ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭੰਗਾਣੀ ਦਾ ਯੁੱਧ


18 ਸਤੰਬਰ ਨੂੰ ਹੋਈ ਭੰਗਾਣੀ ਦੀ ਜੰਗ 'ਤੇ ਵਿਸ਼ੇਸ  

ਭੰਗਾਣੀ ਕਿਸੇ ਪਿੰਡ, ਕਸਬੇ ਜਾਂ ਸ਼ਹਿਰ ਦਾ ਨਾਂ ਨਹੀਂ ਸਗੋਂ ਇਕ ਛੋਟੀ ਜਿਹੀ ਵਾਦੀ ਦਾ ਨਾਂ ਹੈ ਜੋ ਪਾਉਂਟਾ ਸਾਹਿਬ ਤੋਂ ਲਗਭਗ ਛੇ ਮੀਲ ਦੂਰ ਦੋ ਪਹਾੜਾਂ ਦੇ ਵਿਚਕਾਰ ਫੈਲੀ ਹੋਈ ਹੈ। ਪਾਰਲੇ ਪਾਸੇ ਚੂੜ੍ਹਪੁਰ ਪਿੰਡ ਹੈ। ਉੱਥੇ ਹੀ ਪੱਤਣ ਹੈ, ਜਮੁਨਾ ਦੇ ਕਿਨਾਰੇ ਖੁਲ੍ਹਾ ਮੈਦਾਨ ਹੈ। ਫਿਰ ਕੁਝ ਚੜ੍ਹਾਈ ਹੈ ਤੇ ਚੜ੍ਹਾਈ ਤੋਂ ਪਿੱਛੋਂ ਖੁਲ੍ਹਾ ਮੈਦਾਨ ਦਿਸ ਪੈਂਦਾ ਹੈ। ਬਿਲਾਸਪੁਰ ਤੋਂ ਆਉਣ ਵਾਲੀ ਸੜਕ ਇਥੋਂ ਹੋ ਕੇ ਪਾਉਂਟਾ ਸਾਹਿਬ ਪਹੁੰਚਦੀ ਹੈ। ਗੁਰੂ ਸਾਹਿਬ ਦੇ ਸਮੇਂ ਇਹ ਕੱਚੀ ਸੜਕ ਵੀ ਨਹੀਂ ਸੀ, ਕੇਵਲ ਇਕ ਪਗਡੰਡੀ ਹੀ ਸੀ ਜਿੱਥੋਂ ਦੀ ਲੋਕ ਘੋੜਿਆਂ 'ਤੇ, ਪੈਦਲ ਜਾਂ ਪਾਲਕੀਆਂ ਦੁਆਰਾ ਸਫਰ ਕਰਦੇ ਹੁੰਦੇ ਸਨ। ਉਸ ਤੋਂ ਪਹਿਲਾਂ ਸ਼ਾਇਦ ਇਹ ਪਗਡੰਡੀ ਵੀ ਨਾ ਹੋਵੇ ਕਿਉਂਕਿ ਪਾਉਂਟਾ ਸਾਹਿਬ ਨਾਂ ਦਾ ਕੋਈ ਸ਼ਹਿਰ ਹੀ ਨਹੀਂ ਸੀ।
'ਬਾਈ ਧਾਰ' ਉਸ ਪਹਾੜੀ ਇਲਾਕੇ ਦਾ ਨਾਂ ਹੈ ਜਿਹੜਾ ਜੰਮੂ ਤੋਂ ਗੜਵਾਲ ਤਾਈਂ ਝਨਾਂ ਨਦੀ ਤੋਂ ਗੰਗਾ ਨਦੀ ਤੱਕ ਫੈਲਾਇਆ ਹੋਇਆ ਹੈ ਅਤੇ ਜਿਹੜਾ ਉਸ ਵੇਲੇ ਬਾਈ ਰਿਆਸਤਾਂ ਵਿਚ ਵੰਡਿਆ ਹੋਇਆ ਸੀ। ਇਹਨਾਂ ਰਿਆਸਤਾਂ ਦੇ ਸਾਰੇ ਰਾਜੇ ਸਨਾਤਨ ਧਰਮੀ ਹਿੰਦੂ ਸਨ। ਜਿਹਨਾਂ ਹਿੰਦੂਆਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਦਿੱਤਾ ਸੀ, ਉਹਨਾਂ ਦੇ ਆਪਣੇ ਹੀ ਬਣਾਏ ਪ੍ਰਤੀਨਿਧ ਹਿੰਦੂ ਰਾਜੇ ਗੁਰੂ ਸਾਹਿਬ ਨਾਲ ਮੁਗ਼ਲ ਸਲਤਨਤ ਖ਼ਤਮ ਕਰਨ ਲਈ ਸਹਿਯੋਗ ਦੇਣ ਤੋਂ ਮੁਨਕਰ ਹੋ ਗਏ। ਇਹੀ ਨਹੀਂ ਬਲਕਿ ਉਹਨਾਂ ਨੇ ਗੁਰੂ ਸਾਹਿਬ ਦੀ ਵਧ ਰਹੀ ਸ਼ਕਤੀ ਨੂੰ ਰੋਕਣ ਲਈ ਉਪਰਾਲੇ ਸੋਚਣੇ ਸ਼ੁਰੂ ਕਰ ਦਿੱਤੇ।
ਗੁਰੂ ਸਾਹਿਬਾਨ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਬੁਲਾਵੇ 'ਤੇ ਉਸਦੇ ਰਾਜ ਵਿਚ ਆਏ ਸਨ। ਉਹਨਾਂ ਨੇ ਰਾਜਾ ਨਾਹਨ ਤੋਂ ਕਿਆਰ ਦੂਨ ਵਿਚ ਜ਼ਮੀਨ ਲੈ ਕੇ ਸੰਮਤ 1742 (ਸੰਨ 1685) ਵਿਚ ਜਮੁਨਾ ਦੇ ਕਿਨਾਰੇ ਇਕ ਕਿਲ੍ਹਾ ਬਣਾਇਆ ਜਿਸਦਾ ਨਾਮ ਪਾਂਵਟਾ ਰੱਖਿਆ। ਭੰਗਾਣੀ ਦਾ ਜੰਗ ਇਸ ਕਿਲ੍ਹੇ ਵਿਚ ਰਹਿਣ ਵੈਲੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਦੇ ਵਿਚਾਰਾਂ ਤੋਂ ਭਲੀ ਪ੍ਰਕਾਰ ਜਾਣੂ ਸਨ ਪਰ ਇਸਦੇ ਬਾਵਜੂਦ ਉਹਨਾਂ ਦੀ ਇੱਛਾ ਸੀ ਕਿ ਉਹਨਾਂ ਨਾਲ ਜੰਗ ਨਾ ਕੀਤਾ ਜਾਏ। ਉਹਨਾਂ ਦਾ ਵਿਚਾਰ ਸੀ ਕਿ ਨਿੱਕੇ ਨਿੱਕੇ ਮਸਲਿਆਂ 'ਤੇ ਪਹਾੜੀ ਰਾਜਿਆਂ ਨਾਲ ਜੇਕਰ ਲੋਹਾ ਖੜਕਣ ਲੱਗ ਪਿਆ ਤਾਂ ਕੁਝ ਸਮੇਂ ਲਈ ਅਸਲ ਨਿਸ਼ਾਨਾ ਅੱਖਾਂ ਤੋਂ ਓਹਲੇ ਹੋ ਜਾਏਗਾ। ਗੁਰੂ ਜੀ ਦਾ ਨਿਸ਼ਾਨਾ ਅੱਤਿਆਚਾਰੀ ਔਰੰਗਜ਼ੇਬੀ ਸ਼ਹਿਨਸ਼ਾਹੀਅਤ ਨੂੰ ਨਸ਼ਟ ਕਰਕੇ ਭਾਰਤ ਵਿਚ ਧਰਮ ਤੇ ਦੱਬੇ-ਕੁਚਲੇ ਲੋਕਾਂ ਦੀ ਰੱਖਿਆ ਕਰਨੀ ਸੀ।
ਗੁਰੂ ਦਰਬਾਰ ਨਾ ਤਾਂ ਕਦੇ ਕਿਸੇ 'ਤੇ ਹਮਲਾਵਰ ਹੋਇਆ ਹੈ ਤੇ ਨਾ ਹੀ ਕਿਸੇ ਧਰਮ ਵਿਸ਼ੇਸ਼ ਦੇ ਹੱਕ ਜਾਂ ਵਿਰੋਧ 'ਚ ਲੜਿਆ ਹੈ। ਗੁਰੂ-ਘਰ ਦੀ ਜੰਗ ਭਾਵੇਂ ਵਿਚਾਰਧਾਰਾ ਦੀ ਜੰਗ ਰਹੀ ਹੋਵੇ ਜਾਂ ਸ਼ਸਤਰਾਂ ਦੀ ਉਹ ਜੰਗ ਸਦਾ ਜ਼ੁਲਮ-ਧੱਕੇ ਪਾਖੰਡ ਦੇ ਵਿਰੁੱਧ ਅਤੇ ਦਲਿਤਾਂ, ਕੁਚਲਿਆਂ, ਮਜ਼ਲੂਮਾਂ ਦੇ ਹੱਕਾਂ 'ਚ ਹੀ ਸੀ। ਕੁਝ ਅਫਗਾਨ ਕਾਲੇ ਖਾਂ, ਨਜਾਬਤ ਖਾਂ, ਹਯਾਤ ਖਾਂ ਤੇ ਭੀਖਨ ਖਾਂ ਔਰੰਗਜ਼ੇਬ ਦੀ ਨਰਾਜ਼ਗੀ ਕਾਰਨ ਕਿਸੇ ਨਵਾਬ ਪਾਸ ਪਨਾਹ ਲੈਣ ਦਾ ਯਤਨ ਕਰ ਰਹੇ ਸਨ ਪਰ ਉਨ੍ਹਾਂ ਨੂੰ ਪਨਾਹ ਦੇਣ ਦਾ ਕੋਈ ਹੀਆ ਨਹੀਂ ਸੀ ਕਰ ਰਿਹਾ। ਸੱਯਦ ਬੁੱਧੂ ਸ਼ਾਹ ਦੀ ਸਿਫਾਰਸ਼ ਨਾਲ ਗੁਰੂ ਜੀ ਨੇ ਇਨ੍ਹਾਂ ਨੂੰ ਆਪਣੇ ਪਾਸ ਰੱਖ ਲਿਆ। ਇਹ ਬੜੀ ਹੀ ਦਲੇਰੀ ਤੇ ਹੌਸਲੇ ਦਾ ਕੰਮ ਸੀ ਜੋ ਗੁਰੂ ਜੀ ਵਰਗਾ ਦਿਲ ਗੁਰਦੇ ਵਾਲਾ ਸੂਰਮਾ ਹੀ ਕਰ ਸਕਦਾ ਸੀ। ਭਾਵੇਂ ਇਨ੍ਹਾਂ 500 ਵਿਚੋਂ 400 ਪਠਾਣ ਬਾਅਦ ਵਿਚ ਮੌਕੇ 'ਤੇ ਪਿੱਠ ਦਿਖਾ ਕੇ ਵੈਰੀ ਨਾਲ ਮਿਲ ਗਏ ਸਨ।
ਅਨੰਦਪੁਰ ਸਾਹਿਬ ਕਹਿਲੂਰ ਦੀ ਰਿਆਸਤ ਵਿਚ ਪੈਂਦਾ ਸੀ, ਜਿਸਦਾ ਰਾਜਾ ਭੀਮ ਚੰਦ ਸੀ। ਉਹ ਲੜਾਈ ਦਾ ਮੁੱਢ ਸੀ। ਅਸਲ ਵਿਚ ਉਸ ਨੂੰ ਗੁਰੂ ਸਾਹਿਬ ਵਲੋਂ 'ਰਣਜੀਤ ਨਗਾਰਾ' ਵਜਾਉਣਾ ਆਪਣੇ ਹੇਠੀ ਲਗਦੀ ਸੀ। ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਉਸਦੇ ਪ੍ਰਭਾਵ ਹੇਠਾਂ ਰਹਿਣ। ਉਸ ਨੇ ਬਹਾਨੇ ਲੱਭਣੇ ਸ਼ੁਰੂ ਕਰ ਦਿੱਤੇ। ਬਹਾਨਿਆਂ ਦਾ ਵੀ ਕੋਈ ਅੰਤ ਹੋਇਆ ਕਰਦਾ? ਉਸਨੂੰ ਗੁਰੂ ਸਾਹਿਬ ਦੇ ਦਰਬਾਰ ਦੀ ਸ਼ਾਨ ਤੋਂ ਬਹੁਤ ਡਰ ਭਾਸਿਆ। ਅਜਿਹੀ ਸ਼ਾਨ ਜੋ ਭੀਮ ਚੰਦ ਵਰਗੇ ਰਾਜੇ ਤਾਂ ਸੁਪਨੇ ਵਿਚ ਵੀ ਨਹੀਂ ਸਨ ਸੋਚ ਸਕਦੇ। ਵੈਸੇ 'ਰਣਜੀਤ ਨਗਾਰੇ' ਦੀ ਆਵਾਜ਼ ਨੇ ਕਈ ਪਹਾੜੀ ਰਾਜਿਆਂ ਦੇ ਮਨਾਂ ਵਿਚ ਈਰਖਾ ਪੈਦਾ ਕਰ ਦਿੱਤੀ। ਕਲਗੀਧਰ ਪਿਤਾ ਜੀ ਸਾਮੰਤਸ਼ਾਹੀ, ਪੂੰਜੀਦਾਰੀ ਤੇ ਜਗੀਰਦਾਰੀ ਦੇ ਵਿਰੋਧੀ ਸਨ। ਰਾਜੇ ਹਉਮੈ ਦੇ ਮਾਰੇ ਗਰੀਬਾਂ ਦਾ ਤ੍ਰਿਸਕਾਰ ਕਰਦੇ ਸਨ। ਗੁਰੂ ਜੀ ਇਕ ਸੰਗਤ ਤੇ ਪੰਗਤ ਨੂੰ ਸਾਂਝੀਵਾਲਤਾ ਲਈ ਜ਼ਰੂਰੀ ਸਮਝਦੇ ਸਨ ਪਰ ਰਾਜੇ ਇਕ ਸੰਗਤ ਤੇ ਪੰਗਤ ਵਿਚ ਬੈਠਣਾ ਵਡੱਪਣ ਦਾ ਨਿਰਾਦਰ ਸਮਝਦੇ ਸਨ। ਸਦੀਆਂ ਦੀ ਗੁਲਾਮੀ ਨੇ ਉਹਨਾਂ ਨੂੰ ਅਣਖਹੀਨ ਬਣਾ ਦਿੱਤਾ ਸੀ। ਪਹਾੜੀ ਰਾਜੇ ਦਿੱਲੀ ਤੋਂ ਭੈ-ਭੀਤ ਸਨ ਤੇ ਭਰਮਾਂ ਤੇ ਬੇਅਰਥ ਸੰਸਕਾਰਾਂ ਨਾਲ ਬੱਧੇ ਹੋਏ ਸਨ।
ਕਲਗੀਧਰ ਜੀ ਦਾ ਨਿੱਤ ਵਧ ਰਿਹਾ ਤੇਜ-ਪ੍ਰਤਾਪ ਅਤੇ ਫੌਜੀ ਠਾਠ-ਬਾਠ ਵੇਖ ਕੇ ਪਹਾੜੀ ਰਾਜਿਆਂ ਦੇ ਦਿਲ ਈਰਖਾ ਤੇ ਡਰ ਨਾਲ ਭਰ ਗਏ। ਅਸਲ ਵਿਚ ਇਹ ਲੋਕ ਆਪਣੀਆਂ ਗੱਦੀਆਂ ਤੇ ਪਦਵੀਆਂ ਦੀ ਖਾਤਰ ਮੁਗ਼ਲ ਹਕੂਮਤ ਦੇ ਪਿੱਠੂ ਬਣੇ ਹੋਏ ਸਨ। ਨਾਲੇ ਉਹ ਜਾਤ-ਪਾਤ ਦੇ ਊਚ- ਨੀਚ ਦੇ ਬੰਨ੍ਹਣਾਂ ਵਿਚ ਫਸੇ ਹੋਏ ਸਨ। ਗੁਰੂ ਜੀ ਦੀ ਚਹੁੰਆਂ ਵਰਗਾਂ ਨੂੰ ਇਕਮਿਕ ਕਰਨ ਦੀ ਮੁਹਿੰਮ ਨੂੰ ਆਪਣੇ ਹਿੰਦੂ ਧਰਮ ਲਈ ਹਾਨੀਕਾਰਕ ਸਮਝਦੇ ਸਨ। ਇਸ ਲਈ ਗੁਰੂ ਜੀ ਨੂੰ ਹਿੰਦੂ ਧਰਮ ਦਾ ਵੈਰੀ ਸਮਝੀ ਬੈਠੇ ਸਨ। ਉਹ ਵਾਧੂ ਬਹਾਨਾ ਲੱਭ ਕੇ ਛੇੜਛਾੜ ਕਰਦੇ ਰਹਿੰਦੇ, ਜਿਸ ਦੇ ਸਿੱਟਿਆਂ ਵਜੋਂ ਭੰਗਾਣੀ ਦਾ ਯੁੱਧ ਹੋਇਆ।
ਗੁਰੂ ਜੀ ਦੇ ਪਾਉਂਟਾ ਸਾਹਿਬ ਰਹਿਣ ਨਾਲ ਗੜਵਾਲ ਦੇ ਰਾਜੇ ਫ਼ਤਹਿ ਸ਼ਾਹ ਅਤੇ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਵਿਚ ਦੋਸਤੀ ਹੋ ਗਈ। ਦੋਵੇਂ ਰਾਜੇ ਅਕਸਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਪਾਉਂਟਾ ਸਾਹਿਬ ਆਉਣ ਲੱਗ ਪਏ। ਇਹ ਮੇਲ ਭੀਮ ਚੰਦ ਰਾਜੇ ਦੇ ਅੰਦਰ ਕਬਾਬ ਦੀ ਹੱਡੀ ਵਾਂਗ ਚੁੱਭ ਰਿਹਾ ਸੀ। ਉਸਨੂੰ ਇਸ ਕਾਰਨ ਕਈ-ਕਈ ਰਾਤਾਂ ਨੀਂਦ ਨਹੀਂ ਸੀ ਆ ਰਹੀ। ਉਹ ਹਰ ਵੇਲੇ ਇਸ ਮੇਲ ਨੂੰ ਖਤਮ ਕਰਨ ਦੀਆਂ ਗੋਂਦਾਂ ਗੁੰਦਣ ਲੱਗਿਆ। ਇਸ ਦੌਰਾਨ ਰਾਜਾ ਭੀਮ ਚੰਦ ਦੇ ਲੜਕੇ ਦੀ ਮੰਗਣੀ ਰਾਜਾ ਫ਼ਤਹਿ ਸ਼ਾਹ ਦੀ ਲੜਕੀ ਨਾਲ ਹੋ ਗਈ। ਹੁਣ ਰਾਜੇ ਭੀਮ ਚੰਦ ਨੇ ਨਵੀਂ ਚਾਲ ਚੱਲੀ। ਉਸਨੇ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ¸
''ਮੇਰੇ ਪੁੱਤਰ ਦੀ ਬਰਾਤ ਬਿਲਾਸਪੁਰ ਤੋਂ ਸਿਰੀ ਨਗਰ (ਗੜ੍ਹਵਾਲ) ਜਾਣੀ ਹੈ ਜੋ ਪਾਉਂਟੇ ਕੋਲੋਂ ਲੰਘੇਗੀ। ਬਰਾਤ ਬਹੁਤੀ ਹੋਵੇਗੀ ਉਸ ਨਾਲ ਫੌਜ ਵੀ ਹੋਵੇਗੀ। ਅਜਿਹੇ ਹਾਲਾਤ ਵਿਚ ਹੋ ਸਕਦਾ ਹੈ ਕਿ ਸਾਡੇ ਬਰਾਤੀ ਜਾਂ ਫੌਜੀ ਬੇਕਾਬੂ ਹੋ ਕੇ ਤੁਹਾਡੇ ਡੇਰੇ ਨੂੰ ਲੁੱਟ ਲੈਣ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਬਰਾਤ ਅਤੇ ਫੌਜ ਦੇ ਰਸਤੇ ਵਿਚੋਂ ਹਟਣ ਦਾ ਯਤਨ ਕਰੋ। ਜੇਕਰ ਤੁਸੀਂ ਇਸ ਸਲਾਹ 'ਤੇ ਅਮਲ ਨਾ ਕੀਤਾ ਤਾਂ ਨਿਕਲੇ ਸਿੱਟਿਆਂ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਹੋਵੇਗੀ।'' ਗੁਰੂ ਜੀ ਨੇ ਇਸ ਗੱਲ ਨੂੰ ਸਮਝ ਕੇ ਉੱਤਰ ਦਿੱਤਾ¸''ਤੁਹਾਡੀ ਫੌਜ ਨੂੰ ਇਸ ਰਸਤੇ ਤੋਂ ਲੰਘਣ ਦੀ ਆਗਿਆ ਮੈਂ ਦੇਵਾਂਗਾ ਨਹੀਂ, ਪਰ ਤੁਹਾਡੇ ਪੁੱਤਰ ਦੀ ਬਰਾਤ ਨੂੰ ਵੀ ਰੋਕਾਂਗਾ ਨਹੀਂ। ਜੇਕਰ ਤੁਹਾਡੇ ਮੁਤਾਬਕ ਬਰਾਤ ਦੇ ਨਾਲ ਫੌਜ ਦਾ ਜਾਣਾ ਜ਼ਰੂਰੀ ਹੋਵੇ ਤਾਂ ਕਿਸੇ ਹੋਰ ਰਸਤੇ ਤੋਂ ਚਲੇ ਜਾਓ।''
ਉੱਤਰ ਸੁਣ ਕੇ ਰਾਜਾ ਭੀਮ ਚੰਦ ਪਾਗਲਾਂ ਵਾਂਗ ਝੁੰਝਲਾ ਉਠਿਆ। ਉਹ ਬੇ-ਕਾਬੂ ਹੋ ਗਿਆ। ਹੁਣ ਉਸਨੇ ਰਾਜਾ ਫ਼ਤਹਿ ਸ਼ਾਹ ਦਾ ਸਹਾਰਾ ਲੈਣਾ ਚਾਹਿਆ। ਸਿਰੀ ਨਗਰ ਦੇ ਰਾਜੇ ਫ਼ਤਹਿ ਸ਼ਾਹ ਨੇ ਗੁਰੂ ਜੀ ਨੂੰ ਵਿਆਹ ਵਿਚ ਬੁਲਾਇਆ। ਗੁਰੂ ਜੀ ਆਪ ਤਾਂ ਨਾ ਗਏ ਪ੍ਰੰਤੂ ਉਹਨਾਂ ਨੇ ਦੀਵਾਨ ਨੰਦ ਚੰਦ ਨੂੰ ਕੀਮਤੀ ਤੋਹਫੇ ਦੇ ਕੇ ਭੇਜ ਦਿੱਤਾ। ਉਸ ਨੂੰ ਆਪਣੇ ਬਚਾਉ ਲਈ ਸਾਵਧਾਨ ਰਹਿਣ ਲਈ ਵੀ ਕਹਿ ਦਿੱਤਾ। ਸ਼ਾਦੀ ਤੋਂ ਪਹਿਲਾਂ ਇਕ ਭਰੀ ਸਭਾ ਵਿਚ ਤੋਹਫਿਆਂ ਦਾ ਐਲਾਨ ਕੀਤਾ ਗਿਆ। ਗੁਰੂ ਜੀ ਵਲੋਂ ਭੇਜੇ ਹੋਏ ਤੋਹਫ਼ੇ ਬਾਕੀ ਸਾਰੇ ਰਾਜਿਆਂ ਦੇ ਤੋਹਫ਼ਿਆਂ ਨਾਲੋਂ ਵਧੇਰੇ ਕੀਮਤੀ ਸਨ। ਇਸ ਗੱਲ 'ਤੇ ਭੀਮ ਚੰਦ ਤੜਫ ਉਠਿਆ। ਉਸਨੇ ਭਰੀ ਸਭਾ ਵਿਚ ਗੁਰੂ ਸਾਹਿਬ ਵਲੋਂ ਭੇਜੇ ਤੋਹਫੇ ਅਪ੍ਰਵਾਨ ਕਰਵਾ ਦਿੱਤੇ। ਇਹ ਵੀ ਫੈਸਲਾ ਕੀਤਾ ਗਿਆ ਕਿ ਸਾਰੇ ਰਾਜੇ ਇਕੱਠੇ ਹੋ ਕੇ ਗੁਰੂ ਸਾਹਿਬ 'ਤੇ ਹਮਲਾ ਕਰਕੇ ਉਹਨਾਂ ਦੀ ਸ਼ਕਤੀ ਮਿਟਾ ਦੇਣ। ਰਾਜਾ ਭੀਮ ਚੰਦ ਨੇ ਇਹ ਵੀ ਫੈਸਲਾ ਕਰਵਾ ਲਿਆ ਕਿ ਗੁਰੂ ਸਾਹਿਬ ਵਲੋਂ ਭੇਜੇ ਪ੍ਰਤੀਨਿਧੀ ਨੂੰ ਸਾਥੀਆਂ ਸਮੇਤ ਕਤਲ ਕਰ ਦਿੱਤਾ ਜਾਵੇ। ਦੀਵਾਨ ਨੰਦ ਚੰਦ ਦੇ ਕੰਨੀ ਇਹ ਖ਼ਬਰ ਪਈ। ਉਹ ਪਹਿਲਾਂ ਹੀ ਤੋਹਫਿਆਂ ਨੂੰ ਲੈ ਕੇ ਸਾਵਧਾਨ ਹੋ ਕੇ ਸਮੇਤ ਸਾਥੀਆਂ ਦੇ ਸਿਰੀ ਨਗਰ ਤੋਂ ਨਿਕਲ ਗਿਆ ਸੀ। ਰਸਤੇ ਵਿਚ ਪੱਤਣ 'ਤੇ ਭੀਮ ਚੰਦ ਦੇ ਆਦਮੀਆਂ ਨੇ ਰੋਕਣ ਦਾ ਯਤਨ ਕੀਤਾ ਤਾਂ ਉਹਨਾਂ ਨੂੰ ਪਾਰ ਬੁਲਾ ਦਿੱਤਾ।
ਭੀਮ ਚੰਦ ਦੇ ਪੁੱਤਰ ਦੀ ਸ਼ਾਦੀ ਹੋ ਗਈ। ਗੱਭਰੂ ਤੇ ਵਹੁਟੀ ਬਿਲਾਸਪੁਰ ਭੇਜ ਦਿੱਤੇ ਗਏ। ਬਾਕੀ ਸਾਰੇ ਰਾਜੇ ਆਪਣੀਆਂ ਫੌਜਾਂ ਲੈ ਕੇ ਪਾਉਂਟਾ ਸਾਹਿਬ ਵੱਲ ਗੁਰੂ ਸਾਹਿਬ 'ਤੇ ਹਮਲਾ ਕਰਨ ਲਈ ਤੁਰ ਪਏ। ਜਿਹਨਾਂ ਰਾਜਿਆਂ ਨੇ ਇਸ ਜੰਗ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ, ਉਹ ਸਨ ਕਹਿਲੂਰ ਦਾ ਰਾਜਾ ਭੀਮ ਚੰਦ, ਗੜ੍ਹਵਾਲ ਦਾ ਰਾਜਾ ਫ਼ਤਹਿ ਸ਼ਾਹ, ਕਾਂਗੜੇ ਦਾ ਰਾਜਾ ਕ੍ਰਿਪਾਲ ਚੰਦ, ਮੰਡੀ ਦਾ ਰਾਜਾ ਬੀਰ ਸੈਨ, ਜਸਵਾਲ ਦਾ ਰਾਜਾ ਕੇਸਰੀ ਚੰਦ, ਕਾਠਗੜ੍ਹ ਦਾ ਰਾਜਾ ਦਿਆਲ ਚੰਦ, ਹਿੰਡੌਰ ਦਾ ਰਾਜਾ ਹਰੀ ਚੰਦ, ਭੰਬੋਰ ਦਾ ਰਾਜਾ ਕਰਮ ਚੰਦ ਅਤੇ ਸ਼ਿਮਲੇ ਦਾ ਰਾਜਾ ਲੱਛੂ ਚੰਦ ਆਦਿ। ਕਿਉਂਕਿ ਭੰਗਾਣੀ ਦੀ ਜੰਗ ਨਾਹਨ ਰਿਆਸਤ ਵਿਚ ਹੋਈ ਇਸ ਲਈ ਰਾਜਾ ਮੇਦਨੀ ਪ੍ਰਕਾਸ਼ ਨੇ ਉਸਨੂੰ ਰੋਕਣ ਦਾ ਜਾਂ ਗੁਰੂ ਮਹਾਰਾਜ ਨੂੰ ਸਹਾਇਤਾ ਦੇਣ ਦਾ ਕੋਈ ਯਤਨ ਨਹੀਂ ਕੀਤਾ।
ਭੰਗਾਣੀ ਦੀ ਜੰਗ 18 ਸਤੰਬਰ 1688 ਨੂੰ ਹੋਈ। ਇਹ ਜੰਗ ਗੁਰੂ ਗੋਬਿੰਦ ਸਿੰਘ ਜੀ ਵਲੋਂ ਲੜੀਆਂ ਚੌਦਾਂ ਜੰਗਾਂ ਵਿਚੋਂ ਪਹਿਲੀ ਜੰਗ ਸੀ। ਇਸ ਜੰਗ ਵਿਚ ਰਾਜਾ ਮੇਦਨੀ ਪ੍ਰਕਾਸ਼ ਨਾਹਨ (ਸਿਰਮੌਰ) ਕਿਸੇ ਕਾਰਨ ਕੋਈ ਹਿੱਸਾ ਨਾ ਲੈ ਸਕਿਆ। ਇਸ ਕਰਕੇ ਉਸਨੇ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋ ਕੇ ਮੁਆਫੀ ਮੰਗੀ। ਉਸਨੇ ਬਾਕੀ ਰਾਜਿਆਂ ਨਾਲ ਵੀ ਇਸ ਯੁੱਧ ਵਿਚ ਭਾਗ ਨਹੀਂ ਲਿਆ। ਗੁਰੂ ਸਾਹਿਬ ਦੀ ਆਯੂ ਉਸ ਸਮੇਂ 20 ਸਾਲ ਤੋਂ ਵੀ ਘੱਟ ਸੀ। ਜਗਤ ਵਿਚ ਇਤਨੀ ਛੋਟੀ ਆਯੂ ਵਿਚ ਕੋਈ ਵੀ ਕਮਾਂਡਰ-ਇਨ-ਚੀਫ਼ ਨਹੀਂ ਬਣਿਆ।
500 ਪਠਾਣਾਂ ਵਿਚੋਂ 400 ਪਠਾਣ ਗੁਰੂ ਜੀ ਦਾ ਸਾਥ ਛੱਡ ਕੇ ਵੈਰੀ ਦਲ ਵਿਚ ਜਾ ਮਿਲੇ। ਕੇਵਲ ਕਾਲੇ ਖ਼ਾਨ ਅਤੇ ਉਸ ਦੇ 100 ਸਾਥੀ ਹੀ ਗੁਰੂ ਜੀ ਨਾਲ ਰਹੇ। ਇਸ ਤੋਂ ਸਿਵਾ 500 ਉਦਾਸੀ ਸਾਧ ਵੀ ਜੰਗ ਦੇ ਆਸਾਰ ਵੇਖ ਕੇ ਉਥੋਂ ਪੱਤਰਾ ਵਾਚ ਗਏ। ਵੇਖਿਆ ਜਾਵੇ ਤਾਂ ਇਸ ਦਾ ਛੋਟੀ ਜਿਹੀ ਸਿੱਖ ਸੈਨਾ 'ਤੇ ਬਹੁਤ ਦਿਲ-ਢਾਹੂ ਪ੍ਰਭਾਵ ਪੈਣਾ ਚਾਹੀਦਾ ਸੀ। ਲਗਭਗ ਇਕ ਹਜ਼ਾਰ ਸੈਨਿਕਾਂ ਦਾ ਘਾਟਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ, ਪਰ ਗੁਰੂ ਜੀ ਦਾ ਆਪਣਾ ਅਝੁਕ ਮਨ ਉਤਸ਼ਾਹ ਵਿਚ ਸੀ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਵਾਲੀ ਅਗਵਾਈ ਕਾਰਨ ਸਾਰੇ ਸਿੱਖ ਸੈਨਿਕ ਵੀ ਪੂਰਨ ਉਤਸ਼ਾਹ ਵਿਚ ਰਹੇ।
