲੈ ਕੇ ਵਿਸ਼ਵ-ਵਿਆਪੀ ਚੁਣੌਤੀਆਂ, ਪੰਜਾਬ ਵਿੱਚ ਨਿੱਤ ਦਿਨ ਪੈਦਾ ਹੋ ਰਹੇ ਵਿਵਾਦਾਂ ਨੂੰ ਲੈ ਕੇ ਨਵੀਆਂ-ਨਵੀਆਂ ਦੁਬਿਧਾਵਾਂ ਦਾ ਸ਼ਿਕਾਰ ਹੈ, ਦੂਜੇ ਪਾਸੇ ਸਿੱਖੀ ਦੀ ਹੋਂਦ ਨੂੰ ਮਿਟਾਉਣ ਵਾਲੀਆਂ ਸ਼ਕਤੀਆਂ ਦੀਆਂ ਸ਼ੈਤਾਨ ਚਾਲਾਂ ਦੀ ਭੇਂਟ ਚੜ੍ਹ ਰਹੀ ਹੈ। ਪੰਜਾਬ ਦੀ ਵਰਤਮਾਨ ਪੀੜ੍ਹੀ ਦੀ ਦੁਰਗਤੀ ਦਾ ਮੂਲ ਕਾਰਨ ਬਾਣੀ ਤੇ ਬਾਣੇ ਨਾਲੋਂ ਟੁੱਟਣਾ ਹੈ, ਇਸ ਸਥਿਤੀ ਲਈ ਧਰਮ ਦਾ ਰਾਜਨੀਤੀ ਦੀ ਤਾਂਬਿਆ ਚਲੇ ਜਾਣਾ ਜੁੰਮੇਵਾਰ ਹੈ, ਅੱਜ ਦੇ ਧਾਰਮਿਕ ਤੇ ਸਿਆਸੀ ਨੌਜਵਾਨ ਸਿੱਖ ਆਗੂ, ਸਿੱਖੀ ਦੇ 'ਪਹਿਰੇਦਾਰ' ਦੀ ਥਾਂ ਇਸ ਨੂੰ ਵੇਚਣ ਵਾਲੇ ਵਪਾਰੀ ਬਣ ਗਏ ਹਨ, ਜਿਸ ਕਾਰਨ ਮੌਕਾ ਪ੍ਰਸਤ, ਸੁਆਰਥੀ, ਲੋਭੀ ਆਗੂਆਂ ਦੇ ਕਿਰਦਾਰ ਨੇ ਨਵੀਂ ਪੀੜ੍ਹੀ ਦਾ ਮੂੰਹ ਮੋੜ ਦਿੱਤਾ ਹੈ ਅਤੇ ਉਹ ਆਧੁਨਿਕ ਪ੍ਰਭਾਵਾਂ ਤੇ ਗਲੋਬਲ ਸੱਭਿਆਚਾਰਕ ਮਾਹੌਲ ਦੇ ਮਾੜੇ ਪ੍ਰਭਾਵਾਂ ਦਾ ਸ਼ਿਕਾਰ ਹੋ ਗਈ। ਜਦੋਂ ਤੱਕ ਸਿੱਖ ਜੁਆਨੀ 'ਚ ਵੱਖਰੇ ਸੱਭਿਆਚਾਰ ਤੇ ਸਿਆਸੀ ਹੋਂਦ ਦਾ ਅਹਿਸਾਸ ਪੈਦਾ ਨਹੀਂ ਹੁੰਦਾ, ਉਦੋਂ ਤੱਕ ਨਵੀਂ ਪੀੜ੍ਹੀ ਦੀ ਨਿਰਾਸ਼ਤਾ ਦਾ ਇਹੋ ਆਲਮ ਜਾਰੀ ਰਹੇਗਾ। ਧਾਰਮਿਕ ਤੇ ਵਿਦਿਅਕ ਸੰਸਥਾਵਾਂ ਵਿੱਚ ਧਰਮ ਅਧਾਰਿਤ ਨੈਤਿਕਤਾ ਦੀ ਸਿੱਖਿਆ ਪੂਰੀ ਤਰ੍ਹਾਂ ਮਨਫ਼ੀ ਹੋ ਗਈ। ਸਾਡੇ ਧਾਰਮਿਕ ਆਗੂ, ਕੁਰਾਹੇ ਪਈ ਪੀੜ੍ਹੀ ਨੂੰ ਧਰਮ ਦੇ ਕਲਾਵੇ 'ਚ ਲੈਣ ਦੀ ਥਾਂ, ਉਲਟਾ ਦੁਰਕਾਰ ਰਹੇ ਹਨ, ਜਿਸ ਕਾਰਨ ਉਹ ਹੋਰ ਤੇਜ਼ੀ ਨਾਲ ਸਿੱਖੀ ਤੋਂ ਦੂਰ ਹੋ ਰਹੀ ਹੈ। ਮਸਾਂ 10 ਕੁ ਫ਼ੀਸਦੀ ਸਿੱਖ ਨੌਜਵਾਨ ਸਿਧਾਂਤਕ ਪ੍ਰਪੱਕਤਾ ਅਤੇ ਸਿਆਸੀ ਚੇਤੰਨਤਾ ਰੱਖਦੇ ਹਨ, ਪ੍ਰੰਤੂ ਪਰਿਵਾਰਵਾਦ 'ਚ ਉਲਝੀ ਮੌਕਾ ਪ੍ਰਸਤ ਲੀਡਰਸ਼ਿਪ ਉਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦੇ ਰਹੀ। ਸਿੱਖ ਨੌਜਵਾਨਾਂ ਦੀਆਂ ਜਥੇਬੰਦੀਆਂ ਨੂੰ ਲੋਭ, ਲਾਲਚ 'ਚ ਫਸਾ ਕੇ,ਪਾਲਤੂ ਬਣਾ ਲਿਆ ਗਿਆ ਹੈ। ਸਾਨੂੰ ਵਰਤਮਾਨ ਸਿੱਖ ਜੁਆਨੀ ਦੇ ਇਸ ਨਿਘਾਰ ਤੇ ਨਿਰਾਸ਼ਤਾ ਨੂੰ ਸਮਝਣਾ ਹੋਵੇਗਾ ਅਤੇ ਉਸ ਸਾਜ਼ਿਸ਼ ਨੂੰ ਵਾਚਣਾ ਹੋਵੇਗਾ, ਜਿਸ ਅਧੀਨ ਸਿੱਖ ਜੁਆਨੀ ਨੂੰ ਨਸ਼ਾਖੋਰੀ, ਪਤਿਤਪੁਣਾ ਅਤੇ ਹੋਰ ਮਾੜੀਆਂ ਅਲਾਮਤਾਂ ਦੇ ਡੂੰਘੀ ਹਨ੍ਹੇਰੀ ਖੱਡ 'ਚ ਧੱਕਿਆ ਜਾ ਰਿਹਾ ਹੈ। ਸਿੱਖ ਕੌਮ ਦਾ ਭਵਿੱਖ ਜਿਹੜਾ ਅੱਜ ਧੁੰਦਲਾ ਤਾਂ ਹੋ ਚੁੱਕਾ ਹੈ, ਕੱਲ੍ਹ ਨੂੰ ਹਨ੍ਹੇਰਾ ਨਾ ਹੋ ਜਾਵੇ, ਉਸਦੀ ਰਾਖੀ ਕਰ ਸਕੀਏ। ਅੱਜ ਕੌਮ ਨੂੰ ਜਿੱਥੇ ਕਹਿਣੀ-ਕਰਨੀ ਦੇ ਸੂਰੇ, ਬਾਣੀ-ਬਾਣੇ 'ਚ ਪੂਰੇ, ਸਿੱਖੀ ਸਿਧਾਂਤਾਂ ਦੇ ਸੱਚੇ ਪਹਿਰੇਦਾਰ 'ਰੋਲ ਮਾਡਲ' ਦੀ ਬੇਹੱਦ ਲੋੜ ਹੈ, ਉਥੇ ਨੌਜਵਾਨ ਪੀੜ੍ਹੀ ਨੂੰ ਕੌਮੀ ਨਿਸ਼ਾਨਾ ਦੇ ਕੇ, ਉਸਦੀ ਪੂਰਤੀ ਲਈ ਜਾਗ ਲਾਉਣ ਦੀ ਲੋੜ ਹੈ। ਜਦੋਂ ਤੱਕ ਸਿੱਖ ਸਟੂਡੈਂਟਸ ਫੈਡਰੇਸ਼ਨ ਮੁੜ ਤੋਂ ਸੱਚੇ-ਸੁੱਚੇ ਕਿਰਦਾਰ ਵਾਲੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੇ ਸਹੀ ਵਾਰਿਸਾਂ ਦੀ ਅਗਵਾਈ ਵਿੱਚ ਨਹੀਂ ਆਉਂਦੀ ਉਦੋਂ ਤੱਕ ਫੈਡਰੇਸ਼ਨ ਸਿੱਖ ਜੁਆਨੀ 'ਚ ਪ੍ਰਭਾਵਹੀਣ ਰਹੇਗੀ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ-ਸ਼ੁਭਾ ਨਹੀਂ ਹੈ।
ਜਸਪਾਲ ਸਿੰਘ ਹੇਰਾਂ