ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਵਾਸੀਰ ਕਿਉਂ ਹੁੰਦੀ ਹੈ?


ਬਵਾਸੀਰ ਇਕ ਆਮ ਕਲਿਨੀਕਲ ਸਮੱਸਿਆ ਹੈ। ਕਈਆਂ ਦੇਸ਼ਾਂ ਵਿਚ ਚਾਲੀ ਸਾਲ ਤੋਂ ਉਪਰ ਵਾਲੇ 40 ਤੋਂ 50‚ ਲੋਕ  ਇਸ ਤੋਂ ਪੀੜਤ ਹਨ। ਇਹ ਤਕਲੀਫ ਗਰਭਵਤੀਆਂ ਜਾਂ ਜਣੇਪੇ ਤੋਂ ਬਾਅਦ ਵਾਲੀਆਂ ਔਰਤਾਂ ਵਿਚ ਕੁਝ ਵਧੇਰੇ ਹੁੰਦੀ ਹੈ।
ਗੁਦਾ ਵਿੱਚ ਨਾਰਮਲ ਤੌਰ 'ਤੇ ਹੀ ਖ਼ੂਨ ਦੀਆਂ ਨਾੜਾਂ ਦਾ ਇਕ ਗੁੱਛਾ ਹੁੰਦਾ ਹੈ, ਸੋਜ ਤੇ ਇਨਫਲੇਮੇਸ਼ਨ ਹੋਣ ਕਰਕੇ ਜਦ ਇਹ ਨਾੜੀਆਂ ਵਧ ਜਾਂਦੀਆਂ ਹਨ ਤਾਂ ਇਹ ਗੁੱਛਾ ਜਿਹਾ, ਗੁਦਾ 'ਚੋਂ ਬਾਹਰ ਆ ਜਾਂਦਾ/ਸਕਦਾ ਹੈ।
 ਪਹਿਲਾਂ ਸਮਝਿਆ ਜਾਂਦਾ ਸੀ ਕਿ ਇਹ ਤਕਲੀਫ਼ ਪੱਛਮੀ ਮੁਲਕਾਂ ਦੇ ਲੋਕਾਂ ਵਿੱਚ ਹੀ ਜ਼ਿਆਦਾ ਪਾਈ ਜਾਂਦੀ ਹੈ ਪਰ ਹੁਣ ਤਾਂ ਏਸ਼ੀਅਨ ਦੇਸ਼ਾਂ ਵਿੱਚ ਵੀ ਇਸ ਦੇ ਚੰਗੇ-ਖ਼ਾਸੇ ਕੇਸ ਹਨ। ਇਹ ਸਮੱਸਿਆ ਕੋਈ ਨਵੀਂ ਨਹੀਂ ਹੈ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਇਸ ਰੋਗ ਦਾ ਜ਼ਿਕਰ ਮੈਡੀਕਲ ਸਾਹਿਤ ਵਿਚ ਮਿਲਦਾ ਹੈ। ਇਸ ਦੀਆਂ ਅਲਾਮਤਾਂ ਇਸ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ  ਬਵਾਸੀਰ ਕਿਸ ਕਿਸਮ ਦੀ ਹੈ।
ਇਸ ਦੀਆਂ ਮੁੱਖ ਰੂਪ ਵਿਚ ਦੋ ਕਿਸਮਾਂ ਹਨ : 1. ਬਾਹਰੀ ਬਵਾਸੀਰ ਜਿਸ ਨਾਲ ਦਰਦ ਹੁੰਦੀ ਹੈ।  2. ਅੰਦਰੂਨੀ, ਜਿਸ ਵਿੱਚ ਆਮ ਕਰਕੇ ਦਰਦ ਨਹੀਂ ਹੁੰਦੀ ਪਰ ਖ਼ੂਨ ਆਉਂਦਾ ਹੈ।
ਬਾਹਰੀ ਬਵਾਸੀਰ : ਗੁਦਾ ਦੇ ਹੇਠਲੇ ਇਕ ਤਿਹਾਈ ਹਿੱਸੇ ਵਿਚ ਉਤਪੰਨ ਹੁੰਦੀ ਹੈ। ਇਹ ਬਵਾਸੀਰ ਗੁਦਾ ਤੋਂ ਬਾਹਰ ਨਜ਼ਰ ਆਉਂਦੀ ਹੈ ਜਿਸ ਵਿਚ ਸੋਜ ਅਤੇ ਦਰਦ ਹੁੰਦਾ ਹੈ। ਖ਼ਾਰਸ਼, ਜੋ ਇਸ ਦਾ ਮੁੱਖ ਲੱਛਣ ਸਮਝਿਆ ਜਾਂਦਾ ਹੈ। ਅਸਲ ਵਿਚ ਨਜ਼ਦੀਕ ਵਾਲੀ ਚਮੜੀ ਦੇ ਅਸਰ ਅਧੀਨ ਹੋਣ ਕਰਕੇ ਹੁੰਦਾ ਹੈ। ਸੋ ਇਸ ਜਗ੍ਹਾ ਤੋਂ ਪਾਣੀ ਜਿਹਾ ਵੀ ਨਿਕਲਦਾ ਹੈ ਤੇ ਜਲੂਣ ਵੀ ਹੁੰਦੀ ਹੈ। ਇਸ ਕਿਸਮ ਦੀ ਬਵਾਸੀਰ ਦੀਆਂ ਨਾੜੀਆਂ ਅੰਦਰ ਜਦ ਖ਼ੂਨ ਜੰਮ ਜਾਂਦਾ ਹੈ ਤਾਂ ਇਨ੍ਹਾਂ ਨੂੰ ''ਥਰੋਂਬੋਜ਼ਡ ਪਾਈਲਜ਼'' ਕਿਹਾ ਜਾਂਦਾ ਹੈ।
ਅੰਦਰੂਨੀ ਬਵਾਸੀਰ : ਗੁਦਾ ਦੇ ਉਪਰੀ ਦੋ-ਤਿਹਾਈ ਹਿੱਸੇ ਵਿਚ ਹੁੰਦੀ ਹੈ। ਇਸ ਹਿੱਸੇ ਵਿਚ ਕਿਉਂਕਿ ਨਰਵਜ਼ ਨਹੀਂ ਹੁੰਦੀਆਂ, ਇਸ ਲਈ ਇਹ ਦਰਦ ਨਹੀਂ ਕਰਦੀ। ਸੋ ਇਸ ਕਿਸਮ ਵਿਚ ਪੀੜ-ਰਹਿਤ ਖ਼ੂਨ ਆਉਂਦਾ ਹੈ। ਕਈ ਵਾਰ ਮਰੀਜ਼ ਨੂੰ ਪਤਾ ਹੀ ਨਹੀਂ ਲਗਦਾ ਕਿ ਉਸ ਨੂੰ ਬਵਾਸੀਰ ਹੈ। ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਕੰਮ ਕਾਫੀ ਵਿਗੜ ਸਕਦਾ ਹੈ ਤੇ ਇਹ ਗੁਦਾ 'ਚੋਂ ਬਾਹਰ ਨੂੰ ਦਿਖਾਈ ਦੇਣ ਲਗਦੀ ਹੈ (ਪ੍ਰੋਲੈਪਸਡ)। ਕਈ ਵਾਰ ਜਦ ਇਹ ਬਾਹਰ ਨੂੰ ਦਿਖਾਈ ਦੇ ਰਹੀ ਹੋਵੇ ਤਾਂ ਸਫਿੰਕਟਰ ਪੱਠਿਆਂ ਦੇ ਸੁੰਗੜਨ ਨਾਲ ਇਨ੍ਹਾਂ ਦੇ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ। ਇਸ ਨੂੰ ''ਸਟਰੈਂਗੂਲੇਟਡ ਹੈਮਰਾਇਡ'' ਕਿਹਾ ਜਾਂਦਾ ਹੈ (ਸਟਰੈਂਗੂਲੇ-ਸ਼ਨ ਦਾ ਮਤਲਬ ਫਾਂਸੀ ਹੁੰਦਾ ਹੈ)।
ਇਸ ਦੀਆਂ ਚਾਰ ਸਟੇਜਾਂ ਹੁੰਦੀਆਂ ਹਨ।
ਪਹਿਲੀ ਸਟੇਜ ਵਿਚ ਨਾੜੀਆਂ ਫੁੱਲੀਆਂ ਤਾਂ ਹੁੰਦੀਆਂ ਹਨ ਪਰ ਗੁਦਾ ਤੋਂ ਬਾਹਰ ਨਹੀਂ ਨਿਕਲਦੀਆਂ।
ਦੂਸਰੀ ਸਟੇਜ ਵਿਚ ਜ਼ੋਰ ਲਗਾ ਕੇ ਟੱਟੀ ਕਰਨ ਵੇਲੇ ਬਾਹਰ ਆਉਂਦੀਆਂ ਹਨ ਪਰ ਆਪਣੇ ਆਪ ਅੰਦਰ ਚਲੇ ਜਾਂਦੀਆਂ ਹਨ।
ਤੀਸਰੀ ਸਟੇਜ : ਜਦ ਬਾਹਰ ਆ ਜਾਂਦੀਆਂ ਹਨ ਤਾਂ ਹੱਥ ਨਾਲ ਧੱਕ ਕੇ ਅੰਦਰ ਕੀਤੀਆਂ ਜਾ ਸਕਦੀਆਂ ਹਨ।
ਚੌਥੀ ਸਟੇਜ : ਇਨ੍ਹਾਂ ਨੂੰ ਹੱਥ ਨਾਲ ਧੱਕ ਕੇ ਵੀ ਅੰਦਰ ਨਹੀਂ ਕੀਤਾ ਜਾ ਸਕਦਾ।
ਕਾਰਨ : ਕਬਜ਼ ਜਾਂ ਦਸਤਾਂ ਸਮੇਤ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ ਜਿਵੇਂ ਵਰਜ਼ਿਸ਼ ਦੀ ਕਮੀ, ਆਹਾਰ/ ਖਾਣ-ਪਾਣ  ਵਿੱਚ ਰੇਸ਼ੇ (ਫਾਇਬਰ) ਦੀ ਕਮੀ, ਕਬਜ਼ ਕਾਰਨ ਟਾਇਲੈਟ ਵਿੱਚ ਜਾ ਕੇ ਵਧੇਰੇ ਕਿੱਲ੍ਹਣਾ ਜਿਸ ਨਾਲ ਜ਼ਿਆਦਾ ਦੇਰ ਪੇਟ ਅੰਦਰ ਪ੍ਰੈਸ਼ਰ ਵਧਿਆ ਰਹੇ।
ਗਰਭ ਅਵਸਥਾ, ਜੈਨਟਿਕ ਕਾਰਨ, ਗੁਦਾ ਦੀਆਂ ਖ਼ੂਨ-ਨਾੜੀਆਂ ਦੇ ਵਾਲ਼ (ਵੈਲਵ) ਠੀਕ ਨਾ ਹੋਣੇ ਅਤੇ ਬੁਢਾਪੇ ਦੀ ਉਮਰ ਵੀ ਇਹ ਸਮੱਸਿਆ ਉਤਪੰਨ ਹੋਣ ਦੇ ਮੁੱਖ ਕਾਰਨ ਹਨ।
ਮੋਟਾਪਾ ਅਤੇ ਬੈਠੇ ਰਹਿਣ ਵਾਲੇ ਕਾਰੋਬਾਰੀ, ਜੋ ਸਾਰਾ ਸਾਰਾ ਦਿਨ ਇੱਕੋ ਥਾਂ 'ਤੇ ਬੈਠੇ ਰਹਿੰਦੇ ਹਨ, ਵਿੱਚ ਵੀ ਗੁਦਾ ਦੀਆਂ ਖ਼ੂਨ-ਨਾੜੀਆਂ ਵਿਚ ਪ੍ਰੈਸ਼ਰ ਵਧਿਆ ਰਹਿਣ ਕਰਕੇ ਇਹ ਸਮੱਸਿਆ ਵਧੇਰੇ ਹੁੰਦੀ ਹੈ।
ਜ਼ਿਆਦਾ ਦੇਰ ਖੜ੍ਹੇ ਰਹਿਣਾ : ਕਈਆਂ ਲੋਕਾਂ ਦੇ ਕਾਰੋਬਾਰ ਹੀ ਇਸ ਤਰ੍ਹਾਂ ਦੇ ਹਨ ਕਿ ਉਨ੍ਹਾਂ ਨੂੰ ਕਈ ਕਈ ਘੰਟੇ ਖਲੋਤੇ ਰਹਿਣਾ ਪੈਂਦਾ ਹੈ ਜਿਵੇਂ ਸੁਰੱਖਿਆ ਗਾਰਡ, ਸਰਜਨ, ਆਦਿ। ਇਨ੍ਹਾਂ ਵਿਅਕਤੀਆਂ ਵਿੱਚ ਬਵਾਸੀਰ ਹੋਣ ਦਾ ਵਧੇਰੇ ਰਿਸਕ ਰਹਿੰਦਾ ਹੈ।
ਗਰਭ ਅਵਸਥਾ ਦੌਰਾਨ ਪਣਪ ਰਹੇ ਬੱਚੇ ਦਾ ਪੇਟ ਅੰਦਰ ਪ੍ਰੈਸ਼ਰ ਤੇ ਹਾਰਮੋਨਜ਼ ਕਰਕੇ ਆਈਆਂ ਹੋਈਆਂ ਤਬਦੀਲੀਆਂ ਵੀ ਇਸ ਦਾ ਕਾਰਨ ਬਣਦੀਆਂ ਹਨ।
ਪੇਟ ਦੇ ਹੇਠਲੇ ਹਿੱਸੇ ਦੇ ਕਿਸੇ ਅੰਗ ਦਾ ਕੈਂਸਰ ਜਿਸ ਨਾਲ ਪੇਟ ਅੰਦਰ ਪ੍ਰੈਸ਼ਰ ਵਧ ਜਾਂਦਾ ਹੈ।
ਇਸੇ ਤਰ੍ਹਾਂ ਜਨਣ ਕਿਰਿਆ (ਡਲਿਵਰੀ) ਵੇਲੇ ਵੀ ਇਹ ਪ੍ਰੈਸ਼ਰ ਬਹੁਤ ਵਧ ਹੁੰਦਾ ਹੈ, ਜੋ ਗੁਦਾ ਦੀਆਂ ਇਨ੍ਹਾਂ ਨਾੜੀਆਂ ਵਿਚ ਅਸਾਧਾਰਣਤਾ ਲਿਆ ਕੇ ਬਵਾਸੀਰ ਦਾ ਕਾਰਨ ਬਣ  ਸਕਦਾ ਹੈ ਪਰ ਬੱਚੇ ਦੇ ਜਨਮ ਤੋਂ ਬਾਅਦ ਇਹ ਸਭ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ
ਬਚਾਓ: ਸਭ ਤੋਂ ਪੁਖ਼ਤਾ ਤਰੀਕਾ ਤਾਂ ਇਹ ਹੈ ਕਿ ਟੱਟੀ ਨੂੰ ਸਖ਼ਤ ਨਾ ਹੋਣ ਦਿਓ। ਨਰਮ ਟੱਟੀ, ਪੇਟ ਦਾ ਪ੍ਰੈਸ਼ਰ ਵਧਾਉਣ ਤੋਂ ਬਿਨਾਂ ਹੀ ਆਰਾਮ ਨਾਲ ਖ਼ਾਰਜ ਹੋ ਜਾਵੇਗੀ ਤੇ ਦੁਆਲੇ ਦੀਆਂ ਨਾੜੀਆਂ ਨੂੰ ਜ਼ਖ਼ਮੀ ਨਹੀਂ ਕਰੇਗੀ। ਜਦ ਵੀ ਹਾਜ਼ਤ ਹੋਵੇ, ਉਸੇ ਵੇਲੇ ਪਖ਼ਾਨੇ ਜਾ ਕੇ ਆਪਣੇ ਆਪ ਨੂੰ ਸੌਖਿਆਂ (ਈਜ਼ੀ) ਕਰ ਲਵੋ।
ਵਰਜ਼ਿਸ਼ ਦੀ ਆਦਤ ਪਾਓ।
ਭੋਜਨ ਵਿਚ ਰੇਸ਼ਿਆਂ (ਫਾਇਬਰ) ਵਾਲੇ ਤੱਤਾਂ ਦਾ ਸੇਵਨ ਕਰੋ।
ਰੇਸ਼ੇ ਵਾਲੇ ਖਾਧ ਪਦਾਰਥ ਹਨ: ਛਿਲਕੇ ਸਮੇਤ ਸੇਬ, ਨਾਖਾਂ, ਖੀਰਾ, ਬੱਘੂਗੋਸ਼ਾ ਜਾਂ ਨਾਸ਼ਪਾਤੀ, ਆੜੂ, ਕੇਲਾ, ਅੰਗੂਰ, ਸੰਤਰਾ, ਤਰਾਂ, ਖ਼ਰਬੂਜ਼ਾ, ਲੀਚੀਆਂ, ਬੇਰ, ਪਲੱਮ, ਸਟਰਾਬੈਰੀ, ਚੀਕੂ, ਗਾਜਰਾਂ, ਮੂਲੀ, ਪਾਲਕ, ਗੰਢਾ, ਟਮਾਟਰ, ਬੰਦ ਗੋਭੀ, ਗੰਢ ਗੋਭੀ, ਫੁੱਲ ਗੋਭੀ, ਬ੍ਰੋਕਲੀ, ਕੱਚੇ ਜਾਂ ਸਟੀਮਡ ਮਟਰ, ਮੇਥੀ, ਹਰੀਆਂ ਫਲੀਆਂ, ਬੀਨਜ਼, ਮਕਈ ਦੇ ਫੁੱਲੇ (ਅੱਜ ਕੱਲ੍ਹ ਇਹਨੂੰ ਪੋਪਕੋਰਨ ਕਿਹਾ ਜਾਣ ਲੱਗਾ ਹੈ) ਭੁੱਬਲ ਵਿਚ ਭੁੰਨੇ ਜਾਂ ਉਬਾਲੇ ਹੋਏ ਆਲੂ, ਘੁੰਙਣੀਆਂ।
ਇਲਾਜ : ਬਵਾਸੀਰ ਵਾਸਤੇ ਗਰਮ ਪਾਣੀ ਵਾਲਾ ਇਲਾਜ ਸਭ ਤੋਂ ਸੌਖਾ ਹੈ। ਟੱਬ ਵਿਚ ਗਰਮ ਪਾਣੀ ਪਾ ਕੇ, ਉਹਦੇ ਵਿੱਚ ਬੈਠੇ ਰਹੋ, ਅਤੇ ਦਿਨ ਵਿਚ ਕਈ ਵਾਰ ਬੈਠੋ, ਇਸ ਕੋਸੇ ਪਾਣੀ ਨਾਲ ਗੁਦਾ ਦੇ ਪੱਠੇ ਰੀਲੈਕਸ ਹੋ ਜਾਂਦੇ ਹਨ ਤੇ ਖ਼ੂਨ ਨਾੜੀਆਂ 'ਤੇ ਚੰਗਾ ਅਸਰ ਪੈਂਦਾ ਹੈ ਜਿਸ ਨਾਲ ਬਵਾਸੀਰ ਤੋਂ ਕੁਝ ਰਾਹਤ ਮਿਲਦੀ ਹੈ। ਇਸ ਪਾਣੀ ਵਿੱਚ ਕਿਸੇ ਤਰ੍ਹਾਂ ਦਾ ਤੇਲ ਜਾਂ ਕੋਈ ਨਮਕ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਨ੍ਹਾਂ ਨਾਲ ਖ਼ਾਰਿਸ਼ ਜਾਂ ਜਲੂਣ ਵਧ ਸਕਦੀ ਹੈ ।
ਰੇਸ਼ੇ ਵਾਲੇ ਖਾਣੇ ਤੇ ਵਧੇਰੇ ਤਰਲ ਲਓ…, ਤਾਂ ਕਿ ਟੱਟੀ ਸਖਤ ਨਾ ਹੋਵੇ, ਗਰਮ ਪਾਣੀ ਵਿਚ ਬੈਠਣਾ, ਦਰਦ ਨਿਵਾਰਕ ਦਵਾਈਆਂ (ਨਸੈਡ) ਅਤੇ ਅਰਾਮ ਦੀ ਹਦਾਇਤ ਕੀਤੀ ਜਾਂਦੀ ਹੈ।
ਜਿਨ੍ਹਾਂ ਕੇਸਾਂ ਵਿਚ ਇਨ੍ਹਾਂ ਤਰੀਕਿਆਂ ਨਾਲ ਫ਼ਰਕ ਨਾ ਪਵੇ ਤਾਂ ਅਪ੍ਰੇਸ਼ਨ ਕਰਨਾ ਪੈਂਦਾ ਹੈ। ਛੋਟੀ ਬਵਾਸੀਰ ਵਿਚ ਇਲਾਜ ਦਾ ਇਕ ਤਰੀਕਾ ਟੀਕਾ ਲਗਾਉਣ ਵਾਲਾ ਵੀ ਹੈ। ਇਸ ਨੂੰ ਸਕਲੀਰੋ-ਥੈਰਾਪੀ ਕਿਹਾ ਜਾਂਦਾ ਹੈ। ਟੀਕੇ ਦਾ ਕੈਮੀਕਲ, ਬਵਾਸੀਰ ਦੀਆਂ ਖ਼ੂਨ ਵਾਲੀਆਂ ਨਾੜੀਆਂ ਨੂੰ ਬੰਦ ਕਰ ਦਿੰਦਾ ਹੈ ਜੋ ਬਾਅਦ ਵਿਚ ਆਪਣੇ ਆਪ ਝੜ ਜਾਂਦੀਆਂ ਹਨ। ਇਸ ਇਲਾਜ ਵਾਸਤੇ ਦਾਖ਼ਲ ਹੋਣ ਦੀ ਲੋੜ ਨਹੀਂ, ਡਾਕਟਰ ਆਪਣੇ ਚੈਂਬਰ ਵਿਚ ਹੀ ਕਰ ਦਿੰਦੇ ਹਨ। ਇੰਜੈਕਸ਼ਨ ਤੋਂ ਬਾਅਦ, 5-6 ਦਿਨ ਤਕ ਖ਼ੂਨ ਆ ਸਕਦਾ ਹੈ ਪਰ ਜਦ ਬਵਾਸੀਰ ਵਾਲੀਆਂ ਨਾੜੀਆਂ ਝੜ ਜਾਂਦੀਆਂ ਹਨ ਤਾਂ ਖ਼ੂਨ ਬੰਦ ਹੋ ਜਾਂਦਾ ਹੈ। ਟੀਕੇ ਵਾਲੇ ਇਲਾਜ ਤੋਂ ਬਾਅਦ ਦੁਬਾਰਾ ਵੀ ਇਹ ਸਮੱਸਿਆ ਹੋ ਸਕਦੀ ਹੈ। ਸੋ ਦੁਬਾਰਾ ਟੀਕਾ ਲਗਵਾਇਆ ਜਾ ਸਕਦਾ ਹੈ ਜਾਂ ਕੋਈ ਹੋਰ ਤਰੀਕਾ ਜਿਵੇਂ ਅਪ੍ਰੇਸ਼ਨ ਵਾਲਾ ਇਲਾਜ ਕਰਵਾਇਆ ਜਾ ਸਕਦਾ ਹੈ।
1980 ਵਿਚ ਵਰਲਡ ਸੀਰੀਜ਼  ਵਿਚ ਬੇਸ-ਬਾਲ ਦੇ ਮਸ਼ਹੂਰ ਅਮਰੀਕਨ ਖਿਡਾਰੀ ਜਾਰਜ ਬਰੈਟ ਨੂੰ ਬਵਾਸੀਰ ਦੀ ਪੀੜ ਕਾਰਨ ਮੈਚ 'ਚੋਂ ਬਾਹਰ ਆਉਣਾ ਪਿਆ ਸੀ। ਫਰਵਰੀ 1981 ਵਿਚ ਇਸ ਦਾ ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਅਗਲੀ ਵਾਰ ਉਸ ਨੂੰ ਦੁਬਾਰਾ ਟੀਮ ਵਿਚ ਲੈ ਲਿਆ ਗਿਆ। ਦਰਦ, ਖ਼ਾਰਿਸ਼ ਜਾਂ ਜਲੂਣ ਤੇ ਖ਼ੂਨ ਦੀ ਤਕਲੀਫ਼ ਤਾਂ ਹੁੰਦੀ ਹੀ ਹੈ…,  ਕਈ ਵਾਰ ਬਵਾਸੀਰ ਜਾਨ-ਲੇਵਾ ਵੀ ਹੋ ਸਕਦੀ ਹੈ। ਜੇਕਰ ਖ਼ੂਨ ਵਧੇਰੇ ਨਿਕਲ ਜਾਵੇ, ਇਲਾਜ ਕਰਵਾਉਣ ਵਿਚ ਦੇਰੀ ਕਰ ਦਿੱਤੀ ਜਾਵੇ ਤਾਂ ਬੜੀ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਸਾਡੇ ਇਕ ਜਾਣਕਾਰ, 40-45 ਸਾਲਾ ਸੋਹਣੇ ਸੁਨੱਖੇ ਸਰਦਾਰ ਜੀ, ਸੰਗ ਸ਼ਰਮ ਕਾਰਨ ਹੀ ਐਸੇ ਪੰਗੇ 'ਚ ਪੈ ਗਏ ਸਨ… ਕਿ ਅੱਠ ਬੋਤਲਾਂ ਖ਼ੂਨ ਦੀਆਂ ਚੜ੍ਹਾਉਣੀਆਂ ਪਈਆਂ ਸਨ …, ਤਾਂ ਜਾ ਕੇ ਜਾਨ ਬਚੀ ਸੀ।
ਡਾ. ਮਨਜੀਤ ਸਿੰਘ ਬੱਲ