ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਦੋਂ ਸੁਚੇਤ ਹੋਣਗੇ ਔਝੜੇ ਰਾਹੀਂ ਪਏ ਪੰਜਾਬੀ?


1947 ਤੋਂ ਪਿੱਛੋਂ 1984, ਅਤੇ ਬਾਅਦ ਵਿਚ ਦਸ-ਪੰਦਰਾਂ ਸਾਲ ਦਾ ਭਿਆਨਕ ਦੌਰ ਪੰਜਾਬੀਆਂ ਦੇ ਜ਼ਿਹਨ ਵਿਚੋਂ ਕਦੇ ਵੀ ਨਹੀਂ ਨਿਕਲ ਸਕੇਗਾ। ਕਿਵੇਂ ਨੌਜਵਾਨ ਮੁੰਡਿਆਂ ਹੱਥ ਏ.ਕੇ. ਸੰਤਾਲੀ ਫੜਾ ਕੇ ਭਾਈਆਂ ਹੱਥੋਂ ਭਾਈਆਂ ਦਾ ਕਤਲ ਕਰਵਾਇਆ ਗਿਆ ਸੀ। ਇਹ ਜ਼ਖ਼ਮ ਹਾਲੇ ਵੀ ਰਿਸ ਰਹੇ ਹਨ। ਹੁਣ ਇਨ੍ਹਾਂ ਜ਼ਖ਼ਮਾਂ 'ਤੇ ਲੂਣ ਪਾਉਣ ਲਈ ਬੜੀਆਂ ਹੀ ਸੋਚੀਆਂ-ਸਮਝੀਆਂ ਚਾਲਾਂ ਤਹਿਤ ਪੰਜਾਬ ਦੇ ਗੱਭਰੂਆਂ ਨੂੰ ਨਸ਼ਿਆਂ ਦੀ ਐਸੀ ਦਲਦਲ ਵਿਚ ਧੱਕਿਆ ਜਾ ਰਿਹਾ ਹੈ ਜਿਸ ਵਿਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਲੱਗ ਰਿਹਾ ਹੈ।
ਨੌਜਵਾਨ ਮੁੰਡੇ-ਕੁੜੀਆਂ ਨੂੰ ਨਸ਼ੇ ਸਪਲਾਈ ਕਰਨ ਦਾ ਧੰਦਾ ਹਰ ਪਿੰਡ, ਹਰ ਸ਼ਹਿਰ 'ਚ ਬਿਨਾਂ ਕਿਸੇ ਰੋਕ-ਟੋਕ ਤੋਂ ਨਿਰੰਤਰ ਚੱਲ ਰਿਹਾ ਹੈ। ਕਿਸੇ ਨਾ ਕਿਸੇ ਰਾਜਸੀ ਨੇਤਾ ਦੀ ਸ਼ਰਨ ਲੈ ਕੇ ਨਸ਼ੇ ਦੇ ਸੌਦਾਗਰ ਪੰਜਾਬ ਦਾ ਸਰਮਾਇਆ ਲੁੱਟ ਰਹੇ ਹਨ। ਉਹ ਪੰਜਾਬੀ ਜਿਨ੍ਹਾਂ ਦੇ ਸਾਹਮਣੇ ਅਟਕ ਜਿਹੇ ਦਰਿਆ ਰੁਕ ਜਾਂਦੇ ਸਨ, ਕਾਬਲ ਕੰਧਾਰ ਦੇ ਸਾਹ ਸੁੱਕ ਜਾਂਦੇ ਸਨ ਜਿਹੜੇ ਪੰਜਾਬੀ ਕਿਸੇ ਧੀ-ਭੈਣ ਦੀ ਇੱਜ਼ਤ ਨੂੰ ਬਚਾਉਣ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਦਿੰਦੇ ਸਨ ਅੱਜ ਨਿਗੁਰੇ ਅਤੇ ਬੁਜ਼ਦਿਲ ਬਣ ਕੇ ਸਿਰਫ਼ ਆਪਣੇ ਨਸ਼ੇ ਦੀ ਪੂਰਤੀ ਲਈ ਤਤਪਰ ਹਨ।
ਪੰਜਾਬ ਵਿਚ ਪਨਪ ਰਿਹਾ ਡੇਰਾਵਾਦ, ਪੰਜਾਬੀਆਂ ਵਿਚ ਭਰਾ ਮਾਰੂ ਜੰਗ ਕਰਵਾਉਣ 'ਤੇ ਉਤਾਵਲਾ ਹੋਇਆ ਪਿਆ ਹੈ। ਪਿੰਡਾਂ ਵਿਚ ਬਣੇ ਵੱਖ-ਵੱਖ ਧੜੇ, ਇਕ-ਦੂਜੇ ਵੱਲ ਕੈਰੀ ਅੱਖ ਨਾਲ ਵੇਖਦੇ ਹਨ। 'ਜਦੋਂ ਸਾਡਾ ਰਾਜ ਆਊ ਥੋਨੂੰ ਵੇਖਾਂਗੇ' ਵਰਗੇ ਸ਼ਬਦਾਂ ਨਾਲ ਸੰਬੋਧਤ ਹੋ ਕੇ ਆਪਣੇ ਸਕਿਆਂ ਦੇ ਟੋਟੇ-ਟੋਟੇ ਕਰਨ 'ਤੇ ਉਤਰੇ ਹੋਏ ਹਨ। ਹਾਕਮ ਲੋਕ ਵੀ ਇਹ ਚਾਹੁੰਦੇ ਹਨ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਲੜਾ ਕੇ ਰੱਖਿਆ ਜਾਵੇ। ਜੇਕਰ ਇਹ ਇਕ ਹੋ ਗਏ ਤਾਂ ਹਾਕਮ ਜਮਾਤ ਨੂੰ ਕੌਣ ਪੁੱਛੇਗਾ। ਪਰ ਭੋਲੇ ਲੋਕ ਇਸ ਗੱਲ ਤੋਂ ਅਣਜਾਣ, ਆਪਣਿਆਂ ਨੂੰ ਹੀ ਮਾਰ ਮੁਕਾਉਣ 'ਤੇ ਤੁਲੇ ਹੋਏ ਹਨ।
ਪੰਜਾਬੀ ਲੋਕ ਜਿਨ੍ਹਾਂ ਦੇ ਜੁੱਸੇ ਦੀ ਚਰਚਾ ਦੇਸ਼ਾਂ-ਵਿਦੇਸ਼ਾਂ ਵਿਚ ਹੁੰਦੀ ਸੀ। ਪੰਜਾਬਣ ਮੁਟਿਆਰ ਜਿਸ ਦੇ ਸਾਹਮਣੇ ਪੁੰਨਿਆਂ ਦਾ ਚੰਨ ਵੀ ਫਿੱਕਾ ਲੱਗਦਾ ਸੀ। ਸਰੂ ਵਰਗੇ ਕੱਦ, ਮੂੰਗਲਿਆਂ ਵਰਗੇ ਡੌਲੇ ਅੱਜ ਭਾਲਿਆਂ ਨਹੀਂ ਲੱਭਦੇ। ਫੌਜ ਦੀ ਭਰਤੀ ਵੇਲੇ ਕਈ ਜਵਾਨਾਂ ਦੀ ਛਾਤੀ ਘੱਟ ਜਾਂਦੀ ਹੈ, ਕਈਆਂ ਦੇ ਕੱਦ। ਇਸ ਦਾ ਸਿੱਧਾ ਕਾਰਨ, ਪੰਜਾਬੀਆਂ ਦੀ ਖੁਰਾਕ ਵਿਚ ਵਧ ਰਿਹਾ ਬਨਾਉਟੀਪਣ ਹੈ। ਖਾਲਸ ਘਿਓ, ਖਾਲਸ ਦੁੱਧ ਹੁਣ ਕਿਸ ਘਰ ਵਿਚੋਂ ਮਿਲਦਾ ਹੈ? ਹਰੀਆਂ ਸਬਜ਼ੀਆਂ, ਸਿਰਫ਼ ਨਾਂਅ ਦੀਆਂ ਹੀ ਹਰੀਆਂ ਰਹਿ ਗਈਆਂ ਹਨ। ਟੀਕੇ ਲਾ ਕੇ ਤਿਆਰ ਕੀਤਾ ਦੁੱਧ ਜਾਂ ਜ਼ਹਿਰਾਂ-ਸਪਰੇਆਂ ਛਿੜਕ ਕੇ ਤਿਆਰ ਕੀਤੀਆਂ ਸਬਜ਼ੀਆਂ ਜਾਂ ਹੋਰ ਵਸਤਾਂ ਖਾ-ਪੀ ਕੇ ਕਿਸ ਤਰ੍ਹਾਂ ਦੇ ਬਹਾਦਰ ਬਣ ਸਕਦੇ ਹਾਂ। ਇਹ ਇਕ ਕੁਦਰਤੀ ਸੱਚ ਹੈ ਕਿ ਜਿਸ ਫ਼ਸਲ ਵਿਚ ਬੀਜ ਪੈਦਾ ਕਰਨ ਦੀ ਸਮਰੱਥਾ ਹੀ ਨਹੀਂ, ਉਹ ਖਾ ਕੇ ਜਾਂ ਪੀ ਕੇ ਅਸੀਂ ਬੀਜ ਰਹਿਤ ਹੋ ਜਾਵਾਂਗੇ, ਭਾਵ ਸਾਨੂੰ ਨਿਪੁੰਸਕ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਬੀ.ਟੀ. ਫਸਲਾਂ ਦੀ ਖੇਤੀ ਜਿਥੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ, ਉਥੇ ਸਾਡਾ ਬੀਜ ਨਾਸ਼ ਵੀ ਕਰਦੀ ਹੈ। ਸੋ ਪਿਆਰੇ ਪੰਜਾਬੀਓ, ਖੇਤਾਂ ਵਿਚ ਫਸਲਾਂ ਉਗਾਉਣ ਲੱਗੇ ਇਸ ਗੱਲ ਦਾ ਧਿਆਨ ਜ਼ਰੂਰ ਕਰ ਲਓ ਕਿ ਜਿਹੜੀ ਫਸਲ ਉਗਾਉਣ ਲੱਗੇ ਹੋ, ਉਸ ਨੂੰ ਵਰਤ ਕੇ ਤੁਹਾਡੀ ਆਉਣ ਵਾਲੀ ਪੀੜ੍ਹੀ ਜੀਵਤ ਰਹਿ ਸਕੇਗੀ? ਇਹ ਵੀ ਸਭ ਸੋਚੀ-ਸਮਝੀ ਚਾਲ ਤਹਿਤ ਹੋ ਰਿਹਾ ਹੈ। ਦੁੱਧ ਚੋਣ ਵੇਲੇ ਪਸ਼ੂਆਂ ਦੇ ਲੱਗਣ ਵਾਲੇ ਟੀਕੇ 'ਤੇ ਕਾਗਜ਼ਾਂ ਵਿਚ ਪਾਬੰਦੀ ਲੱਗੀ ਹੋਈ ਹੈ, ਜ਼ਹਿਰਾਂ ਸਪਰੇਆਂ ਕਰਕੇ ਬਾਜ਼ਾਰ ਵਿਚ ਵੇਚੀ ਜਾ ਰਹੀ ਸਬਜ਼ੀ ਅਤੇ ਫਲ ਵੀ ਵਰਜਿਤ ਹਨ। ਪਰ ਸਭ ਕੁਝ ਚੱਲ ਰਿਹਾ ਹੈ, ਅਸੀਂ ਹੀ ਅੱਖਾਂ ਬੰਦ ਕਰੀ ਬੈਠੇ ਹਾਂ। ਜ਼ਹਿਰਾਂ ਨਾਲ ਲਬਰੇਜ਼ ਵਸਤਾਂ ਖਾ-ਖਾ ਬੱਚੇ, ਨੌਜਵਾਨ, ਬੁੱਢੇ ਸਭ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਬਿਮਾਰ ਵਿਅਕਤੀ ਦੇਸ਼ ਦੀ ਆਨ-ਸ਼ਾਨ ਲਈ ਕਿੰਝ ਮਰ ਮਿਟ ਸਕੇਗਾ। ਅੰਦਾਜ਼ਾ ਲਾਓ, ਸਾਨੂੰ ਹਰ ਪੱਖ ਤੋਂ ਨਿਕੰਮੇ ਅਤੇ ਬੁਜ਼ਦਿਲ ਬਣਾਇਆ ਜਾ ਰਿਹਾ ਹੈ। ਪੰਜਾਬੀ, ਜਿਸ ਨੂੰ ਮੀਰ-ਮੰਨੂ ਟੋਟੇ-ਟੋਟੇ ਕਰ ਕੇ ਥੱਕ ਗਿਆ, ਨਾਦਰਸ਼ਾਹ ਜਾਂ ਅਬਦਾਲੀ ਵਰਗੇ ਵੀ ਇਸ ਨੂੰ ਮਾਰਦੇ-ਮਾਰਦੇ ਮੁੱਕ ਗਏ। ਪਰ ਹੁਣ ਬਿਨਾਂ ਤਲਵਾਰ ਜਾਂ ਬੰਦੂਕ ਦੇ ਪੰਜਾਬੀਆਂ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਕਿਸੇ ਘੜੇ-ਘੜਾਏ ਮਨਸੂਬੇ ਨੂੰ ਸਫ਼ਲ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਇਹ ਸਰਕਾਰਾਂ ਇਕ-ਦੂਜੇ ਸਿਰ ਭਾਂਡਾ ਭੰਨ ਕੇ ਆਪਣੇ-ਆਪ ਨੂੰ ਸਹੀ ਦਰਸਾ ਦਿੰਦੀਆਂ ਹਨ। ਪਰ ਅਸਲ ਵਿਚ ਦੋਵੇਂ ਹੀ ਦੋਸ਼ੀ ਹਨ। ਇਥੇ ਹੀ ਬੱਸ ਨਹੀਂ! ਪੰਜਾਬ ਦੀਆਂ ਸੜਕਾਂ 'ਤੇ ਨਿੱਤ ਦਿਨ ਹੋ ਰਹੇ ਹਾਦਸਿਆਂ ਵਿਚ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ, ਕਿਸੇ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਸੜਕਾਂ 'ਤੇ ਏਨੀਆਂ ਗੱਡੀਆਂ ਆ ਗਈਆਂ ਪਰ ਸੜਕਾਂ ਦੀ ਚੌੜਾਈ ਓਨੀ ਹੀ ਹੈ। ਬੇਸ਼ੱਕ ਕੁਝ ਕੁ ਸੜਕਾਂ ਚੌੜੀਆਂ ਹੋ ਰਹੀਆਂ ਹਨ, ਪਰ ਜਿਸ ਤੇਜ਼ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਵਧ ਰਹੀ ਹੈ, ਉਸ ਰਫ਼ਤਾਰ ਨਾਲ ਸੜਕਾਂ ਚੌੜੀਆਂ ਨਹੀਂ ਕੀਤੀਆਂ ਜਾ ਰਹੀਆਂ, ਹੋ ਸਕਦੈ ਇਥੇ ਵੀ ਇਹੀ ਨੀਤੀ ਕੰਮ ਕਰਦੀ ਹੋਵੇ ਕਿ ਬਿਨਾਂ ਬੰਦੂਕ, ਤਲਵਾਰ ਤੋਂ ਜਿੰਨੇ ਮਰਦੇ ਨੇ ਮਰ ਲੈਣ ਦਿਓ।
ਜਿਥੇ ਨਸ਼ੇ ਨੌਜਵਾਨਾਂ ਨੂੰ ਤਬਾਹ ਕਰ ਰਹੇ ਹਨ ਉਥੇ ਸਪਰੇਆਂ ਅਤੇ ਕੀਟਨਾਸ਼ਕਾਂ ਦੀ ਧੜਾਧੜ ਖੁੱਲ੍ਹ ਪੰਜਾਬ ਦੀ ਧਰਤੀ ਨੂੰ ਬਰਬਾਦ ਕਰ ਰਹੀ ਹੈ। ਪੰਜਾਬ ਦਾ ਪਾਣੀ ਦਿਨ-ਬ-ਦਿਨ ਨੀਵਾਂ ਹੋ ਰਿਹਾ ਹੈ। ਝੋਨੇ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ। ਹੋਰ ਫਸਲਾਂ ਮੱਕੀ, ਗੰਨਾ ਜਾਂ ਦਾਲਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਜਾ ਰਿਹਾ। ਇਸ ਦਾ ਸਪੱਸ਼ਟ ਕਾਰਨ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕੀਤਾ ਜਾਵੇ। ਫਿਰ ਇਹ ਜ਼ਮੀਨਾਂ ਤੁਹਾਡੇ ਤੋਂ ਖੋਹ ਕੇ ਇਥੇ ਕਾਰਖਾਨੇ ਲਾਏ ਜਾਣ ਅਤੇ ਤੁਸੀਂ ਆਪਣੀ ਜ਼ਮੀਨ ਵਿਚ ਉਸਰੇ ਕਾਰਖਾਨਿਆਂ ਵਿੱਚ ਨੌਕਰ ਬਣਕੇ ਨੌਕਰੀ ਕਰੋ ਜਾਂ ਤੁਹਾਡੇ ਬੱਚੇ ਬਾਹਰਲੇ ਮੁਲਕਾਂ ਵਿਚ ਗੁਲਾਮ ਹੋ ਕੇ ਗੋਰਿਆਂ ਦਾ ਪਾਣੀ ਭਰਨ। ਸਿੱਖਿਆ ਪੱਖੋਂ ਤਾਂ ਪੰਜਾਬੀਆਂ ਨਾਲ ਮਾੜੀ ਹੋ ਹੀ ਰਹੀ ਹੈ। ਸਿੱਖਿਆ ਦਿਨ-ਬ-ਦਿਨ ਮਹਿੰਗੀ ਹੋ ਰਹੀ ਹੈ। ਆਮ ਆਦਮੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ। ਵਿੱਦਿਆ ਦਾ ਵਪਾਰੀਕਰਨ ਕਰਕੇ, ਸਿੱਖਿਆ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਇਥੇ ਵੀ ਇਕ ਗੱਲ ਬੜੀ ਧਿਆਨ ਭਾਲਦੀ ਹੈ। ਸਰਕਾਰਾਂ ਕਦੋਂ ਚਾਹੁੰਦੀਆਂ ਹਨ ਕਿ ਸਾਰੇ ਲੋਕ ਪੜ੍ਹ ਲਿਖ ਜਾਣ, ਜੇਕਰ ਸਾਰੇ ਪੜ੍ਹ ਲਿਖ ਜਾਣਗੇ ਤਾਂ ਸਰਕਾਰ ਕੋਲੋਂ ਨੌਕਰੀਆਂ ਦੀ ਮੰਗ ਕਰਨਗੇ, ਸਰਕਾਰਾਂ ਨੂੰ ਫਿਰ ਖਤਰਾ ਭਾਂਪਦਾ ਹੈ। ਇਸੇ ਕਰਕੇ ਸਿੱਖਿਆ ਦਿਨੋ-ਦਿਨ ਮਹਿੰਗੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਮਸਲਿਆਂ ਵਿਚ ਉਲਝਾ ਕੇ ਰੱਖਿਆ ਜਾਵੇ।
