ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


'ਰੱਬੀ ਕਾਨੂੰਨ' ਦਾ ਕ੍ਰਿਸ਼ਮਾ


ਪਹਿਲੀ ਨਜ਼ਰ ਨਾਲ ਦੇਖਣ ਤੋਂ ਤਾਂ ਇਉਂ ਲੱਗਦਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਤੋਂ ਐਨ ਇੱਕ ਦਿਨ ਪਹਿਲਾਂ ਸਾਹਨੇਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਦਲੀਪ ਕੁਮਾਰ ਤੇ ਸਾਥੀਆਂ ਵੱਲੋਂ ਅੱਧੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਕਿਸੇ ਦੂਰ ਦੀ ਵਿਊਂਤ ਦਾ ਹਿੱਸਾ ਹੋਵੇ, ਪਰ ਫਿਰ ਵੀ ਅਗਲੇ ਕੁਝ ਦਿਨਾਂ ਵਿੱਚ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਬੇਅਦਬੀ ਕਰਨ ਵਾਲਿਆਂ ਦਾ ਅਸਲ ਪਿਛੋਕੜ ਤੇ ਉਨ੍ਹਾਂ ਦੇ ਇਰਾਦੇ ਕਿਸ ਤਰ੍ਹਾਂ ਦੇ ਸਨ। ਕੀ ਉਹ ਸੱਚਮੁੱਚ ਹੀ ਨਸ਼ੇ ਵਿੱਚ ਧੁੱਤ ਸਨ ਜਿਵੇਂ ਕਿ ਪੁਲਿਸ ਸਾਨੂੰ ਇਹ ਮਨਾਉਣਾ ਚਾਹੁੰਦੀ ਹੈ। ਡੂੰਘੀ ਰਾਤ ਗਏ ਉਨ੍ਹਾਂ ਦੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਦਾ ਮਨੋਰਥ ਕੀ ਸੀ? ਉਹ ਜਿਸ ਥਾਂ ਉਤੇ ਕੰਮ ਕਰਦੇ ਹਨ ਉਥੇ ਉਹ ਤੇ ਉਨ੍ਹਾਂ ਦਾ ਆਲਾ-ਦੁਆਲਾ ਕਿਸ ਤਰ੍ਹਾਂ ਦਾ ਹੈ? ਇਸ ਤੋਂ ਇਲਾਵਾ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਜਾਂਚ ਵੀ ਪੂਰੀ ਤਰ੍ਹਾਂ ਨਿਰਪੱਖ ਹੋਣੀ ਚਾਹੀਦੀ ਹੈ ਤਾਂ ਜੋ ਘਟਨਾ ਦੇ ਸਾਰੇ ਪਹਿਲੂ ਸੰਗਤਾਂ ਦੇ ਸਾਹਮਣੇ ਆ ਸਕਣ। ਇਸ ਦੇ ਨਾਲ ਨਾਲ ਸੰਗਤਾਂ ਨੂੰ ਵੀ ਇਸ ਘਟਨਾ ਨੂੰ ਬੜੇ ਧੀਰਜ ਤੇ ਠਰੰਮੇ ਨਾਲ ਲੈਣਾ ਚਾਹੀਦਾ ਹੈ ਅਤੇ ਸਿੱਖ ਆਗੂਆਂ ਨੂੰ ਵੀ ਆਪਣੀਆਂ ਟਿੱਪਣੀਆਂ ਤੇ ਪੂਰਾ ਸੰਜਮ ਰੱਖਣਾ ਚਾਹੀਦਾ ਹੈ। ਪੁਲਿਸ ਦੀ ਜਾਂਚ ਦੇ ਨਾਲ ਨਾਲ ਸਿੱਖ ਪੰਥ ਦੇ ਖੋਜੀ ਵੀਰਾਂ ਨੂੰ ਆਪਣੀ ਪੱਧਰ ਤੇ ਵੱਖਰੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਪੁਲਿਸ ਦੀ ਜਾਂਚ ਵਿੱਚ ਕਈ ਤਰ੍ਹਾਂ ਲੱਗ-ਲਪੇਟ, ਰਾਜਨੀਤਿਕ ਆਗੂਆਂ ਦੇ ਸਵਾਰਥ ਤੇ ਹਿੱਤ ਜਾਂਚ ਪਿਛੇ ਲੁਕੀ ਅਸਲੀਅਤ ਉਤੇ ਕਈ ਵਾਰ ਪਰਦਾ ਪਾ ਦਿੰਦੇ ਹਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਭਾਵੇਂ ਸਾਹਨੇਵਾਲ ਵਿਖੇ ਹੋਏ ਪਸ਼ਚਾਤਾਪ ਸਮਾਗਮ ਵਿਚ ਕਾਹਲੀ ਕਾਹਲੀ ਗੋਂਗਲੂੰਆਂ ਤੋਂ ਮਿੱਟੀ ਝਾੜ ਕੇ ਚਲਦੇ ਬਣੇ ਹਨ, ਜਦ ਕਿ ਇਹੋ ਜਿਹੇ ਵੇਲੇ ਸਰਕਾਰ ਤੋਂ ਇਸ ਗੱਲ ਦੀ ਜਾਂਚ ਕਰਾਉਣ ਦੀ ਮੰਗ ਕਰਨੀ ਚਾਹੀਦੀ ਸੀ ਕਿ ਪਿਛਲੇ ਕੁਝ ਸਾਲਾਂ ਦੌਰਾਨ ਖਾਲਸੇ ਦੀ ਧਰਤੀ ਉਤੇ ਗੁਰੂ ਗੰ੍ਰਥ ਸਾਹਿਬ ਦੀ ਘੋਰ ਬੇਅਦਬੀ ਦੀਆਂ ਕਈ ਘਟਨਾਵਾਂ ਪਿਛੇ ਕਿਹੜੀ ਸਾਜ਼ਸ਼ਾਂ, ਕਿਹੜੀਆਂ ਤਾਕਤਾਂ ਤੇ ਕਿਹੜੇ ਵਿਅਕਤੀ ਕੰਮ ਕਰ ਰਹੇ ਹਨ। ਯਕੀਨਨ ਹਿਰਦੇ ਨੂੰ ਠੇਸ ਪਹੁੰਚਾਉਣ ਵਾਲੀਆਂ ਇਹ ਘਟਨਾਵਾਂ ਇਤਫ਼ਾਕ ਵੱਸ ਜਾਂ ਬਿਨ੍ਹਾਂ ਕਿਸੇ ਕਾਰਨ ਤੋਂ ਨਹੀਂ ਹੋਈਆਂ ਕਿਉਂਕਿ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਘਟਨਾਵਾਂ ਵਿੱਚ ਸਿਰਫ਼ ਗੁਰਦੁਆਰਿਆਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਅਤੇ ਇਸ ਪਿਛੇ ਲੁਕੀਆਂ ਤਾਕਤਾਂ ਆਖਰਕਾਰ ਖਾਲਸਾ ਪੰਥ ਨੂੰ ਕਿਸ ਤਰ੍ਹਾਂ ਦੀ ਚੁਣੌਤੀ ਦੇਣ ਦਾ ਇਰਾਦਾ ਰੱਖਦੀਆਂ ਹਨ।
