ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੁਖਮਨੀ ਸਾਹਿਬ ਵਿਚ ਸੁਖ ਦਾ ਸੰਕਲਪ


'ਸੁਖਮਨੀ ਸਾਹਿਬ' ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਇਹ ਬਾਣੀ ਰਾਗ ਗਉੜੀ ਵਿਚ ੨੪ ਅਸਟਪਦੀਆਂ ਅਤੇ ੨੪ ਸਲੋਕਾਂ ਵਿਚ ਰਚੀ ਗਈ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹੈ। ਮਨੁੱਖੀ ਜ਼ਿੰਦਗੀ ਦਾ ਮੁੱਢਲਾ ਕਰਤੱਵ ਸੰਸਾਰ ਵਿਚ ਰਹਿ ਕੇ ਆਪਣੇ ਮਨ ਦਾ ਸੁਖ ਤੇ ਸ਼ਾਂਤੀ ਪ੍ਰਾਪਤ ਕਰਨਾ ਹੁੰਦਾ ਹੈ। ਇਹ ਬਾਣੀ ਇਸ ਕਰਮ ਵਿਚ ਮਨੁੱਖ ਦੀ ਸਹਾਇਤਾ ਕਰਦੀ ਹੈ। ਸੁਖਮਨੀ ਸਾਹਿਬ ਦੇ ਪ੍ਰਥਮ ਸਲੋਕ, ਤੋਂ ਪਹਿਲਾਂ ਸੰਖੇਪ ਮੂਲ ਮੰਤਰ 'ੴ ਸਤਿਗੁਰ ਪ੍ਰਸਾਦਿ' ਦਰਜ ਹੈ। ਹਰ ਅਸਟਪਦੀ ਤੋਂ ਪਹਿਲਾਂ 'ਸਲੋਕ' ਦਰਜ ਹੈ ਜੋ ਗੁਰਬਾਣੀ ਦੀ ਨਿਯਮਬੱਧ ਤਰਤੀਬ ਦੀ ਪਹੁੰਚ ਨੂੰ ਦਰਸਾਉਂਦੀ ਹੈ। ਇਸ ਸਲੋਕ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਬ੍ਰਹਿਮੰਡ ਦੇ ਕਰਤਾ ਦਾ ਧੰਨਵਾਦ ਕਰਦੇ ਹਨ:
ਆਦਿ ਗੁਰਏ ਨਮਹ£ ਜੁਗਾਦਿ ਗੁਰਏ ਨਮਹ£
ਸਤਿਗੁਰਏ ਨਮਹ£ ਸ੍ਰੀ ਗੁਰਦੇਵਏ ਨਮਹ£ (ਪੰਨਾ ੨੬੨)
ਮਨੁੱਖ ਨੂੰ ਇਹ ਜੀਵਨ ਸਫਲ ਬਣਾਉਣ ਲਈ ਨਾਮ ਸਿਮਰਨ ਜ਼ਰੂਰੀ ਹੈ। ਇਹ ਰੁਚੀ ਚੇਤਨਾ-ਸੰਪੰਨ ਜੀਵਾਂ ਅੰਦਰ ਸਰਬ-ਵਿਆਪੀ ਤੇ ਸਦੀਵੀ ਹੈ। ਮਨੁੱਖ ਆਦਿਜੁਗਾਦ ਤੋਂ ਹੀ ਸੁਖ ਦੀ ਖੋਜ ਲਈ ਵਡਮੁੱਲੇ ਯਤਨ ਕਰਦਾ ਆ ਰਿਹਾ ਹੈ।
ਗੁਰਬਾਣੀ ਵਿਚ ਦੋ ਪ੍ਰਕਾਰ ਦੇ ਸੁਖਾਂ ਦਾ ਜ਼ਿਕਰ ਹੈ। ਇਕ ਮਾਇਆ 'ਚੋਂ ਉਪਜੇ ਛਿਣ-ਭੰਗਰ ਸੁਖ ਹਨ। ਇਹ ਤ੍ਰਿਸ਼ਨਾ ਨੂੰ ਵਧਾਉਂਦੇ ਹਨ ਜਿਨ੍ਹਾਂ ਨੂੰ ਮਨੂੰਖ ਸਵੀਕਾਰਦਾ ਹੈ। ਦੂਜੇ ਪ੍ਰਕਾਰ ਦਾ ਸੁਖ ਮਨ ਦੀ ਸਹਿਜ ਅਵਸਥਾ ਹੈ। ਇਹ ਸੁਖ ਸਦੀਵੀ ਹੈ। ਜੋ ਮਨ ਦੀ ਤ੍ਰਿਸ਼ਨਾ ਬੁਝਾ ਕੇ ਮਨ ਨੂੰ ਤ੍ਰਿਪਤ ਕਰਦਾ ਹੈ। ਗੁਰਬਾਣੀ ਦਾ ਮੰਤਵ ਮਨੁੱਖ ਨੂੰ ਗੁਰਮੁਖ ਬਣਾ ਕੇ ਸਹਿਜ ਅਵਸਥਾ ਦਾ ਸੁਖ ਪ੍ਰਾਪਤ ਕਰਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸੇ ਰੂਪ-ਰੇਖਾ ਨੂੰ ਆਧਾਰ ਬਣਾ ਕੇ ਬਾਕੀ ਗੁਰੂ ਸਾਹਿਬਾਨ ਨੇ ਦੁੱਖ-ਸੁੱਖ ਬਾਰੇ ਆਪਣੇ ਅਨੁਭਵ ਪ੍ਰਗਟਾਏ। ਸੁਖਮਨੀ ਸ਼ਬਦ ਪਹਿਲੀ ਅਸਟਪਦੀ ਦੇ ਦੂਜੇ ਪਦ ਦੇ ਸ਼ੁਰੂ ਵਿਚ 'ਰਹਾਉ' ਦਾ ਅਰਥ ਹੈ, 'ਠਹਿਰ ਜਾਓ' ਭਾਵ 'ਰਹਾਉ' ਦੀਆਂ ਤੁਕਾਂ ਤੇ 'ਅਟਕ ਜਾਓ' ਇਨ੍ਹਾਂ ਵਿਚ ਹੀ ਸਾਰੇ ਸ਼ਬਦ ਦਾ ਸਾਰ ਹੈ। ਸੁਖਮਨੀ ਸ਼ਬਦ 'ਸੁਖਮਨੀ ਸਾਹਿਬ' ਵਿਚ ਚਾਰ ਥਾਵਾਂ 'ਤੇ ਆਇਆ ਹੈ।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ£
ਭਗਤ ਜਨਾ ਕੈ ਮਨਿ ਬਿਸ੍ਰਾਮ£ ਰਹਾਉ£ (ਪੰਨਾ ੨੬੨)
ਅਕਾਲ ਪੁਰਖ ਦੀ ਸਿਫਤ-ਸਲਾਹ ਸਭ ਤੋਂ ਉੱਤਮ ਵਿੱਦਿਆ ਹੈ। ਸਾਰੀ ਸੁਖਮਨੀ ਸਾਹਿਬ ਦਾ ਦੋ-ਹਰਫਾ 'ਸੁਖ-ਭਾਵ' 'ਰਹਾਉ' ਵਿਚ ਹੈ ਅਤੇ ਸਾਰੀਆਂ ੨੪ ਅਸਟਪਦੀਆਂ ਇਸ 'ਮੁੱਖ-ਭਾਵ' ਦੀ ਵਿਆਖਿਆ ਹੈ। ਸੋ ਪ੍ਰਭੂ ਦਾ ਨਾਮ ਸਭ ਸੁਖਾਂ ਦਾ ਮੂਲ ਹੈ।