ਛਿਨਾਂ ਵਿਚ ਪੀਰ ਬੁੱਧੂ ਸ਼ਾਹ ਦੇ ਸੱਤ ਸੌ ਜਵਾਨਾਂ ਨੇ ਆ ਕੇ ਰਾਜਿਆਂ ਦੀਆਂ ਫੌਜਾਂ ਵਿਚ ਭੜਥੂ ਪਾ ਦਿੱਤਾ। ਪਹਾੜੀਏ ਗਾਜਰ ਮੂਲੀਆਂ ਵਾਂਗ ਕੁਤਰੇ ਜਾਣ ਲੱਗੇ। ਜਿੱਤ ਦੀ ਆਸ ਦਿਲ ਵਿਚ ਹੀ ਰਹੀ। ਮਹੰਤ ਕ੍ਰਿਪਾਲ ਦਾਸ ਆਪਣੇ ਕੁਤਕੇ ਨਾਲ ਜਾਨ ਤੋੜ ਲੜਿਆ ਤੇ ਹੋਰਨਾਂ ਤੋਂ ਛੁੱਟ ਉਸਨੇ ਭਗੌੜੇ ਪਠਾਣ ਜਰਨੈਲ ਹਯਾਤ ਖ਼ਾਨ ਨੂੰ ਚਿੱਤ ਕਰ ਦਿੱਤਾ। ਲਾਲ ਚੰਦ ਨਾਮੀ ਹਲਵਾਈ ਨੇ, ਜਿਸ ਨੇ ਪਹਿਲਾਂ ਕਦੀ ਵੀਰਤਾ ਨਹੀਂ ਸੀ ਦਿਖਾਈ, ਤਲਵਾਰ ਨਾਲ ਵੈਰੀਆਂ ਦੇ ਆਹੂ ਲਾਹ ਘੱਤੇ। ਰਾਜਾ ਹਰੀ ਚੰਦ ਵੀ ਇੱਥੇ ਮਾਰਿਆ ਗਿਆ। ਬੀਬੀ ਵੀਰੋ ਦੇ ਦੋ ਪੁੱਤਰ ਸੰਗੋ ਸ਼ਾਹ ਤੇ ਜੀਤ ਮੱਲ ਵੀ ਸ਼ਹੀਦੀ ਪ੍ਰਾਪਤ ਕਰ ਗਏ। ਬਨਾਰਸ ਦੇ ਇਕ ਸਿੱਖ ਰਾਮ ਸਿੰਘ ਨੇ ਗੁਰੂ ਸਾਹਿਬ ਨੂੰ ਇਕ ਲੱਕੜ ਦੀ ਤੋਪ ਭੇਟਾ ਕੀਤੀ, ਜਿਸਨੇ ਯੁੱਧ ਵਿਚ ਬੜਾ ਲਾਭ ਦਿੱਤਾ। ਵੈਰੀ ਦੀ ਫੌਜ ਆਪਣਾ ਭਾਰੀ ਨੁਕਸਾਨ ਕਰਵਾ ਕੇ ਭੱਜ ਉੱਠੀ। ਪੀਰ ਬੁੱਧੂ ਸ਼ਾਹ ਦਾ ਪਿਤਾ ਸੱਯਦ ਗ਼ੁਲਾਮ ਸ਼ਾਹ ਤੇ ਦੋ ਪੁੱਤਰ ਸੱਯਦ ਅਸ਼ਰਫ ਅਤੇ ਸੱਯਦ ਮੁਹੰਮਦ ਸ਼ਾਹ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੀ ਹੱਥੀਂ ਦਫਨ ਕੀਤਾ। ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਬਤ ਕਰ ਦਿੱਤਾ ਕਿ ''ਧਰਮ'' ਨਾ ਧੱਕੇ ਅਤੇ ਨਾ ਕਮਜ਼ੋਰੀ ਦਾ ਨਾਮ ਹੈ। ਧਾਰਮਿਕ ਸ਼ਕਤੀ ਸਦਾ ਅਥਾਹ ਹੁੰਦੀ ਹੈ ਜੇਕਰ ਧਰਮੀ ਮਨੁੱਖ ਆਪਣਾ ਜੀਵਨ ਧਰਮ ਅਨੁਸਾਰ ਢਾਲੇ। ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਨ ਹੇਠ ਸਾਧਾਰਨ ਲੋਕ ਇਸ ਪਹਾੜੀ ਇਲਾਕੇ ਵਿਚ ਪਰੰਪਰਾਈ ਰਾਜਪੂਤਾਂ ਦੀ ਸਿਧਾਈ ਤੇ ਸਿਖਾਈ ਫੌਜ ਨਾਲ ਭਿੜੇ। ਸਾਧਾਰਨ ਕੁਤਕਿਆਂ ਨੇ ਤਲਵਾਰਾਂ ਦੇ ਮੂੰਹ ਤੋੜ ਦਿੱਤੇ ਅਤੇ ਖੱਬੀ ਖ਼ਾਨ ਰਾਜਪੂਤ ਮੈਦਾਨ ਵਿਚ ਢੇਰੀ ਹੋਏ।

ਮਨਜੀਤ ਸਿੰਘ ਪਸਰੀਚਾ