ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਹਾਰਾਜਾ ਸ਼ੇਰ ਸਿੰਘ ਦੇ ਅੰਤ ਦੀ ਲਹੂ ਭਿੱਜੀ ਦਾਸਤਾਨ


ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮਹਿਤਾਬ ਕੌਰ ਦੀ ਕੁੱਖੋਂ 4 ਦਸੰਬਰ 1807 ਨੂੰ ਪੈਦਾ ਹੋਏ ਸ਼ਹਿਜ਼ਾਦੇ ਸ਼ੇਰ ਸਿੰਘ ਦੇ ਅੰਤ ਦਾ ਹਿਰਦੇ-ਵੇਧਕ ਹਾਲ ਵਰਨਣ ਕਰਨ ਲੱਗਿਆਂ ਹਰ ਕਿਸੇ ਦਾ ਮਨ ਤੜਫ ਉਠਦਾ ਹੈ, ਨੈਣ ਛਲਕ ਪੈਂਦੇ ਹਨ ਅਤੇ ਦਿਲ ਵਲੂੰਧਰਿਆ ਜਾਂਦਾ ਹੈ। ਸ਼ਾਇਦ ਇਸੇ ਕਾਰਨ ਮਹਾਰਾਜਾ ਸ਼ੇਰ ਸਿੰਘ ਦੇ ਅੰਤ ਨੂੰ ਸਿੱਖ ਇਤਿਹਾਸ ਦਾ ਸਭ ਤੋਂ ਭਿਆਨਕ ਅਤੇ ਦਰਦਨਾਕ ਭਾਗ ਮੰਨਿਆ ਜਾਂਦਾ ਹੈ।
ਜੂਨ 1839 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਡੋਗਰਿਆਂ ਵੱਲੋਂ ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ ਅਤੇ ਮਹਾਰਾਣੀ ਚਾਂਦ ਕੌਰ ਸਹਿਤ ਸਿੱਖ ਰਾਜ ਦੇ ਬਹੁਤ ਸਾਰੇ ਵਫ਼ਾਦਾਰਾਂ ਦਾ ਕਤਲ ਕਰ ਦਿੱਤਾ ਗਿਆ, ਜਿਸ ਦੇ ਬਾਅਦ ਡੋਗਰਿਆਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਲੁੱਟ-ਖ਼ਸੁੱਟ ਅਤੇ ਅੱਤਿਆਚਾਰ ਦੀਆਂ ਕਾਰਵਾਈਆਂ ਦੇ ਚਲਦਿਆਂ ਪੂਰੇ ਪੰਜਾਬ ਵਿਚ ਬੇਅਮਨੀ ਫੈਲ ਚੁੱਕੀ ਸੀ। ਰਾਜਗੱਦੀ ਦੀ ਪ੍ਰਾਪਤੀ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ। ਇਨ੍ਹਾਂ ਹਾਲਤਾਂ ਵਿਚ ਸ਼ਹਿਜਾਦਾ ਸ਼ੇਰ ਸਿੰਘ ਨੇ ਵੱਡੀ ਜੱਦੋ-ਜਹਿਦ ਕਰਕੇ ਲਾਹੌਰ 'ਤੇ ਕਬਜ਼ਾ ਕੀਤਾ ਅਤੇ 27 ਜਨਵਰੀ 1841 ਨੂੰ ਸਿੱਖ ਰਾਜ ਦਾ ਨਵਾਂ ਮਹਾਰਾਜਾ ਬਣਿਆ।