ਮਨੁੱਖੀ-ਹੋਂਦ ਕੁਦਰਤ ਦੀ ਖੂਬਸੂਰਤ ਸਿਰਜਨਾ ਹੈ। ਮਨ ਅਤਿਅੰਤ ਚੰਚਲ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਇਸ ਬਾਣੀ ਵਿਚ ਮਨ ਦੀ ਅਵਸਥਾ ਬਾਰੇ ਫੁਰਮਾਨ ਕਰਦੇ ਹਨ ਕਿ ਮਨੁੱਖ ਇਸ ਸੰਸਾਰ ਵਿਚ ਰਹਿ ਕੇ ਅਕਾਲ ਪੁਰਖ ਦੀ ਰਜ਼ਾ ਅਤੇ ਨਿਮਰਤਾ ਵਿਚ ਰਹਿ ਕੇ ਹੰਕਾਰ ਨਹੀਂ ਕਰਦਾ। ਪਰਉਪਕਾਰੀ ਜ਼ਿੰਦਗੀ ਜਿਉਂਣਾ ਇਕ ਸੁਖੀ ਜੀਵਨ ਦਾ ਰਾਜ ਹੈ :
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ£
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ£
(ਪੰਨਾ ੨੭੮)
ਜੀਵ ਪ੍ਰਭੂ ਦਾ ਭੇਜਿਆ ਹੋਇਆ ਇਸ ਸੰਸਾਰ ਵਿਚ ਆਉਂਦਾ ਹੈ। ਹਰ ਇਨਸਾਨ ਸ਼ਾਂਤੀ ਦੀ ਭਾਲ ਵਿਚ ਤੁਰਿਆ ਫਿਰਦਾ ਹੈ। ਇੰਦਰੀਆਂ ਦਾ ਸੁਖ ਥੋੜ੍ਹਚਿਰਾ ਹੈ ਜੋ ਛੇਤੀ ਹੀ ਦੁੱਖ ਵਿਚ ਬਦਲ ਜਾਂਦਾ ਹੈ। ਵਾਹਿਗੁਰੂ ਦਾ ਪ੍ਰੇਮ ਸੁਖਾਂ ਦਾ ਖ਼ਜ਼ਾਨਾ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ :
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ£
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ£ (ਪੰਨਾ ੨੬੩)
ਗੁਰਬਾਣੀ ਵਿਚ ਇਸ ਵਿਚਰਦੇ-ਜਗਤ ਨੂੰ ਮਹੱਤਵਪੂਰਨ ਸਮਝਿਆ ਗਿਆ ਹੈ ਜਿਸ ਨੂੰ ਇਹ ਜਗ ਸੱਚੇ ਕੀ ਕੋਠੜੀ ਕਿਹਾ ਗਿਆ ਹੈ ਅਤੇ ਮਨੁੱਖਾ ਜਨਮ ਨਿਰਮੋਲਕਹੀਰਾ ਹੈ। ਚੇਤਨਾ-ਵਿਹੂਣ ਆਤਮਾ ਨਾਲੋਂ ਮਨ ਦੀ ਕਦਰ ਜ਼ਿਆਦਾ ਹੈ। ਮਨ ਦੀ ਸਹਿਜ ਅਵਸਥਾ ਨੂੰ ਟੀਚਾ ਬਣਾਇਆ ਗਿਆ ਹੈ। ਇਹੋ ਸਹਿਜ-ਅਵਸਥਾ ਦਾ ਸੁਖ ਸੁਖਮਨੀ ਸਾਹਿਬ ਦਾ ਵਿਸ਼ਾ ਹੈ। ਪਰਮੇਸ਼ਰ ਹਰ ਔਖੀ ਘੜੀ ਵਿਚ ਮਾਨਵ ਦੀ ਸੁਰੱਖਿਆ ਤੇ ਸਰਪ੍ਰਸਤੀ ਕਰਦਾ ਹੈ। ਪਰਮੇਸ਼ਰ ਬਖ਼ਸ਼ਿਸ਼ਾਂ ਦਾ ਦਾਤਾ ਹੈ :
