ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ


ਸਿੱਖ ਧਰਮ ਦੀ ਸੰਸਾਰ ਨੂੰ ਸਭ ਤੋਂ ਵੱਡੀ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇਸ ਪ੍ਰਗਟ ਗੁਰੂ ਦਾ ਸਰੀਰਕ ਅਤੇ ਵਿਚਾਰਤਮਕ ਸਰੂਪ ਕਾਇਮ ਕਰਨ ਲਈ ਗੁਰੂ ਸਾਹਿਬਾਨ ਖਾਸ ਕਰਕੇ ਗੁਰੂ ਅਰਜਨ ਸਾਹਿਬ ਜੀ ਦਾ ਵਿਸ਼ੇਸ਼ ਹਿੱਸਾ ਹੈ ਗੁਰੂ ਸਾਹਿਬ ਨੇ ਆਪ ਇਸ ਪਾਵਨ ਗ੍ਰੰਥ ਦੀ ਬੀੜ੍ਹ ਬੰਨੀ, ਅਕਾਲ ਪੁਰਖ ਨਾਲ ਸਾਂਝ ਬਣਾਉਣ ਦਾ ਸਭ ਤੋਂ ਉੱਤਮ ਵਸੀਲਾ ਹੈ, ਇਸ ਪਾਵਨ ਗ੍ਰੰਥ ਨੂੰ ਸੰਪਾਦਨ ਕਰਨ ਤੋਂ ਬਾਅਦ ਆਪ ਇਸ ਦੀ ਮਹਿਮਾ ਕਰਦਿਆਂ ਮੁੰਦਾਵਣੀ ਦੇ ਰੂਪ ਵਿਚ ਇਸ ਦੀ ਸਿਫਤ ਕੀਤੀ ਹੈ ਸ੍ਰੀ ਗੁਰੂ ਅਰਜਨ ਸਾਹਿਬ ਦੇ ਅਪਨੇ ਪਾਵਨ ਬਚਨ ਹਨ –
   ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ£
   ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ£
   ਜੇ ਕੋ ਖਾਵੈ ਜੇ ਕੋ ਭੂੰਚੈ ਤਿਸ ਕਾ ਹੋਇ ਉਧਾਰੋ£
   ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ£
   ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ£ ੧£
(ਪੰਨਾ ੧੪੨੯)          
        ਗੁਰੂ ਸਾਹਿਬ ਕਹਿੰਦੇ ਕਿ ਸੰਸਾਰ ਨੂੰ ਆਤਮਿਕ ਭੁੱਖ ਲੱਗੀ ਹੋਈ ਸੀ ਜਿਸ ਕਰਕੇ ਮੈਂ ਇਹ ਇਕ ਥਾਲ ਤਿਆਰ ਕੀਤਾ ਇਸ ਵਿਚ ਤਿੰਨ ਵਸਤੂਆਂ ਪਰੋਸ ਦਿੱਤੀਆਂ ਜੀਵਨ ਦਾ ਉੱਚਾ ਆਚਰਣ (ਸੱਚ), ਜ਼ਿੰਦਗੀ ਵਿਚ ਸੰਤੋਖੀ ਹੋਣਾ ਸੰਸਾਰਕ ਭੁੱਖ ਵਲੋਂ ਅਤੇ ਆਤਮਿਕ ਵਿਚਾਰਾਂ ਦੀ ਸੂਝ, ਇਕ ਹੋਰ ਵਸਤੂ ਪਾਈ ਉਹ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ (ਹੁਕਮ, ਗਿਆਨ) ਵੀ ਇਸ ਵਿਚ ਪਾ ਦਿਤਾ ਹੁਣ ਜੇ ਕੋਈ ਇਨਸਾਨ ਇਨ੍ਹਾਂ ਵਸਤੂਆਂ ਨੂੰ ਖਾਏਗਾ ਤੇ ਪਚਾ ਲਏਗਾ ਉਸ ਦਾ ਉਧਾਰ ਹੋ ਜਾਵੇਗਾ ਭਾਵ ਜਿਹੜਾ ਬਾਣੀ ਨੂੰ ਪੜ੍ਹੇਗਾ ਤੇ ਜੀਵਨ ਵਿਚ ਧਾਰਨ ਕਰੇਗਾ,ਪਰ ਇਕ ਗੱਲ ਯਾਦ ਰੱਖਣਾ ਇਹ ਵਸਤੂ ਤਿਆਗਣ ਵਾਸਤੇ ਨਹੀਂ ਇਹ ਹਿਰਦੇ ਵਿਚ ਵਸਾ ਕੇ ਇਸ ਮੁਤਾਬਿਕ ਜੀਵਨ ਬਣਾਉਣਾ ਹੈ ਫਿਰ ਸੰਸਾਰ ਵਿਚ ਆਉਣਾ ਸਫਲ ਹੈ ਤੇ ਇਸ ਮਨੁੱਖਾ ਜੀਵਨ ਦਾ ਮਕਸਦ ਪੂਰਾ ਹੁੰਦਾ ਹੈ।
ਮਨੁੱਖਾ ਜੀਵਨ ਦੀ ਸਫਲਤਾ ਦੀ ਸਭ ਤੋਂ ਵੱਡੀ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ, ਇਸ ਵਿਚ ਜੀਵਨ ਦੇ ਹਰ ਪਖ ਤੋਂ ਸਾਨੂੰ ਜਾਣੂ ਕਰਾਇਆ ਗਿਆ ਹਰ ਗਲ ਦੀ ਸੇਧ ਦਿੱਤੀ ਗਈ ਹੈ, ਕੋਈ ਵੀ ਵਿਸ਼ਾ ਅਜਿਹਾ ਨਹੀਂ ਜਿਸ ਬਾਰੇ ਨਾ ਸਮਝਾਇਆ ਹੋਵੇ, ਖਾਸ ਕਰਕੇ ਹਰ ਵਰਗ ਦੇ ਹਰ ਇਨਸਾਨ ਨੂੰ ਸੁਚੱਜੀ ਸੇਧ ਦਿੱਤੀ ਗਈ ਭਾਵੇਂ ਉਹ ਕਿਸੇ ਵੀ ਖੇਤਰ ਜਾਂ ਖਿੱਤੇ ਦਾ ਹੋਵੇ, ਇਸ ਦੀ ਸਿੱਖਿਆ ਸਰਬ ਕਾਲੀ ਤੇ ਸਰਬ ਦੇਸ਼ੀ ਹੈ ਇਸ ਦਾ ਆਸ਼ਾ ਸੱਚ ਉਤੇ ਅਧਾਰਤ ਹੈ, ਇਸ ਵਿਚ ਜਿੱਥੇ ਪ੍ਰਭੂ ਪ੍ਰੇਮ ਦੀਆਂ ਉੱਚੀਆਂ ਉਡਾਰੀਆਂ ਮਾਰੀਆਂ ਗਈਆਂ ਹਨ ਉਥੇ ਸਮਾਜ ਵਿਚ ਆ ਰਹੀਆਂ ਗਿਰਾਵਟਾਂ ਦਾ ਵੀ ਜ਼ਿਕਰ ਖੁੱਲ੍ਹ ਕੇ ਕੀਤਾ ਗਿਆ, ਸਮਾਜ ਵਿਚ ਧਾਰਮਿਕ ਆਗੂਆਂ ਵਲੋਂ ਫੈਲਾਏ ਗਏ ਵਹਮ-ਭਰਮ ਤੇ ਕਰਮ-ਕਾਂਡਾਂ ਦਾ ਦਲੀਲ ਭਰਪੂਰ ਤਰੀਕੇ ਨਾਲ ਖੁੱਲ੍ਹ ਕੇ ਖੰਡਨ ਕੀਤਾ ਗਿਆ ਅਤੇ ਸਚਿਆਰ ਬਨਣ ਦੀ ਪ੍ਰੇਰਨਾ ਦਿੱਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂਆਂ ਸਮੇਤ 35 ਉੱਚੀਆ ਆਤਮਾਵਾਂ ਦਾ ਉਹ ਪਵਿੱਤਰ ਗਿਆਨ ਹੈ ਜੋ ਉਨ੍ਹਾਂ ਨੂੰ ਅਕਾਲ ਪੁਰਖ ਨਾਲ ਅਭੇਦ ਹੋਣ ਤੇ ਪ੍ਰਾਪਤ ਹੋਇਆ, ਦੂਜਾ ਇਸ ਗ੍ਰੰਥ ਦੀ ਇਹ ਇਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਕਿ ਇਹ 35 ਮਹਾਨ ਪੁਰਸ਼ ਵੱਖ-ਵੱਖ ਇਲਾਕਿਆਂ, ਜਾਤਾਂ, ਕਿਤਿਆਂ ਦੇ ਹੋਣ ਦੇ ਬਾਵਜੂਦ ਵੀ ਇਕ ਵਿਚਾਰਧਾਰਾ ਦੇ ਧਾਰਨੀ ਸਨ, ਇਸ ਵਿਚ ਕਿਤੇ ਵੀ ਕੋਈ ਅਜਿਹਾ ਪ੍ਰਮਾਣ ਨਹੀਂ ਮਿਲਦਾ ਜਿਸ ਤੇ ਵੱਖਰੇ ਵੱਖਰੇ ਵਿਚਾਰ ਹੋਣ ਜੋ ਗੱਲ ਗੁਰੂ ਸਾਹਿਬਾਨ ਨੇ ਕਹੀ ਉਹੀ ਗੱਲ ਭਗਤ ਕਹਿੰਦੇ ਹਨ।
ਮਿ. ਟਰੰਪ ਇਸ ਨੂੰ ਭਾਰਤੀ ਜਬਾਨਾਂ ਦਾ ਖਜ਼ਾਨਾ ਮੰਨਦਾ ਹੈ, ਇਸ ਵੱਖ-ਵੱਖ ਭਸ਼ਾਵਾਂ ਵਰਤੀਆਂ ਗਈਆਂ ਹਨ, ਪ੍ਰਿੰ. ਹਰਭਜਨ ਸਿੰਘ ਜੀ (ਚੰਡੀਗੜ੍ਹ) ਮੁਤਾਬਿਕ ਇਹ 12 ਬੋਲੀਆਂ ਦਾ ਮਿਸ਼ਰਣ ਹੈ ਗੁਰਬਾਣੀ ਲੋਕ ਬੋਲੀ ਵਿਚ ਹੈ ਇਸ ਵਿਚ ਅਲੰਕਾਰ, ਹਵਾਲੇ, ਵਸਤਾਂ ਉਹ ਲਈਆਂ ਗਈਆਂ ਹਨ ਜਿਹਨਾਂ ਨਾਲ ਆਮ ਆਦਮੀ ਦਾ ਰੋਜ਼ ਦਾ ਸਬੰਧ ਹੈ, ਜਿਸ ਕਰਕੇ ਗੁਰਬਾਣੀ ਨੂੰ ਸਮਝਣਾ ਸੌਖਾ ਹੈ।
ਇਸ ਪਾਵਨ ਅਰਸ਼ੀ ਬਾਣੀ ਨੂੰ ਸਤਿਗੁਰੂ ਜੀ ਨੇ ਰਾਗਾਂ ਵਿਚ ਉਚਾਰਿਆ, ਸਤਿਗੁਰੂ ਜੀ ਨੇ 31 ਰਾਗਾਂ ਦੀ ਵਰਤੋਂ ਕੀਤੀ ਹੈ ਤੇ ਹੋਰ ਮਿਸ਼ਰਤ ਰਾਗ ਵੀ ਹਨ ਕੁੱਲ ਗਿਣਤੀ 48 ਹੋ ਜਾਂਦੀ ਹੈ ਇਨ੍ਹਾਂ ਰਾਗਾਂ ਵਿਚ ਕੁਝ ਰਾਗ ਮੌਸਮੀ ਹੋਣ ਕਰਕੇ ਸਾਰੇ ਭਾਰਤੀਆਂ ਦੇ ਪ੍ਰਿਅ ਹਨ ਜਿਵੇਂ ਕਿ ਬਸੰਤ, ਮਲਾਰ, ਸਾਰੰਗ ਅਤੇ ਕੁਝ ਰਾਗ ਖਾਸ ਫਿਰਕਿਆਂ ਤੇ ਧਰਮਾਂ ਦੇ ਵੀ ਹਨ ਜਿਨਾਂ੍ਹ ਵਿਚ ਆਸਾ ਤੇ ਤਿਲੰਗ ਮੁਸਲਮਾਨਾਂ ਦੇ ਪ੍ਰਿਅ ਰਾਗ ਹਨ ਪਰ ਸਿਖ ਇਹਨਾਂ ਸਾਰਿਆਂ ਨੂੰ ਇਕ ਸਮਾਨ ਸਮਝਦੇ ਹਨ।
ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਭੂ ਭਗਤੀ ਦੇ ਨਾਲ ਸਮਾਜਿਕ ਬੁਰਾਈਆਂ ਦਾ ਵੀ ਜ਼ਿਕਰ ਹੈ ਜਿਸ ਤੋਂ ਇਨਸਾਨ ਨੂੰ ਬਚਣ ਲਈ ਪ੍ਰੇਰਿਆ ਹੈ ਸੋ ਲੋੜ ਹੈ ਅੱਜ ਬਾਣੀ ਦੇ ਪ੍ਰਚਾਰ ਦੀ, ਜੋ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਕਰ ਰਹੇ ਹਨ ਉਨ੍ਹਾਂ ਤੋਂ ਬਚਣ ਦੀ, ਅੱਜ ਦੋ ਕਿਸਮ ਦੇ ਲੋਕ ਸਾਨੂੰ ਨੁਕਸਾਨ ਪਹੁੰਚਾ ਰਹੇ ਹਨ ਇਕ ਉਹ ਜੋ ਪੜ੍ਹਦੇ ਗੁਰਬਾਣੀ ਹਨ ਪਰ ਜੋੜਦੇ ਆਪਣੇ ਡੇਰਿਆਂ ਨਾਲ ਹਨ ਦੂਜੇ ਉਹ ਜੋ ਆਪਣੀਆਂ ਕੱਚੀਆਂ ਧਾਰਨਾਵਾਂ ਪੜ੍ਹਕੇ ਸਾਨੂੰ ਗੁਰਬਾਣੀ ਦੇ ਸੱਚ ਨਾਲੋਂ ਤੋੜਦੇ ਹਨ ਇਨ੍ਹਾਂ ਤੋਂ ਬਚੀਏ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥਾਂ ਨੂੰ ਪ੍ਰਚਾਰਿਆ ਜਾ ਰਿਹਾ ਹੈ, ਇਨ੍ਹਾਂ ਨੂੰ ਸੱਚ ਦੀ ਰੌਸ਼ਨੀ ਵਿਚ ਮੂੰਹ ਤੋੜਵਾਂ ਜਵਾਬ ਦਈਏ, ਇਸ ਸੱਚ ਦੇ ਧਾਰਨੀ ਹੋਈਏ ਅੰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਦਰਸਾਉਦੇ ਡਾ: ਰਾਧਾ ਕ੍ਰਿਸ਼ਨਨ ਦੇ ਵਿਚਾਰ ਸਾਂਝੇ ਕਰਾਂ ਉਹ ਕਹਿੰਦੇ ਹਨ ਕਿ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਟੱਲ ਸਚਾਈਆਂ ਅਤੇ ਅਤੁੱਟ ਭਗਤੀ ਭੰਡਾਰ ਦੇ ਸਾਹਮਣੇ ਸਮੁੰਦਰਾਂ ਅਤੇ ਪਹਾੜਾਂ ਦੇ ਸਾਰੇ ਹੱਦ ਬੰਨ੍ਹੇ, ਜੋ ਇਕ ਦੇਸ਼ ਨੂੰ ਦੂਜੇ ਦੇਸ਼ ਨਾਲੋਂ ਵੱਖ ਕਰਦੇ ਹਨ ਹਟ ਜਾਣਗੇ, ਇਸ ਲੇਖ ਦੀ ਸਮਾਪਤੀ ਇਸ ਪਾਵਨ ਪਵਿੱਤਰ ਗ੍ਰੰਥ ਦੇ ਲਿਖਾਰੀ ਤੇ ਪ੍ਰਸਿੱਧ ਵਿਦਵਾਨ ਭਾਈ ਗੁਰਦਾਸ ਜੀ ਦੇ ਵਿਚਾਰਾਂ ਨਾਲ ਕਰਦੇ ਹਾਂ ਜੀ ਉਹ ਲਿਖਦੇ ਹਨ :
ਜੈਸੇ ਤਉ ਸਕਲ ਨਿਧਿ ਪੂਰਨ ਸਮੁੰਦ੍ਰ ਬਿਖੈ ਹੰਸ ਮਰਜੀਵਾ ਨਿਹਚੈ ਪ੍ਰਸਾਦੁ ਪਾਵਹੀ£ ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿਧ ਖਨਵਾਰਾ ਖਨਿ ਜਗਿ ਪ੍ਰਗਟਾਵਹੀ। ਜੈਸੇ ਬਨ ਬਿਖੈ ਮਲਿਆਗਰ ਸੌਧਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਬਿਹਸਾਵਹੀ£ ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਹੀ£ ੫੪੬£ (ਕਬਿਤ)

ਪ੍ਰੋ. ਜਸਵਿੰਦਰ ਸਿੰਘ ਚਵਰੇਵਾਲ

 

 - ਹੈੱਡ ਗ੍ਰੰਥੀ ਗੁਰਦੁਆਰਾ ਸਿੱਖ ਲਹਿਰ ਸੈਂਟਰ, ਬਰੈਂਪਟਨ (ਕੈਨੇਡਾ)

ਸੰਪਰਕ : 647-764-3236, 905-451-3335