ਭਾਈ ਮਨਦੀਪ ਸਿੰਘ ਨੇ ਇਸ ਘਟਨਾ ਦੇ ਸਬੰਧ ਵਿੱਚ ਝੱਟਪੱਟ ਜੋ ਕਾਰਵਾਈ ਕੀਤੀ, ਉਸ ਨੇ ਸਿੱਖ ਪੰਥ ਦਾ ਦਿਲ ਜਿੱਤ ਲਿਆ ਹੈ। ਦੂਜੇ ਸ਼ਬਦਾਂ ਵਿੱਚ ਇਸ ਅਲੌਕਿਕ ਖੇਡ ਵਿੱਚ ਕੁਦਰਤ ਦਾ ਕਾਨੂੰਨ ਲਾਗੂ ਹੋਇਆ ਹੈ ਜਦ ਕਿ ਸਾਡਾ ਖਿਆਲ਼ ਹੈ ਕਿ ਮਨੁੱਖ ਦੇ ਬਣਾਏ ਕਾਨੂੰਨ ਨੇ ਇਹੋ ਜਿਹੇ ਗੰਭੀਰ ਮਾਮਲਿਆਂ ਵਿੱਚ ਕੁਝ ਵੀ ਨਹੀਂ ਸੀ ਕਰ ਸਕਣਾ ਅਤੇ ਇਹ ਮਾਮਲਾ ਅਦਾਲਤਾਂ ਦੀਆਂ ਘੁੰਮਣ ਘੇਰੀਆਂ ਵਿੱਚ ਲਮਕਦਾ ਰਹਿਣਾ ਸੀ। ਸਿੱਖ ਪੰਥ ਨੂੰ ਇਸ ਦਾ ਚੋਖਾ ਤਜਰਬਾ ਪਹਿਲਾਂ ਹੀ ਮਿਲ ਚੁੱਕਾ ਹੈ। ਕੀ ਸਰਕਾਰ ਨੂੰ ਇਸ ਹਕੀਕਤ ਬਾਰੇ ਕੋਈ ਜਾਣਕਾਰੀ ਨਹੀਂ ਕੇ ਗੁਰੂ ਗ੍ਰੰਥ ਸਾਹਿਬ ਖਾਲਸਾ ਪੰਥ ਦੀ ਰੂਹ ਹੈ, ਉਸ ਦਾ ਦਿਲ ਹੈ ਤੇ ਇਹੋ ਉਸ ਦਾ ਜਿਸਮ ਤੇ ਦਿਮਾਗ ਹੈ। ਜਿਸ ਦਿਨ ਇਹ ਪਾਵਨ ਗ੍ਰੰਥ ਉਨ੍ਹਾਂ ਦੇ ਅੰਦਰੋਂ ਨਿਕਲ ਗਿਆ, ਉਸ ਦਿਨ ਪੰਥਕ ਵਿਹੜੇ ਵਿੱਚ ਸੁੰਨ ਮਸਾਨ ਵਰਤ ਜਾਵੇਗੀ। ਭਾਈ ਮਨਦੀਪ ਸਿੰਘ ਨੇ ਸ਼ਬਦ-ਗੁਰੂ ਉਤੇ ਹੋਏ ਇਸ ਅੱਤ ਘਿਨਾਉਣੇ ਹਮਲੇ ਦਾ ਤੁਰਤ ਫੁਰਤ ਜਵਾਬ ਦੇ ਕੇ ਅਨੇਕ ਥਾਵਾਂ ਤੇ ਗੁਪਤ ਤੇ ਪ੍ਰਤੱਖ ਸੰਦੇਸ਼ ਭੇਜੇ ਹਨ। ਉਸ ਦੇ ਇਸ ਕਾਰਨਾਮੇ ਨਾਲ ਪੰਥ ਨੂੰ ਅੰਦਰੋਂ ਅੰਦਰੀ ਜੋ ਖੁਸ਼ੀ ਮਿਲੀ ਹੈ, ਉਸ ਦੀ ਵਿਆਖਿਆ ਕੋਈ ਭਾਗਾਂ ਵਾਲਾ ਵਿਦਵਾਨ ਹੀ ਕਰ ਸਕਦਾ ਹੈ।
ਕੁਦਰਤ ਦੇ ਕਾਨੂੰਨ ਤੇ ਮਨੁੱਖ ਦੇ ਬਣਾਏ ਕਾਨੂੰਨ ਵਿੱਚ ਬਹੁਤ ਘੱਟ ਮੇਲ ਹੁੰਦਾ ਹੈ ਅਤੇ ਬਹੁਤੀ ਵਾਰ ਇਹ ਦੋਵੇਂ ਇੱਕ ਦੂਜੇ ਨਾਲ ਟਕਰਾਓ ਵਾਲੀ ਹਾਲਤ ਵਿੱਚ ਹੀ ਰਹਿੰਦੇ ਹਨ।  ਔਕਸਫੋਰਡ ਦੇ ਇੱਕ ਨਾਮੀ ਪ੍ਰੋਫੈਸਰ ਹਰਬਟ ਹਾਰਟ (1907-1992) ਉਪਰਲੇ ਦੋਵਾਂ ਵਿਦਵਾਨਾਂ ਨੂੰ ਸਖ਼ਤੀ ਨਾਲ ਰੱਦ ਕਰਦਾ ਹੋਇਆ ਐਲਾਨ ਕਰਦਾ ਹੈ ਕਿ ਰੱਬੀ ਕਾਨੂੰਨਾਂ ਨੂੰ ਮਨੁੱਖਾਂ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਇੰਝ ਕਾਨੂੰਨ ਦੇ ਮਾਹਿਰਾਂ ਵਿਚ ਇਹ ਦਿਲਚਸਪ ਬਹਿਸ ਉਦੋਂ ਤੱਕ ਨਹੀਂ ਮੁੱਕ ਸਕਦੀ ਜਦੋਂ ਤੱਕ ਧਰਮ ਮਨੁੱਖ ਦੀ ਜ਼ਿੰਦਗੀ ਤੋਂ ਉਕਾ ਪੁੱਕਾ ਅਲੋਪ ਨਹੀਂ ਹੋ ਜਾਂਦਾ। ਪਰ ਕੀ ਅਜਿਹਾ ਕਦੇ ਹੋ ਸਕੇਗਾ?
ਕਾਨੂੰਨ ਨੇ ਮਨਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਖਾਲਸਾ ਪੰਥ ਦੇ ਦਿਲਾਂ ਵਿੱਚ ਲਿਖੇ ਕਾਨੂੰਨ ਨੇ ਮਨਦੀਪ ਨੂੰ ਰਿਹਾਅ ਹੀ ਨਹੀਂ ਕੀਤਾ ਸਗੋਂ ਉਸ ਦੇ ਸਿਰ ਉਤੇ ਜਿੱਤ ਦਾ ਤਾਜ ਰੱਖ ਦਿੱਤਾ ਹੈ। ਇਹ ਤਾਜ ਭਾਵੇਂ ਅਣਦਿਸਦਾ ਹੈ ਪਰ ਆਉਣ ਵਾਲੇ ਕੱਲ ਨੂੰ ਲੋਕ ਇਹ  ਤਾਜ ਵੇਖਣਗੇ। ਕੀ ਤੁਸੀਂ ਭੁੱਲ ਗਏ ਹੋ ਕਿ ਸ਼ਬਦ-ਗੁਰੂ ਉਤੇ ਹਮਲਾ ਕਰਨ ਵਾਲੇ ਨਿਰੰਕਾਰੀ ਮੁਖੀ ਦਾ ਜਦੋਂ ਕਤਲ ਹੋਇਆ ਤਾਂ  'ਮਨੁੱਖੀ ਕਾਨੂੰਨ' ਨੇ ਉਸ ਦੇ 'ਪਵਿੱਤਰ ਕਾਤਲ' ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਦ ਕਿ 'ਪੰਥਕ-ਕਾਨੂੰਨ' ਨੇ  ਉਸ ਨੂੰ ਸਿੱਖਾਂ ਦੀ ਸਰਬਉਚ ਸੰਸਥਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ। ਇੰਝ ਦੋਹਾਂ ਕਿਸਮਾਂ ਦੇ ਕਾਨੂੰਨਾਂ ਵਿੱਚ ਟਕਰਾਓ ਵੀ ਅਟੱਲ ਰਹਿੰਦਾ ਹੈ ਅਤੇ ਇਨ੍ਹਾਂ ਦੀਆਂ ਅਦਾਲਤਾਂ ਵੀ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਇੱਕ ਅਦਾਲਤ ਨੂੰ ਅਸੀਂ ਆਪਣੀਆਂ ਇਨ੍ਹਾਂ ਅੱਖਾਂ ਨਾਲ ਵੇਖ ਸਕਦੇ ਹਾਂ ਜਦ ਕਿ ਦੂਜੀ ਅਦਾਲਤ ਨੂੰ ਵੇਖਣ ਲਈ ਹੋਰ ਅੱਖਾਂ ਚਾਹੀਦੀਆਂ ਹਨ। ਇਨ੍ਹਾਂ ਅੱਖਾਂ ਦਾ ਅਸਥਾਨ ਦਿਲਾਂ ਵਿਚ ਹੁੰਦਾ ਹੈ। ਤਾਂ ਹੀ ਤਾਂ ਕਹਿੰਦੇ ਹਨ: ਦਿਲ ਦਰਿਆ ਸਮੁੰਦਰੋਂ  ਡੂੰਘੇ ਕੌਣ ਦਿਲਾਂ ਦੀਆਂ ਜਾਣੇ।
ਸ਼ਹੀਦ ਭਗਤ ਸਿੰਘ ਦੇ ਸਬੰਧ ਵਿੱਚ ਵੀ ਮਨੁੱਖੀ ਅਦਾਲਤ ਦਾ ਕਾਨੂੰਨ ਕੁਝ ਹੋਰ ਕਹਿੰਦਾ ਸੀ ਪਰ ਲੋਕਾਂ ਦੇ ਕਾਨੂੰਨ ਨੇ ਉਸ ਨੂੰ ਆਪਣੇ ਦਿਲਾਂ ਵਿੱਚ ਬਿਠਾ ਲਿਆ ਅਤੇ ਅੱਜ ਤੱਕ ਉਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣਿਆ ਹੋਇਆ ਹੈ। ਇਸੇ ਤਰ੍ਹਾਂ ਹਜ਼ਾਰਾਂ ਨੌਜਵਾਨਾਂ ਦੇ ਕਾਤਲ ਬੇਅੰਤ ਸਿੰਘ ਦੇ ਪਵਿੱਤਰ ਕਾਤਲ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦਾ ਰੁਤਬਾ ਹਾਸਲ ਹੋਇਆ ਅਤੇ ਇਸੇ ਹੀ ਕੇਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪੰਥਕ ਕਾਨੂੰਨ ਨੇ ਜ਼ਿੰਦਾ ਸ਼ਹੀਦ ਦੇ ਰੁਤਬੇ ਨਾਲ ਨਿਵਾਜਿਆ। ਇੰਝ ਇਹ ਇੱਕ ਲੰਮੀ ਸੂਚੀ ਹੈ ਜੋ ਖਾਲਸਾ ਪੰਥ ਦੇ ਦਿਲਾਂ ਵਿੱਚ ਉਕਰੀ ਹੋਈ ਹੈ। ਜਦੋਂ ਵੀ ਪੰਥ ਦੇ ਦਿਲ ਉਤੇ ਕੋਈ ਹਮਲਾ ਹੁੰਦਾ ਹੈ ਤਾਂ ਉਹ ਸੂਚੀ ਸਾਕਾਰ ਹੋ ਜਾਂਦੀ ਹੈ ਅਤੇ ਕੋਈ ਨਾ ਕੋਈ ਸੂਰਮਾ ਆਪਣਾ ਨਾਂਅ ਇਸ ਸੂਚੀ ਵਿੱਚ ਦਰਜ ਕਰਾਉਣ ਲਈ ਮੈਦਾਨ ਵਿੱਚ ਆ ਨਿੱਤਰਦਾ ਹੈ। ਤਾਜਾ ਮਿਸਾਲ ਭਾਈ ਮਨਦੀਪ ਸਿੰਘ ਦੀ ਹੈ।