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ£ (ਪੰਨਾ ੨੬੩)
ਸੁਖਮਨੀ ਸਾਹਿਬ ਤੋਂ ਪ੍ਰਾਪਤ ਸੁਖ ਅਸੀਮਤ ਹੈ। ਇਸ ਵਿਚ ਮਨ ਦਾ ਸੁਖ ਹੀ ਨਹੀਂ ਸਗੋਂ ਤਨ ਦਾ ਸੁਖ ਵੀ ਹੈ :
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ£
ਕਲਿ ਕਲੇਸ ਤਨ ਮਾਹਿ ਮਿਟਾਵਉ£ (ਪੰਨਾ ੨੬੨)
ਜੀਵ ਦੀ ਰਚਨਾਂ ਪੰਜ ਤੱਤਾਂ ਭਾਵ ਅੱਗ, ਹਵਾ, ਪਾਣੀ, ਧਰਤੀ ਤੇ ਆਕਾਸ਼ ਦਾ ਮਿਸ਼ਰਨ ਹੈ। ਇਹ ਬ੍ਰਹਿਮੰਡ ਪਰਮੇਸ਼ਰ ਦੀ ਰਚਨਾ ਹੈ। ਸਹਿਜ ਅਵਸਥਾ ਪੂਰਨ ਚੇਤਨਾ, ਜਾਗ੍ਰਿਤੀ ਦੀ ਅਵਸਥਾ ਹੈ।
ਬ੍ਰਹਮ ਗਿਆਨੀ ਸਦਾ ਸਦ ਜਾਗਤ£ (ਪੰਨਾ ੨੭੩)
ਪਰਮੇਸ਼ਰ ਦਾ ਨਾਮ ਧਿਆਉਣ ਵਾਲੇ ਮਨੁੱਖ ਹੀ ਇਸ ਯਾਤਰਾ ਵਿਚ ਸਫਲ ਹੁੰਦੇ ਹਨ। ਸਮੁੱਚਾ ਜਗਤ ਹੀ ਅਜਿਹੇ ਪਰਮ-ਪੁਰਖ ਦੀ ਅਗਵਾਈ ਪ੍ਰਵਾਨ ਕਰਦਾ ਹੈ। ਅਸਲ ਵਿਚ ਵਾਹਿਗੁਰੂ ਸਭ ਕੁਝ ਆਪ ਹੀ ਆਪ ਹੈ। ਸਾਰੀ ਸਮਗਰੀ ਉਸ ਦਾ ਜਿਸਮ ਹੈ। ਸਾਰੀਆਂ ਅੱਖਾਂ ਵਿਚ ਉਹ ਆਪ ਵੇਖਦਾ ਹੈ। ਸੱਚਮੁਚ ਉਹ ਕਰਨ ਕਾਰਨ ਹੈ। ਉਹ ਨਿਰਗੁਣ ਵੀ ਹੈ ਅਤੇ ਸਰਗੁਣ ਵੀ ਹੈ। ਜਿਸ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਜਾਗ ਪੈਂਦੀ ਹੈ, ਉਸ ਦਾ ਮਨ ਸ਼ੁੱਧਤਾ ਨਾਲ ਭਰਪੂਰ ਹੋ ਜਾਂਦਾ ਹੈ :
ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ£
