ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦਿਲ ਦੀ ਬਾਈਪਾਸ ਸਰਜਰੀ ਤੋਂ ਬਚਣ ਲਈ ਕੀ ਕਰੀਏ?


ਪਿਛਲੇ ਲਗਭਗ 20 ਸਾਲਾਂ ਤੋਂ ਦਿਲ ਦੇ ਮਰੀਜ਼ਾਂ ਦਾ ਇਲਾਜ ਬਾਈਪਾਸ ਸਰਜਰੀ ਦੁਆਰਾ ਕੀਤਾ ਜਾ ਰਿਹਾ ਹੈ। ਅੱਜ ਤੋਂ ਤਕਰੀਬਨ ਢਾਈ ਕੁ ਸਾਲ ਤੋਂ ਪਹਿਲਾਂ ਜਦੋਂ ਤੋਂ ਖਾਸ ਕਰਕੇ ਦਵਾਈ ਛੱਡਣ ਵਾਲੇ ਸਟੈਂਟਾਂ ਜਿਨ੍ਹਾਂ ਨੂੰ ਡੀ. ਈ. ਐਸ. ਕਿਹਾ ਜਾਂਦਾ ਹੈ, ਦੇ ਮਾੜੇ ਨਤੀਜੇ ਸਾਡੇ ਸਾਹਮਣੇ ਆਏ ਤਾਂ ਉਦੋਂ ਤੋਂ ਮਰੀਜ਼ ਬਾਈਪਾਸ ਸਰਜਰੀ ਨੂੰ ਵਧੇਰੇ ਤਰਜੀਹ ਦੇਣ ਲੱਗ ਪਏ ਹਨ। ਭਾਵੇਂ ਪਿਛਲੇ 10 ਸਾਲ ਨਾਲੋਂ ਅੱਜ ਬਾਈਪਾਸ ਸਰਜਰੀ ਵਧੇਰੇ ਸੁਰੱਖਿਅਤ ਹੋ ਗਈ ਹੈ ਪਰ ਫਿਰ ਵੀ ਇਹ ਪੂਰੀ ਤਰ੍ਹਾਂ ਖਤਰੇ ਤੋਂ ਖਾਲੀ ਨਹੀਂ ਹੈ। ਖਾਸ ਕਰਕੇ ਜਿਹੜੇ ਮਰੀਜ਼ ਜਿਵੇਂ ਵਡੇਰੀ ਉਮਰ, ਕਮਜ਼ੋਰ ਸਰੀਰ, ਸਿਗਰਟਨੋਸ਼ੀ, ਸ਼ੂਗਰ, ਥਾਇਰਾਇਡ, ਬਲੱਡ ਪ੍ਰੈਸ਼ਰ, ਮੋਟਾਪਾ, ਗੁਰਦੇ ਦੇ ਰੋਗ, ਦਮਾ ਤੇ ਅਧਰੰਗ ਆਦਿ ਤੋਂ ਪ੍ਰਭਾਵਿਤ ਹੁੰਦੇ ਹਨ ਅਜਿਹੇ ਮਰੀਜ਼ਾਂ 'ਚ ਬਾਈਪਾਸ ਦਾ ਖ਼ਤਰਾ ਆਮ ਮਰੀਜ਼ ਨਾਲੋਂ ਕਿਤੇ ਜ਼ਿਆਦਾ ਵਧ ਜਾਂਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਨੇ ਮਾਰਚ 2005 ਵਿਚ ਇਕ ਅਧਿਐਨ ਦੌਰਾਨ ਬਾਈਪਾਸ ਸਰਜਰੀ ਦੇ ਹੇਠ ਲਿਖੇ ਖ਼ਤਰੇ ਦਰਸਾਏ ਹਨ :
ਮੌਤ : ਜਿਨ੍ਹਾਂ ਮਰੀਜ਼ਾਂ ਦੀ ਪਹਿਲਾਂ ਬਾਈਪਾਸ ਸਰਜਰੀ ਹੋਈ ਹੋਵੇ, ਹਾਰਟ ਫੇਲ੍ਹ (ਈ. ਐਫ਼. 25%) ਹੋਵੇ, ਕਰੀਏਟਨਿਨ 2.5 ਹੋਵੇ, ਅਜਿਹੇ ਮਰੀਜ਼ਾਂ 'ਚ ਮੌਤ ਦੀ ਸੰਭਾਵਨਾ 10 ਫੀਸਦੀ ਹੁੰਦੀ ਹੈ ਕਿਉਂਕਿ ਬਾਈਪਾਸ ਆਪਰੇਸ਼ਨ 6 ਘੰਟੇ ਚਲਦਾ ਹੈ ਤੇ ਮਰੀਜ਼ ਨੂੰ ਲਗਭਗ 6 ਬੋਤਲਾਂ ਖੂਨ ਦੀਆਂ ਚੜ੍ਹਦੀਆਂ ਹਨ। ਉਸ ਦਾ ਦਿਲ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਹੈ, ਉਹ ਮਸ਼ੀਨ ਰਾਹੀਂ ਸਾਹ ਲੈਂਦਾ ਹੈ। ਅਜਿਹੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਬਾਈਪਾਸ ਤੋਂ ਪਹਿਲਾਂ ਸੰਬੰਧਿਤ ਸਰਜਨ ਕੋਲੋਂ ਮੌਤ ਦੀ ਦਰ ਜਾਂ ਸੰਭਾਵਨਾ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲੈ ਲੈਣ।
ਖੂਨ ਦਾ ਵਹਿਣਾ : 3 ਫੀਸਦੀ ਮਰੀਜ਼ਾਂ ਵਿਚ ਖ਼ੂਨ ਵਹਿ ਜਾਂਦਾ ਹੈ ਤੇ ਇਸ ਤਰ੍ਹਾਂ ਅਜਿਹੇ ਮਰੀਜ਼ਾਂ ਨੂੰ ਦੁਬਾਰਾ ਆਪਰੇਸ਼ਨ ਦੀ ਜ਼ਰੂਰਤ ਪੈ ਸਕਦੀ ਹੈ।
ਇਨਫੈਕਸ਼ਨ : 4 ਫੀਸਦੀ ਤੱਕ ਮਰੀਜ਼ਾਂ ਵਿਚ ਬਾਈਪਾਸ ਦੇ ਜ਼ਖ਼ਮਾਂ ਵਿਚ ਪਾਕ ਪੈ ਜਾਂਦੀ ਹੈ। ਸ਼ੂਗਰ ਤੇ ਮੋਟਾਪੇ ਵਾਲੇ ਮਰੀਜ਼ਾਂ ਵਿਚ ਇਸ ਦੀ ਸੰਭਾਵਨਾ ਹੋਰ ਵੀ ਵਧੇਰੇ ਹੁੰਦੀ ਹੈ। ਇਨਫੈਕਸ਼ਨ ਵਾਲੇ ਅਜਿਹੇ ਮਰੀਜ਼ਾਂ ਵਿਚੋਂ 25% ਦੀ ਮੌਤ ਹੋ ਜਾਂਦੀ ਹੈ।
ਹਾਰਟ ਅਟੈਕ : ਕਈ ਮਰੀਜ਼ਾਂ ਵਿਚ ਬਾਈਪਾਸ ਸਰਜਰੀ ਦੌਰਾਨ ਜਾਂ ਤਿੰਨ ਦਿਨ ਦੇ ਅੰਦਰ-ਅੰਦਰ ਦੁਬਾਰਾ ਵੱਡਾ ਹਾਰਟ ਅਟੈਕ ਹੋ ਸਕਦਾ ਹੈ। 9 ਫੀਸਦੀ ਮਰੀਜ਼ਾਂ ਨੂੰ ਹਾਰਟ ਫੇਲੀਅਰ ਦੀ ਸੰਭਾਵਨਾ ਵੀ ਹੋ ਸਕਦੀ ਹੈ।
ਅਧਰੰਗ : 6 ਫੀਸਦੀ ਮਰੀਜ਼ਾਂ ਵਿਚ ਕੋਈ ਅੰਗ ਜਾਂ ਪਾਸਾ ਮਾਰਿਆ ਜਾ ਸਕਦਾ ਹੈ, ਸੋਚਣ ਤੇ ਪਹਿਚਾਨਣ ਦੀ ਸ਼ਕਤੀ ਹਮੇਸ਼ਾ ਲਈ ਗੁਆਚ ਜਾਂਦੀ ਹੈ।
ਗੁਰਦੇ ਫੇਲ੍ਹ ਹੋ ਜਾਣ : 8 ਫੀਸਦੀ ਮਰੀਜ਼ਾਂ ਦੇ ਗੁਰਦੇ ਫੇਲ੍ਹ ਹੋ ਜਾਂਦੇ ਹਨ, ਇਨ੍ਹਾਂ ਵਿਚੋਂ 20 ਫੀਸਦੀ ਮਰੀਜ਼ਾਂ ਨੂੰ ਸਾਰੀ ਉਮਰ ਲਈ ਡਾਇਲਾਸਿਜ਼ ਕਰਵਾਉਣਾ ਪੈਂਦਾ ਹੈ।
ਮਰੀਜ਼ਾਂ ਨੂੰ ਬਾਈਪਾਸ ਸਰਜਰੀ ਤੋਂ ਬਚਾਉਣ ਲਈ ਐਡਵਾਂਸ ਮੈਡੀਕਲ ਟਰੀਟਮੈਂਟ ਤੇ ਈ. ਸੀ. ਪੀ. ਤਕਨੀਕ ਦੇ ਸਸਤੇ ਤੇ ਸੁਰੱਖਿਅਤ ਇਲਾਜ ਉਪਲਬਧ ਹਨ। ਇਹ ਦੋਵੇਂ ਇਲਾਜ ਯੂ. ਐਸ. ਐਫ. ਡੀ. ਏ. ਤੇ ਯੂਰੋਪੀਅਨ ਹਾਰਟ ਸੁਸਾਇਟੀ ਵਲੋਂ ਪ੍ਰਮਾਣਿਤ ਹਨ।
