ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਬਾਣੀ 'ਚ ਠਾਕੁਰ


ਪੁਰਾਤਨ ਧਾਰਮਿਕ ਗ੍ਰੰਥਾਂ ਵਿਚ ਵਰਤਿਆ ਗਿਆ 'ਠਕੁਰ' ਸੰਸਕ੍ਰਿਤ ਮੂਲ ਦਾ ਸ਼ਬਦ ਹੈ, ਇਹ ਸ਼ਬਦ ਦੇਵਤਾ ਦਾ ਸਮਾਨਾਰਥਕ ਹੈ, ਭਾਵ ਮੁੱਢ ਕਦੀਮੋਂ ਭਾਰਤਵਾਸੀ ਆਪਣੇ ਪੂਜਣਯੋਗ ਦੇਵਤਾ ਨੂੰ 'ਠਕੁਰ' ਆਖਦੇ ਸਨ। ਵਿਸ਼ੇਸ਼ ਤੌਰ 'ਤੇ ਵਿਸ਼ਣ ਜੀ ਨੂੰ 'ਠਕੁਰ' ਕਿਹਾ ਜਾਣਾ ਪ੍ਰਚੱਲਿਤ ਹੋ ਗਿਆ ਸੀ। ਇੰਞ ਪ੍ਰਤੀਤ ਹੁੰਦਾ ਹੈ ਕਿ ਪੂਰਵ-ਇਤਿਹਾਸਕ ਸਮਿਆਂ ਤੋਂ ਹੀ, ਜਿਸ ਨੂੰ ਅਸੀਂ ਪੱਥਰ-ਯੁੱਗ ਕਰਕੇ ਜਾਣਦੇ ਹਾਂ, ਪਰਾ-ਭੌਤਿਕ ਸ਼ਕਤੀਆਂ ਨੂੰ ਵੱਖ-ਵੱਖ ਅਕਾਰਾਂ ਦੇ ਪੱਥਰਾਂ ਦੇ ਰੂਪ ਵਿਚ ਪੂਜਣਯੋਗ ਮੰਨਿਆ ਜਾਣਾ ਅਤੇ ਉਨ੍ਹਾਂ ਨੂੰ ਖਾਸ-ਅਸਥਾਨਾਂ 'ਪਰ ਸਥਾਪਿਤ ਕੀਤੇ ਜਾਣਾ ਆਰੰਭ ਹੋਇਆ ਸੀ। ਐਸੇ ਅਸਥਾਨਾਂ ਨੂੰ ਵਿਸ਼ੇਸ਼-ਪਵਿੱਤਰ ਸਮਝਿਆ ਜਾਂਦਾ ਜਿੱਥੇ ਸ਼ਰਧਾਲੂਆਂ ਨੂੰ ਖਾਸ ਸੁੱਚਮ ਤੇ ਸ਼ੁੱਧ-ਭਾਵਨਾ ਤਹਿਤ ਜਾਣਾ ਹੀ ਨਿਯਮਬੱਧ ਕੀਤਾ ਗਿਆ। ਦੂਸਰਿਆਂ ਵਿਧਰਮੀਆਂ ਜਾਂ ਸ਼ਰਧਾ-ਵਿਹੂਣੇ ਬੰਦਿਆਂ ਨੂੰ ਪਵਿੱਤਰ ਮਿੱਥੇ ਗਏ ਅਸਥਾਨ ਦੇ ਅੰਦਰ ਪ੍ਰਵੇਸ਼ ਜਾਂ ਦਰਸ਼ਨਾਂ ਦੀ ਮਨਾਹੀ ਸੀ। ਕੇਵਲ ਪੁਜਾਰੀਆਂ ਨੂੰ ਇਸ਼ਟ ਦੀ ਨੇੜਤਾ, ਸੇਵਾ-ਸੰਭਾਲ ਤੇ ਪੂਜਾ-ਅਨੁਸ਼ਠਾਨ ਦਾ ਅਧਿਕਾਰ ਪ੍ਰਾਪਤ ਸੀ। ਸਪੱਸ਼ਟ ਹੈ ਕਿ ਇਸ਼ਟ-ਵਿਸ਼ੇਸ਼ ਨੂੰ ਇਕ ਨਿਰਧਾਰਿਤ ਥਾਂ 'ਪਰ, ਚਾਰ-ਦਿਵਾਰੀ ਦੇ ਅੰਦਰ 'ਠਾਕ' ਦਿੱਤਾ ਗਿਆ ਸੀ ਜਿਥੇ ਸਮਾਜਿਕ-ਪ੍ਰਬੰਧਾਂ ਅਧੀਨ ਆਮ ਲੋਕਾਈ ਦੇ ਆਣ-ਜਾਣ ਵਾਸਤੇ ਪੂਰੀ ਤਰ੍ਹਾਂ ਰੁਕਾਵਟਾਂ ਨਿਸ਼ਚਿਤ ਹੋ ਗਈਆਂ। ਸ਼ਰਧਾਵਾਨ ਭਗਤ ਨੇ ਵੀ ਕੇਵਲ ਆਪਣੇ ਨਿਸ਼ਚਿਤ-ਠਕੁਰ ਅੱਗੇ ਹੀ ਸਿਰ ਨਿਵਾਉਂਣਾ ਤੇ ਮਨੌਤਾਂ ਮੰਨਣੀਆਂ ਸਨ, ਦੂਸਰੇ ਦੇਵ-ਅਸਥਾਨਾਂ 'ਪਰ ਜਾਣਾ ਨਿਸ਼ੇਧਜਨਕ ਸੀ। ਭਗਤ ਜਨਾਂ ਨੇ ਇਸ ਇਸ਼ਟ-ਰੂਪ 'ਪਰ ਹੀ ਮਨੋਬਿਰਤੀਆਂ ਨੂੰ ਠਾਕਣਾ, ਰੋਕਣਾ ਜਾਂ ਇਕਾਗਰ ਕਰਨਾ ਹੁੰਦਾ ਸੀ, ਭਾਵ ਉਹ ਕੇਂਦਰੀ ਬਿੰਦੂ ਜੋ ਮਨੁੱਖੀ-ਮਨ ਨੂੰ ਮਾਇਕ-ਪਦਾਰਥਕ ਭਟਕਣੀਆਂ ਤੋਂ ਰੋਕ ਕੇ ਅੰਦਰਲੀ-ਰੂਹਾਨੀ ਸ਼ਕਤੀ ਨੂੰ ਜਾਗ੍ਰਿਤ ਕਰ ਸਕੇ, ਉਸਨੂੰ 'ਠਕੁਰ' ਮੰਨਿਆ ਗਿਆ। ਅਜਿਹੇ ਧਾਰਮਿਕ ਅਸਥਾਨਾਂ ਨੂੰ ਠਕੁਰ-ਦਵਾਰੇ ਜਾਂ ਠਾਕੁਰਦਵਾਰੇ ਆਖਿਆ ਜਾਂਦਾ ਸੀ, ਭਾਵ ਠੱਕੁਰ ਦਾ ਦਰਵਾਜਾ, ਦੇਵ ਮੰਦਿਰ ਜਾਂ ਸਵਾਮੀ ਦਾ ਘਰ। ਸਮਾਂ ਗੁਜ਼ਰਦਿਆਂ ਵਿਭਿੰਨ ਦਿਬ-ਸ਼ਕਤੀਆਂ ਦਾ ਮੂਰਤੀਕਰਣ ਹੋਇਆ, ਦੇਵੀ ਦੇਵਤਿਆਂ ਦਾ ਮਾਨਵੀ-ਆਕਾਰ ਅਨੁਸਾਰ ਪ੍ਰਤਿਮਾ-ਰੂਪਾਂਤ੍ਰਣ ਹੋਇਆ, ਪਰ ਪੂਰਬਕਾਲੀ ਗੋਲ-ਪੱਥਰ ਰੂਪੀ ਠਕੁਰ ਤੇ ਸ਼ਿਵ-ਲਿੰਗ ਦੀ ਉਪਾਸ਼ਨਾ ਵਰਤਮਾਨ ਸਮੇਂ ਤੱਕ ਚੱਲੀ ਆ ਰਹੀ ਹੈ। ਪੁਰਾਤਨ ਵੈਸ਼ਣਵ ਪਰੰਪਰਾ ਦੇ ਇਸ ਸ਼ਬਦ ਨੂੰ 'ਕਲ' ਨਾਉਂ ਦੇ ਭੱਟ ਬਾਣੀਕਾਰ ਨੇ ਗੁਰੂ ਰਾਮਦਾਸ ਜੀ ਪ੍ਰਤਿ ਇੰਞ ਵਰਤਿਆ ਹੈ : ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ£ (੧੩੯੭)
'ਠਾਕੁਰ' ਇਸੇ ਸ਼ਬਦ ਦਾ ਪ੍ਰਾਕਿਤ ਰੂਪ ਹੈ, ਜੋ ਇਸ਼ਟ-ਦੇਵ ਤੋਂ ਇਲਾਵਾ ਖਸ਼ਤ੍ਰੀਆਂ ਜਾਂ ਪ੍ਰਤਿਸ਼ਠਿਤ ਵਿਅਕਤੀਆਂ ਦੇ ਨਾਂ ਨਾਲ ਵੀ ਜੋੜਿਆ ਜਾਂਦਾ ਹੈ। ਵੈਸ਼ਣਵ-ਭਗਤੀ ਨਾਲ ਭਾਵਨਾਤਮਕ ਪੱਧਰ 'ਤੇ ਜੁੜੀ ਹੋਰ ਸ਼ਬਦਾਵਲੀ ਦੀ ਤਰ੍ਹਾਂ, ਇਸ ਸ਼ਬਦ ਦੀ ਵਰਤੋਂ ਵੀ ਨਿਰਗੁਣਵਾਦੀ ਸੰਤਾਂ-ਭਗਤਾਂ ਤੇ ਗੁਰੂ ਸਾਹਿਬਾਨ ਨੇ ਸ੍ਰਿਸ਼ਠੀ ਦੇ ਕਰਤਾ ਭਰਤਾ ਤੇ ਹਰਤਾ, ਪਾਰਬ੍ਰਹਮੁ-ਪਰਮੇਸਰੁ ਜਾਂ ਪ੍ਰਭੂ-ਪ੍ਰਮਾਤਮਾ ਵਾਸਤੇ ਕੀਤੀ ਹੈ, ਜਿਵੇਂ ਕਿ ਫੁਰਮਾਨ ਹੈ : ਠਾਕੁਰ ਤੁਮ੍ਰ ਸਰਣਾਈ ਆਇਆ£ ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ£ (੧੨੧੮) ਜਾਂ : ਤੂ ਠਾਕੁਰ ਤੁਮ ਪਹਿ ਅਰਦਾਸਿ£ ਜੀਉ ਪਿੰਡੁ ਸਭੁ ਤੇਰੀ ਰਾਸਿ£ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ£ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ£ ਕੋਇ ਨ ਜਾਨੈ ਤੁਮਰਾ ਅੰਤੁ£ ਊਚੇ ਤੇ ਊਚਾ ਭਗਵੰਤ£ ਇਤਿਆਦਿ
ਗੁਰਬਾਣੀ ਦੇ ਵਿਖਿਆਤ ਵਿਆਖਿਆਕਾਰ ਭਾਈ ਗੁਰਦਾਸ ਜੀ ਦਸਵੀਂ ਵਾਰ ਦੀ ਤੇਰ੍ਹਵੀ ਪਉੜੀ ਵਿਚ ਭਗਤ ਧੰਨਾ ਜੀ ਨਾਲ ਸਬੰਧਤ ਸਾਖੀ ਦੁਆਰਾ ਪੁਰਾਤਨ ਠਾਕੁਰ-ਪੂਜਾ ਨੂੰ ਇਉਂ ਬਿਆਨਦੇ ਹਨ :
ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ£
ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ£
ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ£
ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇਕ ਜੋ ਤੁਧ ਭਾਵੈ£
ਪੱਥਰ ਇਕ ਲਪੇਟ ਕਰ ਕੇ ਧੰਨੇ ਨੋਂ ਗੈਲ ਛੁਡਾਵੈ£
ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ£
ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ£
ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ£
ਗੋਸਾਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ£
ਭੋਲਾ ਭਾਉ ਗੋਵਿੰਦ ਮਿਲਾਵੈ£੧੩£
ਇਸ ਪ੍ਰਸੰਗ ਦਾ ਉਪਦੇਸ਼ ਇਹ ਹੈ ਕਿ, ਦ੍ਰਿੜ੍ਹ ਵਿਸ਼ਵਾਸ ਭਗਤੀ ਦਾ ਜ਼ਰੂਰੀ ਤੇ ਮੁੱਢਲਾ ਅੰਗ ਹੈ। ਬਾਹਰਮੁਖੀ ਚੰਚਲਤਾਈ ਨਿਸਚੇ ਹੀ ਨਿਗੂਣੀ ਤੇ ਨਿਰਾਰਥ ਹੈ। ਸਾਰੇ ਵਿਦਵਾਨ ਦ੍ਰਿਸ਼ਟਾਂਤ ਦੇ ਹਮੇਸ਼ਾ ਇਕੋ ਹੀ ਉਪਦੇਸ਼ਾਤਮਕ-ਪੱਖ ਵਿਚਾਰਨ ਵਾਲੇ ਸਿਧਾਂਤ ਨੂੰ ਸਵੀਕਾਰਦੇ ਆਏ ਹਨ। ਇਸ ਕਰਕੇ ਇਥੇ ਬ੍ਰਾਹਮਣ ਦੇ ਛਲ ਤੇ ਧੰਨਾ ਜੀ ਦੀ ਨਾ-ਵਾਕਫ਼ੀਅਤ ਨਾਲ ਪ੍ਰਯੋਜਨ ਨਹੀਂ, ਕੇਵਲ ਉਸ ਸੱਚੇ ਵਿਸ਼ਵਾਸ ਦੇ ਅੰਸ਼ ਨੂੰ ਵੇਖਣਾ ਹੈ, ਜੋ ਭਗਤ ਜੀ ਦੇ ਸੂਖਮ ਹਿਰਦੇ ਵਿਚ ਸੱਚਮੁੱਚ ਸਮਾ ਗਿਆ ਤੇ ਜਿਸ ਨੇ ਅਗਲੇਰੀਆਂ ਪ੍ਰਾਪਤੀਆਂ ਦਾ ਬੂਹਾ ਖੋਲ੍ਹ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕ ੫੦੦ ਉਪਰ, ਰਾਗ ਗੂਜਰੀ ਮਹਲਾ ੫ ਦੇ ਸਿਰਲੇਖ ਅਧੀਨ ਇਕ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਹਨ : ਠਾਕੁਰ ਤੁਝ ਬਿਨੁ ਬੀਆ ਨ ਹੋਰ£ ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ£ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ, ਆਪਣੇ ਇਸ਼ਟ ਪ੍ਰਭੂ-ਪ੍ਰਮੇਸਰੁ ਨੂੰ ਮੁਖਾਤਬ ਹੁੰਦਿਆਂ ਆਪਣਾ ਸਿਧਾਂਤਕ ਵਿਸ਼ਵਾਸ, ਅਕੀਦਾ ਜਾਂ ਈਮਾਨ ਨਿਸ਼ਚਿਤ ਕਰਦੇ ਹਨ ਕਿ ਹੇ ਵਾਹਿਗੁਰੂ! ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦਾ, ਮੈਂ ਕਿਸੇ ਹੋਰ ਸ਼ਕਤੀ ਜਾਂ ਹਸਤੀ 'ਪਰ ਭਰੋਸਾ ਨਹੀਂ ਰੱਖਦਾ ਅਤੇ ਅਸਲੀਅਤ ਵਿਚ ਤੇਰੇ ਤੋਂ ਬਗੈਰ ਕੋਈ ਹੋਰ ਦੂਸਰਾ ਪੂਜਣਯੋਗ, ਆਰਾਧਣਯੋਗ ਜਾਂ ਮੰਨਣਯੋਗ ਹੈ ਹੀ ਕੋਈ ਨਹੀਂ। ਮੈਂ ਆਪਣੀ ਚੇਤੰਨਤਾ ਵਿਚ ਕੇਵਲ, ਮੇਰੇ ਠਾਕੁਰ ਵਾਹਿਗੁਰੂ, ਤੈਨੂੰ ਹੀ ਹਮੇਸ਼ਾ ਯਾਦ ਰੱਖਦਾ ਹਾਂ, ਜੀਭ ਨਾਲ ਤੇਰਾ ਹੀ ਨਾਮ ਜਪਦਾ ਹਾਂ ਅਤੇ ਜ਼ਿੰਦਗੀ ਦੇ ਹਰ ਕਾਰਜ ਦੀ ਸਫ਼ਲਤਾ ਵਾਸਤੇ, ਤੇਰੀ ਅਗਵਾਈ ਤੇ ਸਹਾਇਤਾ ਲਈ ਬੇਨਤੀਆਂ-ਜੋਦੜੀਆਂ ਕਰਦਾ ਹਾਂ।
ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ, ਕਿ ਧਾਰਮਿਕ-ਸੰਸਾਰ ਵਿਚ ਪੁਰਾਤਨ ਕਾਲ ਅਤੇ ਅਜੋਕੇ ਵਰਤਮਾਨ ਸਮੇਂ ਵੀ, ਵੱਖ-ਵੱਖ ਭਾਗਾਂ ਵਿਚ, ਨਸਲਾਂ-ਕਬੀਲਿਆਂ ਵਿਚ, ਲੋਕ, ਆਪੋ-ਆਪਣੀਆਂ ਪਰੰਪਰਾਗਤ ਮਾਨਤਾਵਾਂ ਅਨੁਸਾਰ, ਭਿੰਨ-ਭਿੰਨ ਨਾਵਾਂ ਵਾਲੇ, ਕਈ ਵਿਸ਼ੇਸ਼-ਥਾਵਾਂ 'ਪਰ ਸਥਾਪਿਤ ਹੋਏ ਅਤੇ ਕਈ ਪ੍ਰਕਾਰ ਦੀਆਂ ਬਖਸ਼ਿਸ਼ਾਂ ਕਰਨ ਵਾਲੇ ਦੇਵੀ-ਦੇਵਤਿਆਂ ਦੀ ਪੂਜਾ-ਅਰਚਨਾ ਕਰਦੇ ਹਨ। ਤ੍ਰਾਸਦੀ ਇਹ ਹੈ ਕਿ ਬਹੁ-ਦੇਵਵਾਦ ਤੇ ਬਹੁ-ਅਵਤਾਰਵਾਦੀ ਵਿਚਾਰਾਂ-ਵਿਸ਼ਵਾਸਾਂ ਨੇ ਪੂਰੀ ਮਨੁੱਖਤਾ ਵਿਚ ਏਕਤਾ, ਇਤਫ਼ਾਕ ਤੇ ਸਾਂਝੀਵਾਲਤਾ ਨੂੰ ਵੱਡੀ ਢਾਹ ਲਾਈ ਹੈ। ਮਨੁੱਖੀ-ਨਸਲਾਂ, ਕਬੀਲਿਆਂ, ਦੇਸ਼ਾਂ-ਪ੍ਰਦੇਸ਼ਾਂ, ਰੰਗਾਂ-ਰੂਪਾਂ ਤੇ ਜਾਤਪਾਤ ਵਿਚ ਵੰਡੇ ਹੋਇਆਂ ਬੰਦਿਆਂ ਨੇ, ਆਪਸੀ ਟਕਰਾਉ, ਵੈਰ-ਵਿਰੋਧ ਤੇ ਜੰਗਾਂ-ਯੁੱਧਾਂ ਵਿਚ, ਇਨਸਾਨੀਅਤ ਨੂੰ ਕਤਲੋਗਾਰਤ ਵਾਲੇ, ਸਵੈ-ਘਾਤਕ ਖੂਨ-ਖਰਾਬਿਆਂ ਰਾਹੀਂ ਜ਼ਹਨੀਅਤ ਪੱਖੋਂ ਆਤਮਿਕ-ਅਧੋਗਤੀ ਅਤੇ ਜ਼ਾਹਰੀ ਤੌਰ 'ਪਰ ਬਰਬਾਦੀ ਜਾਂ ਵਿਨਾਸ਼ ਦੇ ਰਾਹਾਂ ਵੱਲ ਹੀ ਭਟਕਾਈ ਰੱਖਿਆ ਹੈ।
ਸਿੱਖ ਗੁਰੂ ਸਾਹਿਬਾਨ ਨੇ ਪੂਰੇ ਮਨੁੱਖੀ-ਜਗਤ ਵਿਚ ਆਪਸੀ ਸਾਂਝ, ਪ੍ਰੇਮ-ਪਿਆਰ, ਸੁਹਿਰਦਤਾ ਤੇ ਸਹਿਚਾਰ ਤੋਂ ਉਪਜਦੀ 'ਸਰਬੱਤ ਦੇ ਭਲੇ' ਵਾਲੀ ਵਿਚਾਰਧਾਰਾ ਦਾ ਉਪਦੇਸ਼ ਦਿੱਤਾ, ਦੂਰ-ਦੁਰੇਡੇ ਦੇਸ਼ਾਂ-ਪ੍ਰਦੇਸ਼ਾਂ ਵਿਚ ਪਹੁੰਚ ਕੇ ਸਰਬ-ਕਲਿਆਣਕਾਰੀ ਬਾਣੀ ਰਾਹੀਂ ਇਨਸਾਨੀ ਇਤਫ਼ਾਕ ਤੇ ਭਾਈਚਾਰੇ ਦਾ ਪ੍ਰਚਾਰ-ਪ੍ਰਸਾਰ ਕੀਤਾ। ਉਹਨਾਂ ਨੇ ਵੱਖ-ਵੱਖ ਮਤ-ਮਤਾਂਤਰਾਂ, ਮਜ਼੍ਹਬਾਂ, ਧਰਮਾਂ ਵਾਲਿਆਂ ਨਾਲ ਧਰਮ ਗੋਸ਼ਟਾਂ ਕੀਤੀਆਂ ਅਤੇ ਹਮਖਿਆਲ ਨਿਰਗੁਣਵਾਦੀ ਸੰਤਾਂ-ਭਗਤਾਂ ਦੀ ਬਾਣੀ ਦਾ 'ਪੋਥੀ ਪਰਮੇਸਰ ਕਾ ਥਾਨ' ਵਿਚ ਸੰਕਲਨ ਕੀਤਾ। ਬਿਨਾਂ ਕਿਸੇ ਵਖਰੇਵੇਂ ਜਾਂ ਵਿਤਕਰੇ ਤੋਂ ਅਖੌਤੀ ਨੀਵੀਂ ਜਾਤਿ ਨਾਲ ਸਬੰਧਤ ਮਹਾਂ-ਪੁਰਸ਼ਾਂ ਦੀ ਰੱਬੀ-ਬਾਣੀ ਨੂੰ ਵੀ ਆਪਣੇ ਅੰਗਿ-ਸੰਗਿ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕਰਦਿਆਂ, ਭਵਿੱਖ ਵਿਚ ਸਦੀਵਕਾਲ ਲਈ ਸੁਰੱਖਿਅਤ ਤੇ ਸ਼ਰਧਾਮਈ ਸੰਚਾਰ ਵਾਸਤੇ ਸਾਂਭ ਲਿਆ, ਜਿਸ ਨੂੰ ਅੱਜ ਅਸੀਂ ਸਾਰੇ 'ਖਸਮ ਕੀ ਬਾਣੀ', 'ਧੁਰ ਕੀ ਬਾਣੀ' ਜਾਂ 'ਇਸ਼ਟ-ਪ੍ਰਭੂ' ਵਜੋਂ ਨਤ-ਮਸਤਕ ਹੁੰਦੇ ਹਾਂ। 'ਇਸ਼ਟ ਪ੍ਰਭੂ' ਜਾਂ 'ਠਾਕੁਰ' ਨੂੰ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ੴ ਆਖਿਆ ਗਿਆ ਹੈ ਅਤੇ ਅੱਗੇ ਚੱਲਦਿਆਂ ਸਾਰੇ ਹੀ ਸਤਿਕਾਰਿਤ ਪ੍ਰਭੂ-ਨਾਵਾਂ ਨੂੰ ਸਮਾਨਾਰਥਕ ਸਮਝਦਿਆਂ ਨਮਸਕਾਰਿਆ ਹੈ। ਗੁਰੂ ਨਾਨਕ ਸਾਹਿਬ ਬਸੰਤ ਰਾਗ ਦੇ ਇਕ ਸ਼ਬਦ ਵਿਚ ਫੁਰਮਾਉਂਦੇ ਹਨ ਕਿ : ਸਿਰੁ ਨਾਨਕ ਲੋਕਾ ਪਾਵ ਹੈ£ ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ£ (੧੧੬੮)