ਮਨ ਤਨ ਅੰਤਰਿ ਇਹੀ ਸੁਆਉ£  (ਪੰਨਾ ੨੯੦)
ਵਾਹਿਗੁਰੂ ਅਨੰਤ ਹੈ। ਮਨੁੱਖ ਉਸ ਅਨੰਤ ਦਾ ਇਕ ਅੰਸ਼ ਹੈ। ਮਨੁੱਖ ਵਾਹਿਗੁਰੂ ਨੂੰ ਸਮਰਪਣ ਹੋ ਕੇ ਉਸ ਦੀ ਦ੍ਰਿਸ਼ਟੀ ਦਾ ਪਾਤਰ ਹੋ ਸਕਦਾ ਹੈ। ਉਸ ਸਥਿਤੀ ਵਿਚ ਵਾਹਿਗੁਰੂ ਦੇ ਨਾਮ ਦੀ ਧਾਰਾ ਉਸ ਦੇ ਹਿਰਦੇ ਵਿਚ ਵਹਿ ਤੁਰਦੀ ਹੈ। ਸਿਮਰਨ ਰਾਹੀਂ ਗਿਆਨ ਚੋਂ ਉਪਜਿਆ ਸੁਖ ਮਿਲਦਾ ਹੈ। ਉਹ ਹੀ ਮਨੁੱਖ ਬ੍ਰਹਮ ਗਿਆਨੀ ਹੈ, ਜੋ ਫੁੱਲਾਂ ਦੇ ਬਾਗ ਦੀ ਖੁਸ਼ਬੋ ਲੈਂਦਾ ਹੈ ਪਰ ਪਰਮੇਸ਼ਰ ਦੀ ਰਜ਼ਾ ਵਿਚ ਰਹਿੰਦਾ ਹੋਇਆ ਮਨ ਇਕਮਿਕ ਕਰ ਕੇ ਸੁਖ ਪ੍ਰਾਪਤ ਕਰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿਮਰਨ ਨੂੰ ਮੋਕਸ਼ ਦੀ ਦਾਤ ਕਹਿੰਦਿਆਂ ਸਪਸ਼ਟ ਕੀਤਾ ਹੈ ਕਿ ਸਫਲ ਸੰਸਾਰੀ ਜੀਵਨ ਜਿਉਂਣ ਲਈ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਇਸ ਨਾਲ ਤ੍ਰਿਸ਼ਨਾ ਬੁਝ ਜਾਂਦੀ ਹੈ।
ਪੰਜਵੇਂ ਪਾਤਸ਼ਾਹ ਨੇ ਗੁਰਮੁਖ ਨੂੰ 'ਬ੍ਰਹਮ-ਗਿਆਨੀ' ਦਾ ਆਦਰਸ਼ਕ ਚਿੱਤਰ ਦੇ ਕੇ ਸਾਰੇ ਮਨੁੱਖਾਂ ਲਈ ਨਿਸ਼ਚਿਤ ਲਕਸ਼ ਪੇਸ਼ ਕੀਤਾ। ਸੁਖਮਨੀ ਸਾਹਿਬ ਦੀ ਅਠਵੀਂ ਅਸਟਪਦੀ ਵਿਚ ਇਸ ਸੰਕਲਪ ਨੂੰ ਬਿਆਨਿਆ ਗਿਆ ਹੈ। ਇਹ ਮਾਡਲ ਮਾਇਆ ਦੀ ਅਸਥਿਰਤਾ ਨੂੰ ਪਹਿਚਾਣ ਲੈਂਦਾ ਹੈ ਅਤੇ ਸਮਝ ਜਾਂਦਾ ਹੈ ਕਿ ਇਹ ਰੱਬੀ ਹੁਕਮ ਅੰਦਰ ਹੈ। ਜਦੋਂ ਚਾਹੇ ਵਾਪਸ ਲੈ ਸਕਦਾ ਹੈ। ਉਹ ਮਾਇਆ ਵਿਚ ਲਿਪਤ ਨਹੀਂ ਹੁੰਦਾ :
ਬ੍ਰਹਮ ਗਿਆਨੀ ਸਦਾ ਨਿਰਲੇਪ£
ਜੈਸੇ ਜਲ ਮਹਿ ਕਮਲ ਅਲੇਪ£. . .
