ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਰਿਆਸਤ ਨਾਭਾ ਦਾ ਗਾਇਬ ਹੁੰਦਾ ਜਾ ਰਿਹੈ ਪਿਛੋਕੜ -ਗੁਰਨਾਮ ਸਿੰਘ ਅਕੀਦਾ


 *9 ਸਤੰਬਰ ਨਾਭਾ ਦਿਵਸ ਲਈ ਵਿਸ਼ੇਸ਼    
-ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਅਹਿਮ ਸਥਾਨ ਹੈ ਰਿਆਸਤ ਨਾਭਾ ਦਾ
-ਨਾਭਾ ਰਿਆਸਤ ਦਾ ਪਿਛੋਕੜ ਗਾਇਬ ਹੁੰਦਾ ਜਾ ਰਿਹੈ ਨਾਭੇ ਚੋਂ
-ਰਾਜਿਆਂ ਦੀ ਰਿਆਸਤ ਵਿਚ ਹੁਣ ਕਿਸੇ ਰਾਜੇ ਦਾ ਵਾਸਾ ਨਹੀਂ
-ਸਿੱਖ ਮੈਰਿਜ ਐਕਟ, ਜੈਤੋ ਦਾ ਮੋਰਚਾ ਨਾਭੇ ਦੀ ਹੀ ਦੇਣ ਹਨ
-ਜ਼ਿਲਾ ਬਣਨ ਦੇ ਸਮਰੱਥ ਹੈ ਪਰ  ਸਰਕਾਰਾਂ ਵਲੋਂ ਅਣਗੌਲਿਆ ਹੈ ਨਾਭਾ
-ਅੰਗਰੇਜਾਂ ਦੀ ਗੁਲਾਮੀ ਨਾ ਝਲਣ ਕਰਕੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਜਲਾਵਤਨੀ ਵਰਗੀ ਸਜਾ ਝਲਣੀ ਪਈ
-ਜੋ ਅੰਗਰੇਜਾਂ ਦੇ ਪਿੱਠੂ ਸਨ ਉਹ ਅੱਜ ਵੀ ਖੁਸਹਾਲ ਹਨ ਜੋ ਅੰਗਰੇਜਾਂ ਲਈ ਬਾਗੀ ਸਨ ਉਹ ਅੱਜ ਵੀ ਬੇਹਾਲ ਹਨ

ਨਾਭਾ ਜਿਥੇ ਆਪਣੇ ਅੰਦਰ ਹਿੰਦੋਸਤਾਨ ਦੀਆਂ 12 ਰਿਆਸਤਾਂ ਵਿੱਚੋ ਰਿਆਸਤ ਨਾਭੇ ਦਾ ਮਾਣ ਸਮੋਈ ਬੈਠਾ ਹੈ ਉਥੇ ਹੀ ਸਿੱਖੀ ਵਿਚ ਕੀਤੀਆਂ ਗਈਆਂ ਕਈ ਗੈਰ ਮਾਮੂਲੀ ਉਪਲਭਦੀਆਂ ਵੀ ਬੁੱਕਲ ਵਿਚ ਲੈਕੇ ਮਾਣ ਕਰ ਰਿਹਾ ਹੈ ਪਰ ਸਰਕਾਰਾਂ ਹੀ ਨਹੀਂ ਸਗੋਂ ਸਥਾਨਕ ਸਿਆਸਤ ਨੇ ਕਦੇ ਵੀ ਨਾਭੇ ਨੂੰ ਬਣਦਾ ਸਤਿਕਾਰ ਨਹੀਂ ਦਿਤਾ ਇਥੋ ਤੱਕ ਕਿ ਨਾਭੇ ਦੇ ਰਾਜਿਆਂ ਦੇ ਵਾਰਸ ਵੀ ਨਾਭੇ ਨੂੰ ਛੱਡ ਕੇ ਇਥੋ ਉਜੜ ਕੇ ਚਲੇ ਗਏ ਹਨ, ਉਨਾਂ ਦੇ ਮਹਿਲ ਹੁਣ ਖੰਡਰ ਬਣਦੇ ਜਾ ਰਹੇ ਹਨ ਇਥੇ ਹੀ ਬੱਸ ਨਹੀਂ ਹੈ ਨਾਭੇ ਦਾ ਮਸ਼ਹੂਰ ਹੀਰਾ ਮਹਿਲ ਵੀ ਰਾਜੇ ਦੇ ਵਾਰਸਾਂ ਨੇ ਵੇਚ ਦਿਤਾ ਹੈ ਜਿਸ ਤੇ ਇਕ ਵਪਾਰੀ ਦਾ ਕਬਜਾ ਹੈ। ਜਿਸ ਨੂੰ ਛੁਡਾਉਣ ਲਈ ਬਾਈ ਗੁਰਮੇਲ ਸਿੰਘ ਵਰਗੇ ਵਿਆਕਤੀ ਆਪਣਾ ਕੀਮਤੀ ਸਮਾਂ ਨਸਟ ਕਰ ਰਹੇ ਹਨ। ਫੂਲਕੀਆਂ ਦੀਆਂ ਤਿੰਨ ਰਿਆਸਤਾਂ ਸਨ । ਰਿਆਸਤ ਪਟਿਆਲਾ ਰਿਆਸਤ ਨਾਭਾ, ਅਤੇ ਰਿਆਸਤ ਜੀਂਦ । ਫੂਲਕੀਆਂ ਦੀਆਂ ਤਿੰਨੇ ਰਿਆਸਤਾਂ ਵਿੱਚੋਂ ਪਟਿਆਲਾ ਸੱਭ ਤੋਂ ਵੱਡੀ ਅਤੇ ਰਿਆਸਤ ਜੀਂਦ ਸਭ ਤੋਂ ਛੋਟੀ ਸੀ। ਰਿਆਸਤ ਨਾਭਾ ਰਿਆਸਤ ਪਟਿਆਲਾ ਨਾਲੋਂ ਛੋਟੀ ਅਤੇ ਰਿਆਸਤ ਜੀਂਦ ਨਾਲੋਂ ਵੱਡੀ ਸੀ
ਨਾਭਾ ਦੇ ਪਿਛੋਕੜ ਵਜੋਂ ਇਹ ਇੱਕ ਬਹੁਤ ਹੀ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਇਸ ਦਾ ਪੁਰਾਣਾ ਨਾਮ ਨਾਭੀ ਹੈ । ਪੁਰਾਤਨ ਸਮੇਂ ਦੇ ਵਿੱਚ ਇੱਥੇ ਗੱਡੇ ਦੀ ਨਾਭ ਬਣਦੀ ਹੁੰਦੀ ਸੀ, ਇੱਥੇ ਬਣਨ ਵਾਲੀ ਮਸ਼ਹੂਰ ਨਾਭ ਕਾਰਨ ਹੀ ਇਸ ਪਿੰਡ ਦਾ ਨਾਮ ਨਾਭੀ ਪਿਆ। ਇੱਕ ਮਤ ਇਹ ਵੀ ਹੈ ਕਿ ਦਿੱਲੀ ਅਤੇ ਲਾਹੋਰ ਤੋਂ ਨਾਭੇ ਦੀ ਦੂਰੀ ਬਰਾਬਰ ਹੈ । ਜਿਸ ਤਰਾਂ ਸ਼ਰੀਰ ਦੇ ਵਿਚਕਾਰਲੇ ਹਿੱਸੇ ਨੂੰ ਨਾਭ (ਧੂੰਨੀ) ਕਿਹਾ ਜਾਦਾ ਹੈ । ਫੂਲਕੀਆਂ ਵੰਸ਼ ਦੇ ਬਾਬਾ ਫੂਲ ਦੇ ਵੱਡੇ ਸਪੁੱਤਰ ਚੌਧਰੀ ਤਰਲੋਕ ਸਿੰਘ ਦੇ ਵੱਡੇ ਸਪੁੱਤਰ ਗੁੱਰਦਿਤ ਸਿੰਘ ਤੋਂ ਨਾਭਾ ਰਿਆਸਤ ਦਾ ਰਾਜਸੀ ਵੰਸ਼ ਸ਼ੁਰੂ ਹੋ ਕੇ ਚੋਧਰੀ ਗੁੱਰਦਿਤ ਸਿੰਘ ਦੇ ਸਪੁੱਤਰ ਸੁਰਤੀਆ ਸਿੰਘ ਦੀ 1752 ਵਿੱਚ ਅਤੇ ਗੁਰਦਿੱਤ ਸਿੰਘ ਦੀ 1754 ਵਿੱਚ ਮੌਤ ਹੋਣ ਤੋਂ ਬਾਅਦ ਚੌਧਰੀ ਗੁੱਰਦਿਤ ਸਿੰਘ ਦਾ ਪੋਤਰਾ ਸ. ਹਮੀਰ ਸਿੰਘ ਨਾਭੇ ਦਾ ਪਹਿਲਾ ਰਾਜਾ ਬਣਿਆ ਹਮੀਰ ਸਿੰਘ ਨੇ ਆਪਣੇ ਦਾਦੇ ਦੇ ਰਾਜ ਭਾਗ ਨੂੰ ਚੰਗੀ ਤਰਾਂ ਚਲਾਇਆ ਅਤੇ ਇੱਕ ਪ੍ਰਤਾਪੀ ਰਾਜੇ ਦੇ ਤੌਰ ਤੇ ਲੋਕਾਂ ਵਿੱਚ ਮਕਬੂਲ ਹੋਇਆ । ਸੰਨ 1755 ਵਿੱਚ ਨਾਭੀ ਪਿੰਡ ਤੋਂ ਹੀ ਨਾਭਾ ਸ਼ਹਿਰ ਅਬਾਦ ਕੀਤਾ ਗਿਆ। ਇਸ ਤੋਂ ਅੱਗੇ ਕਈ ਰਾਜਿਆਂ ਦੇ ਹੇਠ ਹੁੰਦਾ ਹੋਇਆ ਇਹ ਨਾਭੇ ਦੇ ਇਕ ਰਾਜਾ ਦਵਿੰਦਰ ਸਿੰਘ ਬਾਰੇ ਕਿਹਾ ਗਿਆ ਕਿ ਲਾਹੌਰ ਦਰਬਾਰ (ਸਿੱਖਾਂ) ਦਾ ਪੱਖੀ ਹੈ ਤੇ ਅੰਗਰੇਜ਼ਾਂ ਦਾ ਵਫਾਦਾਰ ਨਹੀਂ । ਫੈਸਲਾ ਹੋਇਆ ਕਿ ਰਿਆਸਤ ਦਾ ਚੌਥਾ ਹਿੱਸਾ ਜ਼ਬਤ ਕਰ ਕੇ ਰਾਜੇ ਨੂੰ ਗੱਦੀਓ ਲਾਹ ਕੇ ਉਸ ਦੇ ਪੁੱਤਰ ਨੂੰ ਗੱਦੀ ਤੇ ਬਿਠਾਇਆ ਜਾਵੇ । 1846 ਵਿੱਚ ਰਾਜਾ ਦਵਿੰਦਰ ਸਿੰਘ ਨੂੰ ਗੱਦੀ ਤੋਂ ਉਤਾਰ ਕੇ 50 ਹਜ਼ਾਰ ਰੁ: ਸਲਾਨਾ ਪੈਨਸਨ ਦੇ ਕੇ ਪਹਿਲਾਂ ਮਥੁਰਾ ਤੇ ਫਿਰ 8 ਦਸੰਬਰ 1855 ਵਿੱਚ ਲਾਹੌਰ ਵਿਖੇ ਮਹਾਰਾਜਾ ਖੜਕ ਸਿੰਘ ਦੀ ਹਵਾਲੇ ਵਿੱਚ ਰੱਖਿਆ। ਇਸ ਤੋਂ ਕਾਫੀ ਅੱਗੇ ਭਗਵਾਨ ਸਿੰਘ ਦੀ ਮੌਤ ਹੋਣ ਤੋਂ ਬਾਅਦ ਹੀਰਾ ਸਿੰਘ ਨਾਭੇ ਦੇ ਰਾਜੇ ਬਣੇ । ਅੰਗਰੇਜ਼ ਲੇਖਕ ਮੈਕਾਲਫ ਨੇ 'ਸਿੱਖ ਰਿਲੀਜ਼ਨ' ਕਿਤਾਬ ਲਿਖਣ ਲਈ ਇਹਨਾਂ ਨੇ ਬੜਾ ਪੈਸਾ ਦਿੱਤਾ ।  