ਸਪੱਸ਼ਟ ਹੋਇਆ ਕਿ ਓਸ ਏਕੋ 'ਠਾਕੁਰ' ਨੂੰ ਹੀ ਵੱਖ-ਵੱਖ ਸਮਿਆਂ, ਸਥਾਨਾਂ ਤੇ ਸਾਧਕਾਂ ਨੇ ਆਪੋ ਆਪਣੇ ਅਨੁਭਵ-ਪ੍ਰਕਾਸ਼ ਅਨੁਸਾਰ ਅਡੋ-ਅੱਡਰੇ ਨਾਵਾਂ ਨਾਲ ਸ਼ਰਧਾ ਪੂਰਵਕ ਪੂਜਿਆ ਹੈ, ਜਿਵੇਂ ਕਿ ਰਾਮ, ਰਹੀਮ, ਅੱਲਾ, ਮੌਲਾ, ਗੋਬਿੰਦ, ਗੋਪਾਲ, ਗੋਵਰਧਨ, ਮਾਧਵ, ਬੀਠਲ, ਕਾਨ੍ਹਾ, ਕ੍ਰਿਸ਼ਨ ਇਤਿਆਦਿ। ਇਕ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦੈ ਕਿ 'ਠਾਕੁਰ' ਅਜੂਨੀ ਸੈਭੰ ਹੈ, 'ਠਾਕੁਰੁ ਸਰਬੇ ਸਮਾਣਾ' (੫੧) ਹੈ, ਭਾਵ ਪ੍ਰਭੂ-ਪਰਮਾਤਮਾ, ਰੱਬ ਜੀ ਜਾਂ ਭਗਵਾਨ ਜੋਨੀਆਂ ਵਿਚ ਨਹੀਂ ਆਉਂਦਾ, ਓਸ ਨੂੰ ਜਨਮ-ਮਰਣ, ਰੂਪ ਰੇਖ, ਰੰਗ ਨਸਲ ਆਦਿ ਦੀਆਂ ਸੀਮਾਵਾਂ ਵਿਚ ਨਹੀਂ ਸਮਝਿਆ ਜਾਣਾ ਚਾਹੀਦਾ, ਮੁਖਵਾਕ ਹੈ : ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ£ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ£ ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ£ ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ£ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ£ ਤਵ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤਿ£ (ਜਾਪੁ ਸਾਹਿਬ) ਅਤੇ ਪੰਜਵੇਂ ਨਾਨਕ ਭੈਰਉ ਰਾਗ ਵਿਚ ਉਚਾਰਦੇ ਹਨ ਕਿ 'ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ£' (੧੧੩੬)
ਇਸ ਤਰ੍ਹਾਂ ਗੁਰਬਾਣੀ ਪ੍ਰਭੂ-ਪਰਮਾਤਮਾ ਦੀ ਇਕੱਤਾ ਵਿਚੋਂ ਮਨੁੱਖੀ-ਏਕਤਾ, ਭਰੱਪਣਤਾ, ਸਮਾਨਤਾ, ਬਰਾਬਰਤਾ ਤੇ ਸਚੁ ਹੱਕ ਨਿਆਂਯੁਕਤ ਸਮਾਜ-ਸਿਰਜਣ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਵਿਚਾਰਧਾਰਕ ਅੰਤਰ-ਭੇਦਾਂ ਨੂੰ ਇਉਂ ਸਮਝਿਆ ਜਾ ਸਕਦਾ ਹੈ ਕਿ ਜਿਥੇ ਪੁਰਾਤਨ ਧਰਮਾਂ ਵਾਲਿਆਂ ਨੇ ਆਪਣੇ ਇਸ਼ਟ-ਪ੍ਰਭੂ ਜੀ ਨੂੰ ਸਥਾਨਗਤ ਸੀਮਾਵਾਂ ਵਿਚ ਬੰਨ੍ਹਿਆ ਹੋਇਆ ਸੀ ਅਤੇ ਭਗਤੀ-ਪ੍ਰਣਾਲੀਆਂ ਫੋਕਟ ਕਰਮਕਾਂਡਾਂ ਦੇ ਰੀਤੀ ਰਿਵਾਜ਼ ਬਣ ਚੁੱਕੇ ਸਨ। ਗੁਰਬਾਣੀ ਵਿਚਲਾ ਸੰਕਲਪਿਤ 'ਠਾਕੁਰ' 'ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ£ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ£' ਵਿਚ ਰੂਪਾਂਤ੍ਰਣ ਹੋਇਆ ਵਿਖਾਈ ਦਿੰਦਾ ਹੈ। 'ਸੁਖਮਨੀ' ਬਾਣੀ ਦੀ ਸਤਾਰ੍ਹਵੀਂ ਅਸ਼ਟਪਦੀ ਦੇ ਅੰਤਰਗਤ ਸਦਾ ਥਿਰ ਰਹਿਣ ਵਾਲੇ ਅਤੇ ਸਰਬ ਵਿਆਪਕ 'ਠਾਕੁਰ' ਜੀ ਦੀਆਂ ਵਡਿਆਈਆਂ ਦੇ ਨਾਲ ਨਾਲ ਪਰਸਨਹਾਰ-ਸੇਵਾਦਾਰ, ਪੂਜਾਰੀ ਜਾਂ ਜਗਿਆਸੂ-ਭਗਤ ਦੇ ਕਰਮ-ਕਰਤੱਵਾਂ ਦਾ ਉਲੇਖ ਵੀ ਕੀਤਾ ਗਿਆ ਹੈ :
ਠਾਕੁਰ ਕਾ ਸੇਵਕੁ ਆਗਿਆਕਾਰੀ£
ਠਾਕੁਰ ਕਾ ਸੇਵਕੁ ਸਦਾ ਪੂਜਾਰੀ£
ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ£
ਠਾਕੁਰ ਕੇ ਸੇਵਕ ਕੈ ਨਿਰਮਲ ਰੀਤਿ£
ਠਾਕੁਰ ਕਉ ਸੇਵਕੁ ਜਾਨੈ ਸੰਗਿ£
ਪ੍ਰਭ ਕਾ ਸੇਵਕੁ ਨਾਮ ਕੈ ਰੰਗਿ£
ਸੇਵਕ ਕਉ ਪ੍ਰਭ ਪਾਲਨਹਾਰਾ£
ਸੇਵਕ ਕੀ ਰਾਖੈ ਨਿਰੰਕਾਰਾ£
ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ£
ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ£
(ਅੰਕ ੨੯੫)
ਇਸੇ ਤਰ੍ਹਾਂ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਕ ੧੧੬੦ ਉਪਰ ਰਾਗ ਭੈਰਉ ਕਬੀਰ ਜੀਉ ਦੇ ਅੰਤਰਗਤਿ ਪੁਰਾਤਨ ਤੇ ਨਵੀਨ ਧਰਮ-ਸਿਧਾਂਤ ਦੇ ਤੁਲਨਾਤਮਕ ਰਹੱਸ ਨੂੰ ਸਪੱਸ਼ਟ ਕੀਤਾ ਗਿਆ ਹੈ :
ਜੋ ਪਾਥਰ ਕਉ ਕਹਤੇ ਦੇਵ£ ਤਾ ਕੀ ਬਿਰਥਾ ਹੋਵੈ ਸੇਵ£
ਜੋ ਪਾਥਰ ਕੀ ਪਾਂਈ ਪਾਇ£
ਤਿਸ ਕੀ ਘਾਲ ਅਜਾਂਈ ਜਾਇ£੧£
ਠਾਕੁਰੁ ਹਮਰਾ ਸਦ ਬੋਲੰਤਾ£
ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ£੧£ ਰਹਾਉ£
ਅੰਤਰਿ ਦੇਉ ਨ ਜਾਨੈ ਅੰਧੁ£
ਭ੍ਰਮ ਕਾ ਮੋਹਿਆ ਪਾਵੈ ਫੰਧੁ£
ਨ ਪਾਥਰੁ ਬੋਲੈ ਨਾ ਕਿਛੁ ਦੇਇ£
ਫੋਕਟ ਕਰਮ ਨਿਹਫਲ ਹੈ ਸੇਵ£੨£ (ਅੰਕ ੧੧੬੦)
ਰਾਗੁ ਗੂਜਰੀ ਵਿਚ ਬਾਬਾ ਨਾਮਦੇਵ ਜੀਉ ਵੀ ਮੂਰਤੀ ਜਾਂ ਪੱਥਰ-ਪੂਜਾ ਦਾ ਖੰਡਨ ਕਰਦਿਆਂ ਪ੍ਰਾਣੀ ਮਾਤ੍ਰ ਦੀ ਸੇਵਾ ਲਈ ਤਰਕਸ਼ੀਲ ਉਪਦੇਸ਼ ਦ੍ਰਿੜ੍ਹ ਕਰਵਾਉਂਦੇ ਹਨ :
ਏਕੈ ਪਾਥਰ ਕੀਜੈ ਭਾਉ£
ਦੂਜੈ ਪਾਥਰ ਧਰੀਐ ਪਾਉ£
ਜੇ ਓਹੁ ਦੇਉ ਤ ਓਹੁ ਭੀ ਦੇਵਾ£
ਕਹਿ ਨਾਮਦੇਉ ਹਮ ਹਰਿ ਕੀ ਸੇਵਾ£ (ਅੰਕ ੫੨੫)
'ਓਅੰਕਾਰ' ਬਾਣੀ ਵਿਚ ਪਾਰਬ੍ਰਾਹਮੁ-ਪਰਮੇਸਰੁ 'ਠਾਕੁਰ' ਦੀ ਇੱਕਤਾ ਅਤੇ ਵਿਸ਼ਵ-ਵਿਆਪੀ ਮਨੁੱਖੀ ਸਮਾਨਤਾ-ਬਰਾਬਰਤਾ ਨੂੰ ਬਿਲਕੁਲ ਨਵੀਂ-ਨਿਵੇਕਲੀ ਵਿਲੱਖਣ ਦਾਰਸ਼ਨਿਕ-ਯੁਕਤੀ ਨਾਲ ਨਿਰੂਪਣ ਕੀਤਾ ਗਿਆ ਹੈ : ਠਾਕੁਰੁ ਏਕੁ ਸਬਾਈ ਨਾਰਿ£ ਬਹੁਤ ਵੇਸ ਕਰੇ ਕੂੜਿਆਰਿ£ (ਅੰਕ ੯੩੩) ਭਾਵ ਸਾਰਾ ਜੀਵ-ਜਗਤ ਨਾਰੀਆਂ ਹਨ ਅਤੇ ਇਕੋ-ਇਕ 'ਠਾਕੁਰ' ਸਰਬੱਤ-ਮਖਲੂਕਾਤ ਦਾ ਖਸਮ ਜਾਂ ਮਾਲਕ-ਪ੍ਰਭੂ ਹੈ। ਸਾਰਿਆਂ ਨਾਲ ਪਰਸਪਰ-ਪ੍ਰੇਮ ਤੇ ਪਾਲਣਾ-ਪੋਸ਼ਣਾ ਕਰਨ ਦੀ ਸਾਂਝੀਦਾਰੀ ਹੈ, ਇਕਮਿਕਤਾ ਹੈ। ਸਮਸਤ ਸ੍ਰਿਸ਼ਠੀ, ਜੀਵ ਜੰਤੂਆਂ ਤੇ ਮਨੁੱਖੀ-ਸ਼੍ਰੇਣੀਆਂ ਵਿਚ 'ਕਰਤਾ ਪੁਰਖੁ' 'ਸਭ ਮਹਿ ਜੋਤਿ ਜੋਤਿ ਹੈ ਸੋਇ£ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ£' ਵਾਂਗ ਵਰਤ ਰਹਿਆ ਹੈ। ਗੁਰੂ ਅੰਗਦ ਦੇਵ ਜੀ ਇਕ ਸਲੋਕ ਵਿਚ ਫੁਰਮਾਉਂਦੇ ਹਨ : ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾਤ ਆਤਮਾ£ ਆਤਮਾ ਬਾਸੁਦੇਵਸ੍ਹਿ ਜੇ ਕੋ ਜਾਣੈ ਭੇਉ£ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ£ ਇਸੇ ਤਰ੍ਹਾਂ, ਪੰਜਵੇਂ ਪਾਤਸ਼ਾਹ ਅਨੁਸਾਰ 'ਠਾਕੁਰ ਜਾ ਸਿਮਰਾ ਤੂੰ ਤਾਹੀ£ ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ£੧£ ਰਹਾਉ£ ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ£ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ£' (੪੯੯)
ਸਤਿਗੁਰਾਂ ਦਾ ਉਪਦੇਸ਼ ਹੈ ਕਿ ਠਾਕੁਰ-ਪ੍ਰਭੂ ਹਰ ਥਾਵੇਂ ਹਾਜ਼ਰ-ਨਾਜ਼ਰ ਹੈ। ਕਿਸੇ ਕਰਮ-ਕਾਂਡ ਜਾਂ ਵਿਸ਼ੇਸ਼ ਅਨੁਸ਼ਠਾਨ ਦੀ ਲੋੜ ਨਹੀਂ। ਜਗਿਆਸੂ-ਜਨ ਭਾਵੇਂ ਕਿਸੇ ਵੀ ਨਾਉਂ ਨਾਲ ਓਸ ਅਪਰੰਪਰ-ਪਾਰਬ੍ਰਹਮ ਹਸਤੀ ਦਾ, ਜਪੁ- ਸਿਮਰਨ ਕਰਨ, ਆਰਾਧਣ ਜਾਂ ਧਿਆਨ ਧਰਨ, ਇਹ ਪ੍ਰਕਾਰਜ ਪੂਰਣ ਸਮਰਪਣ ਸਹਿਤ ਤੇ ਪ੍ਰੇਮ-ਸੰਜੋਗੀ ਹੋਣਾ ਚਾਹੀਦਾ ਹੈ। ਪੂਜਾ-ਉਪਾਸ਼ਨਾ ਵਿਚ ਠਾਕੁਰ-ਪ੍ਰਭੂ ਨੂੰ ਹੀ ਧੇਯ (ਨਿਸ਼ਾਨਾ) ਬਣਾਉਣਾ ਹੈ, ਕਿਸੇ ਹੋਰ ਦੁਨੀਆਵੀ ਪ੍ਰਾਪਤੀ ਲਈ ਸਾਧਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਇਸ ਪ੍ਰਥਾਇ ਗੁਰਬਾਣੀ ਦੇ ਅੰਤਰਗਤਿ ਅਨੇਕਾਂ ਸੰਕੇਤ ਮਿਲਦੇ ਹਨ, ਜਿਵੇਂ ਕਿ
ਠਾਕੁਰ ਗਾਈਐ ਆਤਮ ਰੰਗਿ£
ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ£
(ਅੰਕ ੬੮੦)
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ£ ਸਾਵਧਾਨ ਏਕਾਗਰ ਚੀਤ£
(ਅੰਕ ੨੯੫)
ਜਿਨਾ ਇਕ ਮਨਿ ਇਕ ਚਿਤਿ ਧਿਆਇਆ
ਸਤਿਗੁਰ ਸਉ ਚਿਤੁ ਲਾਇ£
ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ
ਨਿਰਦੋਖ ਭਏ ਲਿਵ ਲਾਇ£ (ਅੰਕ ੧੪੨੩)
ਇਤਿਆਦਿਕ।
'ਠਾਕੁਰ ਤੁਝ ਬਿਨੁ ਬੀਆ ਨ ਹੋਰ£' ਦੇ ਦਾਰਸ਼ਨਿਕ ਸਿਧਾਂਤ ਦੀ ਗਹਿਰਾਈ ਨੂੰ ਜੇ ਸੰਖਿਪਤ ਰੂਪ ਵਿਚ ਸਮਝਣਾ ਹੋਵੇ ਤਾਂ, ਇਉਂ ਜਾਣੀਏ ਕਿ ਸ੍ਰਿਸ਼ਠੀ ਦੀ ਸਾਰੀ ਕੁਦਰਤ, ਪੂਰੀ ਪ੍ਰਕਿਰਤੀ, ਜੀਵ-ਜੰਤੂ ਤੇ ਮਾਨਵ-ਸ਼੍ਰੇਣੀਆਂ ਵਿਚ ਓਸ ਇਕੋ-ਇਕ ਵਾਹਿਗੁਰੂ ਦੀ ਅਗਮ-ਅਗੋਚਰੀ ਸਰਬਕਾਲੀ ਸਮਰੱਥਾ, ਊਰਜਾ, ਨਾਮੁ, ਹਸਤੀ ਜਾਂ ਹੋਂਦ ਹੀ ਦ੍ਰਿਸ਼ਟਮਾਨ ਹੋ ਰਹੀ ਹੈ। ਜਿਹੜਾ ਵੀ ਕੋਈ ਇਸ ਮੁੱਢਲੇ ਤੇ ਅੰਤਲੇ, ਪਾਰਬ੍ਰਹਮ-ਪਰਮੇਸ਼ਵਰੀ ਪਰਮੇਸ਼ਵਰੀ ਪਰਮ-ਸੱਚ ਦੇ ਭੇਤ ਨੂੰ ਬੁੱਝ ਲਏ, ਉਸ ਨੂੰ ਫਿਰ ਆਲੇ-ਦੁਆਲੇ 'ਸਭੇ ਘਟ ਰਾਮੁ ਬੋਲੈ ਰਾਮਾ ਬੋਲੈ£ ਰਾਮ ਬਿਨਾ ਕੋ ਬੋਲੈ ਰੇ£' ਦਾ ਅਹਿਸਾਸ ਹੋ ਆਂਵਦਾ ਹੈ। ਫਿਰ ਉਸ ਨੂੰ ਮਾਝ ਕੀ ਵਾਰ ਵਿਚਲੇ ਗੁਰੂ ਨਾਨਕ ਪਾਤਸ਼ਾਹ ਦੇ ਸਲੋਕਾਂ ਦਾ ਅਨੁਭਵ-ਪ੍ਰਕਾਸ਼ੀ ਗਿਆਨ ਪ੍ਰਗਟ ਹੋ ਆਂਵਦਾ ਹੈ :
ਨ ਦੇਵ ਦਾਨਵਾ ਨਰਾ£ ਨ ਸਿਧ ਸਾਧਿਕਾ ਧਰਾ£
ਅਸਤਿ ਏਕ ਦਿਗਰਿ ਕੁਈ£ ਏਕ ਤੁਈ ਏਕ ਤੁਈ£....
ਨ ਸੂਰ ਸਸਿ ਮੰਡਲੋ£ ਨ ਸਪਤ ਦੀਪ ਨਹ ਜਲੋ£
ਅੰਨ ਪਉਣ ਥਿਰੁ ਨ ਕੁਈ£ ਏਕੁ ਤੁਈ ਏਕੁ ਤੁਈ£....
ਨ ਰਿਜਕੁ ਦਸਤ ਆ ਕਸੇ£ ਹਮਾ ਰਾ ਏਕੁ ਆਸ ਵਸੇ£
ਅਸਤਿ ਏਕੁ ਦਿਗਰ ਕੁਈ£ ਏਕ ਤੁਈ ਏਕੁ ਤੁਈ£....
(ਅੰਕ ੧੪੪)
ਇੰਞ ਗੁਰਬਾਣੀ ਦਾ ਵਿਸ਼ਵ-ਵਿਆਪੀ ਮਨੁੱਖ ਲਈ ਮਾਰਗ ਦਰਸ਼ਨ ਹੈ ਕਿ ਇਕੋ ਇਕ ਪਾਰਬ੍ਰਹਮੁ-ਪਰਮੇਸਰੁ ਨੂੰ ਹੀ ਹਮੇਸ਼ਾ ਚੇਤੇ ਵਿਚ ਰੱਖਦਿਆਂ ਰਸਨਾ ਨਾਲ ਓਸ ਦਾ ਨਾਮ ਜਪਦਿਆਂ, ਸਰਬਵਿਆਪੀ ਚੇਤਨ-ਸੱਤਾ 'ਪਰ ਪੱਕਿਆਈ ਨਾਲ ਈਮਾਨ ਰੱਖਦਿਆਂ, ਆਪਣੀ ਅੰਤਰ ਆਤਮਾ ਦੀ ਅਗਵਾਈ ਵਿਚ ਜੀਵਨ ਜੀਊਣਾ ਹੈ। 'ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ£ ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ£' (ਅੰਕ ੫੦੦) ਇਸ ਸਾਰੇ ਪ੍ਰਕਾਰਜ ਦੀ ਸਹੀ ਤੇ ਸਫ਼ਲ ਜੁਗਤੀ ਓਸ ਆਦਿ-ਜੁਗਾਦੀ ਪਰਮ-ਸੱਚ ਠਾਕੁਰ-ਵਾਹਿਗੁਰੂ ਨੂੰ ਹੀ ਆਪਣਾ ਉਦੇਸ਼ ਤੇ ਆਦਰਸ਼ ਬਣਾਉਂਦਿਆਂ, ਸਾਰੇ ਕਰਮ-ਕਰਤੱਵਾਂ ਨੂੰ ਗੁਰਬਾਣੀ-ਸਿੱਖਿਆਵਾਂ ਦੀ ਭਾਵਨਾ ਅਨੁਸਾਰ ਨਿਰਖਦਿਆਂ-ਪਰਖਦਿਆਂ ਜੀਵਨ-ਜਾਚ ਦੀ ਨਵ-ਘਾੜਤ ਕਰਨੀ ਹੈ :
ਠਾਕੁਰ ਤੁਝ ਬਿਨੁ ਬੀਆ ਨ ਹੋਰ£
ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ£ (ਅੰਕ ੫੦੦)
ਇੰਜੀ: ਜੋਗਿੰਦਰ ਸਿੰਘ