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ£
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ£  (ਪੰਨਾ ੨੭੨)
ਬ੍ਰਹਮ ਗਿਆਨੀ ਇਸ ਅਨੰਤ ਬ੍ਰਹਿਮੰਡ ਦੇ ਹਰ ਅਣੂ ਵਿਚ ਇੱਕੋ ਬ੍ਰਹਮ ਨੂੰ ਪਸਰਿਆ ਵੇਖਦਾ ਹੈ। ਉਹ ਵਿਸ਼ਾਲ ਸ੍ਰਿਸ਼ਟੀ ਨਾਲ ਇਕਮਿਕ ਹੋ ਕੇ ਰਹਿੰਦਾ ਹੈ। ਉਹ ਮਾਇਆ ਤੋਂ ਉੱਪਰ ਉੱਠ ਕੇ ਪਰਮ ਅਨੰਦ ਮਾਣਦਾ ਹੈ।
ਸਿਮਰਨ ਜ਼ਿੰਦਗੀ ਹੈ। ਸਿਮਰਨ ਬੰਦਗੀ ਹੈ। ਇਹ ਪਵਿੱਤਰ ਬਾਣੀ ਸੁਖਮਨੀ ਸਾਹਿਬ ਦੀਆਂ ਬਰਕਤਾਂ ਨਾਲ ਸੰਪੰਨ ਹੈ :
ਪ੍ਰਭ ਕਉ ਸਿਮਰਹਿ ਸੇ ਧਨਵੰਤੇ£. . .
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ£
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ£  (ਪੰਨਾ ੨੬੩)
ਸਿਮਰਨ ਦਾ ਸਭ ਤੋਂ ਵੱਡਾ ਗੁਣ ਹੈ ਅਡੋਲਤਾ। ਕਿਸੇ ਵੀ ਸਥਿਤੀ ਵਿਚ ਉਹ ਖ਼ਤਰੇ ਤੋਂ ਘਬਰਉਂਦਾ ਨਹੀਂ, ਨਿੰਦਿਆ ਵਿਚ ਸ਼ਾਂਤ ਰਹਿੰਦਾ ਹੈ। ਇਹ ਮਾਨਵਵਾਦੀ ਲਕਸ਼ ਹੈ। ਉਹ ਮੰਦੀ ਭਾਵਨਾ ਦਿਲ ਵਿਚ ਨਹੀਂ ਪਾਲਦਾ। ਮਾਨ ਤੇ ਸ਼ਾਨ ਨਾਲ ਜੀਵਨ ਜਿਉਂਦਾ ਹੈ। ਇਸ ਲਈ ਬਾਣੀ ਵਿਚ ਮਨੁੱਖ ਦੀਆਂ ਵਿਹਾਰਕ ਲੋੜਾਂ ਤੇ ਉਨ੍ਹਾਂ ਦੀ ਸਹਿਜ ਪ੍ਰਾਪਤੀ, ਪਦਾਰਥਕ ਸੁਖਾਂ ਵਿਚ ਗ੍ਰਸਤ ਜੀਵ ਗੁਰੂ ਦੀ ਲੋੜ, ਗੁਰੂ ਦੀ ਮਹੱਤਤਾ ਤੇ ਉਸ ਦੀ ਕਿਰਪਾ ਨਾਲ ਪ੍ਰਾਪਤ ਹੋਏ ਆਨੰਦ ਦੀ ਪ੍ਰਾਪਤੀ ਦੇ ਨਾਲ-ਨਾਲ ਨਾਮ ਦੀ ਅਹਿਮੀਅਤ ਦਾ ਵਰਣਨ ਵੀ ਹੈ :
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ£