ਫਿਰ 1922 ਰਾਜਾ ਰਿਪੁਦਮਨ ਸਿੰਘ ਰਾਜਾ ਬਣੇ । ਮਹਾਰਾਜਾ ਰਿਪੁਦਮਨ ਸਿੰਘ 'ਤੇ ਸਿੱਖ ਪੰਥ ਦੇ ਮਹਾਨ ਵਿਦਵਾਂਨ ਅਤੇ ਸਿੱਖ ਪੰਥ ਦੇ ਮਹਾਨ ਗ੍ਰੰਥ ਮਹਾਨ ਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦਾ ਵਿਸ਼ੇਸ਼ ਪ੍ਰਭਾਵ ਸੀ । ਇਹ ਪੱਕੇ ਗੁਰਸਿੱਖ ਸਨ । ਸਿੱਖ ਅਨੰਦ ਮੈਰਿਜ ਐਕਟ ਇਹਨਾਂ ਦੀ ਬਦੌਲਤ ਹੀ ਲਾਗੂ ਹੋ ਸਕਿਆ ਹੈ । ਅੰਗਰੇਜ਼ਾਂ ਦੇ ਧੁਰ ਵਿਰੋਧੀ ਹੋਣ ਕਾਰਨ ਅੰਗਰੇਜ਼ਾਂ ਨੇ ਇਹਨਾਂ ਨੂੰ ਜਲਾਵਤਨ ਕਰਕੇ ਦੇਹਰਦੂਨ ਭੇਜ ਦਿੱਤਾ । ਰਿਪੁਦਮਨ ਸਿੰਘ ਉਹ ਦੇਸ ਭਗਤ ਅਮ੍ਰਿਤਧਾਰੀ ਮਹਾਰਾਜੇ ਸਨ ਅੰਗਰੇਜਾਂ ਦੀ ਗੁਲਾਮੀ ਨਾ ਸਹਾਰਨ ਕਰਕੇ ਮਹਾਰਾਜਾ ਦੀ ਪਦਵੀ ਜ਼ਬਤ ਕਰਕੇ ਉਹਨਾਂ ਨੂੰ ਮਦਰਾਸ ਦੇ ਇਲਾਕੇ ''ਕੌਡ ਦਨਾਲ” ਭੇਜ ਦਿੱਤਾ । ਆਖਰੀ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਰਹੇ ਹਨ । ਉਪਰੰਤ ਪ੍ਰਤਾਪ ਸਿੰਘ ਦੇ ਪੁੱਤਰ ਟਿੱਕਾ ਹਨੁਅੰਤ ਸਿੰਘ ਕੁੱਝ ਸਮੇਂ ਤੱਕ ਲੋਕਾਂ ਨੂੰ ਮਿਲਦੇ ਰਹੇ ਪਰ ਹੁਣ ਉਹਨਾਂ ਦਾ ਨਾਭੇ ਨਾਲ ਕੋਈ ਖਾਸ ਲਗਾਉ ਨਹੀਂ ਹੈ । ਪਰ ਲੋਕ ਅੱਜ ਵੀ ਰਾਜਿਆਂ ਦਿਆਂ ਗੱਲਾਂ ਕਰਕੇ ਉਹਨਾਂ ਨੂੰ ਯਾਦ ਕਰਦੇ ਹਨ । ਜੇਕਰ ਰਾਜਿਆਂ ਦੇ ਪ੍ਰੀਵਾਰ ਲੋਕਾਂ ਨਾਲ ਰਾਬਤਾ ਕਾਈਮ ਰੱਖਣ ਤਾਂ ਨਾਭਾ ਰਿਆਸਤ ਦੇ ਲੋਕ ਉਹਨਾਂ ਦਾ ਸਤਿਕਾਰ ਕਰਨਗੇ । ਭਾਵੇਂ ਰਾਜਿਆਂ ਦੇ ਦੋਹਤੇ ਪ੍ਰੀਵਾਰ ਉਦੈ ਖੇਮਕਾ ਪਿੱਛੇ ਜਿਹੇ ਜੋ ਨਾਭੇ ਆਏ ਸਨ ਅਤੇ ਉਹਨਾਂ ਨੇ ਲੋਕਾਂ ਦੀ ਭਲਾਈ ਲਈ ਨਾਭਾ ਫਾਊਡੈਸ਼ਨ ਵੀ ਬਣਾ ਰੱਖੀ  ਹੈ।