ਮਹਾਰਾਜਾ ਸ਼ੇਰ ਸਿੰਘ ਨੂੰ ਰਸਤੇ 'ਚੋਂ ਹਟਾਉਣ ਲਈ ਡੋਗਰਿਆਂ ਅਤੇ ਸੰਧਾਵਾਲੀਆ ਸਰਦਾਰਾਂ ਨੇ ਮਿਲੀਭਗਤ ਨਾਲ ਇਕ ਯੋਜਨਾ ਬਣਾਈ, ਜਿਸ ਦੇ ਚਲਦਿਆਂ 15 ਸਤੰਬਰ 1843 ਨੂੰ ਖੇਡਾਂ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਸਾਹਮਣੇ ਇਕ ਖੇਡ ਮੇਲਾ ਕਰਵਾਇਆ ਗਿਆ। ਮਹਾਰਾਜਾ ਲਾਹੌਰ ਦੀ ਸ਼ਾਹਬਲੌਲ ਬਾਰਾਂਦਰੀ (ਨਵਾਂ ਨਾਂਅ ਕੋਟ ਖ਼ਵਾਜ਼ਾ ਸਈਅਦ) ਵਿਚ ਕੁਰਸੀ 'ਤੇ ਬੈਠੇ ਹੋਏ ਸਨ। ਮਹਾਰਾਜੇ ਦਾ ਚਚੇਰਾ ਭਰਾ ਅਜੀਤ ਸਿੰਘ ਸੰਧਾਵਾਲੀਆ (ਇਹ ਲਹਿਣਾ ਸਿੰਘ ਦੇ ਭਰਾ ਵਸਾਵਾ ਸਿੰਘ ਦਾ ਪੁੱਤਰ ਸੀ ਅਤੇ ਲਹਿਣਾ ਸਿੰਘ ਰਿਸ਼ਤੇ ਵਿਚ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ) 400 ਘੋੜ-ਸਵਾਰਾਂ ਦੇ ਅੱਗੇ ਚਲਦਾ ਹੋਇਆ ਮਹਾਰਾਜਾ ਦੇ ਸਾਹਮਣੇ ਪੇਸ਼ ਹੋਇਆ ਅਤੇ ਹਥਿਆਰ ਰੱਖਣ ਅਤੇ ਖਰੀਦਣ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਹਜ਼ੂਰ ਵਿਚ ਇਕ ਦੋਨਾਲੀ ਮੌਲੀਦਾਰ ਰਾਈਫਲ ਪੇਸ਼ ਕੀਤੀ। ਜਿਉਂ ਹੀ ਸ਼ੇਰ ਸਿੰਘ ਉਸ ਨੂੰ ਫੜਨ ਲਈ ਉੱਠੇ, ਅਜੀਤ ਸਿੰਘ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਅਤੇ ਉਹ ਤੜਫ ਕੇ ਉਥੇ ਹੀ ਕੁਰਸੀ 'ਤੇ ਡਿੱਗ ਪਏ। ਉਨ੍ਹਾਂ ਦੇ ਮੂੰਹੋਂ ਸਿਰਫ ਏਨਾ ਹੀ ਨਿਕਲਿਆ-'ਯਹ ਤੋ ਦਗ੍ਹਾ ਹੈ।' ਹਾਲੇ ਉਹ ਆਖ਼ਰੀ ਸਾਹ ਲੈ ਹੀ ਰਹੇ ਸਨ ਕਿ ਅਜੀਤ ਸਿੰਘ ਨੇ ਤਲਵਾਰ ਨਾਲ ਉਨ੍ਹਾਂ ਦਾ ਸਿਰ ਕੱਟ ਕੇ ਨੇਜ਼ੇ ਉਪਰ ਚੜ੍ਹਾ ਲਿਆ। ਉਧਰ ਦੂਸਰੇ ਪਾਸੇ ਗੋਲੀ ਦੀ ਆਵਾਜ਼ ਸੁਣਦਿਆਂ ਹੀ ਲਹਿਣਾ ਸਿੰਘ ਸੰਧਾਵਾਲੀਆ ਨੇ ਤਲਵਾਰ ਫੜੀ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਸਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਵੱਲ ਚੱਲ ਪਿਆ। ਪ੍ਰਤਾਪ ਸਿੰਘ ਅਜੇ ਆਪਣੇ ਦਾਦਾ ਦੇ ਸਤਿਕਾਰ ਲਈ ਝੁਕਿਆ ਹੀ ਸੀ ਕਿ ਖੂੰਖਾਰ ਦਾਦੇ ਨੇ ਆਪਣੇ ਪੋਤਰੇ ਦੀ ਗਰਦਨ ਕੱਟ ਕੇ ਨੇਜ਼ੇ ਉਪਰ ਟੰਗ ਲਈ।
ਬਾਬਾ ਪ੍ਰੇਮ ਸਿੰਘ ਜੀ ਹੋਤੀ ਇਸ ਖ਼ੌਫ਼ਨਾਕ ਦ੍ਰਿਸ਼ ਦਾ ਭਾਵਨਾਤਮਿਕ ਵਰਨਣ ਕਰਦੇ ਹੋਏ ਲਿਖਦੇ ਹਨ ਕਿ ਉਸ ਸਮੇਂ ਭੁੱਲੜ ਸਰਦਾਰ ਲਹਿਣਾ ਸਿੰਘ ਇਹ ਨਹੀਂ ਸੀ ਜਾਣਦਾ ਕਿ ਉਹ ਕੇਵਲ ਬੇਦੋਸ਼ੇ ਬੱਚੇ ਦਾ ਸੀਸ ਹੀ ਨਹੀਂ ਕੱਟ ਰਿਹਾ, ਸਗੋਂ ਖ਼ਾਲਸਾ ਰਾਜ ਦੀਆਂ ਜੜ੍ਹਾਂ ਵੀ ਨਾਲ ਹੀ ਵੱਢ ਰਿਹਾ ਸੀ। ਮਾਸੂਮ ਸ਼ਹਿਜ਼ਾਦੇ ਦੇ ਵੱਢੇ ਹੋਏ ਸੀਸ ਦੀਆਂ ਦੋਵੇਂ ਅੱਖਾਂ ਲਹੂ ਦੇ ਅੱਥਰੂ ਵਗਾ ਰਹੀਆਂ ਸਨ ਪਰ ਕੋਲ ਖੜੋਤੇ ਦਾਦਾ ਜੀ ਦੇ ਦਇਆਹੀਣ ਨੈਣਾਂ ਵਿਚ ਕੋਈ ਹੰਝੂ ਨਹੀਂ ਸੀ। ਸਾਹਮਣੇ ਪਈ ਬਾਂਕੇ ਪ੍ਰਤਾਪ ਸਿੰਘ ਦੀ ਬਿਨਾਂ ਸੀਸ ਦੇ ਤੜਪ ਰਹੀ ਦੇਹ ਅੰਤਿਮ ਸਵਾਸਾਂ ਨੂੰ ਵਿਦਾਇਗੀ ਦੇ ਰਹੀ ਸੀ ਪਰ ਕੋਲ ਖੜੋਤੇ ਬਾਬਾ ਜੀ ਦੇ ਮਨ ਵਿਚ ਨਾ ਤੜਪ ਸੀ ਅਤੇ ਨਾ ਹੀ ਧੜਕ। ਇਥੇ ਹੀ ਬੱਸ ਨਹੀਂ, 'ਬਹਾਦਰ' ਲਹਿਣਾ ਸਿੰਘ ਨੇ ਬਾਂਕੇ ਸ਼ਹਿਜ਼ਾਦੇ ਦਾ ਲਹੂ-ਲੁਹਾਣ ਸੀਸ ਧਰਤੀ ਤੋਂ ਚੁੱਕ ਕੇ ਆਪਣੀ ਤਿੱਖੀ ਬਲੱਮ ਦੀ ਨੌਕ 'ਤੇ ਟੁੰਗ ਲਿਆ ਅਤੇ ਜਾਨ ਤੋੜ ਰਹੀ ਆਪਣੇ ਮਾਸੂਮ ਪੋਤਰੇ ਦੀ ਦੇਹ ਨੂੰ ਉਥੇ ਹੀ ਕਾਂਵਾਂ ਤੇ ਕੁੱਤਿਆਂ ਦੇ ਤਰਸ 'ਤੇ ਛੱਡ ਕੇ ਝੱਟ ਘੋੜੇ 'ਤੇ ਸਵਾਰ ਹੋ ਕੇ ਫ਼ਖ਼ਰ ਨਾਲ ਨੇਜ਼ੇ ਨੂੰ ਹੁਲਾਰਦਾ ਹੋਇਆ ਚਲਿਆ ਗਿਆ।
ਇਸ ਉਪਰੋਕਤ ਭਿਆਨਕ ਤੇ ਘ੍ਰਿਣਤ ਦ੍ਰਿਸ਼ ਨੂੰ ਅੱਖੀਂ ਵੇਖਣ ਵਾਲੇ ਮੌਲਵੀ ਅਹਿਮਦ ਬਖ਼ਸ਼ ਚਿਸ਼ਤੀ ਆਪਣੇ ਰੋਜ਼ਨਾਮਚੇ 'ਚ ਇਸ ਘਟਨਾ ਦਾ ਵੇਰਵਾ ਦਿੰਦੇ ਹੋਏ ਬੜੇ ਪੀੜਤ ਹਿਰਦੇ ਨਾਲ ਲਿਖਦੇ ਹਨ-'ਜਿਸ ਸਮੇਂ ਸ਼ਹਿਜ਼ਾਦਾ ਪ੍ਰਤਾਪ ਸਿੰਘ ਦਾ ਅਤਿ ਨਿਰਦੈਤਾ ਨਾਲ ਕਤਲ ਕੀਤਾ ਗਿਆ, ਮੈਂ ਉਸ ਸਮੇਂ ਸ਼ਾਲਾਮਾਰ ਬਾਗ਼ ਵੱਲ ਜਾ ਰਿਹਾ ਸੀ ਕਿ ਮੈਨੂੰ ਸੰਯੋਗ ਨਾਲ ਲਹਿਣਾ ਸਿੰਘ ਸਣੇ ਆਪਣੇ ਕੁਝ ਸਵਾਰਾਂ ਦੇ ਅੱਗੋਂ ਮਿਲ ਪਿਆ, ਜਿਸ ਨੇ ਸ਼ਹਿਜ਼ਾਦੇ ਦਾ ਧੜ ਤੋਂ ਵੱਢਿਆ ਹੋਇਆ ਸੀਸ ਆਪਣੇ ਨੇਜ਼ੇ ਦੀ ਨੋਕ ਪੁਰ ਟੁੰਗਿਆ ਹੋਇਆ ਸੀ। ਪ੍ਰਤਾਪ ਸਿੰਘ ਦੇ ਖਿੱਲਰੇ ਹੋਏ ਸੋਹਣੇ ਕੇਸ, ਜਿਹੜੇ ਚੋਖੇ ਲੰਬੇ ਸਨ, ਤਿੱਲੇ ਦੀਆਂ ਸੁਨਹਿਰੀ ਤਾਰਾਂ ਵਾਂਗ ਲਿਸ਼ਕ ਰਹੇ ਸਨ। ਉਸ ਦੇ ਸੁੰਦਰ ਮੁਖੜੇ ਦੀ ਗ਼ੁਲਾਬੀ ਭਾ ਲਹੂ ਦੀਆਂ ਧਾਰਾਂ ਪੈਣ ਨਾਲ ਵਧੇਰੇ ਲਾਲ ਗੁਲਾਲ ਹੋ ਗਈ ਸੀ। ਮਾਲੂਮ ਹੁੰਦਾ ਸੀ ਕਿ ਜਦ ਲਹਿਣਾ ਸਿੰਘ ਨੇ ਉਸ ਦੀ ਗਰਦਨ 'ਤੇ ਆਪਣੀ ਤਲਵਾਰ ਚਲਾਈ ਸੀ ਤਾਂ ਸ਼ਹਿਜ਼ਾਦਾ ਆਪਣੀਆਂ ਹੰਝੂ ਆਈਆਂ ਅੱਖਾਂ ਨਾਲ ਆਪਣੇ ਬਾਬਾ ਜੀ ਵੱਲ ਬਿਟ-ਬਿਟ ਤੱਕ ਰਿਹਾ ਸੀ। ਉਸ ਦੇ ਵੱਢੇ ਹੋਏ ਸੀਸ ਦੀਆਂ ਹਰਨਾਖ਼ੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਇੰਜ ਪ੍ਰਤੀਤ ਹੋ ਰਹੀਆਂ ਸਨ, ਜਿਵੇਂ ਕਹਿ ਰਹੀਆਂ ਹੋਣ ਕਿ ਮੈਨੂੰ ਉਸ ਸਮੇਂ ਆਪਣੇ ਪਿਆਰੇ ਬਾਬਾ ਜੀ ਤੋਂ ਤਰਸ ਕਰਕੇ ਕੋਈ ਨਹੀਂ ਬਚਾ ਸਕਿਆ ਤਾਂ ਹੁਣੇ ਹੀ ਕੋਈ ਦਇਆਵਾਨ ਪਹੁੰਚ ਕੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਡਲੇ ਪੋਤੇ ਦੀ ਮੱਖਣਾਂ ਨਾਲ ਪਲੀ ਹੋਈ ਦੇਹ ਨੂੰ ਕਾਵਾਂ-ਕੁੱਤਿਆਂ ਤੋਂ ਬਚਾ ਕੇ ਅਗਨ ਦੀ ਭੇਟਾ ਕਰ ਦੇਵੇ।'
ਖ਼ੈਰ, ਬਾਅਦ ਵਿਚ ਮਹਾਰਾਜਾ ਸ਼ੇਰ ਸਿੰਘ ਅਤੇ ਉਨ੍ਹਾਂ ਦੇ ਸ਼ਹਿਜ਼ਾਦੇ ਦੇ ਕੱਟੇ ਸੀਸ ਲਾਹੌਰ ਸ਼ਾਹੀ ਕਿਲ੍ਹੇ ਵਿਚੋਂ ਮਿਲ ਜਾਣ 'ਤੇ ਸ਼ਾਹਬਲ੍ਹੋਲ ਦੀ ਵਲਗਣ ਵਿਚ ਦੋਵਾਂ ਦੀਆਂ ਲਾਸ਼ਾਂ ਨੂੰ ਇਕੋ ਅੰਗੀਠੇ ਵਿਚ ਸੰਸਕਾਰਿਆ ਗਿਆ। ਉਥੇ ਹੀ ਬਾਅਦ ਵਿਚ ਸ਼ੇਰ ਸਿੰਘ ਦੀ ਪਤਨੀ ਰਾਣੀ ਧਰਮ ਕੌਰ ਰੰਧਾਵੀ ਵੱਲੋਂ ਚਬੂਤਰੇ ਉੱਪਰ ਚੂਨੇ ਗੱਚ ਤੇ ਗੁੰਬਜ਼ਦਾਰ ਸਮਾਧ ਦੀ ਇਮਾਰਤ ਉਸਾਰੀ ਗਈ। ਇਸ ਸਮਾਧ ਦੇ ਅੰਦਰ ਜਾਣ ਲਈ ਦੋ ਦਰਵਾਜ਼ੇ ਹੁੰਦੇ ਸਨ, ਇਕ ਉੱਤਰ ਵੱਲ ਤੇ ਦੂਜਾ ਦੱਖਣ ਵੱਲ। ਫਰਸ਼ ਦੇ ਉੱਪਰ ਛੋਟੀਆਂ ਗੋਲ ਸਮਾਧਾਂ ਬਣੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਪੂਰਬ ਵੱਲ ਦੀ ਸਮਾਧ ਮਹਾਰਾਜਾ ਸ਼ੇਰ ਸਿੰਘ ਦੀ ਸੀ ਅਤੇ ਪੱਛਮ ਵੱਲ ਦੀ ਟਿੱਕਾ ਪ੍ਰਤਾਪ ਸਿੰਘ ਦੀ ਅਤੇ ਉਸ ਦੇ ਨਾਲ ਹੀ ਰਾਣੀ ਪ੍ਰਤਾਪ ਕੌਰ ਦੀ ਵੀ ਸਮਾਧ ਹੁੰਦੀ ਸੀ, ਜਿਸ ਨੇ ਮਹਾਰਾਜਾ ਦੀ ਬਲ ਰਹੀ ਚਿਖਾ ਵਿਚ ਛਲਾਂਗ ਮਾਰ ਕੇ ਆਪਣੇ-ਆਪ ਨੂੰ ਭਸਮ ਕਰ ਲਿਆ ਸੀ। ਇਸ ਸਮਾਧ ਉਪਰ ਇਬਾਰਤ ਦਰਜ ਸੀ-'ਸ੍ਰ. ਠਾਕੁਰ ਸਿੰਘ (ਮੁਤਬੰਨਾਂ) ਦੀ ਮਾਂ ਅਤੇ ਮਹਾਰਾਜਾ ਸ਼ੇਰ ਸਿੰਘ ਬਹਾਦਰ ਦੀ ਪਤਨੀ ਰਾਣੀ ਪ੍ਰਤਾਪ ਕੌਰ, ਦੇਹਾਂਤ 10 ਭਾਦਰੋਂ, 1914 ਸੰਮਤ।' ਇਸ ਦੇ ਨਾਲ ਹੀ ਰਾਣੀ ਧਰਮ ਕੌਰ ਰੰਧਾਵੀ ਦੀ ਸਮਾਧ ਸੀ, ਜਿਸ ਦੇ ਉਪਰ ਇਬਾਰਤ ਦਰਜ ਸੀ-'ਸਮਾਧ ਰਾਨੀ ਸਾਹਿਬਾ ਰੰਧਾਵੀ ਧਰਮ ਕੌਰ ਪਤਨੀ ਮਹਾਰਾਜਾ ਸ਼ੇਰ ਸਿੰਘ। ਦੇਹਾਂਤ 14 ਮੱਘਰ, 1927 ਸੰਮਤ।' ਇਨ੍ਹਾਂ ਸਮਾਧਾਂ ਦੀਆਂ ਅੰਦਰਲੀਆਂ ਕੰਧਾਂ ਉੱਪਰ ਦਸਾਂ ਸਤਿਗੁਰਾਂ ਦੀਆਂ ਮੂਰਤੀਆਂ ਚਿੱਤਰੀਆਂ ਹੋਈਆਂ ਸਨ। ਹੁਣ ਇਨ੍ਹਾਂ ਸਮਾਧਾਂ ਵਿਚੋਂ ਸਿਰਫ਼ ਮਹਾਰਾਜਾ ਸ਼ੇਰ ਸਿੰਘ ਦੀ ਸਮਾਧ ਦੇ ਖੰਡਰ ਹੀ ਬਾਕੀ ਬਚੇ ਹਨ, ਜਦੋਂਕਿ ਟਿੱਕਾ ਪ੍ਰਤਾਪ ਸਿੰਘ, ਰਾਣੀ ਪ੍ਰਤਾਪ ਕੌਰ ਅਤੇ ਰਾਣੀ ਧਰਮ ਕੌਰ ਰੰਧਾਵੀ ਦੀਆਂ ਸਮਾਧਾਂ ਗਿਰਾ ਦਿੱਤੀਆਂ ਗਈਆਂ ਹਨ।
ਲਾਹੌਰ ਤੋਂ ਥੋੜ੍ਹੀ ਦੂਰੀ 'ਤੇ ਚਾਈਨਾ ਸਕੀਮ ਕਾਲੋਨੀ ਦੇ ਪੂਰਬ ਵੱਲ ਕੋਟ ਖ਼ਵਾਜ਼ਾ ਸਈਅਦ 'ਚ ਮੌਜੂਦ ਮਹਾਰਾਜਾ ਸ਼ੇਰ ਸਿੰਘ ਦੀ ਇਸ ਅੰਤਿਮ ਯਾਦਗਾਰ ਬਾਰਾਂਦਰੀ ਮੌਜੂਦਾ ਸਮੇਂ ਲਾਹੌਰ ਵੇਸਟ ਮੈਨੇਜਮੈਂਟ ਕੰਪਨੀ (ਐਲ. ਡਬਲਓ. ਐਮ. ਸੀ.) ਦੁਆਰਾ ਡੱਮਪ ਗਰਾਊਂਡ (ਕੂੜਾ-ਘਰ) ਵਜੋਂ ਇਸਤੇਮਾਲ ਕੀਤੀ ਜਾ ਰਹੀ ਹੈ। ਉਪਰੋਕਤ ਬਾਰਾਂਦਰੀ ਪੰਜਾਬੀਆਂ ਦਾ ਇਕ ਇਤਿਹਾਸਕ ਤੇ ਵਿਰਾਸਤੀ ਸਮਾਰਕ ਹੈ ਪਰ ਐਲ. ਡਬਲਊ. ਐਮ. ਸੀ. ਦੇ ਜ਼ਿਲ੍ਹਾ ਅਫ਼ਸਰ (ਪਲਾਨਿੰਗ) ਰਫ਼ੀਕ ਜਤੋਈ ਦਾ ਮੰਨਣਾ ਹੈ ਕਿ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਅਤੇ ਸਮਾਧ ਦਾ ਵਿਰਾਸਤ ਨਾਲ ਕੋਈ ਸੰਬੰਧ ਨਹੀਂ ਹੈ। ਜਤੋਈ ਦੇ ਅਨੁਸਾਰ ਹੈਰੀਟੇਜ ਏਕਟ ਸਿਰਫ਼ ਉਨ੍ਹਾਂ ਸਮਾਰਕਾਂ 'ਤੇ ਲਾਗੂ ਹੁੰਦਾ ਹੈ, ਜੋ ਸਮਾਰਕ ਵਿਸ਼ਵ ਵਿਰਾਸਤ ਸਮਾਰਕਾਂ ਦੀ ਸੂਚੀ ਵਿਚ ਦਰਜ ਹਨ। ਉਧਰ ਵਕਫ਼ ਬੋਰਡ ਵਿਭਾਗ ਇਸ ਸਾਰੇ ਮਾਮਲੇ ਤੋਂ ਕੰਨੀ ਝਾੜਦਿਆਂ ਹੋਇਆਂ ਕਹਿ ਰਿਹਾ ਹੈ ਕਿ ਉਨ੍ਹਾਂ ਵੱਲੋਂ ਬਾਰਾਂਦਰੀ ਦਾ ਨਵ-ਨਿਰਮਾਣ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਵਿਭਾਗ ਪਾਸ ਫੰਡ ਨਾ ਹੋਣ ਕਰਕੇ ਇਹ ਯੋਜਨਾ ਕਾਮਯਾਬ ਨਹੀਂ ਹੋ ਸਕੀ।
ਪਾਕਿਸਤਾਨ ਸਰਕਾਰ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਹ ਮਾਮਲਾ ਸਿਰਫ਼ ਸਿੱਖ ਇਤਿਹਾਸ ਨਾਲ ਜੁੜੇ ਇਕ ਵਿਰਾਸਤੀ ਸਮਾਰਕ ਦੀ ਹੋਂਦ ਨੂੰ ਖਤਮ ਕਰਨ ਦਾ ਨਹੀਂ ਹੈ, ਬਲਕਿ ਇਸ ਨਾਲ ਭਾਰਤੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਇਸ ਲਈ ਪਾਕਿਸਤਾਨ ਸਰਕਾਰ ਨੂੰ ਤੁਰੰਤ ਬਾਰਾਂਦਰੀ ਵਿਚੋਂ ਕੂੜਾ-ਘਰ ਹਟਾ ਕੇ ਇਸ ਦਾ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਸਮਾਧ ਦਾ ਨਵ-ਨਿਰਮਾਣ ਕਰਵਾਉਣਾ ਚਾਹੀਦਾ ਹੈ।
ਸੁਰਿੰਦਰ ਕੋਛੜ