ਦੇਹੀ ਮਹਿ ਇਸ ਕਾ ਬਿਸ੍ਰਾਮੁ£  (ਪੰਨਾ ੨੯੩)
ਪਰਮੇਸ਼ਰ ਨੂੰ ਭੁੱਲਿਆ ਮਨੂੰਖ ਹੈ ਜੋ ਆਪਣੇ ਆਪ ਨੂੰ ਵੱਖਰੀ ਹਸਤੀ ਸਮਝਦਾ ਹੈ। ਜੋ ਇਹ ਨਹੀਂ ਜਾਣਦਾ ਕਿ ਸਭ ਜੀਵਾਂ ਵਿਚ ਇੱਕੋ ਪਰਮਾਤਮਾ ਵੱਸਿਆ ਹੈ, ਜਿਹੜਾ ਉਸ ਪਰਮਾਤਮਾ ਦੀ ਲੋਕਾਈ ਨਾਲ ਪਿਆਰ ਨਹੀਂ ਕਰਦਾ, ਉਸ ਨੂੰ ਦੁਨੀਆ ਦੇ ਦੁੱਖ ਭੋਗਣੇ ਪੈਂਦੇ ਹਨ।
ਸੁਖਮਨੀ ਸਾਹਿਬ ਦਾ ਆਦਰਸ਼ਕ ਮਨੁੱਖ, ਹੁਕਮ ਅਧੀਨ ਚਲਦਾ ਹੈ। ਮਨ ਨੂੰ ਇਕ ਰੂਪ ਕਰ ਕੇ ਹਰ ਘਟਨਾ ਨੂੰ ਉਸ ਰੱਬ ਦਾ ਮਿੱਠਾ ਭਾਣਾ ਮੰਨ ਕੇ ਪਰਮ ਅਨੰਦ ਪਾ ਲੈਂਦਾ ਹੈ। ਇਕ ਆਦਰਸ਼ਕ ਮਨੁੱਖ ਗਿਆਨ, ਕਰਮ ਤੇ ਭਗਤੀ ਦਾ ਸੁਮੇਲ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਗਿਆਨੀ ਦੀ ਪਦਵੀ ਦਾ ਅਹਿਸਾਸ ਕਰਵਾਇਆ ਹੈ।
            ਸੰਖੇਪ ਰੂਪ ਵਿਚ ਸੰਸਾਰਿਕ ਦੁੱਖਾਂ ਵਿਚ ਵੱਸਿਆ ਮਨੁੱਖ, ਗੁਰੂ ਦੀ ਸ਼ਰਨ ਆ ਕੇ, ਗੁਰਮੁਖਾਂ ਦੀ ਸੰਗਤ ਵਿਚ ਆ ਕੇ, ਨਾਮ ਸਿਮਰ ਕੇ, ਲੋਭ, ਮੋਹ ਅਤੇ ਹੰਕਾਰ ਦਾ ਨਾਸ਼ ਕਰ ਕੇ, ਪਰਉਪਕਾਰੀ ਸਮਦਰਸ਼ੀ ਹਰ ਮਾਨਵ ਦੀ ਨਿਧੀ ਬਣ ਮਨ ਦੇ ਸੁਖ ਤੇ ਸਕੂਨ ਦੀ ਪ੍ਰਾਪਤੀ ਹੈ ਜੋ ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਾਹਕਾਰ ਸੁਖਮਨੀ ਸਾਹਿਬ, ਆ ਰਹੀਆਂ ਪੀੜੀਆਂ ਲਈ ਸਦੀਵੀ ਸੰਦੇਸ਼ ਹੈ। ਇਸ ਜੁਗ ਵਿਚ ਵਿਚਰਦਾ ਮਨੁੱਖ ਸੁਖ ਮਾਣਦਾ ਹੋਇਆ ਵੀ ਸੁਖਮਈ ਜੀਵਨ ਬਤੀਤ ਕਰ ਸਕਦਾ ਹੈ। ਇਸ ਜੀਵਨ ਸ਼ੈਲੀ ਵਿਚ ਹੀ ਮਨੁੱਖੀ ਲੋਕਾਈ ਦਾ ਭਲਾ ਹੈ।
ਡਾ. ਕੀਰਤ ਸਿੰਘ ਇਨਕਲਾਬੀ