ਨਾਭਾ ਵਿਖੇ ਗੁਰੂ ਸਹਿਬਾਨ ਦੀਆਂ ਨਿਸ਼ਾਨੀਆਂ ਸ਼ੁਸ਼ੋਬਤ ਹਨ । ਜਿਹਨਾਂ ਵਿੱਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ, ਦਸਤਾਰ, ਕੰਘਾ ਜਿਸ ਵਿੱਚ ਵਾਹੇ ਹੋਏ ਵਾਲ ਵੀ ਹਨ । ਦਸਤਾਰ ਨਾਲ ਕਰਦ ਸਾਢੇ ਤਿੰਨ ਇੰਚ ਲੰਮੀ ਹੈ । ਇਥੇ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਦਾ ਬੈਂਤ ਦੀ ਡੰਡੀ ਵਾਲਾ ਕੋਰੜਾ ਅਤੇ ਤੇਗਾ ਵੀ ਹੈ । ਪਰ ਹੁਣ ਇਨ•ਾਂ ਦੀ ਹੋਂਦ ਵੀ ਗਾਇਬ ਹੁੰਦੀ ਜਾਪ ਰਹੀ ਹੈ।
ਜੈਤੋ ਦਾ ਮੋਰਚਾ ਭਾਰਤ ਦੀ ਅਜਾਦੀ ਦੀ ਲੜਾਈ ਦੀ ਅਹਿਮ ਕੜੀ ਬਣ ਚੁੱਕਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਤਮਈ ਮੋਰਚਾ ਸਾਰੇ ਮੋਰਚਿਆਂ ਨਾਲੋਂ ਲੰਮਾ ਲੱਗਭੱਗ ਦੋ ਸਾਲ ਤੱਕ ਨਾਭੇ ਤੋਂ ਹੀ ਚੱਲਿਆ । ਅੰਗਰੇਜ ਨੂੰ ''ਗੁਰਦੁਆਰਾ ਐਕਟ” ਪਾਸ ਕਰਨਾ ਪਿਆ ਸੀ । ਇਸ ਮੋਰਚੇ ਦੀ ਸ਼ੁਰੂਆਤ 8 ਜੂਨ 1923 ਨੂੰ ਹੋਈ ਸੀ। ਅਗੰਰੇਜਾਂ ਦੀ ਇਸ ਕਰਤੂਤ ਦਾ ਵਿੱਰੋਧ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਦੇ ਹੱਕ ਵਿੱਚ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ 9 ਸਤੰਬਰ ਨੂੰ ਮਹਾਰਾਜਾ ਰਿਪੁਦਮਨ ਸਿੰਘ ਦੇ ਹੱਕ ਵਿੱਚ ''ਨਾਭਾ ਦਿਵਸ” ਮਨਾਉਣ ਦਾ ਐਲਾਨ ਕਰ ਦਿੱਤਾ । ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ 25-25 ਸਿੰਘਾਂ ਦਾ ਜੱਥਾ ਅੰਮ੍ਰਸਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੈਤੋ ਭੇਜਿਆ ਜਾਣ ਲੱਗਾ । ਜੋ ਹਰ ਰੋਜ਼ ਚਲਦਾ ਤੇ ਜੈਤੋ ਪਹੁੰਚਦਾ। ਕਾਂਗਰਸ ਵਲੋਂ ਵੀ  ਸਿੱਖਾਂ ਨਾਲ ਹਮਦਰਦੀ ਕਰਦੇ ਹੋਏ ਪੰਡਤ ਨਹਿਰੂ, ਕੇ ਸਤਨਾਮ, ਪ੍ਰਿੰਸੀਪਲ ਗਿਡਵਾਨੀ ਮੋਕੇ ਦਾ ਜਾਇਜਾ ਲੈਣ ਲਈ ਜੈਤੋ ਭੇਜੇ ਗਏ ਜਿੱਥੇ ਇਹਨਾਂ ਤਿੰਨਾਂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੂਜੇ ਦਿਨ ਨਾਭੇ ਜੇਲ ਭੇਜ ਦਿੱਤਾ, ਨਾਭਾ ਜੇਲ ਵਿਚ ਪੰਡਤ ਨਹਿਰੂ ਬਾਰੇ ਲਿਖਿਆ ਮਿਲਦਾ ਹੈ । 29 ਸਤੰਬਰ 1923 ਸ਼੍ਰੌਮਣੀ ਗੁਰਦੂਆਰਾ ਪਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਹਕੂਮਤ ਦੀ ਦਖਲ ਅੰਦਾਜੀ ਸਿੱਖ ਧਰਮ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੁਣ 25-25 ਦੀ ਥਾਂ ਤੇ 500-500 ਸਿੰਘਾਂ ਦੇ ਜੱਥੇ ਭੇਜਣ ਦਾ ਫੈਸਲਾਂ ਕੀਤਾ ਗਿਆ । ਇਸ ਮੋਰਚੇ ਵਿਚ ਸੈਕੜੇ ਸਿੰਘ ਸ਼ਹਿਦ ਹੋਏ।
ਇਸ ਤੋਂ ਇਲਾਵਾ ਮਹਾਰਾਜਾ ਹੀਰਾ ਸਿੰਘ ਦਾ ਹੀਰਾ ਮਹਿਲ ਅੱਜ ਕੱਲ ਵਿਵਾਦਾਂ ਦਾ ਵਿਸ਼ਾ ਬਣ ਚੁੱਕਾ ਹੈ । ਪੀ.ਪੀ.ਐਸ ਸਕੂਲ ਦੀ ਲਾਅ ਮਿਸਾਲ ਇਮਾਰਤ ਸਾਰੇ ਹਿੰਦੂਸਤਾਨ ਵਿੱਚੋ ਚੋਣਵੀਆਂ ਇਮਾਰਤਾਂ ਵਿੱਚੋਂ ਮੰਨੀ ਗਈ ਹੈ। ਇਸ ਨੂੰ ਵਿਦੇਸ਼ੋ ਨਕਸ਼ਾ ਮੰਗਵਾਕੇ ਬਣਾਇਆ ਗਿਆ ਸੀ । ਨਾਭੇ ਦਾ ਰੇਲਵੇ ਸਟੇਸ਼ਨ ਵੀ ਪੁਰਾਣਾ ਹੈ। ਪੰਜ ਗੇਟ ਮਹਿਸ ਗੇਟ, ਪਟਿਆਲਾ ਗੇਟ, ਬੌੜਾਂ ਗੇਟ, ਅਲੋਹਰਾਂ ਗੇਟ ਦੇ ਨਾਮ ਹੀ ਲਏ ਜਾ ਰਹੇ ਹਨ ਜਦੋਂ ਕਿ ਗੇਟ ਅਲੋਪ ਹੋ ਚੁੱਕੇ ਹਨ ਸਿਰਫ ਦੁਲੱਦੀ ਗੇਟ ਹੀ ਬਾਕੀ ਖੜਾ ਹੈ। ਨਾਭਾ ਡੇ ਨਾਲ ਸਬੰਧਤ 17 ਜਲਾਵਤਨੀ ਸਿੰਘਾਂ ਦੀ ਯਾਦ ਨੂੰ ਸਮਿਰਪਤ ਇੱਕ ਗੇਟ ਅਮਲੋਹ ਵਿੱਖੇ ਵੀ ਬਣਿਆ ਹੋਇਆ ਹੈ । ਹੋਰ ਕਈ ਇਮਾਰਤਾਂ ਤੇ ਖਾਸ ਕੰਪਨੀਆਂ ਹਨ ਜੋ ਕਿ ਨਾਭੇ ਦੀ ਖਾਸੀਅਤ ਬਾਰੇ ਦਸਦੀਆਂ ਹਨ। ਪਰ ਨਾਭਾ ਅੱਜ ਅਣਗੌਲਿਆ ਹੈ, ਜ਼ਿਲਾ ਬਣਨ ਤੇ ਸਮਰੱਥ ਹੈ ਪਰ ਸਰਕਾਰਾਂ ਦਾ ਧਿਆਨ ਨਹੀਂ ਹੈ, ਨਾਭੇ ਵਿਚ ਕੰਬਾਇਨ ਇੰਡਸਟਰੀ ਨੇ ਵਿਸ਼ਵ ਭਰ ਵਿਚ ਨਾਮ ਕਮਾਇਆ ਹੈ ਤੇ ਦੇਸ਼ ਦਾ ਵਿਦੇਸ਼ ਜਾਣ ਵਾਲਾ ਸਰਮਾਇਆ ਬਚਾਇਆ ਹੈ। ਅੱਜ 9 ਸਤੰਬਰ ਨੂੰ ਨਾਭੇ ਦਿਵਸ ਮੌਕੇ ਸਰਕਾਰ ਨੂੰ ਨਾਭੇ ਲਈ ਕੁਝ ਖਾਸ ਕਰਨ ਦੀ ਜਰੂਰਤ ਹੈ। ਸਮੇਂ ਤੇ ਦੋਸ਼ ਇਹ ਲੱਗ ਰਹੇ ਹਨ ਕਿ ਜੋ ਅੰਗਰੇਜਾਂ ਦੇ ਪਿੱਠੂ ਸਨ ਅੰਗਰੇਜਾਂ ਦੀ ਭਗਤੀ ਵਿਚ ਅਜਾਦੀ ਘੁਲਾਟੀਆਂ ਤੇ ਜੁਲਮ ਕਰਨ ਲਈ ਅੰਗਰੇਜ ਹਵਾਲੇ ਕਰਾਂਉਦੇ ਸਨ ਅੱਜ ਉਹ ਫੇਰ ਰਾਜ ਭਾਗ ਕਰ ਰਹੇ ਹਨ, ਪਰ ਜਿਨਾਂ ਨੇ ਅੰਗਰੇਜਾਂ ਨਾਲ ਟੱਕਰ ਲੈਕੇ ਉਸ ਸਮੇਂ ਜੇਲਾਂ ਕੱਟੀਆਂ ਉਹ ਅੱਜ ਵੀ ਬੇਹਾਲ ਹਨ, ਉਹ ਬੇਕਦਰੀ ਦੀ ਦਲ-ਦਲ ਵਿਚ ਪਏ ਹਨ। ਕਿਉਕਿ ਜੋ ਅੰਗਰੇਜਾਂ ਦੇ ਚਮਚੇ ਰਹੇ ਸਨ ਉਹ ਅੱਜ ਵੀ ਚਮਚੇ ਹੀ ਹਨ ਉਹ ਅੱਜ ਵੀ ਸਰਕਾਰਾਂ ਦੇ ਪਿੱਠੂ ਹੀ ਬਣੇ ਹਨ ਤੇ ਸਨਮਾਨ ਹਾਸਲ ਕਰ ਰਹੇ ਹਨ। ਪਰ ਸੱਚ ਅੱਜ ਵੀ ਬੇਜਾਰ ਹੈ।
-9888506897