ਸਿਹਤ ਸਹੂਲਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਜ਼ਹਿਰਾਂ, ਸਪਰੇਆਂ ਨਾਲ ਲਬਰੇਜ਼ ਵਸਤਾਂ ਦਾ ਸੇਵਨ ਬਿਮਾਰੀਆਂ ਵਿਚ ਵਾਧਾ ਕਰ ਰਿਹਾ ਹੈ। ਇਨ੍ਹਾਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਵੱਡੇ-ਵੱਡੇ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ। ਜਿਥੇ ਸਿਵਾਏ ਲੁੱਟ ਤੋਂ ਹੋਰ ਕੁਝ ਪੱਲੇ ਨਹੀਂ ਪੈਂਦਾ। ਥਾਣੇ ਕਚਹਿਰੀਆਂ ਵਿਚ ਤਾਂ ਹਰ ਰੋਜ਼ ਖੱਜਲ-ਖੁਆਰੀ ਹੁੰਦੀ ਹੈ। ਕੇਸਾਂ ਨੂੰ ਲੰਮਾ-ਲੰਮਾ ਸਮਾਂ ਉਲਝਾਇਆ ਜਾਂਦਾ ਹੈ। ਇੰਨੇ ਲੰਮੇ ਸਮੇਂ ਵਿਚ ਸਬੂਤਾਂ ਨੂੰ ਝੁਠਲਾਇਆ ਜਾਂਦਾ ਹੈ। ਅਸਲ ਦੋਸ਼ੀ ਬਚ ਜਾਂਦੇ ਹਨ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਉਨ੍ਹਾਂ ਸਿਰ ਦੋਸ਼ ਮੜ੍ਹੇ ਜਾਂਦੇ ਹਨ, ਇਹ ਹੈ ਸਾਡਾ ਹਾਲ।
ਪੰਜਾਬ ਨੂੰ ਖ਼ਤਮ ਕਰਨ ਲਈ ਇਸ ਦੀ ਮਾਂ ਬੋਲੀ ਲੋਕਾਂ ਕੋਲੋਂ ਖੋਹੀ ਜਾ ਰਹੀ ਹੈ। ਪੰਜਾਬੀ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀ ਮਾਣਮੱਤੀ ਬੋਲੀ ਹੈ। ਪਰ ਉਧਰਲਿਆਂ ਨੇ ਉਰਦੂ ਅਤੇ ਇਧਰਲਿਆਂ ਨੇ ਹਿੰਦੀ ਨੂੰ ਅਪਣਾ ਕੇ ਪੰਜਾਬੀ ਜ਼ਬਾਨ ਨਾਲ ਜੋ ਦਗਾ ਕਮਾਇਆ ਹੈ ਇਹ ਵੀ ਕਿਸੇ ਸਾਜਿਸ਼ ਦਾ ਨਤੀਜਾ ਹੈ। ਪਰ ਪਿਆਰੇ ਪੰਜਾਬੀਓ, ਆਪਣੇ ਹਿਤਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾ ਲਓ, ਨਹੀ ਤਾਂ ਸਮਾਂ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।
ਡਾ. ਅਮਨਦੀਪ ਸਿੰਘ ਟੱਲੇਵਾਲੀਆ
98146-99446