ਹੁਣ ਕੁਝ ਉਨ੍ਹਾਂ ਬਹਾਦਰ ਮਾਂਵਾਂ ਬਾਰੇ ਜੋ ਇਹੋ ਜਿਹੇ ਕਾਰਨਾਮਿਆਂ ਪਿਛੇ ਪ੍ਰੇਰਨਾ ਸਰੋਤ ਹੁੰਦੀਆਂ ਹਨ। ਭਾਈ ਮਨਦੀਪ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਨੇ ਮਨਦੀਪ ਸਿੰਘ ਵੱਲੋਂ ਕੀਤੀ ਕਾਰਵਾਈ ਦੀ ਮਾਨ-ਸਨਮਾਨ ਨਾਲ ਭਰੇ ਜਿਨ੍ਹਾਂ ਸ਼ਬਦਾਂ ਵਿਚ ਸ਼ਲਾਘਾ ਕੀਤੀ ਹੈ ਉਸ ਤੋਂ ਇਕ ਤਾਂ ਇਹ ਪਤਾ ਲੱਗਦਾ ਹੈ ਕਿ ਮਨਦੀਪ ਸਿੰਘ ਦਾ ਐਕਸ਼ਨ ਖਾਲਸਈ-ਕਾਨੂੰਨ ਦਾ ਫੈਸਲਾ ਸੀ ਅਤੇ ਦੂਜਾ ਇਹੋ ਜਿਹੀਆਂ ਮਾਂਵਾਂ ਹੀ ਇਤਿਹਾਸ ਨੂੰ ਰੌਸ਼ਨ ਕਰਦੀਆਂ ਹਨ। ਉਸ ਦੇ ਬਿਆਨ ਨੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਭਾਵੇਂ ਸਿੱਖ ਪੰਥ ਦੇ ਧਾਰਮਿਕ ਤੇ ਰਾਜਨੀਤਿਕ ਰਹਿਬਰਾਂ ਦੀਆਂ ਗੱਲਾਂ ਕਿੰਨੀਆਂ ਵੀ ਰੰਗੀਨ ਹਨ ਤੇ ਉਨ੍ਹਾਂ ਵਿਚ ਰੌਸ਼ਨੀ ਵੀ ਹੋ ਸਕਦੀ ਹੈ ਪਰ ਉਨ੍ਹਾਂ ਦੇ ਕਿਰਦਾਰ ਤੇ ਅਮਲ ਅੱਜ ਕੱਲ ਦਵੰਧ ਦਾ ਹਨੇਰਾ ਹੀ ਢੋਅ ਰਹੇ ਹਨ। ਇਸ ਹਨੇਰੇ ਵਿੱਚ ਮਨਦੀਪ ਸਿੰਘ ਚੰਦ ਵਾਂਗ ਚਮਕੇ ਹਨ ਜਿਨ੍ਹਾਂ ਦੀ ਚਾਨਣੀ ਵਿੱਚ ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਠੰਢ-ਚੈਨ ਦਾ ਅਹਿਸਾਸ ਹੁੰਦਾ ਹੈ।
ਇਸ ਪੱਤਰਕਾਰ ਨੂੰ ਸ਼ਹੀਦ ਭਗਤ ਸਿੰਘ ਦੀ ਮਾਤਾ ਤੇ ਉਨ੍ਹਾਂ ਦੀ ਭੈਣ ਨੂੰ ਵੀ ਮਿਲਣ ਦਾ ਇੱਕ ਸਮੇਂ ਸੁਭਾਗ  ਪ੍ਰਾਪਤ ਹੋਇਆ ਸੀ। ਪਰ ਜੋ ਸਿੱਖੀ ਰੂਹ ਦੀ ਲੱਟ ਲੱਟ ਬਲਦੀ ਜੋਤ ਮੈਂ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਦੀਆਂ ਮਾਂਵਾਂ ਵਿੱਚ ਵੇਖੀ ਉਹ ਹੋਰ ਕਿਤੇ ਨਹੀਂ ਵੇਖੀ। ਸ਼ਹੀਦ ਜਿੰਦੇ ਦੀ ਮਾਂ ਇਸ ਦੁਨੀਆਂ ਨੂੰ ਸਦੀਵੀ ਅਲਵਿਦਾ ਕਹਿ ਗਈ ਹੈ ਪਰ ਜਿੰਨੀ ਵਾਰ ਵੀ ਮੈਂ ਉਸ ਨੂੰ ਮਿਲਿਆ, ਇੱਕ ਨਵੀਂ ਪ੍ਰੇਰਨਾ, ਇੱਕ ਨਵਾਂ ਉਤਸ਼ਾਹ ਤੇ ਹੌਂਸਲੇ ਦਾ ਭਰਭੂਰ ਖਜ਼ਾਨਾ ਆਪਣੇ ਨਾਲ ਲੈ ਕੇ ਆਇਆ ਹਾਂ। ਬੁਢਾਪੇ ਵਿਚੋਂ ਲੰਘਦੀ ਇਹ ਮਾਤਾ ਬੱਸਾਂ ਵਿੱਚ ਧੱਕੇ ਖਾਂਦੀ, ਥਾਂ ਥਾਂ ਬੱਸਾਂ ਬਦਲਦੀ ਸ਼ਹੀਦ ਮੁੰਡਿਆਂ ਦੇ ਭੋਗਾਂ ਤੇ ਅਕਸਰ ਹੀ ਪਹੁੰਚ ਜਾਂਦੀ ਕਿਉਂਕਿ ਉਨ੍ਹਾਂ ਸਾਰਿਆਂ ਵਿਚ ਉਸ ਨੂੰ ਸੁੱਖਾ-ਜਿੰਦਾ ਨਜ਼ਰ ਆਉਂਦੇ ਸਨ। ਦੂਜੇ ਪਾਸੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਦੀ ਮਾਂ ਨੂੰ ਮੈਂ ਚੰਡੀਗੜ ਦੇ ਨੇੜੇ ਮੋਹਾਲੀ ਵਿੱਚ  ਮਿਲਿਆ ਤੇ ਇਕ ਲੰਮੀ ਮੁਲਾਕਾਤ ਦੌਰਾਨ ਮੈਨੂੰ ਇੰਝ ਮਹਿਸੂਸ ਹੋਇਆ  ਜਿਵੇਂ ਖਾਲਸਾ ਪੰਥ ਦਾ ਇਤਿਹਾਸ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਨੁੱਕਰ ਵਿੱਚ ਪੂਰੇ ਜਲੋਅ ਅਤੇ ਜਲਾਲ ਵਿੱਚ ਅਤੇ ਭਰ ਜੋਬਨ ਵਿੱਚ ਅਜੇ ਵੀ ਆਪਣਾ ਖੇੜਾ ਵੰਡ ਰਿਹਾ ਹੈ।  ਇੰਝ ਸਿਖ ਇਤਿਹਾਸ ਸਾਡੇ ਵਰਗਿਆਂ ਦੀਆਂ ਲਿਖਤਾਂ ਵਿੱਚ ਨਹੀਂ ਜਿਉਂਦਾ ਅਤੇ ਨਾ ਹੀ ਉਨ੍ਹਾਂ ਵੱਡੇ ਵੱਡੇ ਲੀਡਰਾਂ ਦੀਆਂ ਵੱਡੀਆਂ ਵੱਡੀਆਂ ਤਕਰੀਰਾਂ ਵਿੱਚ ਜਿਉਂਦਾ ਹੈ ਜਿਨ੍ਹਾਂ ਦੀ ਕਹਿਣੀ ਕੁਝ ਹੋਰ ਹੁੰਦੀ ਹੈ ਤੇ ਕਰਨੀ ਕੁਝ ਹੋਰ। ਇਸ ਇਤਿਹਾਸ ਦੇ ਹੱਕਦਾਰ ਭਾਈ ਮਨਦੀਪ ਸਿੰਘ ਵਰਗੇ ਹੋਇਆ ਕਰਦੇ ਹਨ।
ਕਰਮਜੀਤ ਸਿੰਘ ਚੰਡੀਗੜ੍ਹ
99150-91063