ਐਡਵਾਂਸ ਮੈਡੀਕਲ ਟਰੀਟਮੈਂਟ ਤੇ ਈ. ਸੀ. ਪੀ. : ਐਡਵਾਂਸ ਮੈਡੀਕਲ ਟਰੀਟਮੈਂਟ ਪੰਜਾਬ ਵਿਚ ਬਿਲਕੁਲ ਇਕ ਨਵਾਂ ਇਲਾਜ ਹੈ ਪਰ ਡਾਕਟਰ ਇਸ ਨੂੰ ਵਧੇਰੇ ਤਰਜੀਹ ਇਸ ਲਈ ਨਹੀਂ ਦਿੰਦੇ ਕਿਉਂਕਿ ਇਹ ਇਲਾਜ ਬਹੁਤ ਸਸਤਾ ਤੇ ਸਿਰਫ਼ ਦਵਾਈਆਂ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਇਲਾਜ ਦੁਆਰਾ ਮਰੀਜ਼ ਦਾ ਭਾਰ ਘਟਾ ਕੇ ਤੇ ਉਸ ਦੇ ਐਲ. ਡੀ. ਐਲ. ਨੂੰ 70 ਮਿਲੀਗ੍ਰਾਮ ਤੋਂ ਹੇਠਾਂ ਰੱਖ ਕੇ ਸਟੈਂਟਾਂ ਤੋਂ ਬਿਹਤਰ ਤੇ ਬਾਈਪਾਸ ਜਿੰਨੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਈ. ਸੀ. ਪੀ. ਦੁਆਰਾ ਦਿਲ ਦੀਆਂ ਬੰਦ ਨਾੜੀਆਂ ਨੂੰ ਬਗੈਰ ਬੇਹੋਸ਼ ਕੀਤਿਆਂ, ਬਗੈਰ ਕਿਸੇ ਚੀਰ-ਫਾੜ, ਬਗੈਰ ਹਸਪਤਾਲ ਦਾਖ਼ਲ ਕੀਤਿਆਂ ਖੋਲ੍ਹਿਆ ਜਾ ਸਕਦਾ ਹੈ। ਇਸ ਦਾ ਸਟੈਂਟਾਂ ਤੇ ਬਾਈਪਾਸ ਨਾਲੋਂ ਖਰਚ ਅੱਧਾ ਹੈ। ਬਾਈਪਾਸ ਜਾਂ ਸਟੈਂਟ ਦੁਆਰਾ ਇਲਾਜ ਮਰੀਜ਼ ਦੀ ਜ਼ਿੰਦਗੀ ਵਿਚ ਇਕ-ਦੋ ਵਾਰ ਹੀ ਹੋ ਸਕਦਾ ਹੈ ਪਰ ਮਰੀਜ਼ ਈ. ਸੀ. ਪੀ. ਰਾਹੀਂ ਜਿੰਨੀ ਵਾਰ ਮਰਜ਼ੀ ਇਲਾਜ ਕਰਵਾ ਸਕਦੇ ਹਨ। ਇਹ ਇਲਾਜ ਹਰੇਕ ਮਰੀਜ਼ ਲਈ ਹੈ। ਇਸ ਨਾਲ ਪੰਜ ਦਿਨ ਦੇ ਵਿਚ ਮਰੀਜ਼ ਦੀ ਛਾਤੀ ਦੀ ਦਰਦ ਤੇ ਸਾਹ ਦੀ ਤਕਲੀਫ਼ ਠੀਕ ਹੋ ਜਾਂਦੀ ਹੈ। ਮਰੀਜ਼ ਜ਼ਿਆਦਾ ਚੱਲਣ ਲੱਗ ਜਾਂਦਾ ਹੈ, ਕੰਮ 'ਤੇ ਵਾਪਸੀ ਜਲਦੀ ਹੋ ਜਾਂਦੀ ਹੈ। ਹਾਰਟ ਅਟੈਕ, ਬਾਈਪਾਸ ਜਾਂ ਸਟੈਂਟਾਂ ਦੀ ਚਿੰਤਾ ਖ਼ਤਮ ਹੋ ਜਾਂਦੀ ਹੈ। ਜਦੋਂ ਮਰੀਜ਼ ਦੀ ਬਾਈਪਾਸ ਸਰਜਰੀ ਫੇਲ੍ਹ ਹੋ ਜਾਵੇ ਜਾਂ ਸਟੈਂਟ ਬੰਦ ਹੋ ਜਾਣ, ਉਸ ਨੂੰ ਹਰ ਪਾਸੇ ਤੋਂ ਜਵਾਬ ਮਿਲ ਜਾਵੇ ਤੇ ਉਸ ਕੋਲ ਕੋਈ ਹੋਰ ਚਾਰਾ ਨਾ ਹੋਵੇ ਤਾਂ ਅਜਿਹੀ ਹਾਲਤ ਵਿਚ ਸਿਰਫ਼ ਈ. ਸੀ. ਪੀ. ਹੀ ਮਰੀਜ਼ ਦੀ ਜਾਨ ਨੂੰ ਬਚਾ ਸਕਦੀ ਹੈ।
ਡਾ. ਐਸ.ਜੇ. ਐਸ. ਰੰਧਾਵਾ